ਪੰਜਾਬ ’ਚ ਹਿੰਸਾ ਤੇ ਸਰਕਾਰਾਂ ਦੀ ਨਾਕਾਮੀ
ਸੰਨ 2018 ’ਚ ਜਦੋਂ ਵਿੱਕੀ ਗੌਂਡਰ ਨਾਂਅ ਦਾ ਗੈਂਗਸਟਰ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਤਾਂ ਉਸ ਸਮੇਂ ਦੀ ਕੈਪਟਨ ਸਰਕਾਰ ਤੇ ਪੰਜਾਬ ਪੁਲਿਸ ਆਪਣੀ ਵੱਡੀ ਪ੍ਰਾਪਤੀ ਮੰਨ ਰਹੀ ਸੀ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ’ਚ ਹੁਣ ਗੈਂਗਸਟਰਾਂ ਦੀ ਹਿੰਸਾ ਦਾ ਅੰਤ ਹੋ ਗਿਆ ਹੈ ਪਰ ਉਸ ਤੋਂ ਮਗਰੋਂ ਜਿਸ ਤਰ੍ਹਾਂ ਗੈਂਗਸਟਰਾਂ ਦੇ ਗਰੁੱਪਾਂ ਦੀ ਆਪਸੀ ਲੜਾਈ ਤੇ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਦੇ ਕਤਲਾਂ ਦੀਆਂ ਘਟਨਾਵਾਂ ਵਾਪਰੀਆਂ ਉਸ ਨੇ ਸਰਕਾਰਾਂ ਦੇ ਦਾਅਵਿਆਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰ ਦਿੱਤਾ ਕਈ ਹੋਰ ਥਾਈਂ ਫਿਰੌਤੀ ਲਈ ਕਤਲੇਆਮ ਹੋਈ ਇਸ ਦੇ ਨਾਲ ਹੀ ਗੈਂਗਸਟਰਾਂ ਦੀ ਆਪਸੀ ਲੜਾਈ ’ਚ ਵੀ ਕਈ ਜਾਨਾਂ ਗਈਆਂ ਗੈਂਗਵਾਰ ਇਸ ਗੱਲ ਦਾ ਹੀ ਸਬੂਤ ਹੈ ਕਿ ਗੈਂਗਸਟਰਾਂ ਦੇ ਅਜੇ ਸਮਾਜ ਦੀ ਮੁੱਖਧਾਰਾ ’ਚ ਵਾਪਸ ਆਉਣ ਦੇ ਅਸਾਰ ਨਹੀਂ ਸਗੋਂ ਇਹ ਗਰੁੱਪ ਇੱਕ-ਦੂਜੇ ਤੋਂ ਵੱਧ ਮਜ਼ਬੂਤ ਹੋਣ ਜਾਂ ਏਕਾਅਧਿਕਾਰ ਦੀ ਲੜਾਈ ਲੜ ਰਹੇ ਹਨ।
ਇਹ ਘਟਨਾਵਾਂ ਇਸ ਗੱਲ ਦਾ ਵੀ ਸੰਕੇਤ ਹਨ ਕਿ ਸਰਕਾਰਾਂ ਗੈਂਗਸਟਰਾਂ ਦੇ ਆਮ ਜੀਵਨ ਵੱਲ ਮੁੜਨ ਲਈ ਕੋਈ ਢਾਂਚਾ ਤਿਆਰ ਨਹੀਂ ਕਰ ਸਕੀਆਂ ਗੈਂਗਸਟਰ ਇਹੀ ਮੰਨ ਕੇ ਚੱਲ ਰਹੇ ਹਨ ਕਿ ਉਹਨਾਂ ਦੀ ਜ਼ਿੰਦਗੀ ਲਈ ਹਿੰਸਕ ਰਾਹ ਤੋਂ ਬਿਨਾ ਕੋਈ ਬਦਲ ਨਹੀਂ ਬਿਨਾਂ ਸ਼ੱਕ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਉਸ ਵੇਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਪਰਾਧਾਂ ਦੀ ਦੁਨੀਆ ’ਚ ਫਸੇ ਨੌਜਵਾਨਾਂ ਨੂੰ ਆਮ ਜ਼ਿੰਦਗੀ ਵੱਲ ਮੁੜਨ ਦੀ ਅਪੀਲ ਕੀਤੀ ਸੀ ਪਰ ਸਰਕਾਰ ਕੋਲ ਕੋਈ ਪ੍ਰੋਗਰਾਮ ਜਾਂ ਨੀਤੀਆਂ ਹੀ ਨਹੀਂ ਸਨ। ਸਮਾਂ ਲੰਘਦਾ ਗਿਆ ਤੇ ਗੈਂਗਸਟਰਾਂ ਦੀ ਮਾਰ ਗਾਇਕੀ ਤੇ ਖੇਡਾਂ ਤੱਕ ਜਾਂ ਪਹੰੁਚੀ ਕਈ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਦੋ ਮੰਨੇ-ਪ੍ਰਮੰਨੇ ਕਬੱਡੀ ਖਿਡਾਰੀ ਵੀ ਇਸੇ ਹਿੰਸਾ ਦੀ ਭੇਂਟ ਚੜ੍ਹ ਗਏ ਅਸਲ ’ਚ ਗੈਂਗਸਟਰਾਂ ਦੀ ਸਮੱਸਿਆ ਦੀਆਂ ਜੜ੍ਹਾਂ ਸਵਾਰਥੀ ਰਾਜਨੀਤੀ, ਭਿ੍ਰਸ਼ਟ ਸਿਸਟਮ ਤੇ ਬੇਰੁਜ਼ਗਾਰੀ ਹਨ।
ਚੋਣਾਂ ਜਿੱਤਣ ਲਈ ਸਿਆਸਤਦਾਨਾਂ ਨੇ ਨੌਜਵਾਨਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕੀਤਾ ਹੈ ਸਰਕਾਰੇ-ਦਰਬਾਰੇ ਆਪਣੀ ਪਹੁੰਚ ਬਣਨ ਦੀ ਲਾਲਸਾ ’ਚ ਨੌਜਵਾਨ ਅਪਰਾਧਾਂ ਵੱਲ ਵਧਦੇ ਗਏ ਜਿਸ ਦਾ ਜਾਲ ਸਿਆਸਤਦਾਨਾਂ ਨੇ ਹੀ ਵਿਛਾਇਆ ਸੀ ਗੈਂਗਸਟਰਾਂ ਦੀ ਗਿਣਤੀ ਵਧ ਜਾਣ ’ਤੇ ਫ਼ਿਰ ਵੰਡ-ਵੰਡਾਈ ਲਈ ਦੁਸ਼ਮਣੀ ਵੀ ਪੈਦਾ ਹੋ ਗਈ ਹੁਣ ਬੇਲਗਾਮ ਹੋਈ ਸਮੱਸਿਆ ਲਈ ਸਰਕਾਰਾਂ ਸਖ਼ਤੀ ਨੂੰ ਹੀ ਇਸ ਦਾ ਇੱਕੋ-ਇੱਕ ਹੱਲ ਮੰਨ ਰਹੀਆਂ ਹਨ ਜੋ ਸ਼ਾਇਦ ਪਿਛਲੇ ਦੋ ਕੁ ਦਹਾਕਿਆਂ ’ਚ ਕਾਮਯਾਬ ਹੱਲ ਸਾਬਤ ਨਹੀਂ ਹੋਇਆ ਖਾਸ ਕਰਕੇ ਪੰਜਾਬ ਦੇ ਪ੍ਰਸੰਗ ’ਚ ਹੁਣ ਆਮ ਆਦਮੀ ਪਾਰਟੀ ਵੀ ਇਸ ਨੂੰ ਬਲ ਦੇ ਪੱਧਰ ’ਤੇ ਹੀ ਖ਼ਤਮ ਕਰਨਾ ਚਾਹੁੰਦੀ ਹੈ। ਅਸਲ ’ਚ ਸਖ਼ਤੀ ਦੇ ਨਾਲ-ਨਾਲ ਇਸ ਮਸਲੇ ਦਾ ਸਮਾਜਿਕ, ਵਿਗਿਆਨਕ ਤੇ ਅਰਥ ਵਿਸ਼ਿਆਂ ਦੇ ਨਜ਼ਰੀਏ ਤੋਂ ਹੱਲ ਜਰੂਰੀ ਹੈ ਸਰਕਾਰਾਂ ਰੁਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਤੇ ਗੈਂਗਸਟਰਾਂ ਨੂੰ ਸਮਾਜ ਦੀ ਮੁੱਖਧਾਰਾ ’ਚ ਵਾਪਸ ਲਿਆ ਕੇ ਉਹਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਮੁਹੱਈਆ ਕਰਵਾਉਣ।
ਇਹ ਮਸਲਾ ਸਿਰਫ਼ ਪਹਿਲਾਂ ਬਣ ਚੁੱਕੇ ਗੈਂਗਸਟਰਾਂ ਦਾ ਨਹੀਂ ਸਗੋਂ ਉਸ ਨਵੀਂ ਪੀੜ੍ਹੀ ਦਾ ਵੀ ਹੈ ਜੋ ਅਖੌਤੀ ਗੀਤਾਂ ’ਚ ਹਥਿਆਰਾਂ ਨਾਲ ਲੱਦੇ ਗਾਇਕਾਂ ਤੇ ਮਾਡਲਾਂ ਨੂੰ ਵੇਖ ਕੇ ਦਿਲ ’ਚ ਹਿੰਸਾ ਦੇ ਬੀਜ ਬੀਜ ਲੈਂਦੇ ਹਨ ਇਹ ਵੀ ਹਕੀਕਤ ਹੈ ਕਿ ਗੀਤਾਂ ਦੇ ਪੱਧਰ ’ਚ ਆ ਰਹੀ ਗਿਰਾਵਟ ਨੇ ਬੱਚਿਆਂ ਨੂੰ ਹਿੰਸਾ ਵੱਲ ਮੋੜਿਆ ਹੈ ਹਿੰਸਾ ਨਾਲ ਜੁੜੀ ਨਵੀਂ ਪਨੀਰੀ ਨੂੰ ਰੋਕਣ ਲਈ ਗੀਤ-ਸੰਗੀਤ ’ਚ ਫੈਲ ਰਹੇ ਹਿੰਸਕ ਪ੍ਰਦੂਸ਼ਣ ਨੂੰ ਵੀ ਰੋਕਿਆ ਜਾਵੇ ਇਸ ਮਾਮਲੇ ’ਚ ਪਿਛਲੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ, ਉਹਨਾਂ ਕੋਲ ਕੋਈ ਨੀਤੀ ਨਹੀਂ ਸੀ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਮੌਕਾ ਮਿਲਿਆ ਸੂਬਾ ਸਰਕਾਰ ਚੁਸਤੀ-ਫੁਰਤੀ ਨਾਲ ਕੰਮ ਕਰੇ ਤੇ ਸਿਰਫ਼ ਸਖਤੀ ਤੱਕ ਸੀਮਤ ਰਹਿਣ ਦੀ ਬਜਾਿੲ ਠੋਸ ਨੀਤੀਆਂ ਬਣਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ