ਕੋਰੋਨਾ ਵਿਰੁੱਧ ਲੜਾਈ ‘ਚ ਪੇਂਡੂ ਨਾਕਿਆਂ ਦਾ ਯੋਗਦਾਨ

ਕੋਰੋਨਾ ਵਿਰੁੱਧ ਲੜਾਈ ‘ਚ ਪੇਂਡੂ ਨਾਕਿਆਂ ਦਾ ਯੋਗਦਾਨ

ਅੱਜ ਸਾਰੀ ਦੁਨੀਆਂ ਕੋਰੋਨਾ ਵਾਇਰਸ ਨਾਮਕ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਇਹ ਪੂਰੀ ਮਨੁੱਖੀ ਜਾਤੀ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣਾ, ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਾਕਡਾਊਨ, ਕਰਫਿਊ ਵਰਗੇ ਸਖ਼ਤ ਫੈਸਲੇ ਲੈਂਦਿਆਂ ਸੋਸ਼ਲ ਡਿਸਟੈਂਸ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਇਸ ਮਹਾਂਮਾਰੀ ਦਾ ਪ੍ਰਭਾਵ ਰੁਕਣ ਦੀ ਥਾਂ ਵਧਦਾ ਜਾ ਰਿਹਾ ਹੈ।

ਇੱਥੇ ਇਹ ਸਪੱਸ਼ਟ ਹੈ ਕਿ ਹੁਣ ਇਸ ਮਹਾਂਮਾਰੀ ਨੂੰ ਰੋਕਣ ਦਾ ਕੰਮ ਇਕੱਲਾ ਸਰਕਾਰਾਂ ਦਾ ਨਾ ਹੋ ਕੇ ਸਾਡਾ ਸਾਰਿਆਂ ਦਾ ਸਾਂਝਾ  ਕੰਮ ਹੈ । ਕੋਰੋਨਾ ਖਿਲਾਫ਼ ਲੜਾਈ ਇਕੱਲੀ ਸਰਕਾਰਾਂ ਦੀ ਨਾ ਹੋ ਕੇ ਸਡੀ ਸਭ ਦੀ ਸਾਂਝੀ ਲੜਾਈ ਹੈ। ਅਜਿਹੇ ਸਮੇਂ ਵਿੱਚ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਜਿੱਥੇ ਸਰਕਾਰਾਂ ਆਪਣਾ ਪੂਰਾ ਤਾਣ ਲਾ ਰਹੀਆਂ ਹਨ, ਉੱਥੇ ਦੇਸ਼ ਵਾਸੀਆਂ ਨੂੰ ਵੀ ਆਪਣਾ ਵੱਡਮੁੱਲਾ ਸਹਿਯੋਗ ਦੇਣ ਦਾ ਫਰਜ਼ ਬਣਦਾ ਹੈ। ਸੋ ਲੋੜ ਹੈ ਸਾਨੂੰ ਜਿੰਮੇਵਾਰ ਨਾਗਰਿਕ ਬਣ, ਸਰਕਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ।

ਅਜਿਹੇ ਸਮੇਂ ਵਿੱਚ ਜਿੱਥੇ ਸਰਕਾਰਾਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਪਿੰਡਾਂ ਵਿੱਚ ਵੀ ਪੰਚਾਇਤਾਂ ਅਤੇ ਸੂਝਵਾਨ ਨਗਰ ਨਿਵਾਸੀਆਂ ਵੱਲੋਂ ਪਿੰਡ ਪੱਧਰ ‘ਤੇ ਪ੍ਰਮੁੱਖ ਰਸਤਿਆਂ ‘ਤੇ ਨਾਕੇ ਅਤੇ ਠੀਕਰੀ ਪਹਿਰੇ ਲਾ ਕੇ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ। ਇਨ੍ਹਾਂ ਨਾਕਿਆਂ ਤੇ ਪਿੰਡ ਆਉਣ-ਜਾਣ ਵਾਲਿਆਂ ਦੀ ਪੂਰੀ ਪੁੱਛ-ਗਿੱਛ ਕਰਨ ਉਪਰੰਤ ਹੀ ਉਨ੍ਹਾਂ ਨੂੰ ਪਿੰਡ ਵਿੱਚ ਆਉਣ-ਜਾਣ ਦੀ ਆਗਿਆ ਦਿੱਤੀ ਜਾਂਦੀ ਹੈ।

ਪੰਜਾਬ ਵਿੱਚ ਪ੍ਰਸ਼ਾਸਨ ਦੀ ਅਪੀਲ ‘ਤੇ ਪਿੰਡ ਵਾਸੀਆਂ ਵੱਲੋਂ ਸੁਹਿਰਦ ਨੌਜਵਾਨਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਅਜਿਹੇ ਨਾਕੇ ਲਾਉਣੇ ਪ੍ਰਸੰਸਾ ਯੋਗ ਹਨ। ਇਨ੍ਹਾਂ ਨਾਕਿਆਂ ਉੱਪਰ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਰੋਕਾਂ ਲਾ ਕੇ ਦਿਨ-ਰਾਤ  ਪਹਿਰੇਦਾਰੀ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਕੋਰੋਨਾ ਵਾਇਰਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀ ਪਿੰਡ ਵਿੱਚ ਆ ਕੇ ਬਿਮਾਰੀ ਨਾ ਫੈਲਾ ਦੇਵੇ।

ਪਿੰਡ ਵਾਸੀਆਂ ਦੇ ਅਜਿਹੇ ਸ਼ਾਨਦਾਰ ਉਪਰਾਲਿਆਂ ਨਾਲ ਜਿੱਥੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ, ਉੱਥੇ ਕਈ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਖਤਮ ਕਰਨ ਅਤੇ ਆਪਸੀ ਫੁੱਟ ਪਾਊ ਘਟਨਾਵਾਂ ਤੋਂ ਵੀ ਇਨਕਾਰੀ ਨਹੀਂ ਕੀਤੀ ਜਾ ਸਕਦੀ। ਪਿੰਡਾਂ ਵਿੱਚ ਲੱਗੇ ਹੋਏ ਠੀਕਰੀ ਪਹਿਰੇ ਅਤੇ ਨਾਕੇ ਕੋਰੋਨਾ ਬਿਮਾਰੀ ਨੂੰ ਖਤਮ ਕਰਨ ਲਈ ਲਾਏ ਗਏ ਹਨ ਨਾ ਕਿ ਆਪਸੀ ਸਮਾਜਿਕ ਦੂਰੀ ਵਧਾਉਣ ਲਈ। ਕਈ ਨੌਜਵਾਨਾਂ ਵੱਲੋਂ ਇਨ੍ਹਾਂ ਨਾਕਿਆਂ ਨੂੰ ਆਪਣੇ ਰੋਹਬ ਦਾ ਅੱਡਾ ਬਣਾਉਣਾ, ਆਪਸੀ ਸਾਂਝ ਨੂੰ ਖਤਰੇ ਵੱਲ ਲਿਜਾ ਰਿਹਾ ਹੈ।

ਸਾਨੂੰ ਇਸ ਸਮੇਂ ਲੋੜ ਹੈ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਕਰ, ਆਪਸੀ ਮੱਤਭੇਦ ਭੁਲਾ ਕੇ ਇਸ ਮਹਾਂਮਾਰੀ ਵਿਰੁੱਧ ਇਕੱਠੇ ਹੋ ਕੇ ਲੜਨ ਦੀ। ਪਿੰਡਾਂ ਵਿੱਚ ਲੱਗੇ ਹੋਏ ਠੀਕਰੀ ਪਹਿਰੇ ਅਤੇ ਨਾਕੇ ਉੱਪਰ ਤੈਨਾਤ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਪ੍ਰਮੁੱਖ ਗੱਲਾਂ ਵੱਲ ਜਰੂਰ ਧਿਆਨ ਦੇਣ ਤਾਂ ਜੋ ਪਿੰਡ ਵਾਸੀ ਇਸ ਬਿਮਾਰੀ ਤੋਂ ਬਚ ਕੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ।

ਪਿੰਡ ਵਿੱਚ ਜਿੰਨੇ ਘਰਾਂ ਵਿੱਚ ਜਾਂ ਬਾਹਰ ਗਲੀਆਂ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਉਹਨਾਂ ਨੂੰ ਚੱਲਦੇ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਪਿੰਡ ਵਾਸੀਆਂ ਨੂੰ ਆਪਣੇ ਨਾਲ ਇੱਕ ਡਾਇਰੀ ਰੱਖਣੀ ਚਾਹੀਦੀ ਹੈ, ਜਿਸ ਉੱਪਰ ਹਰ ਰੋਜ਼ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਨਾਂਅ ਲਿਖ ਸਕਦੇ ਹਾਂ।

ਠੀਕਰੀ ਪਹਿਰਾ ਦੇਣ ਵਾਲੇ ਨੌਜਵਾਨ ਝੁੰਡਾਂ ਵਿੱਚ ਇਕੱਠੇ ਹੋ ਕੇ ਨਾ ਖੜ੍ਹਨ, ਆਪਸ ਵਿੱਚ ਯੋਗ ਦੂਰੀ ਬਣਾ ਕੇ ਖੜ੍ਹ ਕੇ ਆਪਣੀ ਸੇਵਾ ਨਿਭਾ ਸਕਦੇ ਹਾਂ। ਨਾਕੇ ‘ਤੇ ਆਪਣੇ ਨਾਲ ਇੱਕ ਡਾਇਰੀ ਰੱਖੀ ਜਾ ਸਕਦੀ ਹੈ, ਜਿਸ ਉੱਪਰ ਆਉਣ-ਜਾਣ ਵਾਲੇ ਦਾ ਨਾਂਅ, ਪਤਾ ਮਿਤੀ ਸਮੇਤ ਲਿਖਿਆ ਜਾਵੇ ਤਾਂ ਜੋ ਲੰਘਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸਕੇ।

ਕਿਸੇ ਵੀ ਆਉਣ-ਜਾਣ ਵਾਲੇ ਨਾਲ ਤਕਰਾਰ ਜਾਂ ਬਹਿਸ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਸਕਦਾ ਹੈ।

ਆਉਣ-ਜਾਣ ਵਾਲੇ ਵਿਅਕਤੀਆਂ ਕੋਲ ਨਾ ਜਾ ਕੇ, ਇੱਕ ਨਿਸ਼ਚਿਤ ਦੂਰੀ ਬਣਾਓ। ਰਾਹਗੀਰ ਦੇ ਬਾਈਕ ਜਾਂ ਵਹੀਕਲ ਨੂੰ ਬਿਲਕੁਲ ਹੀ ਹੱਥ ਨਾ ਲਾਇਆ ਜਾਵੇ । ਪਿੰਡ ਦੇ ਵਿਅਕਤੀਆਂ ਨੂੰ ਬਿਨਾ ਵਜ੍ਹਾ ਨਾ ਰੋਕਿਆ ਜਾਵੇ ਅਤੇ ਨਾ ਹੀ ਉਸ ਨੂੰ ਕਿਸੇ ਹੋਰ ਦੂਜੇ ਰਸਤੇ ਰਾਹੀਂ ਜਾਣ ਲਈ ਉਲਝਾਇਆ ਜਾਵੇ।

ਐਮਰਜੈਂਸੀ ਦੀ ਸੂਰਤ ਵਿੱਚ ਪੁੱਛ-ਗਿੱਛ ਕਰਨ ਉਪਰੰਤ ਜਾਣ ਦਿੱਤਾ ਜਾਵੇ ਅਤੇ ਨਾ ਹੀ ਪ੍ਰੇਸ਼ਾਨ ਕੀਤਾ ਜਾਵੇ। ਠੀਕਰੀ ਪਹਿਰੇ ‘ਤੇ ਲੱਗੇ ਬਾਂਸ ਜਾਂ ਰੱਸੀਆਂ ਉੱਪਰ ਰੰਗ, ਰੰਗਦਾਰ ਕੱਪੜਾ ਜਾਂ ਬੈਨਰ ਬੰਨ੍ਹਿਆ ਜਾਵੇ ਤਾਂ ਜੋ ਦੂਰੋਂ ਆਉਣ-ਜਾਣ ਵਾਲੇ ਨੂੰ ਦਿਸ ਸਕੇ। ਬਾਕੀ ਸਾਰੇ ਪਿੰਡ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਨਾਕੇ ਉੱਪਰ ਕਿਸੇ ਨੂੰ ਤਾਸ਼ ਵਗੈਰਾ ਨਹੀਂ ਖੇਡਣੀ ਚਾਹੀਦੀ ਅਤੇ ਨਾ ਹੀ ਝੁੰਡ ਬਣਾਉਣੇ ਚਾਹੀਦੇ ਹਨ। ਪਿੰਡ ਵਾਸੀਆਂ ਦੇ ਰਖਵਾਲਿਆਂ ਦੇ ਰੂਪ ਵਿੱਚ ਤੁਸੀਂ ਪਿੰਡ, ਪਰਿਵਾਰ ਅਤੇ ਸਮਾਜ ਲਈ ਖਤਰਾ ਨਾ ਬਣੋ।

ਪੰਚਾਇਤਾਂ ਅਤੇ ਪਿੰਡ ਵਾਸੀਆਂ ਵੱਲੋਂ ਨਾਕੇ ਉੱਪਰ ਪਹਿਰੇਦਾਰਾਂ ਦੀ ਚੋਣ ਲਈ ਪਿੰਡ ਦੇ ਸਿਆਣੇ ਅਤੇ ਸੂਝਵਾਨ ਨੌਜਵਾਨਾਂ ਦੀ ਚੋਣ ਕਰਕੇ ਇਸ ਕੰਮ ਲਈ ਡਿਊਟੀ ਲਾਉਣੀ ਚਾਹੀਦੀ ਹੈ। ਪਿੰਡਾਂ ਵਿੱਚ ਇਹ ਨਾਕੇ ਕੋਰੋਨਾ ਵਾਇਰਸ ਬਿਮਾਰੀ ਦੀ ਚੇਨ ਤੋੜਨ ਲਈ ਲਾਏ ਗਏ ਹਨ ਨਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਖਿਲਾਫ ਚੱਲ ਰਹੀ ਲੜਾਈ ਵਿੱਚ ਅਜਿਹੇ ਨਾਕੇ, ਇਸ ਸੰਕਟ ਦੀ ਘੜੀ ਵਿੱਚ ਸਹਿਯੋਗੀ ਬਣਨਗੇ । ਇਸ ਲਈ ਆਓ! ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਸ ਮਹਾਂਮਾਰੀ ਖਿਲਾਫ਼ ਇਕੱਠੇ ਹੋ ਕੇ ਲੜੀਏ ਅਤੇ ਜਿੱਤ ਪ੍ਰਾਪਤ ਕਰੀਏ ।

ਈ ਟੀ ਟੀ ਅਧਿਆਪਕ, ਸ੍ਰ. ਪ੍ਰਾ. ਸ ਲੰਭਵਾਲੀ (ਫਰੀਦਕੋਟ)
ਮੋ. 90230-77077
ਕੁਲਵੰਤ ਸਿੰਘ ਸੰਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।