ਜਦੋਂ ਮਹਿੰਗਾ ਪਿਆ ਨਹਿਰ ‘ਤੇ ਨਹਾਉਣਾ…

ਜਦੋਂ ਮਹਿੰਗਾ ਪਿਆ ਨਹਿਰ ‘ਤੇ ਨਹਾਉਣਾ…

ਕੋਈ ਕਿੰਨਾ ਵੀ ਚਾਹੇ ਬਚਪਨ ਦੀਆਂ ਯਾਦਾਂ ਨੂੰ ਕਦੇ ਵੀ ਦਿਲ ‘ਚੋਂ ਭੁਲਾਇਆ ਨਹੀਂ ਜਾਂਦਾ, ਖਾਸ ਕਰਕੇ ਉਹ ਸਕੂਲ ਦੇ ਦਿਨ ਜੋ ਕਦੇ ਹਾਸੇ-ਠੱਠੇ ਨਾਲ ਲੰਘਦੇ ਸਨ, ਕਦੇ ਮਜ਼ਾਕ ਕਰਦੇ-ਕਰਦੇ ਦਿਨ ਤੀਆਂ ਵਾਂਗ ਲੱਗਦੇ ਸਨ ਇਹ ਸੱਚ ਵੀ ਹੈ ਕਿ ਉਹ ਅੱਜ ਦੇ ਬੱਚਿਆਂ ਨੂੰ ਤਾਂ ਸ਼ਾਇਦ ਭਾਲੇ ਵੀ ਨਾ ਮਿਲਣ ਕਿਉਂਕਿ ਅੱਜ ਮੁਕਾਬਲੇ ਦੇ ਦੌਰ ‘ਚ ਬੱਚੇ ਜ਼ਿਆਦਾ ਪੜ੍ਹਾਈ ‘ਚ ਵਿਅਸਤ ਰਹਿੰਦੇ ਹਨ

ਮੈਂ ਦਸਵੀਂ ਜਮਾਤ ‘ਚ ਪੜ੍ਹਦਾ ਸੀ, ਉਂਜ ਤਾਂ ਮੈਂ ਅਧਿਆਪਕਾਂ ਵੱਲੋਂ ਦਿੱਤਾ ਹਰ ਕੰਮ ਬੜੀ ਲਗਨ ਨਾਲ ਕਰਦਾ ਪਰ ਇੱਕ ਵਾਰ ਡਰਾਇੰਗ ਦੀ ਫਾਈਲ ਤਿਆਰ ਕਰਨੀ ਸੀ, ਜੋ ਮੈਂ ਆਨੇ-ਬਹਾਨੇ ਟਾਲ਼ਦਾ ਰਿਹਾ ਸਾਡੇ ਡਰਾਇੰਗ ਵਾਲੀ ਅਧਿਆਪਕਾ ਵੀ ਹੈਰਾਨ ਸਨ, ਵੀ ਆਖ਼ਿਰ ਇਹ ਫਾਇਲ ਕਿਉਂ ਨਹੀਂ ਤਿਆਰ ਕਰਦਾ!

ਮੈਂ ਕਦੇ ਤਾਂ ਆਖ ਦਿੰਦਾ, ਜੀ ਮੇਰੇ ਕੋਲ ਫਾਇਲ ਲਿਆਉਣ ਲਈ ਪੈਸੇ ਨਹੀਂ, ਕਦੇ ਆਖ ਦਿੰਦਾ ਤਿਆਰ ਹੋ ਜਾਂਦੀ ਹੈ, ਤੇ ਏਦਾਂ ਕਰਦੇ-ਕਰਦੇ ਹਫ਼ਤੇ ਲੰਘ ਗਏ ਓਧਰ ਅਧਿਆਪਕਾ ਵੀ ਆਖੇ, ਜਦੋਂ ਤੱਕ ਤੇਰੀ ਫਾਇਲ ਤਿਆਰ ਨ੍ਹੀਂ ਹੁੰਦੀ ਮੈਂ ਤੇਰਾ ਖਹਿੜਾ ਨਹੀਂ ਛੱਡਣਾ ਸੋ ਇੱਕ ਦਿਨ ਮੈਨੂੰ ਕਲਾਸ ‘ਚ ਖੜ੍ਹਾ ਕਰ ਲਿਆ, ਅਧਿਆਪਕਾ ਕਹਿਣ ਲੱਗੇ, ਫਾਇਲ ਤਿਆਰ ਹੈ?

Expensive Canal | ਮੈਂ ਨਾ ਵਿੱਚ ਸਿਰ ਹਿਲਾ ਦਿੱਤਾ, ਫ਼ਿਰ ਅਧਿਆਪਕਾ ਕਹਿਣ ਲੱਗੇ, ਹੁਣੇ ਘਰ ਜਾ ਆਪਣੇ ਬਾਪ ਨੂੰ ਬੁਲਾ ਕੇ ਲਿਆ ਮੈਂ ਸਹਿਮ ਗਿਆ ਮੇਰੇ ਬਾਪ ਦੇ ਸੁਭਾਅ ਬਾਰੇ ਮੈਂ ਭਲੀਭਾਂਤ ਜਾਣਦਾ ਸੀ ਉਹ ਸਕੂਲ ਬੁਲਾਉਣ ਦੇ ਨਾਂਅ ‘ਤੇ ਤਾਂ ਉੱਥੇ ਹੀ ਭੁਗਤ ਸਵਾਰਨ ਲੱਗ ਪੈਂਦਾ ਸੀ, ਗੱਲ ਬਾਅਦ ‘ਚ ਹੀ ਪੁੱਛਦਾ ਸੀ ਸੋ ਮੈਂ ਆਪਣਾ ਦਿਮਾਗ ਲਾਇਆ, ਮੇਰੇ ਗੁਆਂਢ ‘ਚ ਹੀ ਤਾਇਆ ਸੀ, ਕਿਉਂ ਨਾ ਉਨ੍ਹਾਂ ਨੂੰ ਲੈ ਜਾਵਾਂ ਉਹ ਅਨਪੜ੍ਹ ਹੋਣ ਦੇ ਨਾਲ-ਨਾਲ ਥੋੜ੍ਹਾ ਨਸ਼ੇ ਦਾ ਵੀ ਆਦੀ ਸੀ, ਪਰ ਬੋਲਦਾ ਸੱਚ ਸੀ ਮੈਂ ਤਾਇਆ ਜੀ ਨੂੰ ਜਾ ਕੇ ਕਿਹਾ, ਮੇਰੇ ਬਾਪ ਨੂੰ ਸਕੂਲ ਬੁਲਾਇਆ

ਪਤਾ ਨੀ ਕਿਉਂ, ਤੁਸੀਂ ਆ ਜਾਓ, ਬੱਸ ਮੇਰੇ ਬਾਪ ਬਾਰੇ ਨਾ ਦੱਸਿਓ ਗੱਲ ਮੈਂ ਉਨ੍ਹਾਂ ਨੂੰ ਪੂਰੀ ਦੱਸੀ ਨ੍ਹੀਂ  ਉਹ ਮੇਰੇ ਨਾਲ ਚੱਲ ਪਏ ਜਾਂਦੇ ਸਾਰ ਕਲਾਸ ‘ਚ ਬੈਠੇ ਡਰਾਇੰਗ ਵਾਲੀ ਅਧਿਆਪਕਾ ਕੋਲ ਚਲੇ ਗਏ ਮੈਨੂੰ ਆਪਿਧਆਪਕ ਕਹਿਣ ਲੱਗੇ, ਤੁਸੀਂ ਬੈਠੋ ਅਸੀਂ ਗੱਲ ਕਰਦੇ ਹਾਂ ਕੁਝ ਦੇਰ ਬਾਅਦ ਅੱਗ ‘ਤੇ ਸੁੱਕਾ ਘਾਹ ਪਾਉਣ ਵਾਲੀ ਗੱਲ ਹੋਈ ਪਈ ਸੀ, ਪਤਾ ਨੀ ਤਾਏ ਨੇ ਕੀ ਕੱਢ ਮਾਰਿਆ, ਮੈਨੂੰ ਕਲਾਸ ‘ਚ ਫਿਰ ਬੁਲਾਇਆ ਗਿਆ ਤਾਇਆ ਜੀ ਬੋਲ ਰਹੇ ਸਨ,

ਇਹ ਪੜ੍ਹਦੇ-ਪੜ੍ਹਾਉਂਦੇ ਤਾਂ ਕਿਹੜਾ ਨੇ, ਬੱਸ ਇਹਨਾਂ ਦਾ ਸਰਿਆ ਪਿਆ, ਇਹ ਦੋ- ਚਾਰ ਦਿਨਾਂ ਦੀ ਗੱਲ ਨਹਿਰ ‘ਤੇ ਵੀ ਨਹਾਉਂਦੇ ਮੈਨੂੰ ਮਸ਼ਕਰੀਆਂ ਕਰ ਰਹੇ ਸੀ ਬੱਸ ਫਿਰ ਕੀ ‘ਆਪ ਡੁੱਬੇ ਬਾਹਮਣਾ, ਜਜਮਾਨ ਵੀ ਡੋਬੇ, ਵਾਲੀ ਕਹਾਵਤ ਵਾਂਗੂੰ ਮੈਂ ਤਾਂ ਫਸਿਆ ਹੀ ਨਾਲ ਮੇਰੇ ਸਾਥੀ ਵੀ ਫਸ ਗਏ

ਡਰਾਇੰਗ ਵਾਲੇ ਅਧਿਆਪਕਾ ਨੇ ਪੀ ਟੀ ਸਰ, ਜੋ ਸਾਡੇ ਕਲਾਸ ਇੰਚਾਰਜ਼ ਸਨ, ਨੂੰ ਬੁਲਾਇਆ ਕਿ ਇਹ ਕੌਣ-ਕੌਣ ਛੁੱਟੀ ‘ਤੇ ਸਨ ਦੱਸੋ ਤਾਂ ਸਹੀ ਉਹ ਕਹਿਣ ਲੱਗੇ, ਇਸ ਨੂੰ ਕੁਝ ਦਿਨ ਪਹਿਲਾਂ ਬੁਖ਼ਾਰ ਦੀ ਸ਼ਿਕਾਇਤ ਸੀ ਤਾਂ ਇਹ ਛੁੱਟੀ ‘ਤੇ ਸੀ ਤਾਇਆ ਜੀ ਕਹਿਣ ਲੱਗੇ, ਨਹੀਂ ਇਹਨਾਂ ਦਾ ਬੁਖਾਰ ਤਾਂ ਕੁਝ ਦਿਨ ਪਹਿਲਾਂ ਦੋਲੇਵਾਲੇ (ਨੇੜੇ ਪਿੰਡ) ਦੀ ਨਹਿਰ ‘ਤੇ ਉੱਤਰ ਰਿਹਾ ਸੀ ਬੱਸ ਅੱਗ ‘ਤੇ ਘਾਹ ਪੈ ਚੁੱਕਾ ਸੀ ਤੇ ਭਾਂਬੜ ਬਣ ਗਿਆ ਸੀ ਫਿਰ ਪੀ ਟੀ ਸਰ ਕਹਿਣ, ਦੱਸ ਕਿਹੜੇ-ਕਿਹੜੇ ਸੀ?

ਮੈਂ ਵੀ ਸੱਚ ਦੱਸ ‘ਤਾ, ਮੇਰੇ ਪਿਆਰੇ ਵੀਰ ਜੱਸਾ, ਕੋਹਲੀ, ਗਾਂਧੀ, ਤੇਲੂ ਤੇ ਤੇਜ਼ੀ ਵਰਗੇ ਵੀ ਰਗੜੇ ਗਏ ਤਾਇਆ ਜੀ ਨੂੰ ਪੀ ਟੀ ਸਰ ਕਹਿੰਦੇ ਤੁਸੀਂ ਜਾਓ ਜੀ ਤੁਹਾਡਾ ਕੰਮ ਹੋ ਗਿਆ ਹੁਣ ਤਾਂ ਸਾਡਾ ਕੰਮ ਸ਼ੁਰੂ ਹੋਊਗਾ ਬੱਸ ਤਾਇਆ ਜੀ ਦੇ ਜਾਣ ਦੀ ਦੇਰ ਸੀ, ਪੀ ਟੀ ਸਰ ਨੇ ਸਾਨੂੰ ਛੇ ਜਣਿਆਂ ਨੂੰ ਸਪੋਰਟਸ ਰੂਮ ਦੇ ਪਿੱਛੇ ਬੁਲਾ ਲਿਆ ਸਰ ਕਹਿਣ ਲੱਗੇ,

ਸੱਚ ਦੱਸ ਦੇਵੋਗੇ ਤਾਂ ਬਚ ਜਾਓਗੇ, ਨਹੀਂ ਤਾਂ ਪੁੱਤ ਫੈਂਟੀ ਤਾਂ ਪੱਕੀ ਚੜ੍ਹੂਗੀ ਸਰ ਕਹਿਣ ਲੱਗੇ, ਤੁਹਾਨੂੰ ਨਹਿਰ ਦੀ ਸਲਾਹ ਕਿਸ ਨੇ ਦਿੱਤੀ ਸੀ? ਅਸੀਂ ਇਕੱਠੇ ਬੋਲੇ, ਸਾਡੀ ਸਾਰਿਆਂ ਦੀ ਸਰ! ਪਹਿਲਾਂ ਨਹਿਰ ‘ਚ ਨਹਾਉਣ ਵੇਲੇ ਕੱਪੜੇ ਕਿਹੜੇ ਨੇ ਲਾਹੇ ਸੀ? ਸਰ ਕਹਿੰਦੇ ਇੱਕ-ਦੂਜੇ ਮੂੰਹ ਵੱਲ ਦੇਖਦੇ ਜੱਸੇ ਵੀਰ ਹੱਥ ਖੜ੍ਹਾ ਕਰ ‘ਤਾ ਸਰ ਕਹਿਣ ਲੱਗੇ,

ਉਤਾਰੋ ਹੁਣ ਵੀ ਇਕੱਲੇ ਕਮੀਜ਼-ਕਮੀਜ਼! ਅਸੀਂ ਵੀ ਉਤਾਰ ਦਿੱਤੇ ਕਿ ਕੀ ਪਤਾ ਸਰ ਨੂੰ ਤਰਸ ਹੀ ਆ ਜਾਵੇ ਪਰ ਸਰ ਤਾਂ ਸਾਡੀ ਭੁਗਤ ਸਵਾਰਨ ਵਾਲੇ ਸੀ ਇਸ ਦਾ ਸਾਨੂੰ ਕੁਝ ਦੇਰ ਬਾਅਦ ਪਤਾ ਲੱਗਾ ਤੇ ਫਿਰ ਸਰ ਨੇ ਕਿਹਾ, ਕੰਨ ਫੜਲੋ ਜਲਦੀ! ਬੱਸ ਨੰਗੇ ਪਿੰਡੇ ‘ਤੇ ਤੂਤ ਦੀ ਛਟੀ ਨਾਲ ਸਰ ਨੇ ਉਹ ਹਾਲ ਕੀਤਾ ਜੋ ਦੱਸ ਨ੍ਹੀਂ ਸਕਦੇ ਅੱਗੇ ਤੋਂ ਨਹਿਰ ‘ਤੇ ਨਾ ਜਾਣ ਦੀਆਂ ਨੱਕ ਨਾਲ ਲਕੀਰਾਂ ਕੱਢੀਆਂ ਤੇ ਸਰ ਨੇ ਜਾਣ ਲਈ ਕਿਹਾ ਸਾਰੇ ਸਾਡੇ ਵੱਲ ਐਵੇਂ ਦੇਖ ਰਹੇ ਸੀ

ਜਿਵੇਂ ਅਸੀਂ ਨਵੇਂ ਫੌਜ ‘ਚ ਭਰਤੀ ਹੋਏ ਹੋਈਏ ਫਿਰ ਵੀਰੇ ਹੋਰੀਂ ਮੈਨੂੰ ਕਹਿਣ ਲੱਗੇ, ਯਾਰ ਤੂੰ ਐਦੂੰ ਤਾਂ ਚਾਚੇ ਨੂੰ?ਹੀ ਬੁਲਾ ਲਿਆਉਂਦਾ ਆਹ ਬਿਪਤਾ ਤੋਂ ਤਾਂ ਬਚ ਜਾਂਦੇ ਬੱਸ ਭਰਾਵੋ ਉਸ ਤੋਂ ਬਾਅਦ ਮੈਂ ਕਦੇ ਨਕਲੀ ਬਾਪ, ਨ੍ਹੀਂ ਬਣਾਇਆ ਤੇ ਕਦੇ ਵੀ ਫ਼ਿਰ ਸਕੂਲੋਂ ਮਿਲਿਆ ਕੰਮ ਵੀ ਨੀ ਛੱਡਿਆ ਉਸ ਤੋਂ ਦੂਜੇ ਦਿਨ ਫਾਇਲ ਵੀ ਤਿਆਰ ਹੋਗੀ, ਮੈਂ ਵੀ ਅਧਿਆਪਕਾਂ ਦਾ ਚਹੇਤਾ ਬਣ ਗਿਆ ਸੋ ਭਰਾਵੋ ਅਕਲ ਵੀ ‘ਕੱਲੇ ਬਦਾਮ ਖਾਣ ਨਾਲ ਨ੍ਹੀਂ ਆਉਂਦੀ, ਇਹ ਗੱਲ ਵੀ ਸੱਚ ਹੋਗੀ ਹੁਣ ਜਦੋਂ 15 ਵੀਹ ਸਾਲਾਂ ਬਾਅਦ ਵੀਰ ਹੋਨੀ ਮੈਨੂੰ ਕਦੇ ਮਿਲਦੇ ਨੇ, ਤਾਂ ਨਹਿਰ ਵਾਲੀ ਗੱਲ ਯਾਦ ਕਰਕੇ ਬੀਤੇ ਪਲਾਂ ਦੀਆਂ ਯਾਦਾਂ ਇਵੇਂ ਲੱਗਦੀਆਂ ਨੇ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ
ਸੰਗਰੂਰ
ਮੋ. 97297-82400
ਬਿੱਟੂ ਜਖੇਪਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।