ਖੁੰਬਾਂ ਦੀ ਅਗੇਤੀ ਪੈਦਾਵਾਰ ਸ਼ੁਰੂ ਕਰਨ ਦੇ ਢੰਗ ਅਤੇ ਮੰਡੀਕਰਨ
ਜਦੋਂ ਵੀ ਕਿਤੇ ਖੇਤੀ ਨਾਲ ਸਹਾਇਕ ਧੰਦੇ ਕਰਨ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਵੱਡੀ ਗਿਣਤੀ ਕਿਸਾਨ ਇਨ੍ਹਾਂ ਧੰਦਿਆਂ ਨੂੰ ਕਰਨ ਵਾਸਤੇ ਤਿਆਰ ਹੀ ਨਹੀਂ ਹੰੁਦਾ। ਜਿਸ ਦਾ ਸਭ ਤੋਂ ਵੱਡਾ ਕਾਰਨ ਪਿਛਾਂਹ ਖਿੱਚੂ ਸਮਾਜ ਤੇ ਕਿਸਾਨ ਦਾ ਅਗਾਂਹਵਧੂ ਨਾ ਹੋਣਾ ਹੈ। ਪਰ ਤੇਜੀ ਨਾਲ ਵਧ ਰਹੇ ਪ੍ਰਸੰਗ ਵਿੱਚ ਹੁਣ ਅਜਿਹੀਆਂ ਧਾਰਨਾਵਾਂ ਦਾ ਕੋਈ ਮਹੱਤਵ ਨਹੀਂ ਰਿਹਾ।
ਕਿਉਂਕਿ ਹਰ ਦਿਨ ਵਧ ਰਹੀ ਮਹਿੰਗਾਈ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਏ ਜਾਣ ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇੇ ਨਾਲ ਹੀ ਵਿਹਲੇ ਸਮੇਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਖੁੰਬਾਂ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਹੀ ਵਧੀਆ ਆਮਦਨ ਦਾ ਸਾਧਨ ਬਣ ਸਕਦੀ ਹੈ। ਮੰਡੀ ਵਿੱਚ ਖੰੁਬ ਦੀ ਅਗੇਤੀ ਮੰਗ ਨੂੰ ਪੂਰਾ ਕਰਨ ਲਈ ਫਾਰਮ ’ਚ ਖੰੁਬ ਦੀ ਅਗੇਤੀ ਪੈਦਾਵਾਰ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਿਉਂਕਿ ਅਗੇਤੀ ਪੈਦਾਵਾਰ ਨਾਲ ਵੱਧ ਭਾਅ ਮਿਲਦਾ ਹੈ।
ਖੁੰਬਾਂ ਕੀ ਹਨ:
ਖੰੁਬ ਵੀ ਹੋਰਨਾਂ ਉੱਲੀਆਂ ਵਾਂਗ ਇੱਕ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੰੁਦੀਆਂ ਹਨ, ਜਿਨ੍ਹਾਂ ’ਚੋਂ ਕੁਝ ਲਾਭਦਾਇਕ ਹੰੁਦੀਆਂ ਹਨ। ਖੁੰਬ ਇੱਕ ਸਫੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੰੁਦੀ ਹੈ। ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਦਵਾਈ ਦਾ ਕੰਮ ਕਰਦੀ ਹੈ। ਭਾਵੇਂ ਕਈ ਖੁੱਲ੍ਹੀਆਂ ਪਈਆਂ ਥਾਵਾਂ ’ਤੇ ਵੀ ਖੰੁਬ ਉੱਗੀ ਹੋੋਈ ਵੇਖਦੇ ਹਾਂ ਪਰ ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੰੁਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ, ਜਿਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣਯੋਗ ਮੰਨੀਆਂ ਜਾ ਸਕਦੀਆਂ ਹਨ।
ਕਿਸਮਾਂ: ਪੰਜਾਬ ਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੰੁਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ, ਬਟਨ ਖੰੁਬ, ਦੂਸਰੀ ਢੀਂਗਰੀ ਅਤੇ ਤੀਸਰੀ, ਪਰਾਲੀ ਵਾਲੀ ਖੰੁਬ। ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਪੰਜਾਬ/ਹਰਿਆਣਾ ’ਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।¿;
ਬਿਜਾਈ ਦਾ ਸਮਾਂ: ਭਾਵੇਂ ਕਿ ਖੰੁਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੈ।
ਪਰ ਬਟਨ ਖੰੁਬ ਦੀ ਕਾਸ਼ਤ 15 ਸਤੰਬਰ ਤੋਂ 15 ਅਪਰੈਲ ਤੱਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤੱਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਤੀਸਰੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੰੁਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਤੇ ਖੰੁਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ।
ਖੰੁਬਾਂ ਦੀ ਬਿਜਾਈ:
ਬਟਨ ਖੁੰਬ ਦੀ ਬਿਜਾਈ ਲਈ ਕੰਪੋਸਟ ਦੀ ਜਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੰੁਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ। ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ਼, ਫਿੳੂਰਾਡਨ, ਸੀਰਾ, ਜਿਪਸਮ, ਬੀਐਚਸੀ ਆਦਿ ਦੀ ਜਰੂਰਤ ਪੈਂਦੀ ਹੈ। ਕਿਸਾਨਾਂ ਨੂੰ ਤਿਆਰ-ਬਰ-ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੰੁਬਾਂ ਦੀ ਬਿਜਾਈ ਕਰ ਸਕਦੇ ਹਨ।
ਬਿਜਾਈ ਦਾ ਸਮਾਨ:
ਖੰੁਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਢੰਗ:
ਖੰੁਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੰੁਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾੳੂਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖਰਚਾ ਘੱਟ ਪੈਂਦਾ ਹੈ। ਖੰੁਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ।
ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫਾਂ ਨੂੰ ਅਖਬਾਰਾਂ ਨਾਲ ਢੱਕ ਕੇ ਪਾਣੀ ਦੀ ਸਪਰੇ ਕੀਤੀ ਜਾਂਦੀ ਹੈ। ਜਿਸ ਨਾਲ ਸਿਰਫ ਅਖਬਾਰ ਹੀ ਗਿੱਲੇ ਹੋਣ, ਜੇਕਰ ਖੰੁਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਪੰੁਗਰਨ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।
ਕੇਸਿੰਗ ਦੀ ਤਿਆਰੀ:
ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ/ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ/ਬਾਹਰ ਨਹੀਂ ਜਾ ਸਕਦੀਆਂ। ਜਿਸ ਕਰਕੇ ਖੰੁਬ ਦੀ ਫਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਪਰਾਲੀ ਵਾਲੀ ਖੁੰਬ ਦੀ ਕਾਸ਼ਤ: ਇਸ ਕਿਸਮ ਦੀ ਖੰੁਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਬੰਨ੍ਹ ਕੇ ਅੱਗੋਂ/ਪਿੱਛੋਂ ਬਿਲਕੁਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤੱਕ ਕੀਤੀ ਜਾ ਸਕਦੀ ਹੈ।
ਬੀਜਣ ਦਾ ਢੰਗ:
ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਉਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ ਹੋਵੇ। ਵਾਧੂ ਪਾਣੀ ਨਿੱਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦੀ ਮਾਤਰਾ 70 ਫੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਂਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਫਾਨ ਪਾਇਆ ਜਾਂਦਾ ਹੈ। ਆਖਰ ਵਿੱਚ ਦੋ ਪੂਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ।
ਪਾਣੀ ਤੇ ਤੁੜਾਈ:
ਦੋ ਦਿਨਾਂ ਤੱਕ ਪਾਣੀ ਦੇਣ ਦੀ ਕੋਈ ਜਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ-ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੰੁਬਾਂ ਨਿੱਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੰੁਬਾਂ ਨਿੱਕਲਣ ਤੋਂ ਪਹਿਲਾਂ ਕਮਰਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5/6 ਘੰਟੇ ਹਵਾ ਲਵਾਉ, ਖੰੁਬਾਂ ਦੀ ਪੈਦਾਵਾਰ 15/20 ਦਿਨਾਂ ਤੱਕ ਚੱਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3/4 ਕਿੱਲੋ ਖੰੁਬਾਂ ਨਿੱਕਲ ਆਉਂਦੀਆਂ ਹਨ।
ਢੀਂਗਰੀ ਦੀ ਬਿਜਾਈ:
ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਨਮੀ ਦੀ ਮਾਤਰਾ 70 ਫੀਸਦੀ ਤੱਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫਾਫੇ ਵਰਤੇ ਜਾਂਦੇ ਹਨ। ਇੱਕ ਕਿੱਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪੈਂਦਾ ਹੈ।
ਬੀਜਣ ਦਾ ਢੰਗ:
ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫਾਫੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫਾਫਿਆਂ ਦਾ ਮੂੰਹ ਬੰਨ੍ਹ ਕੇ ਹੇੇਠੋਂ ਖੂੰਝੇ ਕੱਟ ਦਿਉ। 15/20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫਾਫੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫਸਲ 30/35 ਦਿਨ ਚੱਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫੈਦ ਢੀਂਗਰੀ ਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿੱਲੋ ਤੂੜੀ ਵਿੱਚੋ 400/500 ਗ੍ਰਾਮ ਢੀਂਗਰੀ ਨਿੱਕਲਦੀ ਹੈ।
ਖੰੁਬਾਂ ਦੀ ਤੁੜਾਈ ਤੇ ਸਾਂਭ-ਸੰਭਾਲ: ਜਦੋਂ ਖੰੁਬਾਂ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4/5 ਸੈਂ.ਮੀ. ਲੰਬੀ ਹੋ ਜਾਂਦੀ ਹੈ। ਖੰੁਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਉ, ਤੋੜੀਆਂ ਹੋਈਆਂ ਖੰੁਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਖੰੁਬਾਂ ਹਰ ਰੋਜ਼ ਤੋੜਨੀਆਂ ਜਰੂਰੀ ਹਨ।
ਜਾਣਕਾਰੀ ਤੇ ਬੀਜ:
ਖੰੁਬਾਂ ਦੀ ਕਾਸ਼ਤ ਬਾਰੇ ਹੋਰ ਜਿਆਦਾ ਜਾਣਕਾਰੀ ਲੈਣ ਤੇ ਖੰੁਬਾਂ ਦਾ ਬੀਜ ਲੈਣ ਲਈ ਮਾਈਕ੍ਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੰੁਬ ਪੋ੍ਰਜੈਕਟ ਚੰਬਾ ਘਾਟੀ ਸੋਲਨ, ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਬਾਰਾਂਦਾਰੀ ਬਾਗ ਪਟਿਆਲਾ, ਦਫਤਰ ਡਿਪਟੀ ਡਾਈਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਵੀ ਖੰੁਬਾਂ ਦਾ ਬੀਜ ਤਿਆਰ ਕਰਕੇ ਖੰੁਬਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਹਨ।
ਇਨ੍ਹਾਂ ਕਿਸਾਨਾਂ ਬਣਾਇਆ ਖੁੰਬ ਫਾਰਮ
ਹੁਣ ਪੰਜਾਬ ਦਾ ਕਿਸਾਨ ਵੀ ਵਪਾਰੀ ਬਣ ਕੇ ਖੁਸ਼ਹਾਲੀ ਦੇ ਰਸਤੇ ਤੁਰ ਪਿਆ ਹੈ ਕਿਉਂਕਿ ਛੋਟੇ ਧੰਦਿਆਂ ਨੂੰ ਛੱਡ ਕੇ ਵੱਡੇ ਪੱਧਰ ਦੇ ਧੰਦਿਆਂ ਨੂੰ ਹੱਥ ਪਾਉਣਾ ਕਿਸਾਨ ਨੇ ਸਿੱਖ ਲਿਆ ਹੈ।
ਜੇਕਰ ਅੱਜ ਪੰਜਾਬ ਅੰਦਰ ਕਿਸਾਨ ਵੱਡੇ ਪੱਧਰ ’ਤੇ ਫੁੱਲਾਂ, ਫਲਾਂ, ਸਬਜੀਆਂ ਆਦਿ ਦੀ ਕਾਸ਼ਤ ਕਰ ਰਹੇ ਹਨ ਤਾਂ ਇੱਕ ਕਿਸਾਨ ਅਜਿਹਾ ਵੀ ਹੈ ਜਿਹੜਾ ਲੱਖਾਂ ਰੁਪਏ ਦੀ ਲਾਗਤ ਖਰਚ ਕਰਕੇ ਖੁੰਬਾਂ ਦੀ ਕਾਸ਼ਤ ਹੀ ਨਹੀਂ ਕਰ ਰਿਹਾ ਸਗੋਂ ਬੜੀ ਹੀ ਕਾਮਯਾਬੀ ਨਾਲ ਆਪਣੀ ਪੈਦਾਵਾਰ ਨੂੰ ਮੰਡੀ ਵਿੱਚ ਵੇਚ ਕੇ ਹਜਾਰਾਂ ਰੁਪਏ ਦੀ ਰੋਜਾਨਾ ਕਮਾਈ ਵੀ ਕਰ ਰਿਹਾ ਹੈ। ਜਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੌਲਵੀਵਾਲਾ ਦੇ ਕਿਸਾਨ ਅਵਤਾਰ ਸਿੰਘ ਅਤੇ ਗੁਰਤੇਜ ਸਿੰਘ ਪੁੱਤਰ ਕਿਰਪਾਲ ਸਿੰਘ ਚਾਚੇ/ਭਤੀਜੇ ਨੇ ਇਕੱਠੇ ਹੋ ਕੇ ਖੰੁਬਾਂ ਦੀ ਪੈਦਾਵਾਰ ਕਰਨ ਮਨ ਬਣਾਇਆ ਤਾਂ ਇਹ ਮਨ ਉਡਾਰੀਆਂ ਮਾਰਦਾ ਹੋਇਆ ਹੁਣ ਬੁੰਲਦੀਆਂ ’ਤੇ ਪਹੁੰਚ ਚੁੱਕਾ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਨ੍ਹਾਂ ਮਿਹਨਤੀ ਖੰੁਬ ਉਤਪਾਦਕਾਂ ਨੇ ਦੱਸਿਆ ਕਿ ਉਹ ਛੇ ਕਨਾਲ ਵਿੱਚ ਬਟਨ ਖੰੁਬ ਦੀ ਪੈਦਾਵਾਰ ਕਰ ਰਹੇ ਹਨ। ਉਹ ਇਸ ਵੇਲੇ 700 ਕੁਇੰਟਲ ਤੂੜੀ ਤੋਂ ਖੁੰਬਾਂ ਦੀ ਪੈਦਾਵਾਰ ਕਰ ਰਹੇ ਹਨ। ਜਿਸ ਨੂੰ ਪੈਦਾ ਕਰਨ ਲਈ 11 ਢਾਰੇ ਬਣਾਏ ਗਏ ਹਨ। ਖੁੰਬਾਂ ਦੀ ਪੈਦਾਵਾਰ ਲਈ ਜ਼ਰੂਰੀ ‘ਕੰਪੋਸਟ’ ਉਹ ਆਪਣੇ ਹੱਥੀਂ ਤਿਆਰ ਕਰਦੇ ਹਨ, ਜਿਸ ਨੂੰ ਤਿਆਰ ਕਰਨ ਦਾ ਢੁੱਕਵਾਂ ਸਮਾਂ 2-3 ਸਤੰਬਰ ਤੋਂ ਲੈ ਕੇ 2-3 ਅਕਤੂਬਰ ਤੱਕ ਦਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਵਿੱਚ ਬੀਜ ਮਿਲਾ ਕੇ ਖੰੁਬਾਂ ਦੀ ਕਾਸ਼ਤ ਸ਼ੁਰੂ ਕੀਤੀ ਜਾ ਸਕਦੀ ਹੈ।
ਖੰੁਬਾਂ ਦੀ ਕਾਸ਼ਤ ਕਰਨ ਲਈ ਬੀਜ ਰੋਹਤਕ, ਪਾਣੀਪਤ ਤੇ ਹਿਸਾਰ ਆਦਿ ਦੀਆਂ ਨਿੱਜੀ ਲੈਬਰਾਟਰੀਆਂ ਤੋਂ ਖਰੀਦਿਆ ਜਾਂਦਾ ਹੈ। ਅਸਲ ਵਿੱਚ ਖੰੁਬ ਦਾ ਕੋਈ ਬੀਜ ਨਹੀਂ ਹੰੁਦਾ ਸਗੋਂ ਇਹ ਹੋਰਨਾਂ ਖਾਣਯੋਗ ਉੱਲੀਆਂ ਦੀ ਤਰ੍ਹਾਂ ਇੱਕ ਉੱਲੀ ਹੈ। ਇਸ ਉਲੀ ਨੂੰ ਕਣਕ ਜਾਂ ਮੱਕੀ ਦੇ ਦਾਣਿਆਂ ’ਤੇ ਲਾਇਆ ਜਾਂਦਾ ਹੈ ਜਿਸ ਨੂੰ ਸਫਾਨ ਕਿਹਾ ਜਾਂਦਾ ਹੈ। ਜਦੋਂ ਉੱਲੀ ਵਾਲੇ ਇਹ ਦਾਣੇ ਤੂੜੀ ਤੋਂ ਤਿਆਰ ਕੀਤੀ ਗਈ ਕੰਪੋਸਟ ਵਿੱਚ ਪਾਏ ਜਾਂਦੇ ਹਨ ਤਾਂ ਕੰਪੋਸਟ ਵਿੱਚ ਉੱਲੀ ਫੈਲ ਜਾਂਦੀ ਹੈ ਤੇ ਖੁੰਬਾਂ ਨਿੱਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਕਿਸਾਨ ਅਤਵਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਤੂੜੀ, ਖਾਦਾਂ ਤੇ ਹੋਰ ਸਾਮਾਨ ਦੇ ਕੇ ਕੰਪੋਸਟ ਖੰੁਬ ਉਦਯੋਗ ਤੋਂ ਤਿਆਰ ਕਰਵਾਈ ਸੀ। ਖੰੁਬਾਂ ਦੀ ਪੈਦਾਵਾਰ ਲਈ ਬਹੁਤ ਜਿਆਦਾ ਠੰਢੇ ਤਾਪਮਾਨ ਤੇ ਕੋਰੇ ਤੋਂ ਬਚਾਅ ਦੀ ਲੋੜ ਹੁੰਦੀ ਹੈ। ਜਿਸ ਕਰਕੇ ਇਸ ਲਈ ਬਾਂਸਾਂ ਨਾਲ ਇੱਕ ਮਜ਼ਬੂਤ ਢਾਂਚਾ ਤੇ ਤਰਪਾਲਾਂ ਦਾ ਸ਼ੈੱਡ ਤਿਆਰ ਕਰਨਾ ਪੈਂਦਾ ਹੈ। 700 ਕੁਇੰਟਲ ਤੂੜੀ ਵਿੱਚੋਂ ਰੋਜਾਨਾ ਤਕਰੀਬਨ ਤਿੰਨ ਕੁਇੰਟਲ ਖੰੁਬਾਂ ਦੀ ਪੈਦਾਵਾਰ ਹੋ ਸਕਦੀ ਹੈ। ਕਈ ਵਾਰ ਤਾਂ ਖੰੁਬ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਜਿਆਦਾ ਵੀ ਮਿਲ ਜਾਂਦੀ ਹੈ। 6 ਕਨਾਲ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਇਨ੍ਹਾਂ ਖੰੁਬਾਂ ’ਤੇ 10 ਲੱਖ ਰੁਪਏ ਤੋਂ ਵੱਧ ਦਾ ਖਰਚ ਆਉਂਦਾ ਹੈ। ਜਿਸ ਵਿੱਚ ਕੁਝ ਪੱਕੇ ਅਤੇ ਕੁਝ ਰੋਜਾਨਾ ਦੇ ਖਰਚੇ ਸ਼ਾਮਲ ਹੰੁਦੇ ਹਨ।
ਜੇਕਰ ਛੋਟੇ ਕਿਸਾਨਾਂ ਨੂੰ ਸ਼ੈਡ ਬਣਾਉਣ, ਬਾਂਸ ਜਾਂ ਪੋਲੀਥੀਨ ਦੇ ਲਿਫਾਫੇ ਖਰੀਦਣ ਲਈ ਸਰਕਾਰੀ ਸਹਾਇਤਾ ਪ੍ਰਾਪਤ ਹੋ ਜਾਵੇ ਤਾਂ ਖੁੰਬਾਂ ਦੀ ਕਾਸ਼ਤ ਕਰਨੀ ਸੌਖੀ ਹੋ ਜਾਂਦੀ ਹੈ ਕਿਉਂਕਿ ਤੂੜੀ ਅਤੇ ਰੂੜੀ ਕਿਸਾਨ ਆਪਣੀ ਤਿਆਰ ਕਰ ਸਕਦਾ ਹੈ। ਖੁੰਬਾਂ ਦੀ ਤੁੜਾਈ ਪ੍ਰਤੀ ਦਿਨ ਕਰਨੀ ਬਹੁਤ ਜਰੂਰੀ ਹੈ। ਇਹ ਛੇਤੀ ਖਰਾਬ ਹੋਣ ਤੇ ਪੱਕਣ ਵਾਲੀ ਸਬਜੀ ਹੈ। ਨਾ ਤੋੜੇ ਜਾਣ ’ਤੇ 36 ਘੰਟਿਆਂ ’ਚ ਪੱਕ ਕੇ ਖਰਾਬ ਹੋ ਜਾਂਦੀ ਹੈ। ਨਾ ਵੇਚੇ ਜਾਣ ’ਤੇ ਲਿਫਾਫਿਆਂ ’ਚ ਹੀ ਸੜ ਜਾਂਦੀ ਹੈ। ਜਿਸ ਕਰਕੇ 12 ਘੰਟੇ ਦੇ ਅੰਦਰ ਮੰਡੀ ਵਿੱਚ ਲੈ ਕੇ ਜਾਣੀ ਜਰੂਰੀ ਹੈ। ਖੰੁਬ ਦੀ ਤੁੜਾਈ, ਸਫਾਈ ਤੇ ਪੈਕਿੰਗ ਕਰਕੇ ਸਵੇਰੇ ਮੰਡੀ ਵਿੱਚ ਜਾਣਾ ਹੰੁਦਾ ਹੈ।
ਕਮਾਈ ਦੇ ਨਾਲ ਹੀ ਥੋੜ੍ਹਾ ਮਿਹਨਤ ਵਾਲਾ ਧੰਦਾ ਹੈ। ਜੇਕਰ ਖੰੁਬਾਂ ਦੇ ਖੁਰਾਕੀ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ 90 ਫੀਸਦੀ ਪਾਣੀ, 3.5 ਫੀਸਦੀ ਪ੍ਰੋਟੀਨ, 0.4 ਫੀਸਦੀ ਫੈਟ, 2.45 ਫੀਸਦੀ ਕਾਰਬੋਹਾਈਡਰੇਟ ਤੇ 1 ਫੀਸਦੀ ਫਾਈਬਰ, ਕੈਲਸ਼ੀਅਮ, ਗੰਧਕ, ਪੋਟਾਸ਼ੀਅਮ, ਲੋਹਾ, ਤਾਂਬਾ ਤੇ ਖਣਿੱਜ ਪਦਾਰਥਾਂ ਤੋਂ ਇਲਾਵਾ ਵਿਟਾਮਿਨ-ਬੀ-1 ਥਾਇਸੀਨ, ਰਿਬੋਫਲੀਵਿਨ, ਨਾਈਸੀਨ ਅਤੇ ਪੈਂਟੋਥੀਨਿਕ ਐਸਿਡ, ਬਾਇਟੀਨ ਅਤੇ ਫੋਲਿਕ ਐਸਿਡ ਦਾ ਵਧੀਆ ਸਾਧਨ ਹਨ। ਖੰੁਬ ਨੂੰ ਬਹੁਤ ਵਧੀਆ ਖੁਰਾਕ ਵਜੋਂ ਵੀ ਲਿਆ ਜਾ ਸਕਦਾ ਹੈ। ਖਾਸ ਕਰਕੇ ਸ਼ੂਗਰ ਦੇ ਮਰੀਜਾਂ ਲਈ ਬਹੁਤ ਵਧੀਆ ਗੁਣਕਾਰੀ ਹੈ। ਇਸ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ, ਦੰਦਾਂ ਦੀ ਮਜਬੂਤੀ ਲਈ ਕਾਫੀ ਲਾਹੇਵੰਦ ਹੈ।
ਮੋਟਾਪਾ ਘਟਾਉਣ ਲਈ ਵੀ ਖੰੁਬ ਖਾਧੀ ਜਾ ਸਕਦੀ ਹੈ। ਕੋਲੈਸਟਰੋਲ ਦੀ ਮਾਤਰਾ ਘੱਟ ਕਰਨ ਦੇ ਨਾਲ ਹੀ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸਮਰੱਥਾ ਖੰੁਬ ਵਿੱਚ ਪਾਈ ਜਾਂਦੀ ਹੈ। ਜਿਸ ਕਰਕੇ ਹਫਤੇ ’ਚ ਇੱਕ-ਦੋ ਵਾਰ ਖੰੁਬਾਂ ਜਰੂਰ ਖਾਣੀਆਂ ਚਾਹੀਦੀਆਂ ਹਨ। ਜੇਕਰ ਕਿਸਾਨ ਵੱਡੇ ਪੱਧਰ ’ਤੇ ਖੰੁਬਾਂ ਦੀ ਕਾਸ਼ਤ ਨਹੀਂ ਕਰ ਸਕਦੇ ਤਾਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਰਲ ਕੇ ਖੰੁਬਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਆਮਦਨ ਵਧ ਸਕਦੀ ਹੈ ਅਤੇ ਖੰੁਬਾਂ ਦੀ ਵਧ ਰਹੀ ਮੰਗ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।
ਬਿ੍ਰਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ