ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਸੈਂਕੜੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਨਾਲ ਪੂਰਾ ਪੰਜਬ ਸੜ ਰਿਹਾ ਹੈ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਹਿਰਦੇ ਸਾੜ ਦਿੱਤੇ ਸਿਆਸੀ ਲਾਰਿਆਂ ਤੇ ਕਿਸਮਤ ਦੇ ਮਾਰਿਆਂ ਇਨ੍ਹਾਂ ਲੋਕਾਂ ਨੂੰ ਕਿਸੇ ਪਾਸਿਓਂ ਠੰਢੀ ਹਵਾ ਦਾ ਝੌਂਕਾ ਆਉਂਦਾ ਨਜ਼ਰ ਨਹੀਂ ਆ ਰਿਹਾ।
ਅੱਜ ਮੁੜ ਨਸ਼ਿਆਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰ ਪਾਸੇ ਇਸਦੀ ਚਰਚਾ ਹੋ ਰਹੀ ਹੈ ਪਰ ਤਰਾਸਦੀ ਕਿ ਕੋਈ ਵੀ ਇਸਦੇ ਹੱਲ ਦੀ ਗੱਲ ਨਹੀਂ ਕਰ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੀਆਂ ਡਫਲੀਆਂ ਵਜਾ ਰਹੀਆਂ ਹਨ ਅਤੇ ਇੱਕ ਦੂਸਰੇ ਤੇ ਚਿੱਕੜ ਸੁੱਟਣ ‘ਤੇ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੇ ਰਾਜ ਭਾਗ ਵਿੱਚ ਪੰਜਾਬ ਚਿੱਟੇ ਦੀ ਲਪੇਟ ਵਿੱਚ ਆਇਆ ਅੱਜ ਉਹ ਹੀ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਦੂਸਰਿਆਂ ਨੂੰ ਕੋਸ ਰਹੇ ਹਨ ।
ਹਰ ਸਿਆਸੀ ਪਾਰਟੀ ਇਸ ਮੁੱਦੇ ‘ਤੇ ਲਾਹਾ ਲੈਣ ਲਈ ਤਤਪਰ ਰਹਿੰਦੀ ਹੈ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਇਹਨਾਂ ਮਾਵਾਂ, ਭੈਣਾਂ ਤੇ ਵਿਧਵਾਵਾਂ ਦੀ ਚੀਕ ਨਹੀਂ ਸੁਣਦੀ ਸਿਆਸਤਦਾਨਾਂ ਦੇ ਲਾਰਿਆਂ ਤੇ ਸ਼ੋਰ-ਸ਼ਰਾਬਿਆਂ ਵਿੱਚ ਇਹਨਾਂ ਬੇਵੱਸ ਵਿਚਾਰੀਆਂ ਮਾਵਾਂ ਤੇ ਭੈਣਾਂ ਦੀਆਂ ਚੀਕਾਂ ਦੱਬ ਕੇ ਰਹਿ ਗਈਆਂ ਹਨ ਕਿਉਂਕਿ ਇਹ ਸਿਆਸਤਦਾਨ ਪੱਥਰ ਦਿਲ ਹੁੰਦੇ ਜਾ ਰਹੇ ਹਨ ਅੱਜ ਪੰਜਾਬ ਦੇ ਘਰਾਂ ਦੇ ਚੁੱਲ੍ਹਿਆਂ ‘ਚ ਅੱਗ ਦੇ ਨਿੱਘ ਦੀ ਜਗ੍ਹਾ ਸਿਵਿਆਂ ‘ਚੋਂ ਨਿਕਲਦੀ ਅੱਗ ਨੇ ਤਪਾ ਦਿੱਤਾ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਘਰ ਉਜਾੜ ਦਿੱਤੇ ਇਹ ਨਸ਼ਾ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਨਿਗਲ ਗਿਆ ਹੈ ।
ਨਸ਼ੇ ਨੂੰ ਖ਼ਤਮ ਕਰਨ ਲਈ ਨੀਤੀ ਘਾੜਿਆਂ ਨੂੰ ਯੋਗ ਨੀਤੀਆਂ ਬਣਾਉਣ ਦੀ ਲੋੜ ਹੈ ਪੰਜਾਬ ‘ਚ ਬੇਰੁਜ਼ਗਾਰੀ ਦਾ ਵਹਿ ਰਿਹਾ ਦਰਿਆ ਹੀ ਇਸਦਾ ਮੁੱਖ ਕਾਰਨ ਹੈ ਪੰਜਾਬ ਵਿੱਚ ਯੋਗ ਖੇਡ ਨੀਤੀ ਨਾ ਹੋਣਾ ਵੀ ਕਾਰਨ ਹੈ ਕਿਸੇ ਸਮੇਂ ਖੇਡਾਂ ‘ਚ ਮੱਲਾਂ ਮਾਰਨ ਵਾਲਾ ਸੂਬਾ ਅੱਜ ਫਾਡੀ ਹੋ ਕੇ ਰਹਿ ਗਿਆ ਹੈ ਇਸ ਲਈ ਕੌਣ ਕਸੂਰਵਾਰ ਹੈ। ਹਾਲ ਹੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਦੇ ਨੌਜਵਾਨ 33 ਦੇ ਕਰੀਬ ਮੈਡਲ ਜਿੱਤਕੇ ਲਿਆਏ ਤੇ ਪੰਜਾਬ ਨੇ ਸਿਰਫ ਦੋ ਮੈਡਲ, ਕਿੰਨੇ ਸ਼ਰਮ ਵਾਲੀ ਗੱਲ ਹੈ ਇਹਨਾਂ ਸਾਰਿਆਂ ਲਈ ਸਮੇਂ ਸਮੇਂ ਦੀਆਂ ਹਕੂਮਤਾਂ ਹੀ ਜ਼ਿੰਮੇਵਾਰ ਹਨ ਖੇਡ ਨੀਤੀਆਂ ਦੀ ਘਾਟ ਕਾਰਨ ਹੀ ਇਹ ਸਭ ਕੁਝ ਵਾਪਰ ਰਿਹਾ ਹੈ ਜੇ ਨੌਜਵਾਨਾਂ ਨੂੰ ਖੇਡ ਮੈਦਾਨ ਤੇ ਸਹੂਲਤਾਂ ਮਿਲਣਗੀਆਂ ਤਾਂ ਆਪ ਮੁਹਾਰੇ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਪਰ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈ ਬੇਰੁਜ਼ਗਾਰੀ ਨੂੰ ਖਤਮ ਕਰਨਾ ਤਾਂ ਸ਼ਾਇਦ ਹਕੂਮਤਾਂ ਨੇ ਆਪਣੇ ਜਿਹਨ ‘ਚੋਂ ਹੀ ਕੱਢ ਦਿੱਤਾ ਹੈ ।
ਡੇਢ ਵਰ੍ਹਾ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੀ ਫਿਜ਼ਾ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਗੂੰਜ ਰਹੀ ਸੀ ਹਾਕਮਰਾਨ ਉਸ ਸਮੇਂ ਵੱਧ ਚੜ੍ਹਕੇ ਰੌਲਾ ਪਾ ਰਹੇ ਸਨ ਹੋਰ ਤਾਂ ਹੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਕਸਮ ਖਾਧੀ ਸੀ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ਵਿੱਚ ਪੰਜਬ ‘ਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਲੱਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਵਾਅਦੇ ਦੇ ਪੱਕੇ ਮੰਨੇ ਜਾਂਦੇ ਹਨ, ਹੁਣ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਆਪ ਤੇ ਕਾਂਗਰਸ ਪਾਰਟੀ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਮਜੀਠੀਆ ਉਪਰ ਹਮਲੇ ਕਰਕੇ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਦਾ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਹੁਣ ਮਜੀਠੀਆ ਵਿਰੁੱਧ ਕਾਰਵਾਈ ਹੋਈ ਕਿ ਹੋਈ,ਪਰ ਹੋਇਆ ਕੁਝ ਨਾ, ਲੋਕਾਂ ਦੀ ਝੋਲੀ ਇੱਕ ਵਾਰ ਫਿਰ ਨਿਰਾਸ਼ਾ ਪਈ ਉਹਨਾਂ ਦੇ ਅਰਮਾਨਾਂ ਦਾ ਕਤਲ ਹੋਇਆ।
ਇਸ ਕੋਹੜ ਨੂੰ ਖਤਮ ਕਰਨ ਲਈ ਮਿਲ ਬੈਠ ਕੇ ਪੱਕਾ ਹੱਲ ਕੱਢਣ ਵੱਲ ਕੋਈ ਧਿਆਨ ਨਹੀਂ ਹੈ ਹੋਰ ਤਾਂ ਹੋਰ ਸੋਸ਼ਲ ਮੀਡੀਆ ਉਪਰ ਇਸਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਹ ਵਿਰੋਧ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ ਸੋਸ਼ਲ ਮੀਡੀਆ ‘ਤੇ ਕੀਤੇ ਜਾਂਦੇ ਅੰਦੋਲਨ ਹੱਲ ਨਹੀਂ ਇਸ ਲਈ ਗੂੰਗੀਆਂ ਬੋਲੀਆਂ ਹਕੂਮਤਾਂ ਨੂੰ ਜਗਾਉਣ ਲਈ ਮੈਦਾਨ ਵਿੱਚ ਨਿੱਤਰਣਾ ਪੈਣਾ ਹੈ। ਸੋਸ਼ਲ ਮੀਡੀਆ ਦੀਆਂ ਲੜਾਈਆਂ ਅਸੀਂ ਪਹਿਲਾਂ ਵੀ ਲੜੀਆਂ ਹਨ ਪਰ ਹੱਲ ਕੋਈ ਨਹੀਂ ਨਿੱਕਲਿਆ ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਵੋ ਨਿੱਜ ਸੁਆਰਥਾਂ ਲਈ ਸਿਆਸਤਦਾਨਾਂ ਅੱਗੇ ਗਹਿਣੇ ਰੱਖੀਆਂ ਜ਼ਮੀਰਾਂ ਵਾਲਿਆਂ ਤੋਂ ਕੋਈ ਆਸ ਨਾ ਰੱਖਿਓ ।
ਸਿਆਸਤਦਾਨਾਂ ਨੇ ਹਮੇਸ਼ਾਂ ਲਹਿਰਾਂ ਨੂੰ ਅਸਫਲ ਕਰਨ ਲਈ ਰੋਲ ਅਦਾ ਕੀਤਾ ਹੈ ਅਤੇ ਲਾਲਚ ਦੇ ਕੇ ਖ੍ਰੀਦਿਆ ਗਿਆ ਹੈ ਜਾਓ ਸੁਚੇਤ ਹੋ ਜਾਓ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਦਾ ਨਾਸ਼ ਮਾਰ ਦੇਵੋਗੇ ਕਈ ਤਾਕਤਾਂ ਬਹਾਦਰ ਪੰਜਾਬੀਆਂ ਨੂੰ ਨਿਕੰਮਾ ਬਣਾਉਣ ‘ਤੇ ਤੁਲੀਆਂ ਹੋਈਆਂ ਹਨ, ਤਾਂ ਜੋ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਸਕੇ।
ਇਸ ਲੜਾਈ ਵਿੱਚ ਤਾਂ ਤੁਹਾਡੇ ਤੋਂ ਕੋਈ ਜਿੱਤ ਨਹੀਂ ਸਕਿਆ ਪਰ ਇਹ ਜੰਗ ਤੁਸੀਂ ਕਿਉਂ ਹਾਰ ਦੇ ਜਾ ਰਹੇ ਹੋ, ਜੋ ਅਹਿਮਦ ਸ਼ਾਹ ਅਬਦਾਲੀ ਤੇ ਸਿਕੰਦਰ ਵਰਗਿਆਂ ਦੇ ਦੰਦ ਖੱਟੇ ਕਰਨ ਵਾਲਿਓ ਅੱਜ ਕਿਉਂ ਨਸ਼ਿਆਂ ਅੱਗੇ ਗੋਡੇ ਟੇਕ ਗਏ ਹੁਣ ਵਕਤ ਲਾਸ਼ਾਂ ਕੋਲ ਖੜ੍ਹਕੇ ਵੈਣ ਪਾਉਣ ਦਾ ਨਹੀਂ ਤੇ ਨਾ ਹੀ ਸਿਆਸਤਦਾਨਾਂ ਨੂੰ ਕੋਸਣ ਦਾ, ਸਗੋਂ ਝੰਡਾ ਚੁੱਕ ਕੇ ਅੰਨ੍ਹੀਆਂ ਬੋਲੀਆਂ ਹੋ ਚੁੱਕੀਆਂ ਹਕੂਮਤਾਂ ਨੁੰ ਕੁਝ ਦਿਖਾਉਣ ਦਾ ਹੈ ਜਦ ਹਕੂਮਤਾਂ ਅੰਨ੍ਹੀਆਂ ਬੋਲੀਆਂ ਹੋ ਜਾਂਦੀਆਂ ਹਨ ਤਾਂ ਜਨਤਾ ਨੂੰ ਹੱਥਾਂ ਵਿੱਚ ਮਿਸ਼ਾਲਾਂ ਫੜ ਕੇ ਇਨ੍ਹਾਂ ਦੇ ਕੰਨ ਤੇ ਅੱਖਾਂ ਖੋਲ੍ਹਣੀਆਂ ਪੈਂਦੀਆਂ ਹਨ ‘ ਪੱਗੜੀ ਸੰਭਾਲ ਜੱਟਾ’ ਲਹਿਰ ਤੋਂ ਬਾਅਦ ਹੁਣ ‘ਜਵਾਨੀ ਸੰਭਾਲ ਪੰਜਾਬੀਆ’ ਲਹਿਰ ਚਲਾਉਣ ਦੀ ਲੋੜ ਹੈ।