…ਜਦੋਂ ਮੈਂ ਮੁੱਖ ਮਹਿਮਾਨ ਬਣਿਆ!

Chief Guest Sachkahoon

…ਜਦੋਂ ਮੈਂ ਮੁੱਖ ਮਹਿਮਾਨ ਬਣਿਆ!

ਗੱਲ ਡੇਢ-ਦੋ ਦਹਾਕੇ ਪੁਰਾਣੀ ਹੈ। ਉਸ ਵਕਤ ਮੈਂ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਖੰਨਾ ’ਚ ਬਤੌਰ ਪੰਜਾਬੀ ਅਧਿਆਪਕ ਸੇਵਾ ਨਿਭਾਅ ਰਿਹਾ ਸਾਂ ਨਾਲ ਹੀ ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਆਨ ਨਾਂਅ ਦੀ ਜਥੇਬੰਦੀ ’ਚ ਬਤੌਰ ਸੀਨੀਅਰ ਮੀਤ ਪ੍ਰਧਾਨ ਵਜੋਂ ਕਾਰਜਸ਼ੀਲ ਸਾਂ ਮੇਰੇ ’ਚ ਅਥਾਹ ਜੋਸ਼ ਸੀ ਜਥੇਬੰਦੀ ਸਿਆਸੀ ਪਾਰਟੀ ਨਾਲ ਅਟੈਚ ਸੀ ਅਤੇ ਪੰਜਾਬ ’ਚ ਉਸੇ ਪਾਰਟੀ ਦੀ ਸਰਕਾਰ ਹੋਣ ਕਰਕੇ ਯੂਨੀਅਨ ਦੀ ਸਰਕਾਰੇ-ਦਰਬਾਰੇ ਚੰਗੀ-ਖਾਸੀ ਪੁੱਛ ਸੀ, ਖਾਸ ਕਰਕੇ ਸਿੱਖਿਆ ਵਿਭਾਗ ’ਚ ਮੇਰੇ ਦੋ ਬੜੇ ਨਿੱਘੇ ਦੋਸਤ ਸਨ (ਜੋ ਅੱਜ ਵੀ ਪੱਕੇ ਦੋਸਤ ਹੀ ਹਨ) ਰਾਕੇਸ਼ ਕੁਮਾਰ ਧੀਰ ਅਤੇ ਜਗਦੀਪ ਸਿੰਘ ਕਲਾਲ ਮਾਜਰਾ ਸਾਡਾ ਆਪਸ ਵਿਚ ਬੜਾ ਗੂੜ੍ਹਾ ਪਿਆਰ ਸੀ। ਜੋ ਅੱਜ ਤੱਕ ਬਰਕਰਾਰ ਚੱਲਿਆ ਆ ਰਿਹਾ ਹੈ।

ਇੱਕ ਦਿਨ ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਆਪਣੇ ਸਕੂਲ ’ਚ ਇੱਕ ਪ੍ਰੋਗਰਾਮ ਕਰਵਾਉਣ ਜਾ ਰਹੇ ਹਾਂ ਬਾਲ ਭਲਾਈ ਤੇ ਜਾਗ੍ਰਿਤੀ ਸਮਾਰੋਹ ਜਿਸ ਵਿੱਚ ਤੁਹਾਨੂੰ ਮੁੱਖ ਮਹਿਮਾਨ ਬਣਾਉਣਾ ਹੈ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੇਰੇ ’ਚ ਅਜਿਹੀ ਕਿਹੜੀ ਖੂਬੀ ਹੈ ਜਿਸ ਸਦਕਾ ਤੁਸੀਂ ਮੈਨੂੰ ਮੁੱਖ ਮਹਿਮਾਨ ਬਣਾਉਣਾ ਹੈ? ਮੈਂ ਨਾਲ ਹੀ ਇਹ ਵੀ ਕਿਹਾ ਕਿ ਤੁਸੀਂ ਕਿਸੇ ਹੋਰ ਨੂੰ ਮੁੱਖ ਮਹਿਮਾਨ ਬਣਾ ਲਓ, ਨਾਲੇ ਅਗਲਾ ਤੁਹਾਨੂੰ ਸਕੂਲ ਲਈ ਫੰਡ ਵਗੈਰਾ ਦੇ ਜਾਊ ਉਹ ਕਹਿਣ ਲੱਗੇ, ਨਹੀਂ ਬਾਈ ਜੀ! ਅਸੀਂ ਤੁਹਾਨੂੰ ਹੀ ਮੁੱਖ ਮਹਿਮਾਨ ਬਣਾਉਣਾ ਹੈ ਇਹ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਮੇਰੇ ਨਾਂਹ ਕਰਨ ਦੇ ਬਾਵਜੂਦ ਵੀ ਉਹ ਨਾ ਮੰਨੇ ਅਤੇ ਉਨ੍ਹਾਂ ਪ੍ਰੋਗਰਾਮ ਫਾਈਨਲ ਕਰਨ ਪਿੱਛੋਂ ਮੈਨੂੰ ਆਉਣ ਦਾ ਸੱਦਾ ਦੇ ਦਿੱਤਾ ਚੱਲੋ ਖੈਰ! ਪ੍ਰੋਗਰਾਮ ਦੀ ਤਰੀਕ ਆ ਗਈ ਅੰਦਰੋਗਤੀ ਮੈਨੂੰ ਵੀ ਖੁਸ਼ੀ ਸੀ ਕਿ ਮੁੱਖ ਮਹਿਮਾਨ ਬਣ ਕੇ ਜਾਣਾ ਮੈਂ ਆਪਣੇ ਨਜ਼ਦੀਕੀ ਦੋਸਤ ਕੁਲਦੀਪ ਰਾਜੇਵਾਲ (ਜੋ ਅੱਜ-ਕੱਲ੍ਹ ਪਟਿਆਲੇ ਤ੍ਰਿਪੜੀ ਸਕੂਲ ’ਚ ਫਜ਼ਿਕਸ ਲੈਕਚਰਾਰ ਹਨ) ਤੇ ਚਾਰ-ਪੰਜ ਹੋਰ ਅਧਿਆਪਕ ਸਾਥੀਆਂ ਨੂੰ ਨਾਲ ਲੈ ਕੇ ਪ੍ਰੋਗਰਾਮ ਵਾਲੀ ਜਗ੍ਹਾ ਮਾਣਕੀ ਸਕੂਲ ਪਹੁੰਚ ਗਿਆ।

ਸਕੂਲ ਪੁੱਜਣ ’ਤੇ ਪਿੰਡ ਦੀ ਪੰਚਾਇਤ ਤੇ ਸਕੂਲ ਦੇ ਪ੍ਰਿੰਸੀਪਲ ਕੌੜਾ ਸਮੇਤ ਸਮੂਹ ਸਟਾਫ ਵੱਲੋਂ ਮੈਨੂੰ ਫੁੱਲਾਂ ਦੇ ਹਾਰ ਪਾ ਕੇ ਸਾਡਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਸਾਨੂੰ ਜੀ ਆਇਆਂ ਵੀ ਆਖਿਆ ਗਿਆ ਸਵਾਗਤ ਉਪਰੰਤ ਸਾਨੂੰ ਸਟੇਜ ’ਤੇ ਲਿਜਾ ਕੇ ਬਿਠਾਇਆ ਗਿਆ। ਮੈਂ ਬੜਾ ਫਖਰ ਤੇ ਮਾਣ ਮਹਿਸੂਸ ਕਰ ਰਿਹਾ ਸੀ ਕਿਉਂਕਿ ਕਿਸੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਬਣਨਾ ਮੇਰੇ ਵਰਗੇ ਆਮ ਬੰਦੇ ਵਾਸਤੇ ਬੜੀ ਮਾਣ ਵਾਲੀ ਗੱਲ ਸੀ ਜਦੋਂ ਵਾਰ-ਵਾਰ ਸਟੇਜ ਤੋਂ ਮੇਰਾ ਨਾਂਅ ਅਨਾਉਂਸ ਕੀਤਾ ਜਾ ਰਿਹਾ ਸੀ ਕਿ ਸਾਡੇ ਮੁੱਖ ਮਹਿਮਾਨ ਅਜੀਤ ਖੰਨਾ ਜੀ ਪਹੁੰਚ ਗਏ ਹਨ!

ਸੱਚ ਜਾਣਿਓ! ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਕੂਲ ਦੇ ਬੰਚਿਆਂ ਵੱਲੋਂ ਤਾੜੀਆਂ ਨਾਲ ਮੇਰਾ ਸਵਾਗਤ ਕੀਤਾ ਗਿਆ ਸਟੇਜ ’ਤੇ ਲਾਏ ਬੈਨਰ ’ਤੇ ਵੀ ਮੇਰਾ ਮੁੱਖ ਮਹਿਮਾਨ ਦੇ ਤੌਰ ’ਤੇ ਬਕਾਇਦਾ ਨਾਂਅ ਲਿਖਿਆ ਹੋਇਆ ਸੀ ਮੇਰੇ ਪਹੁੰਚਣ ’ਤੇ ਸਟੇਜ ਸਕੱਤਰ ਵੱਲੋਂ ਬਕਾਇਦਾ ਮੇਰੇ ਤੋਂ ਰਸਮੀ ਆਗਿਆ ਲੈਣ ਮਗਰੋਂ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ ਕੀਤੀਆਂ ਗਈਆਂ ਲਾਸਟ ’ਚ ਸਟੇਜ ਸਕੱਤਰ ਵੱਲੋਂ ਮੈਨੂੰ ਵੀ ਬੋਲਣ ਲਈ ਆਖਿਆ ਗਿਆ। ਸਭ ਤੋਂ ਪਹਿਲਾਂ ਮੈਂ ਸਕੂਲ ਪ੍ਰਬੰਧਕਾਂ ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦੀ ਪ੍ਰਸੰਸਾ ਕੀਤੀ ਉਸ ਮਗਰੋਂ ਸਮਾਗਮ ਸਬੰਧੀ ਭਾਸ਼ਣ ਦਿੱਤਾ। ਮੈਨੂੰ ਹੋਰ ਵੀ ਖੁਸ਼ੀ ਹੋਈ ਜਦੋਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੇਰੇ ਤੋਂ ਸਨਮਾਨ ਤੇ ਇਨਾਮ ਤਕਸੀਮ ਕਰਵਾਏ ਗਏ ਪ੍ਰੋਗਰਾਮ ਸੰਪੰਨ ਹੋਣ ਮਗਰੋਂ ਮੈਨੂੰ ਸਨਮਾਨਿਤ ਕੀਤਾ ਗਿਆ।

ਅਗਲੇ ਦਿਨ ਪ੍ਰੋਗਰਾਮ ਦੀਆਂ ਖਬਰਾਂ ਲਗਭਗ ਸਾਰੇ ਅਖਬਾਰਾਂ ’ਚ ਛਪੀਆਂ ਜਿਸ ਨਾਲ ਪੂਰੇ ਪੰਜਾਬ ਦੇ ਅਧਿਆਪਕ ਵਰਗ ’ਚ ਮੇਰੀ ਪਛਾਣ ’ਚ ਵਾਧਾ ਹੋਇਆ। ਖੂਬ ਬੱਲੇ! ਬੱਲੇ! ਹੋਈ ਮੈਨੂੰ ਸੱਜਣਾਂ-ਮਿੱਤਰਾਂ ਤੇ ਅਧਿਆਪਕ ਵਰਗ ਦੀਆਂ ਕਾਫੀ ਫੋਨ ਕਾਲਜ਼ ਆਈਆਂ ਉਹ ਸਮਾਂ, ਉਹ ਪਲ ਮੇਰੀ ਜਿੰਦਗੀ ਦੇ ਅਹਿਮ ਪਲ ਸਨ ਅੱਜ ਵੀ ਜਦੋਂ ਕਦੇ ਉਨ੍ਹਾਂ ਬੀਤੇ ਪਲਾਂ ਨੂੰ ਯਾਦ ਕਰਦਾ ਹਾਂ ਤਾਂ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਮਿਲਦੀ ਹੈ ਸਕੂਨ ਜਿਹਾ ਮਿਲਦਾ ਹੈ ਕਿਉਂਕਿ ਉਸ ਵਕਤ ਮੈਂ ਕਿਸੇ ਪ੍ਰੋਗਰਾਮ ’ਚ ਪਹਿਲੀ ਵਾਰ ਮੁੱਖ ਮਹਿਮਾਨ ਬਣਿਆ ਸਾਂ ਤੇ ਉਹ ਵੀ ਬਹੁਤ ਘੱਟ ਉਮਰ ’ਚ ਉਸ ਪਿੱਛੋਂ ਬੇਸ਼ੱਕ ਮੈਂ ਕਈ ਵਾਰ ਮੁੱਖ ਮਹਿਮਾਨ ਬਣਿਆ ਪਰ ਜੋ ਅਹਿਸਾਸ ਪਹਿਲੀ ਵਾਰ ਮੁੱਖ ਮਹਿਮਾਨ ਬਣਨ ’ਤੇ ਹੋਇਆ ਉਸਦਾ ਨਜ਼ਾਰਾ ਵੱਖਰਾ ਸੀ ਮੁੱਖ ਮਹਿਮਾਨ ਬਣ ਕੇ ਮਨ ਵਿੱਚ ਖੁਸ਼ੀ ਦਾ ਇੱਕ ਅਹਿਸਾਸ ਜਿਹਾ ਜਰੂਰ ਪੈਦਾ ਹੋਇਆ ਕਿ ਯਾਰ ਦੋਸਤ ਹੋਣ ਤਾਂ ਇਹੋ-ਜਿਹੇ! ਰੱਬਾ! ਸਭ ਨੂੰ ਮੇਰੇ ਦੋਸਤਾਂ ਜਿਹੇ ਦੋਸਤਾਂ ਵਰਗਾ ਸੰਗ ਦੇਵੀ! ਜੋ ਆਪਣੇ ਦੋਸਤ ਨੂੰ ਅਗਾਂਹ ਵਧਿਆ ਵੇਖਣ ਦੀ ਇੱਛਾ ਰੱਖਦੇ ਹੋਣ ਹਾਲਾਂਕਿ ਉਹ ਕਿਸੇ ਨੇਤਾ ਜਾਂ ਉਦਯੋਗਪਤੀ ਨੂੰ ਮੁੱਖ ਮਹਿਮਾਨ ਬਣਾ ਕੇ ਉਸ ਤੋਂ ਫੰਡ ਲੈ ਸਕਦੇ ਸਨ ਪਰ ਉਨ੍ਹਾਂ ਦੋਸਤੀ ਨੂੰ ਪਹਿਲ ਦਿੱਤੀ।

ਅੱਜ ਵੀ ਸੋਚਦਾ ਹਾਂ, ਕਿ ਦੋਸਤੀ ਦਾ ਅਜਿਹਾ ਨਿੱਘ ਅਰਬਾਂ ਖਰਬਾਂ ’ਚ ਨਹੀਂ ਮਿਲਦਾ। ਉਹ ਨਿੱਘ ਤੇ ਅਹਿਸਾਸ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ ਸ਼ਾਲਾ! ਮੇਰੇ ਉਨ੍ਹਾਂ ਦੋਸਤਾਂ ਨੂੰ ਰੱਬ ਸਦਾ ਸਲਾਮਤ ਰੱਖੇ!

ਲੈਕਚਰਾਰ ਅਜੀਤ ਖੰਨਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੰਡੀ ਗੋਬਿੰਦਗੜ੍ਹ, ਫ਼ਤਿਹਗੜ੍ਹ ਸਾਹਿਬ
ਮੋ. 70095-29004

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।