ਜਦ ਨਾਂਅ ਨਹੀਂ ਲਿਆ ਤਾਂ ਉਹ ਕਿਉਂ ਕਰ ਰਿਹੈ ‘ਚੀਂ-ਚੀਂ’ : ਸਿੱਧੂ

Doing, When, Does, Not, Take, Name, Sidhu

ਨਵਜੋਤ ਸਿੱਧੂ ਵੱਲੋਂ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਮੁੜ ਹਮਲਾ | Navjot Singh Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਿਛਲੇ ਦੋ ਦਿਨਾਂ ਤੋਂ ਆਪਣੇ ਵਿਵਾਦ ਗ੍ਰਸਤ ਬਿਆਨ ਸਬੰਧੀ ਚਰਚਾ ਵਿੱਚ ਆਏ ਨਵਜੋਤ ਸਿੱਧੂ ਨੇ ਮੁੜ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਹਮਲਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਕਿਸੇ ਦਾ ਨਾਂਅ ਨਹੀਂ ਲਿਆ ਹੈ ਤਾਂ ਉਹ ‘ਚੀਂ-ਚੀਂ’ ਕਿਉਂ ਕਰਨ ਲੱਗੇ ਹੋਏ ਹਨ। ਸਿੱਧੂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਮੁਹਾਵਰੇ ਨੂੰ ਗਲਤ ਲਿਆ ਗਿਆ ਹੈ ਅਤੇ ਉਨ੍ਹਾਂ (ਤ੍ਰਿਪਤ ਰਾਜਿੰਦਰ ਬਾਜਵਾ) ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਨੇ ਅਸਲ ਵਿੱਚ ਕਿਹਾ ਹੀ ਕੀ ਹੈ? ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਪੰਜਾਬ ਖ਼ਿਲਾਫ਼ ਹਨ, ਉਨ੍ਹਾਂ ਦੀ ਛੋਟੀ ਸੋਚ ਲਈ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਉਹ ਕੋਈ ਵੀ ਹੋ ਸਕਦਾ ਹੈ। (Navjot Singh Sidhu)

ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਹੱਕ ਵਿੱਚ ਹਨ, ਉਹ ਉੱਚੇ ਹਨ। ਸਿੱਧੂ ਨੇ ਕਿਹਾ ਕਿ ਇਸ ਵਿੱਚ ਕਿਸੇ ਦਾ ਨਾਂਅ ਨਹੀਂ ਲਿਆ ਗਿਆ ਹੈ ਅਤੇ ਜੇਕਰ ਅਗਲੇ ਨੂੰ ਇਹ ਹੀ ਨਹੀਂ ਪਤਾ ਕੀ ਇਹ ਕਿਹਾ ਕਿਸ ਬੰਦੇ ਲਈ ਗਿਆ ਹੈ ਤਾਂ ਫਿਰ ‘ਚੀਂ-ਚੀਂ’ ਕਿਉਂ? ਇੱਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਕਰ ਸਕਦੇ ਹਨ, ਜਿਸ ਤੋਂ ਬਾਅਦ ਵੱਡਾ ਵਿਵਾਦ ਹੋ ਗਿਆ ਇਸ ਮਾਮਲੇ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਆਉਂਦੇ ਹੋਏ ਨਵਜੋਤ (Navjot Singh Sidhu) ਸਿੱਧੂ ‘ਤੇ ਤਿੱਖਾ ਹਮਲਾ ਕਰਦੇ ਹੋਏ ਪੁੱਛਿਆ ਸੀ ਕਿ ਨਵਜੋਤ ਸਿੱਧੂ ਕੁੱਤਾ ਕੀਹਨੂੰ ਕਹਿ ਰਹੇ ਹਨ ਅਤੇ ਉਹ ਕਿਸੇ ਨੂੰ ਵੀ ਕੁੱਤਾ ਕਹਿਣ ਦਾ ਹੱਕ ਨਹੀਂ ਰੱਖਦੇ ਹਨ। ਇਸ ਸਬੰਧੀ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। (Navjot Singh Sidhu)