ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਿਮਲਾਪੁਰੀ ਦੀ ਪੁਲਿਸ ਨੇ ਕਾਂਗਰਸ ਦੇ ਚੋਣ ਏਜੰਟ ਖਿਲਾਫ਼ ਮਕੁੱਦਮਾ ਦਰਜ਼ ਕੀਤਾ ਹੈ। ਮਾਮਲਾ ਐਫਐਸਟੀ ਟੀਮ ਦੇ ਮੈਂਬਰ ਦੀ ਸ਼ਿਕਾਇਤ ’ਤੇ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਐਫਐਸਟੀ ਟੀਮ – 7 ਦੇ ਜਸਵੀਰ ਸਿੰਘ ਨੇ ਦੱਸਿਆ ਕਿ 30 ਮਈ ਨੂੰ ਉਨ੍ਹਾਂ ਸਣੇ ਐੱਫ਼ਐਸਟੀ ਟੀਮ- 5 ਦੇ ਜਸਵਿੰਦਰ ਚਾਂਦ, ਐਫ਼ਐਸਟੀ ਟੀਮ- 6 ਦੇ ਸੁਰਜੀਤ ਸਿੰਘ ਨੇ ਦੇਖਿਆ ਕਿ ਕਾਂਗਰਸ ਪਾਰਟੀ ਦਾ ਚੋਣ ਏਜੰਟ ਵਿਪਨ ਸ਼ਰਮਾ ਵੱਲੋਂ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਕੀਤੇ ਗਏ ਸਮੇਂ ਤੋਂ ਬਾਅਦ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। (Ludhiana News)
ਜਦਕਿ ਇਸ ਦੁਆਰਾ ਕਮਿਸ਼ਨਰ ਪੁਲਿਸ ਲੁਧਿਆਣਾ ਪਾਸੋਂ 30 ਮਈ ਨੂੰ 3 ਵਜੇ ਤੋਂ 5 ਵਜੇ ਤੱਕ ਹੀ ਚੋਣ ਕੰਪੇਨ ਕਰਨ ਦੀ ਇਜ਼ਾਜਤ ਲਈ ਹੋਈ ਸੀ। ਉਨ੍ਹਾਂ ਕਿਹਾ ਕਿ ਵਿਪਨ ਸ਼ਰਮਾਂ ਨੇ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਚੋਣ ਪ੍ਰਚਾਰ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸ ਦੇ ਖਿਲਾਫ਼ ਪੁਲਿਸ ਨੂੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਤਫ਼ਤੀਸੀ ਅਫ਼ਸਰ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਐਫ਼ਐਸਟੀ ਟੀਮ- 7 ਦੇ ਜਸਵੀਰ ਸਿੰਘ ਦੇ ਬਿਆਨਾਂ ’ਤੇ ਕਾਂਗਰਸ ਪਾਰਟੀ ਦੇ ਚੋਣ ਏਜੰਟ ਵਿਪਨ ਸ਼ਰਮਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Also Read : ਘਰ ’ਚ ਅਚਾਨਕ ਲੱਗੀ ਅੱਗ, ਸਮਾਨ ਸੜਕੇ ਹੋਇਆ ਸੁਆਹ