ਬਠਿੰਡਾ ਜ਼ਿਲ੍ਹੇ ਦੇ ਇੱਕ ਦਰਜ਼ਨ ਪਿੰਡਾਂ ਦੇ ਖੇਤਾਂ ’ਚ ਸਰਵੇ ਤੋਂ ਸਾਹਮਣੇ ਆਈ ਰਿਪੋਰਟ | Bathinda News
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਪੱਟੀ ਦੇ ਖੇਤਾਂ ’ਚ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਹਮਲੇ ਦੀ ਇਹ ਰਿਪੋਰਟ ਖੱੁਦ ਖੇਤੀ ਮਾਹਿਰਾਂ ਨੇ ਦਿੱਤੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਮਾਹਿਰਾਂ ਨੇ ਹਾਲ ਹੀ ਦੇ ਦਿਨਾਂ ’ਚ ਜ਼ਿਲ੍ਹੇ ਦੇ ਕਰੀਬ ਇੱਕ ਦਰਜ਼ਨ ਪਿੰਡਾਂ ਦੇ ਨਰਮੇ ਵਾਲੇ ਖੇਤਾਂ ਦਾ ਦੌਰਾ ਕੀਤਾ ਤਾਂ ਇਹ ਚਿੱਟੀ ਮੱਖੀ ਦਾ ਹਮਲਾ ਸਾਹਮਣੇ ਆਇਆ ਹੈ। ਵੇਰਵਿਆਂ ਮੁਤਾਬਿਕ ਖੇਤੀ ਮਾਹਿਰਾਂ ਨੇ ਪਿੰਡ ਮਹਿਤਾ, ਮਾਨਵਾਲਾ, ਭਗਵਾਨਗੜ੍ਹ, ਸੈਣੇਵਾਲਾ, ਦੂਨੇਵਾਲਾ, ਕਟਾਰ ਸਿੰਘ ਵਾਲਾ, ਕੋਟਸ਼ਮੀਰ, ਭਾਈ ਬਖਤੌਰ, ਮਾਣਕ ਖਾਨਾ, ਚਨਾਰਥਲ, ਮਾਈਸਰ ਖਾਨਾ, ਯਾਤਰੀ, ਕੋਟ ਫੱਤਾ, ਜੋਧਪੁਰ ਪਾਖਰ। (Bathinda News)
ਰਾਮਗੜ੍ਹ ਭੂੰਦੜ, ਨਸੀਬਪੁਰਾ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਮਲਕਾਣਾ, ਗਿਆਨਾ, ਫੁੱਲੋ ਖਾਰੀ, ਤੇ ਨੰਗਲਾ ਆਦਿ ਪਿੰਡਾਂ ’ਚ ਨਰਮੇ ਦੇ ਕੀੜੇ-ਮਕੌੜਿਆਂ ਦੀ ਨਿਗਰਾਨੀ ਕਰਨ ਲਈ ਸਰਵੇਖਣ ਕੀਤਾ। ਸਰਵੇਖਣ ਦੌਰਾਨ ਚਿੱਟੀ ਮੱਖੀ ਦਾ ਹਮਲਾ ਕੁੱਝ ਖੇਤਾਂ ’ਚ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ। ਚਿੱਟੀ ਮੱਖੀ ਦੇ ਇਸ ਹਮਲੇ ਨੂੰ ਦੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ।
Read This : Abohar News: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕਰਖੇੜਾ ਵਿਖੇ ਕੈਂਪ ਇਸ ਦਿਨ, ਪੜ੍ਹੋ…
ਇਸ ਮੌਕੇ ਡਾ. ਵਿਨੈ ਪਠਾਨੀਆ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਕੇਵੀਕੇ ਨੇ ਦੱਸਿਆ ਕਿ ਇਸ ਸਾਲ ਨਰਮਾ ਪੱਟੀ ’ਚ ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਕਾਫੀ ਵੱਡੇ ਰਕਬੇ ’ਚ ਬੀਜੀ ਗਈ ਹੈ ਅਤੇ ਚਿੱਟੀ ਮੱਖੀ ਸ਼ੂਰੁਆਤ ’ਚ ਮੂੰਗੀ ਤੇ ਵੱਧਦੀ ਫੁਲਦੀ ਹੈ ਤੇ ਬਾਅਦ ’ਚ ਇਹ ਨਾਲ ਲੱਗਦੇ ਨਰਮੇ ਦੇ ਖੇਤਾਂ ’ਚ ਹਮਲਾ ਕਰਦੀ ਹੈ ਅਤੇ ਮੌਸਮ ਅਨੁਕੂਲ ਹੋਣ ਕਰਕੇ ਇਸ ਦਾ ਵਾਧਾ ਨਰਮੇ ਉੱਤੇ ਬਹੁਤ ਤੇਜ਼ੀ ਨਾਲ ਹੁੰਦਾ ਹੈ। ਉਨ੍ਹਾਂ ਨੇ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੂੰਗੀ ਦੇ ਨਾਲ ਲਗਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਤੇ ਲੋੜ ਮੁਤਾਬਿਕ ਰੋਕਥਾਮ ਕਰਨ। ਉਨ੍ਹਾਂ ਨੇ ਦੱਸਿਆ ਕਿ ਨਰਮੇ ਦੀ ਫਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਨਾਈਟ੍ਰੋਜਨ ਖਾਦ ਦੀ ਪਹਿਲੀ ਕਿਸ਼ਤ ਜ਼ਰੂਰ ਪਾਓ ਤਾਂ ਜੋ ਫਸਲ ਦਾ ਜ਼ਰੂਰੀ ਵਾਧਾ ਹੋ ਸਕੇ।
ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ’ਚ ਵਾਧਾ ਹੁੰਦਾ ਹੈ। ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦਿਓ ਕਿਉਕਿ ਸੋਕੇ ਵਾਲੇ ਖੇਤਾਂ ’ਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ। ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ’ਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ। ਉਨ੍ਹਾਂ ਨੇ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ, 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ, 50 ਡੀ ਸੀ (ਅਫਿਡੋਪਾਇਰੋਪਿਨ)।
ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਅਤੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਨੂੰ 150 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ।
ਮੱਖੀ ਦੇ ਫੈਲਾਅ ਨੂੰ ਰੋਕਣ ਲਈ ਰੱਖੋ ਇਹ ਧਿਆਨ : ਮਾਹਿਰ
ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲ਼ਿਆਂ ਦੀ ਵੱਟਾਂ ’ਤੇ ਬੇਕਾਰ ਪਈਆਂ ਥਾਂਵਾਂ ’ਚੋਂ ਚਿੱਟੀ ਮੱਖੀ ਤੇ ਲੀਫ ਕਰਲ (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ। ਨਰਮੇ ਤੋ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਚੱਪਣ ਕੱਦੂ, ਤਰ, ਮੂੰਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ ਇਸ ਲਈ ਇਨ੍ਹਾਂ ਫਸਲਾਂ ਉੱਪਰ ਲਗਾਤਾਰ ਸਰਵੇਖਣ ਕੀਤਾ ਜਾਵੇ।