ਪਹਿਲਾਂ ਤੋਲੋ, ਫਿਰ ਬੋਲੋ
ਮਨੁੱਖ ਆਪਣੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ। ਉਹ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਜਾਂ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਉਸ ਬਾਰੇ ਸੋਚਣ, ਵਿਚਾਰਨ ਤੇ ਸਵੈ-ਪੜਚੋਲ ਦੀ ਲੋੜ ਹੁੰਦੀ ਹੈ। ਮੂੰਹ ਵਿੱਚੋਂ ਨਿੱਕਲੇ ਹੋਏ ਸ਼ਬਦ ਪਿਆਰ ਅਤੇ ਅਪਣੱਤ ਭਰਪੂਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਸੁਣ ਕੇ ਸਾਹਮਣੇ ਵਾਲੇ ਵਿਅਕਤੀ ਨੂੰ ਖੁਸ਼ੀ ਹੋਣ ਦੇ ਨਾਲ-ਨਾਲ ਸਾਡੇ ਮਨ ਨੂੰ ਵੀ ਤਸੱਲੀ ਅਤੇ ਚੰਗਿਆਈ ਮਹਿਸੂਸ ਹੋਣੀ ਚਾਹੀਦੀ ਹੈ।
ਤਲਵਾਰ ਦੇ ਜਖਮ ਤੇ ਮਿਲੇ ਹੋਏ ਫੱਟ ਤਾਂ ਸਮੇਂ ਦੀ ਚਾਲ ਨਾਲ ਭਰ ਜਾਂਦੇ ਹਨ ਪਰ ਸ਼ਬਦਾਂ ਦੇ ਦਿਲ ਵਿੱਚ ਵੱਜੇ ਤੀਰ ਸਮੇਂ ਦੇ ਬੀਤਣ ਨਾਲ ਨਾ ਭਰਦੇ ਹੋਏ ਹਮੇਸ਼ਾ ਯਾਦ ਅਤੇ ਚੇਤੇ ਰਹਿੰਦੇ ਹਨ। ਸੋਚ-ਸਮਝ ਕੇ ਅਤੇ ਮਿੱਠਾ ਬੋਲਣਾ ਸਾਡੇ ਪਰਿਵਾਰ, ਸਾਡੇ ਸੰਸਕਾਰ, ਸੱਭਿਆਚਾਰ ਤੇ ਵਿਅਕਤੀ ਦੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੇ ਹਨ। ਕਿਸੇ ਵਿਅਕਤੀ ਦੇ ਕੱਪੜੇ, ਕਾਰ, ਪੈਸੇ ਦੀ ਬਹੁਤਾਤ ਅਤੇ ਬਾਹਰੀ ਦਿੱਖ ਤੋਂ ਉਸ ਵਿਅਕਤੀ ਦੇ ਵਿਵਹਾਰ, ਕਿਰਦਾਰ ਤੇ ਸ਼ਖਸੀਅਤ ਬਾਰੇ ਅੰਦਾਜਾ ਨਹੀਂ ਲਾਇਆ ਜਾ ਸਕਦਾ।
ਪਰ ਜਦ ਅਸੀਂ ਉਸ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਗੱਲ ਬਾਤ ਕਰਦੇ ਹਾਂ ਤਾਂ ਫਿਰ ਉਸ ਵਿਅਕਤੀ ਦੀ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਦਿੱਤੀ ਤਵੱਜੋ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਇੱਕ ਕਥਨ ਅਨੁਸਾਰ ਸਰੀਰ ਇੱਕ ਦੁਕਾਨ ਹੈ ਤੇ ਜੁਬਾਨ ਉਸ ਦਾ ਤਾਲਾ, ਜਦੋਂ ਜੁਬਾਨ ਖੁੱਲ੍ਹਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾਂ ਕੋਲਿਆਂ ਦੀ ਬਿਲਕੁਲ ਦਰੁਸਤ ਤੇ ਸਹੀ ਹੈ। ਕਿਸੇ ਵਿਅਕਤੀ ਦੀ ਜੁਬਾਨ ਅਤੇ ਬੋਲਚਾਲ ਦੁਆਰਾ ਵਰਤੀ ਗਈ ਸ਼ਬਦਾਵਲੀ ਉਸ ਵਿਅਕਤੀ ਦੀ ਪਛਾਣ ਹੁੰਦੀ ਹੈ।
ਗੁਰੂ ਸਾਹਿਬਾਨਾਂ ਨੇ ਵੀ ਗੁਰਬਾਣੀ ਵਿੱਚ ਕਿਸੇ ਨੂੰ ਮੰਦਾ ਬੋਲਣ ਤੇ ਕਿਸੇ ਬਾਰੇ ਚੁਗਲੀ ਕਰਨ ਤੋਂ ਵਰਜਿਆ ਹੈ। ਅਜੋਕੇ ਸਮੇਂ ਵਿੱਚ ਨੈਤਿਕਤਾ ਵਿੱਚ ਆਏ ਨਿਘਾਰ ਕਰਕੇ ਸਾਡੀ ਰੋਜ਼ਾਨਾ ਦੀ ਬੋਲਬਾਣੀ ਵਿੱਚੋਂ ਮਿਠਾਸ, ਹਲੀਮੀ ਤੇ ਨਿਮਰਤਾ ਖਤਮ ਹੋ ਗਈ ਹੈ। ਅਸੀਂ ਬੋਲਣ ਤੋਂ ਪਹਿਲਾਂ ਕਦੇ ਵੀ ਨਹੀਂ ਸੋਚਦੇ ਕਿ ਇਨ੍ਹਾਂ ਸ਼ਬਦਾਂ ਦਾ ਸਾਹਮਣੇ ਵਾਲੇ ਵਿਅਕਤੀ ’ਤੇ ਕੀ ਪ੍ਰਭਾਵ ਪਵੇਗਾ।
ਅਸੀਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਸੋਚਣਾ ਬੰਦ ਕਰ ਦਿੱਤਾ ਹੈ। ਅਸੀਂ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਮਨ ਦੇ ਤਰਾਜੂ ਵਿੱਚ ਤੋਲਣਾ ਬੰਦ ਕਰ ਦਿੱਤਾ ਹੈ। ਸਾਡੇ ਦੁਆਰਾ ਕਾਹਲੀ ਵਿੱਚ ਵਰਤੇ ਗਏ ਕੌੜੇ ਸ਼ਬਦਾਂ ਦੀ ਵਰਤੋਂ ਨਾਲ ਸਾਹਮਣੇ ਵਾਲਾ ਵਿਅਕਤੀ ਤਾਂ ਦੁਖੀ ਹੁੰਦਾ ਹੈ ਪਰ ਬਾਅਦ ਵਿੱਚ ਸਮਾਂ ਬੀਤਣ ਉਪਰੰਤ ਸਾਨੂੰ ਵੀ ਆਪਣੇ ਬੋਲੇ ਬੋਲਾਂ ਉੱਪਰ ਪਛਤਾਵਾ ਹੁੰਦਾ ਹੈ ਪਰ ਸਿਆਣੇ ਕਹਿੰਦੇ ਹਨ ਕਿ ਕਮਾਨ ਵਿੱਚੋਂ ਨਿੱਕਲਿਆ ਤੀਰ ਅਤੇ ਮੂੰਹ ਵਿੱਚੋਂ ਨਿੱਕਲੇ ਸ਼ਬਦ ਕਦੇ ਵਾਪਸ ਨਹੀਂ ਆਉਂਦੇ ਬਾਅਦ ਵਿੱਚ ਤਾਂ ਕੇਵਲ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਸਾਨੂੰ ਆਪਣੀ ਰੋਜਾਨਾ ਦੀ ਜ਼ਿੰਦਗੀ ਵਿੱਚ ਕੌੜੇ ਸ਼ਬਦ ਬੋਲਣ ਤੋਂ ਪਰਹੇਜ ਕਰਦੇ ਹੋਏ, ਪਹਿਲਾਂ ਸੋਚਣਾ, ਫਿਰ ਤੋਲਣਾ ਤੇ ਉਸ ਤੋਂ ਬਾਅਦ ਬੋਲਣਾ ਚਾਹੀਦਾ ਹੈ ਤਾਂ ਜੋ ਸਾਡੇ ਦੁਆਰਾ ਬੋਲੇ ਸ਼ਬਦਾਂ ਨਾਲ ਸਾਨੂੰ ਤੇ ਸਾਹਮਣੇ ਵਿਅਕਤੀ ਨੂੰ ਖੁਸ਼ੀ ਅਤੇ ਸੰਤੁਸ਼ਟੀ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ