ਖ਼ਰਾਬ ਹੁੰਦੀਆਂ ਸਬਜ਼ੀਆਂ ਦੇ ਬਚਾਅ ਲਈ ਆਧੁਨਿਕ ਢੰਗਾਂ ਦੀ ਲੋੜ | Modern Method
ਜੇਕਰ ਦੇਸ਼ ਵਿੱਚ ਬਰੱੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਰੱਖ-ਰਖਾਅ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਇੱਕ ਲੱਖ ਕਰੋੜ ਦੇ ਫਲ ਅਤੇ ਸਬਜੀਆਂ ਖਰਾਬ ਹੋ ਰਹੀਆਂ ਹਨ। ਇਹ ਚੀਜਾਂ ਬਜਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋਣ ਕਰਕੇ ਮਹਿੰਗੀਆਂ ਵਿਕ ਰਹੀਆਂ ਹਨ। ਫਲਾਂ ਅਤੇ ਸਬਜੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ. (Modern Method)
ਵਿਸ਼ਵ ਭਰ ਦੇ ਬਜਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਪ੍ਰਤੀਸ਼ਤ ਹੈ। ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ। ਉਦਯੋਗਾਂ ਵਿੱਚ ਸਿਰਫ 2.2 ਫੀਸਦੀ ਵਰਤੋਂ ਹੋ ਰਹੀ ਹੈ ਜਦੋਂ ਕਿ ਅਮਰੀਕਾ ਵਿੱਚ 65 ਫੀਸਦੀ, ਫਿਲਪਾਈਨ ਵਿਚ 78 ਫੀਸਦੀ ਅਤੇ ਚੀਨ ਵਿੱਚ 23 ਫੀਸਦੀ ਫਲ ਅਤੇ ਸਬਜ਼ੀਆਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ।
ਹਰ ਕਿਸਾਨ ਦੀ ਇੱਛਾ ਹੈ ਕਮਾਈ ‘ਚ ਹੋਵੇ ਵਾਧਾ
ਭਾਰਤੀ ਬੀਜ ਮੰਡੀ 6 ਤੋਂ 7 ਹਜਾਰ ਕਰੋੜ ਰੁਪਏ ਦੇ ਵਿਚਕਾਰ ਹੈ ਅਤੇ ਇਹ ਕੰਪਨੀਆਂ ਇਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਲਗਾਤਾਰ ਵਧਾਉਂਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ। ਲਿਹਾਜਾ, ਉਹ ਦੇਸੀ ਬੀਜਾਂ ਦੀ ਥਾਂ ਹਾਈਬ੍ਰਿਡ ਬੀਜਾਂ ਨੂੰ ਤਰਜੀਹ ਦਿੰਦਾ ਹੈ।
ਮੈਹੀਕੋ ਦਾ ਹੀ ਦਾਅਵਾ ਹੈ ਕਿ ਇਸ ਦੇ ਹਾਈਬ੍ਰਿਡ ਬੀਜਾਂ ਵਾਲੀਆਂ ਫਸਲਾਂ 30 ਫੀਸਦੀ ਤੋਂ ਵੱਧ ਝਾੜ ਦਿੰਦੀਆਂ ਹਨ ਅਤੇ ਕਾਸ਼ਤਕਾਰਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ। ਅਜਿਹੇ ਬੀਜ ਇੱਕ ਵਾਰ ਵਧੀਆ ਝਾੜ ਦਿੰਦੇ ਹਨ। ਇਨ੍ਹਾਂ ਬੀਜਾਂ ਤੋਂ ਤਿਆਰ ਫਸਲ ਤੋਂ ਮਿਲੇ ਬੀਜ ਦੀ ਵਰਤੋਂ ਕਰਨ ‘ਤੇ ਝਾੜ ਕਾਫੀ ਘਟ ਜਾਂਦਾ ਹੈ। ਤੀਸਰੀ ਵਾਰ ਤਾਂ ਫਸਲ ਨਾ-ਮਾਤਰ ਹੀ ਹੁੰਦੀ ਹੈ।
ਲਿਹਾਜਾ ਕਾਸ਼ਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖਰੀਦਣਾ ਪੈਂਦਾ ਹੈ ਜਦੋਂਕਿ ਦੇਸੀ ਬੀਜਾਂ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ। ਉਨ੍ਹਾਂ ਦੀ ਹਰ ਫਸਲ ਤੋਂ ਨਵਾਂ ਬੀਜ ਤਿਆਰ ਹੋ ਜਾਂਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬ੍ਰਿਡ ਬੀਜ ਲੰਬੇ ਸਮੇਂ ਲਈ ਮੁਨਾਫਾਕਾਰੀ ਨਹੀਂ ਹਨ। ਉਂਝ ਇੱਕ ਗੱਲ ਸਾਫ ਹੈ ਕਿ ਹਾਈਬ੍ਰਿਡ ਬੀਜਾਂ ਦਾ ਰੁਝਾਨ ਤੇਜੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋਂ ਨਿਰੰਤਰ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜਾਰ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ।
ਜਲਦੀ ਹੀ ਸ਼ਿਮਲਾ ਮਿਰਚ ਦੀ ਸੁਗੰਧ ਹੋ ਸਕਦੀ ਐ ਗਾਇਬ
ਉਹ ਦਿਨ ਵੀ ਦੂਰ ਨਹੀਂ ਜਦੋਂ ਸ਼ਿਮਲਾ ਮਿਰਚ ਵਿੱਚੋਂ ਨਾ ਸੁਗੰਧ ਆਵੇਗੀ ਅਤੇ ਨਾ ਹੀ ਸੁਆਦਲੀ ਰਹੇਗੀ। ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਮਿਠਾਸ ਅਤੇ ਨਰਮਾਈ ਪਿਛਲੇ ਸਾਲਾਂ ਦੌਰਾਨ ਲਗਭਗ ਗਾਇਬ ਹੀ ਹੋ ਗਈ ਹੈ। ਪੰਜ-ਸੱਤ ਸਾਲ ਪਹਿਲਾਂ ਲੋਕ ਮਟਰਾਂ ਦੇ ਤਾਜੇ ਦਾਣਿਆਂ ਨੂੰ ਬਤੌਰ ਸਨੈਕਸ ਖਾਇਆ ਕਰਦੇ ਸਨ। ਘਰਾਂ ਵਿੱਚ ਮਟਰਾਂ ਦੇ ਦਾਣੇ ਕੱਢਦਿਆਂ ਇਨ੍ਹਾਂ ਨੂੰ ਨਾਲੋ-ਨਾਲ ਕੱਚੇ ਹੀ ਖਾਣ ਨੂੰ ਮਨ ਕਰਦਾ ਸੀ, ਹੁਣ ਮਟਰ ਦਾ ਦਾਣਾ ਮੂੰਹ ਵਿੱਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਸਭ ਹਾਈਬ੍ਰਿਡ ਬੀਜਾਂ ਦਾ ਕਮਾਲ ਹੈ।
ਕੋਲਡ ਸਟੋਰ ਸਬਜੀਆਂ ਤੇ ਫਲਾਂ ਦੀ ਸੰਭਾਲ ਦਾ ਚੰਗਾ ਸਾਧਨ
ਕੋਲਡ ਸਟੋਰ ਕਿਸਾਨਾਂ ਲਈ ਕਮਾਈ ਦਾ ਵਧੀਆ ਸਾਧਨ ਬਣਨ ਦੇ ਨਾਲ ਹੀ ਫਲ ਅਤੇ ਸਬਜੀਆਂ ਦੀ ਸੰਭਾਲ ਵਾਸਤੇ ਵੀ ਬਹੁਤ ਵੱਡਾ ਸਾਧਨ ਹਨ ਬਾਗਬਾਨੀ ਵਿਭਾਗ ਵੱਲੋਂ ਕੋਲਡ ਸਟੋਰ ਲਾਉਣ ਲਈ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਲਾਕੇ ਦੇ ਹਿਸਾਬ ਨਾਲ ਸਟੋਰ ਲਾਉਣ ਲਈ ਸਬੰਧਤ ਵਿਭਾਗ ਤੋਂ ਮਨਜੂਰੀ ਲੈਣੀ ਪੈਂਦੀ ਹੈ। ਜਿੱਥੋਂ ਤੱਕ ਆਮਦਨੀ ਦੀ ਗੱਲ ਹੈ ਤਾਂ ਪ੍ਰਤੀ ਮਹੀਨਾ ਆਲੂ ਅਤੇ ਪਿਆਜ ਦਾ ਪ੍ਰਤੀ ਕਿੱਲੋ ਤਕਰੀਬਨ ਇੱਕ ਤੋਂ ਡੇਢ ਰੁਪਏ ਕਿਰਾਇਆ ਮਿਲਦਾ ਹੈ। Modern Method
ਫਲ ਅਤੇ ਸਬਜੀਆਂ ਦਾ ਡੇਢ ਤੋਂ ਦੋ ਰੁਪਏ ਕਿੱਲੋ ਕਿਰਾਇਆ ਲਿਆ ਜਾਂਦਾ ਹੈ। ਪੰਜ ਹਜਾਰ ਟਨ ਵਾਲੇ ਕੋਲਡ ਸਟੋਰ ‘ਤੇ ਤਕਰੀਬਨ ਤਿੰਨ ਕਰੋੜ ਰੁਪਏ ਖਰਚ ਆਉਂਦਾ ਹੈ। ਇਸ ਵਿੱਚੋਂ ਬਾਗਬਾਨੀ ਵਿਭਾਗ 40 ਫੀਸਦੀ ਸਬਸਿਡੀ ਦਿੰਦਾ ਹੈ। ਸਟੋਰ ਲਾਉਣ ਤੋਂ ਪਹਿਲਾਂ ਇਸ ਦਾ ਪੂਰਾ ਪ੍ਰੋਜੈਕਟ ਤਿਆਰ ਕੀਤਾ ਜਾਂਦਾ ਹੈ। ਜੇਕਰ ਜਰੂਰਤ ਹੋਵੇ ਤਾਂ ਬੈਂਕ ਕੋਲੋਂ ਕਰਜਾ ਵੀ ਲਿਆ ਜਾ ਸਕਦਾ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ