ਕਿਉਂ ਰੁਲ਼ ਰਹੀਆਂ ਮਾਵਾਂ ਅੱਜ ਬਿਰਧ ਆਸ਼ਰਮਾਂ ‘ਚ?

ਕਿਉਂ ਰੁਲ਼ ਰਹੀਆਂ ਮਾਵਾਂ ਅੱਜ ਬਿਰਧ ਆਸ਼ਰਮਾਂ ‘ਚ?

ਜਦੋਂ ਬੱਚਾ ਇਸ ਦੁਨੀਆਂ ‘ਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੁੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੇ ਪਰ ਜੇਕਰ ਮਾਂ ਉਸ ਨੂੰ ਮਮਤਾ ਨਾਲ ਘੁੱਟ ਕੇ ਛਾਤੀ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਆਪਣੇ ਬੱਚੇ ਲਈ ਹਰ ਦੁੱਖ-ਸੁਖ ਆਪਣੇ ਤਨ ‘ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀ। ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ।

ਮਾਂ ਦਾ ਪਿਆਰ ਸਾਨੂੰ, ਸਰਦੀ ‘ਚ ਨਿੱਘ, ਗਰਮੀ ‘ਚ ਠੰਢਕ ਤੇ ਦੁੱਖ-ਮੁਸੀਬਤ ਵਿੱਚ ਧਰਵਾਸ ਦਿੰਦਾ ਹੈ। ਜਦੋਂ ਕਦੇ ਅਚਾਨਕ ਸਾਨੂੰ ਕੋਈ ਸੱਟ-ਫੇਟ ਲੱਗ ਜਾਵੇ ਤਾਂ ਸਾਡੇ ਮੂੰਹੋਂ ਆਪ-ਮੁਹਾਰੇ ਹੀ ‘ਹਾਏ ਮਾਂ’ ਨਿੱਕਲਦਾ ਹੈ। ਗੱਲ ਕੀ ਹਰ ਦੁੱਖ-ਸੁਖ ਵਿੱਚ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਮਾਂ ਸਾਰੇ ਦੁੱਖ ਆਪਣੇ ਸਿਰ ਲੈ ਕੇ, ਸਾਰੇ ਸੁਖ ਬੱਚਿਆਂ ਤੋਂ ਨਿਛਾਵਰ ਕਰ ਦਿੰਦੀ ਹੈ। ਮਾਂ ਦੇ ਪਿਆਰ ਦਾ ਬਦਲ ਵੀ ਇਸ ਦੁਨੀਆਂ ਵਿੱਚ ਕੋਈ ਨਹੀਂ। ਮਾਂ ਦੇ ਪਿਆਰ ਨੂੰ ਸਮਾਂ ਤੇ ਦੂਰੀ ਘੱਟ ਨਹੀਂ ਕਰ ਸਕਦੇ ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ‘ਤੇ ਤਾਰਿਆ ਨਹੀਂ ਜਾ ਸਕਦਾ ਪਰ ਪਿਆਰ-ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ‘ਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ।

ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ‘ਚੋਂ ਜਨਮ ਦੇ ਕੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਮਾਂ ਇੱਕ ਕਲਾਕਾਰ ਹੁੰਦੀ ਹੈ ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ। ਭਗਤ ਪੂਰਨ ਸਿੰਘ ਦੀ ਮਾਂ ਮਹਿਤਾਬ ਕੌਰ ਨੇ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਏਨਾ ਸੋਹਣਾ ਘੜਿਆ ਕਿ ਉਹ ਹਜ਼ਾਰਾਂ ਲੂਲੇ, ਲੰਗੜੇ, ਪਿੰਗਲਿਆਂ ਦੀ ਮਾਂ ਬਣ ਗਿਆ- ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਨੈਪੋਲੀਅਨ ਨੇ ਵੀ ਕਿਹਾ ਸੀ ਕਿ- ‘ਤੁਸੀਂ ਮੈਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ’। ਮਾਂ ਤੋਂ ਬਿਨਾਂ ਇਸ ਸ੍ਰਿਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਜਗਤ- ਜਨਨੀ ਦੇ ਹੱਕ ਵਿੱਚ ਆਵਾਜ਼ ਉਠਾਈ ਸੀ

ਦੁੱਖ ਇਸ ਗੱਲ ਦਾ ਹੈ ਕਿ ਅੱਜ ਸਾਡੀਆਂ ਮਾਵਾਂ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਕੋਈ ਕਰਮਾਂ ਵਾਲਾ ਪਰਿਵਾਰ ਹੋਏਗਾ, ਜਿੱਥੇ ਮਾਂ ਜਾਂ ਬਾਪ ਬੱਚਿਆਂ ਦੇ ਨਾਲ ਰਹਿੰਦੇ ਹਨ। ਹਾਂ- ਬਹੁਤੇ ਪਰਿਵਾਰਾਂ ਵਿੱਚ ਲੜਕੀਆਂ ਨੇ ਹੀ ਮਾਂ-ਬਾਪ ਮੰਗਵਾਏ ਹਨ ਤੇ ਉਹਨਾਂ ਕੋਲ ਹੀ ਰਹਿੰਦੇ ਹਨ ਭਾਵੇਂ ਉਸੇ ਸ਼ਹਿਰ ਵਿੱਚ ਲੜਕੇ ਦਾ ਪਰਿਵਾਰ ਵੀ ਰਹਿੰਦਾ ਹੋਵੇ। ਜਿੰਨਾ ਚਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉਨਾ ਚਿਰ ਦਾਦੀ-ਦਾਦੇ ਦੀ ਕਦਰ ਹੁੰਦੀ ਹੈ- ਪਰ ਜਿਉਂ ਹੀ ਬੱਚੇ ਟੀਨ-ਏਜਰ ਹੁੰਦੇ ਹਨ ਤਾਂ ਉਹ ਬਜ਼ੁਰਗ ਵਾਧੂ ਲੱਗਣ ਲੱਗ ਜਾਂਦੇ ਹਨ।

ਫਿਰ ਉਹਨਾਂ ਨੂੰ ਕਿਸੇ ਬੇਸਮੈਂਟ ਜਾਂ ਓਲਡ-ਏਜ ਹੋਮ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ- ਜਿੱਥੇ ਕਦੇ-ਕਦਾਈਂ ਮਾਂ-ਦਿਵਸ ‘ਤੇ ਗੁਲਦਸਤਾ ਦੇ ਕੇ ਵਰਾਇਆ ਜਾਂਦਾ ਹੈ। ਜ਼ਰਾ ਸੋਚੋ- ਕੀ ਮਾਵਾਂ ਦੀ ਕੁਰਬਾਨੀ ਦਾ ਇਹੀ ਮੁੱਲ ਰਹਿ ਗਿਆ? ਮੇਰੇ ਇੱਕ ਬਜ਼ੁਰਗ ਪਾਠਕ ਮੈਨੂੰ ਆਪਣੀ ਇਸ ਤਰ੍ਹਾਂ ਦੀ ਕਹਾਣੀ ਦੱਸ ਕੇ ਰੋ ਪਏ। ਮਾਂ ਦੇ ਪਿਆਰ ਦੀ ਅਸਲ ਕੀਮਤ ਕਿਸੇ ਯਤੀਮ ਬੱਚੇ ਨੂੰ ਪੁੱਛ ਕੇ ਦੇਖੋ- ਜਿਹੜਾ ਵਿਚਾਰਾ ‘ਮਾਂ’ ਲਫ਼ਜ਼ ਕਹਿਣ ਲਈ ਤਰਸਿਆ ਹੁੰਦਾ ਹੈ। ਉਹ ਲੋਕ ਨਸੀਬਾਂ ਵਾਲੇ ਹਨ ਜੋ ਅਜੇ ਤੱਕ ਮਾਂ ਦੇ ਪਿਆਰ ਦਾ ਨਿੱਘ ਮਾਣ ਰਹੇ ਹਨ। ‘ਮਾਂ ਦਾ ਦਿੱਲ’ ਕਵਿਤਾ ਸ਼ਾਇਦ ਤੁਸੀਂ ਵੀ ਪੜ੍ਹੀ ਹੋਏਗੀ- ਜਿਸ ਵਿੱਚ ਇੱਕ ਕਲਯੁਗੀ ਪੁੱਤਰ, ਆਪਣੀ ਮਹਿਬੂਬਾ ਦੇ ਕਹਿਣ ‘ਤੇ ਮਾਂ ਦਾ ਕਲੇਜਾ ਕੱਢ ਕੇ ਲਿਜਾ ਰਿਹਾ ਹੁੰਦਾ ਹੈ ਕਿ ਰਸਤੇ ਵਿੱਚ ਠੇਡਾ ਖਾ ਕੇ ਡਿੱਗ ਪੈਂਦਾ ਹੈ- ਉਸ ਵੇਲੇ ਮਾਂ ਦੇ ਦਿੱਲ ਵਿਚੋਂ ਆਵਾਜ਼ ਨਿੱਕਲਦੀ ਹੈ-‘ਪੁੱਤਰਾ ਕਿਧਰੇ ਸੱਟ ਤਾਂ ਨਹੀਂ ਲੱਗੀ?’

ਪੁੱਤਰ ਕਿੰਨਾ ਵੀ ਨਿਕੰਮਾ ਨਿੱਕਲੇ ਲੇਕਿਨ ਮਾਂ ਦੇ ਮੂੰਹੋਂ ਕਦੇ ਉਸ ਲਈ ਕੋਈ ਬਦਅਸੀਸ ਨਹੀਂ ਨਿੱਕਲਦੀ। ਦੁਨੀਆਂ ਦੀ ਹਰ ਸ਼ੈਅ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਪਰ ‘ਮਾਂ ਦੀਆਂ ਅਸੀਸਾਂ’ ਕਿਧਰੇ ਮੁੱਲ ਨਹੀਂ ਮਿਲਦੀਆਂ। ਇਨ੍ਹਾਂ ਅਸੀਸਾਂ ਵਿੱਚ ਬੜੀ ਤਾਕਤ ਹੁੰਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ- ‘ਲੈ ਅਸੀਸਾਂ ਮਾਂ ਦੇ ਪਾਸੋਂ, ਭਰ ਲੈ ਆਪਣੀ ਸੱਖਣੀ ਝੋਲੀ’।

ਕੋਈ ਸਮਾਂ ਸੀ, ਪਰਿਵਾਰ ਦਾ ਕੋਈ ਵੀ ਜੀਅ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ ਬਜ਼ੁਰਗ ਮਾਂ ਜਾਂ ਬਾਪ ਦੇ ਚਰਨ ਛੂਹ ਕੇ, ਅਸ਼ੀਰਵਾਦ ਲੈ ਕੇ ਜਾਂਦਾ। ਉਸ ਨੂੰ ਤਸੱਲੀ ਹੁੰਦੀ ਤੇ ਸ਼ਾਇਦ ਮਾਪਿਆਂ ਦੀਆਂ ਅਸੀਸਾਂ ਕਾਰਨ, ਉਸ ਦਾ ਕਾਰਜ ਵੀ ਸਹਿਜੇ ਹੀ ਨੇਪਰੇ ਚੜ੍ਹ ਜਾਂਦਾ। ਅਸੀਂ ਵੀ ਜਦ ਛੋਟੇ ਹੁੰਦੇ ਪੇਪਰ ਦੇਣ ਜਾਂਦੇ ਤਾਂ ਸਾਡੇ ਬੀਜ਼ੀ ਸਾਡੇ ਮੂੰਹ ਵਿੱਚ ਦੋ ਚਮਚੇ ਦਹੀਂ ਦੇ ਜਰੂਰ ਪਾਉਂਦੇ ਤੇ ਨਾਲ ਹੀ ਅਸੀਸਾਂ ਦੇਈ ਜਾਂਦੇ।

ਕੁੱਝ ਵੱਡੇ ਹੋਏ ਤਾਂ ਮੇਰੇ ਭਰਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ- ‘ਪੇਪਰ ਦਹੀਂ ਨੇ ਥੋੜ੍ਹਾ ਕਰਨਾ, ਜੇ ਪੜ੍ਹਿਆ ਹੋਊ ਤਾਂ ਹੀ ਕਰਾਂਗੇ’। ਮੈਨੂੰ ਕੁੱਝ ਸਿਆਣਾ ਹੋ ਕੇ ਇਹ ਸਮਝ ਆਈ ਕਿ ਦਹੀਂ ਖੁਆਉਣਾ ਤਾਂ ਇੱਕ ਬਹਾਨਾ ਸੀ ਉਨ੍ਹਾਂ ਦਾ- ਸਾਨੂੰ ਜਾਣ ਤੋਂ ਪਹਿਲਾਂ ਅਸ਼ੀਰਵਾਦ ਦੇਣ ਦਾ। ਸੱਚ ਜਾਣਿਓਂ- ਬਜ਼ੁਰਗਾਂ ਦੀਆਂ ਇਨ੍ਹਾਂ ਅਸੀਸਾਂ ਵਿੱਚ ਕਰਾਮਾਤੀ ਸ਼ਕਤੀ ਸੀ ਤੇ ਸਾਡੇ ਕੰਮ ਸੁਤੇ ਸਿੱਧ ਹੀ ਹੋ ਜਾਇਆ ਕਰਦੇ ਸਨ- ਕੋਈ ਅੜਚਨ ਨਹੀਂ ਸੀ ਪੈਂਦੀ।  ਅਜੋਕੇ ਯੁੱਗ ਦੀ ਤੇਜ-ਰਫਤਾਰ ਜ਼ਿੰਦਗੀ ਵਿੱਚ, ਅਸੀਂ ਮਾਵਾਂ ਦੀਆਂ ਅਸੀਸਾਂ ਤੋਂ ਵਾਂਝੇ ਹੋ ਗਏ ਹਾਂ।

ਬਹੁਤੇ ਪਰਿਵਾਰਾਂ ਵਿੱਚ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਿਆ ਜਾਂਦਾ। ਤੇ ਜਿੱਥੇ ਬਜ਼ੁਰਗ ਰਹਿੰਦੇ ਵੀ ਪਰਿਵਾਰ ਨਾਲ ਹਨ, ਉੱਥੇ ਵੀ ਕੰਮਾਂ ‘ਤੇ ਜਾਣ ਦੀ ਕਾਹਲ ‘ਚ ਬਜ਼ੁਰਗਾਂ ਨੂੰ ਮਿਲ ਕੇ ਜਾਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਉਂਜ ਜੇ ਦੇਖਿਆ ਜਾਵੇ ਤਾਂ-‘ਅੱਛਾ ਮਾਤਾ ਜੀ, ਮੈਂ ਚਲਦਾਂ… ਸ਼ਾਮ ਨੂੰ ਇੰਨੇ ਵਜੇ ਆਵਾਂਗਾ’ ਕਹਿਣ ਲਈ ਸ਼ਾਇਦ ਦੋ ਸੈਕੰਡ ਦਾ ਸਮਾਂ ਮਸਾਂਂ ਲੱਗਦਾ ਹੋਣਾ- ਪਰ ਅਫਸੋਸ! ਕਿ ਅਸੀਂ ਇੰਨਾ ਸਮਾਂ ਵੀ ਬਜ਼ੁਰਗਾਂ ਦੀ ਖੁਸ਼ੀ ਲਈ ਨਹੀਂ ਕੱਢ ਸਕਦੇ। ਹੈਰਾਨੀ ਦੀ ਗੱਲ ਹੈ ਕਿ- ਜਿਨ੍ਹਾਂ ਮਾਪਿਆਂ ਨੇ ਚਾਰ-ਪੰਜ ਬੱਚਿਆਂ ਨੂੰ ਲੋੜਾਂ-ਥੁੜਾਂ ਦੇ ਹੁੰਦਿਆਂ ਵੀ, ਵਧੀਆ ਪਰਵਰਿਸ਼ ਦੇ ਕੇ ਪਾਲ਼ਿਆ ਹੁੰਦਾ ਹੈ- ਉਹ ਸਾਰੇ ਬੱਚੇ ਰਲ਼ ਕੇ ਵੀ ਆਪਣੇ ਬਜ਼ੁਰਗ ਮਾਂ ਜਾਂ ਬਾਪ ਨੂੰ ਨਹੀਂ ਰੱਖ ਸਕਦੇ!

ਮਾਂ ਦੇ ਪਿਆਰ ਦਾ ਕਰਜ਼ ਤਾਂ ਕਿਸੇ ਵੀ ਕੀਮਤ ‘ਤੇ ਨਹੀਂ ਚੁਕਾਇਆ ਜਾ ਸਕਦਾ ਪਰ ਜਿੰਨਾ ਚਿਰ ਮਾਂ ਦਾ ਸਾਇਆ ਸਿਰ ‘ਤੇ ਮੌਜੂਦ ਹੈ- ਮਾਵਾਂ ਨੂੰ ਪਿਆਰ ਸਤਿਕਾਰ ਦੇ ਕੇ, ਅਸੀਂ ਉਸ ਬੇਸ਼ਕੀਮਤੀ ਦੌਲਤ ਨਾਲ ਮਾਲਾਮਾਲ ਹੋ ਸਕਦੇ ਹਾਂ- ਜੋ ਸਾਨੂੰ ਅਸੀਸਾਂ ਦੇ ਰੂਪ ਵਿੱਚ ਮੁਫ਼ਤ ‘ਚ ਹੀ ਮਿਲ ਜਾਣੀ ਹੈ। ਕਈ ਐਸੇ ਲੋਕ ਵੀ ਹਨ ਜਿਨ੍ਹਾਂ ਦੇ ਮਾਪੇ ਤਾਂ ਬਿਰਧ ਆਸ਼ਰਮਾਂ ਵਿੱਚ ਰੁਲ਼ਦੇ ਹਨ ਪਰ ਉਹ ਧਰਮ-ਅਸਥਾਨਾਂ ‘ਤੇ ਜਾ ਕੇ ਆਪਣੀ ਤੇ ਆਪਣੇ ਬੱਚਿਆਂ ਦੇ ਸੁਖ ਦੀ ਅਰਦਾਸ ਕਰਦੇ ਹਨ।
ਸਾਬਕਾ ਪ੍ਰਿੰਸੀਪਲ, ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.