ਸਵਰਗ ਦਾ ਹੱਕਦਾਰ ਕੌਣ?

ਸਵਰਗ ਦਾ ਹੱਕਦਾਰ ਕੌਣ?

ਇੱਕ ਦਿਨ ਤਿੰਨ ਲੋਕ ਆਪਣੇ ਕਰਮਾਂ ਦਾ ਹਿਸਾਬ ਦੇਣ ਲਈ ਰੱਬ ਦੀ ਕਚਹਿਰੀ ਵਿੱਚ ਇਕੱਠੇ ਹੀ ਪਹੁੰਚ ਗਏ। ਉਨ੍ਹਾਂ ਵਿੱਚ ਇੱਕ ਧਰਮ ਦਾ ਠੇਕੇਦਾਰ, ਇੱਕ ਡਾਕਟਰ ਤੇ ਇੱਕ ਪੁਲਿਸ ਵਾਲਾ ਸੀ। ਰੱਬ ਨੇ ਉਨ੍ਹਾਂ ਤੋਂ ਧਰਤੀ ਉੱਪਰ ਕੀਤੇ ਚੰਗੇ-ਮਾੜੇ ਕੰਮਾਂ ਦੀ ਤਫਤੀਸ਼ ਚਾਲੂ ਕੀਤੀ ਤਾਂ ਪਹਿਲਾਂ ਧਰਮ ਦਾ ਠੇਕੇਦਾਰ ਬੋਲਿਆ, ‘‘ਮੈਂ ਫਲਾਣੇ ਧਰਮ ਸਥਾਨ ਦਾ ਠੇਕੇਦਾਰ ਸੀ। ਦਿਨ-ਰਾਤ ਤੁਹਾਡੀ ਪੂਜਾ ਕੀਤੀ ਹੈ।’’ ਰੱਬ ਨੇ ਹੁੰਕਾਰ ਭਰੀ, ‘‘ਮੈਂ ਤੇਰਾ ਅੰਧ ਭਗਤ ਨਹੀਂ ਜਿਸ ਨੂੰ ਬੇਵਕੂਫ ਬਣਾ ਸਕੇਂ। ਤੂੰ ਸਾਰੀ ਉਮਰ ਲੋਕਾਂ ਨੂੰ ਮੇਰੇ ਨਾਂਅ ’ਤੇ ਠੱਗਦਾ ਰਿਹਾਂ ਤੇ ਨਾਲੇ ਦੰਗੇ ਕਰਵਾ ਕੇ ਸੈਂਕੜੇ ਬੇਗੁਨਾਹਾਂ ਦੇ ਖੂਨ ਨਾਲ ਤੇਰੇ ਹੱਥ ਲਿਬੜੇ ਹੋਏ ਨੇ।

ਲੈ ਜਾਉ ਇਸ ਪਾਪੀ ਨੂੰ ਨਰਕਾਂ ਵਿੱਚ ਤੇ ਚੰਗੀ ਤਰ੍ਹਾਂ ਸੜਦੇ-ਬਲਦੇ ਤੇਲ ਵਿੱਚ ਉਬਾਲੋ।’’ ਫਿਰ ਉਹ ਡਾਕਟਰ ਵੱਲ ਹੋ ਗਿਆ। ਡਾਕਟਰ ਬੋਲਿਆ, ‘‘ਮੈਂ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ ਹੈ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਨਹੀਂ ਸਮਝਿਆ।’’ ਰੱਬ ਹੱਸ ਕੇ ਬੋਲਿਆ, ‘‘ਉਂਜ ਤਾਂ ਡਾਕਟਰ ਰੱਬ ਦਾ ਰੂਪ ਹੁੰਦੇ ਆ, ਪਰ ਤੂੰ ਉਨ੍ਹਾਂ ਵਿੱਚੋਂ ਨਹੀਂ। ਤੇਰੇ ਵਰਗੀਆਂ ਕਾਲੀਆਂ ਭੇਡਾਂ ਨੇ ਹੀ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ ਹੈ।

ਕੋਰੋਨਾ ਕਾਲ ਵੇਲੇ ਤੂੰ ਰੱਜ ਕੇ ਲੋਕਾਂ ਦਾ ਖੂਨ ਚੂਸਿਆ। ਗਰੀਬ ਤੋਂ ਗਰੀਬ ਬੰਦੇ ਨੂੰ ਵੀ ਨਹੀਂ ਸੀ ਬਖਸ਼ਿਆ, 25-25 ਲੱਖ ਦੇ ਬਿੱਲ ਬਣਾ ਦਿੱਤੇ ਸਨ। ਗਰੀਬ ਵਾਰਸਾਂ ਕੋਲ ਪੈਸੇ ਨਾ ਹੋਣ ਕਾਰਨ ਤੂੰ ਦਸ ਦਿਨ ਰਾਮ ਲਾਲ ਦੀ ਲਾਸ਼ ਨਹੀਂ ਸੀ ਦਿੱਤੀ। ਚੱਲ ਤੂੰ ਵੀ ਠੇਕੇਦਾਰ ਦੇ ਪਿੱਛੇ-ਪਿੱਛੇ।’’ ਦੋਵਾਂ ਨੂੰ ਭੁਗਤਾ ਕੇ ਭਰਵੱਟੇ ਚੜ੍ਹਾ ਕੇ ਰੱਬ ਨੇ ਪੁਲਿਸ ਵਾਲੇ ਵੱਲ ਵੇਖਿਆ, ‘‘ਹਾਂ ਭਈ ਪੁਲਿਸ ਵਾਲਿਆ, ਤੇਰਾ ਕੀ ਕਰਾਂ ਮੈਂ? ਤੁਸੀਂ ਤਾਂ ਚੱਜ ਦਾ ਕੰਮ ਈ ਨਹੀਂ ਕਰਦੇ ਕੋਈ। ਸਾਰੀ ਦੁਨੀਆਂ ਤਪੀ ਪਈ ਆ ਤੁਹਾਡੇ ਹੱਥੋਂ।

ਚੱਲ ਤੂੰ ਵੀ ਮਗਰੇ-ਮਗਰ।’’ ਪੁਲਿਸ ਵਾਲੇ ਦਾ ਦਿਲ ਕੰਬ ਉੱਠਿਆ, ‘‘ਰੱਬ ਜੀ ਤੁਹਾਡਾ ਹੁਕਮ ਸਿਰ-ਮੱਥੇ, ਪਰ ਮੈਨੂੰ ਇੱਕ ਮੌਕਾ ਤਾਂ ਦਿਉ ਆਪਣੇ ਕੰਮ ਦੱਸਣ ਦਾ।’’ ਰੱਬ ਨੇ ਅਣਮੰਨੇ ਜਿਹੇ ਦਿਲ ਨਾਲ ਸਿਰ ਹਿਲਾ ਕੇ ਸਹਿਮਤੀ ਦਿੱਤੀ ਤਾਂ ਪੁਲਿਸ ਵਾਲਾ ਫਰੰਟੀਅਰ ਮੇਲ ਵਾਂਗ ਚਾਲੂ ਹੋ ਗਿਆ, ‘‘ਮੈਂ ਦਿਨ ਵੇਲੇ ਥਾਣੇ ਡਿਊਟੀ ਕਰਦਾ ਸੀ ਤੇ ਰਾਤ ਵੇਲੇ ਗਸ਼ਤ, ਤਾਂ ਜੋ ਦਿਨ ਭਰ ਦੇ ਕੰਮਾਂ ਕਾਰਾਂ ਦੇ ਥੱਕੇ-ਟੁੱਟੇ ਲੋਕ ਚੈਨ ਨਾਲ ਸੌਂ ਸਕਣ। ਪਰ ਇਸ ਦੇ ਬਦਲੇ ਲੋਕਾਂ ਤੋਂ ਪ੍ਰਸੰਸਾ ਦੀ ਬਜਾਏ ਗਾਲ੍ਹਾਂ ਹਾਸਲ ਹੁੰਦੀਆਂ ਸਨ ਕਿ ਚੋਰੀਆਂ ਤਾਂ ਪੁਲਿਸ ਖੁਦ ਹੀ ਕਰਵਾਉਂਦੀ ਹੈ। ਤਪਦੀਆਂ ਧੁੱਪਾਂ ਅਤੇ ਹੱਡ ਕੜਕਾਉਂਦੀਆਂ ਠੰਢਾਂ ਵਿੱਚ ਸੜਕਾਂ ’ਤੇ ਖੜ੍ਹ ਕੇ ਟਰੈਫਿਕ ਡਿਊਟੀ ਕੀਤੀ।

ਹਰ ਦੂਸਰੇ-ਚੌਥੇ ਦਿਨ ਹੋਟਲ, ਸਰਾਵਾਂ, ਢਾਬੇ, ਬੈਂਕ, ਡਾਕਖਾਨੇ, ਧਾਰਮਿਕ ਸਥਾਨ, ਸਿਨੇਮੇ ਅਤੇ ਦਸ ਨੰਬਰੀਏ ਬਦਮਾਸ਼ ਚੈੱਕ ਕੀਤੇ। ਖਤਰਨਾਕ ਤੋਂ ਖਤਰਨਾਕ ਅੱਤਵਾਦੀ, ਕਾਤਲ, ਬਦਮਾਸ਼ ਅਤੇ ਦੁਰਾਚਾਰੀ ਗਿ੍ਰਫਤਾਰ ਕੀਤੇ, ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਕਰਵਾਈ ਤੇ ਜੇਲ੍ਹ ਛੱਡ ਕੇ ਆਇਆ। ਧਾਰਮਿਕ ਜਲਸੇ ਜਲੂਸਾਂ, ਨਗਰ ਕੀਰਤਨਾਂ, ਜਗਰਾਤਿਆਂ, ਕਿ੍ਰਸਮਸ, ਈਦ, ਮੇਲਿਆਂ ’ਤੇ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਸੁਰੱਖਿਆ ਅਤੇ ਟਰੈਫਿਕ ਡਿਊਟੀ ਕੀਤੀ। ਅਨੇਕਾਂ ਬੇਰੁਜ਼ਗਾਰਾਂ ਨੂੰ ਤਰਲੇ-ਮਿੰਨਤਾਂ ਕਰਕੇ ਪਾਣੀ ਵਾਲੀਆਂ ਟੈਂਕੀਆਂ ਤੋਂ ਥੱਲੇ ਉਤਾਰਿਆ। ਘਟੀਆ ਤੋਂ ਘਟੀਆ ਲੀਡਰਾਂ ਨਾਲ ਗੰਨਮੈਨੀ ਕੀਤੀ ਤੇ ਉਨ੍ਹਾਂ ਦੀਆਂ ਰੈਲੀਆਂ ਦੀ ਸੁਰੱਖਿਆ ਕੀਤੀ।

ਇਲੈਕਸ਼ਨ ਵੇਲੇ ਡਿਊਟੀ ਕੀਤੀ ਤੇ ਸੈਂਕੜੇ ਛੋਟੀਆਂ-ਵੱਡੀਆਂ ਚੋਣਾਂ ਸ਼ਾਂਤੀਪੂਰਵਕ ਸਿਰੇ ਚੜ੍ਹਾਈਆਂ। ਉਹ ਗੱਲ ਵੱਖਰੀ ਹੈ ਕਿ ਚੋਣਾਂ ਦੌਰਾਨ ਹੋਈਆਂ ਲੜਾਈਆਂ ਵਿੱਚ ਚਾਰ ਵਾਰ ਮੇਰਾ ਸਿਰ ਪਾਟਾ ਸੀ। ਆਪਣੇ ਇਲਾਕੇ ਵਿੱਚ ਲੁੱਚੇ-ਲਫੰਗੇ ਤੇ ਬਦਮਾਸ਼ਾਂ ’ਤੇ ਨਿਗ੍ਹਾ ਰੱਖੀ ਤੇ ਕੋਸ਼ਿਸ਼ ਕੀਤੀ ਕਿ ਕੋਈ ਅਪਰਾਧ ਨਾ ਹੋਵੇ। ਜੇ ਅਪਰਾਧ ਹੋ ਗਿਆ ਤਾਂ ਫੌਰਨ ਮੁਕੱਦਮਾ ਦਰਜ਼ ਕਰ ਕੇ ਸਿਆਸੀ ਦਖਲਅੰਦਾਜ਼ੀ ਦੇ ਬਾਵਜੂਦ ਮੁਜ਼ਰਮ ਨੂੰ ਗਿ੍ਰਫਤਾਰ ਕੀਤਾ।

ਇਸ ਤੋਂ ਬਾਅਦ ਸਰਕਾਰੀ ਵਕੀਲਾਂ ਦੇ ਗੇੜੇ ਮਾਰ-ਮਾਰ ਕੇ ਚਲਾਨ ਪਾਸ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤੇ ਅਤੇ ਗਵਾਹ ਭੁਗਤਾਏ। ਜੇ ਮੁਜ਼ਰਮ ਭਗੌੜਾ ਹੋ ਜਾਂਦਾ ਤਾਂ ਪਟਵਾਰੀ ਕੋਲੋਂ ਰਿਕਾਰਡ ਲੈ ਕੇ ਅਦਾਲਤ ਰਾਹੀਂ ਉਸ ਦੀ ਜਾਇਦਾਦ ਜ਼ਬਤ ਕਰਵਾਈ। ਬੇਸ਼ੁਮਾਰ ਚਲਾਨੀ ਡਿਊਟੀਆਂ ਕੀਤੀਆਂ, ਮੁਜ਼ਰਮਾਂ ਨੂੰ ਜੇਲ੍ਹਾਂ ਵਿੱਚੋਂ ਲਿਆ ਕੇ ਤੇ ਪੇਸ਼ੀ ਭੁਗਤਾ ਕੇ ਵਾਪਸ ਜੇਲ੍ਹ ਛੱਡ ਕੇ ਆਇਆ। ਜੇ ਮੁਜ਼ਰਮ ਜੇਲ੍ਹ ਵਿੱਚ ਬਿਮਾਰ ਹੋ ਕੇ ਹਸਪਤਾਲ ਦਾਖਲ ਹੁੰਦਾ ਸੀ ਤਾਂ ਉਸ ਦੀ ਗਾਰਦ ਡਿਊਟੀ ਕੀਤੀ। ਕਈ ਅਸਰ-ਰਸੂਖ ਵਾਲੇ ਮੁਸ਼ਟੰਡੇ ਤਾਂ ਹਸਪਤਾਲ ਦੇ ਏ. ਸੀ. ਕਮਰੇ ਨੂੰ ਛੇ-ਛੇ ਮਹੀਨੇ ਨਹੀਂ ਸੀ ਛੱਡਦੇ।

ਦਿਨ-ਰਾਤ ਮਿਹਨਤ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਚਿੱਟਾ, ਅਫੀਮ, ਸ਼ਰਾਬ, ਭੰਗ ਅਤੇ ਭੁੱਕੀ ਦੀ ਬਰਾਮਦੀ ਕਰਕੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਲਾਵਾਰਿਸ ਲਾਸ਼ ਮਿਲ ਜਾਂਦੀ ਸੀ ਤਾਂ ਉਸ ਦੀ ਫੋਟੋ ਕਰਵਾਈ, ਫਿੰਗਰ ਪਿ੍ਰੰਟ ਲਏ, ਪੋਸਟ ਮਾਰਟਮ ਕਰਵਾਇਆ, ਕੱਪੜੇ ਕਬਜ਼ੇ ਵਿੱਚ ਲਏ ਅਤੇ ਅਖਬਾਰ ਵਿੱਚ ਉਸ ਦੀ ਫੋਟੋ ਦਿੱਤੀ ਤਾਂ ਜੋ ਵਿਚਾਰੇ ਦੀ ਸ਼ਨਾਖਤ ਹੋ ਸਕੇ। ਕੋਈ ਗੁੰਮ ਹੋ ਜਾਵੇ ਤਾਂ ਉਸ ਦੀ ਤਲਾਸ਼ ਕੀਤੀ। ਵਿਧਾਨ ਸਭਾ ਸੈਸ਼ਨ ਚੱਲਣ ਵੇਲੇ ਪੁਲਿਸ ਨਾਲ ਸਬੰਧਿਤ ਸਵਾਲ ਉੱਠਣ ’ਤੇ ਰਾਤੋ-ਰਾਤ ਜਵਾਬ ਤਿਆਰ ਕੀਤੇ। ਪਾਸਪੋਰਟ, ਅਸਲਾ ਲਾਇਸੰਸ, ਡਰਾਈਵਿੰਗ ਲਾਇਸੰਸ ਅਤੇ ਅਜਿਹੇ ਹੋਰ ਸੈਂਕੜੇ ਕੰਮਾਂ ਲਈ ਲੋਕਾਂ ਦੀ ਵੈਰੀਫਿਕੇਸ਼ਨ ਕਰਵਾਈ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਲਈ ਲੋਹੜੀ ਅਤੇ ਦੀਵਾਲੀ ਵਰਗੇ ਤਿਉਹਾਰ ਵੀ ਘਰ ਦੀ ਬਜਾਏ ਸ਼ਹਿਰ ਵਿੱਚ ਗਸ਼ਤ ਕਰਦੇ ਹੋਏ ਮਨਾਏ।

ਸਮੇਂ ’ਤੇ ਛੁੱਟੀ ਨਾ ਮਿਲਣ ਕਰ ਕੇ ਕਿਸੇ ਵੀ ਪਰਿਵਾਰਕ ਸਮਾਗਮ ਵਿੱਚ ਨਾ ਜਾ ਸਕਿਆ ਜਿਸ ਕਾਰਨ ਸਾਰੇ ਰਿਸ਼ਤੇਦਾਰ ਨਰਾਜ਼ ਹੋ ਗਏ ਸਨ।ਇਹੋ-ਜਿਹੀਆਂ ਅਣਗਿਣਤ ਡਿਊਟੀਆਂ ਦੇ ਕਾਰਨ ਰੋਟੀ-ਪਾਣੀ ਸਮੇਂ ’ਤੇ ਨਾ ਮਿਲਣ, ਕਸਰਤ ਦੀ ਅਣਹੋਂਦ ਅਤੇ ਟੈਨਸ਼ਨ ਕਾਰਨ ਮੈਂ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਗਿਆ ਸੀ। ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਦਿਲ ਦੇ ਦੌਰੇ ਕਾਰਨ ਅਣਿਆਈ ਮੌਤੇ ਮਰ ਕੇ ਮੈਂ ਤੁਹਾਡੇ ਦਰਬਾਰ ਵਿੱਚ ਪਹੁੰਚ ਗਿਆ ਹਾਂ…।’’ ਇਸ ਤੋਂ ਪਹਿਲਾਂ ਕਿ ਪੁਲਿਸ ਵਾਲਾ ਕੁਝ ਹੋਰ ਬੋਲਦਾ, ਰੱਬ ਨੇ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ ਤੇ ਉਸ ਨੂੰ ਸਵਰਗ ਲੋਕ ਵੱਲ ਤੋਰ ਦਿੱਤਾ।
ਪੰਡੋਰੀ ਸਿੱਧਵਾਂ ਮੋ. 95011-00062

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here