ਪਿੰਡ ਬੰਦ ਅੰਦੋਲਨ : ਸਬਜ਼ੀਆਂ ਦੇ ਰੇਟ ਵਧੇ

Wholesale inflation Rises

ਸ਼ਹਿਰੀਆਂ ਦੀਆਂ ਸਮੱਸਿਆਵਾਂ ਵਧੀਆਂ, ਕਈ ਥਾਈਂ ਟਕਰਾਅ ਦੇ ਹਾਲਾਤ

  • ਪੂਨੇ ‘ਚ ਕਿਸਾਨਾਂ ਨੇ ਦੁੱਧ ਦੇ ਕੈਂਟਰ ਨੂੰ ਸੜਕਾਂ ‘ਤੇ ਵਹਾਇਆ

ਨਵੀਂ ਦਿੱਲੀ, (ਏਜੰਸੀ)। ਕਿਸਾਨ ਸੰਗਠਨਾਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ ਐਤਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਸ਼ਹਿਰਾਂ ‘ਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ‘ਤੇ ਅਸਰ ਪਿਆ ਹੈ। ਕਿਸਾਨਾਂ ਦੇ ਪਿੰਡ ਬੰਦ ਅੰਦੋਲਨ ਕਾਰਨ ਫਲ ਸਬਜ਼ੀਆਂ ਅਤੇ ਦੁੱਧ ਦੀ ਸ਼ਹਿਰਾਂ ‘ਚ ਆਮਦ ਘੱਟ ਹੋਣ ਕਾਰਨ ਇਨ੍ਹਾਂ ਵਸਤੂਆਂ ਦੇ ਰੇਟ ਅਸਮਾਨ ਛੂਹਣ ਲੱਗੇ ਹਨ।

ਮੁੰਬਈ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਸਬਜ਼ੀਆਂ ਦੇ ਰੇਟ ਵਧ ਗਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਸਤਾਉਣ ਲੱਗੇ ਹਨ ਕਿਸਾਨਾਂ ਦੇ ਬੰਦ ਕਾਰਨ ਇਹ ਅਸਰ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਕਰਜ਼ਾ ਮਾਫੀ ਅਤੇ ਜ਼ਮੀਨ ਸੁਧਾਰ ਦੀ ਮੰਗ ਕਰਦਿਆਂ ਇੱਕ ਜੂਨ ਤੋਂ 10 ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਪੁਨੇ ‘ਚ ਕਿਸਾਨਾਂ ਨੇ ਦੁੱਧ ਦੇ ਟੈਂਕਰ ‘ਤੇ ਧਾਵਾ ਬੋਲ ਕੇ ਸੜਕਾਂ ‘ਤੇ 40 ਹਜ਼ਾਰ ਲੀਟਰ ਦੁੱਧ ਡੋਲ ਦਿੱਤਾ ਦੇਸ਼ ਦੇ ਸੱਤ ਸੂਬਿਆਂ ‘ਚ ਜਾਰੀ ਇਸ ਹੜਤਾਲ ‘ਚ 130 ਸੰਗਠਨ ਸ਼ਾਮਲ ਹਨ। ਚੰਡੀਗੜ੍ਹ ਦੇ ਫਲ ਅਤੇ ਸਬਜ਼ੀਆਂ ਦੇ ਵਿਕਰੇਤਾ ਨੇ ਦੱਸਿਆ ਕਿ ਟਮਾਟਰ, ਆਲੂ, ਕੈਪਿਸਕਮ ਦੀ ਰੇਟ ਪ੍ਰਤੀ ਕਿੱਲੋ 10 ਤੋਂ 20 ਰੁਪਏ ਤੱਕ ਵਧ ਗਏ ਹਨ।

‘ਪਿੰਡ ਬੰਦ’ ਹਰਿਆਣਾ ਮੁੱਖ ਮੰਤਰੀ ਦਾ ਪੁਤਲਾ ਸਾੜਿਆ

ਸਰਸਾ। ਦੇਸ਼ ਭਰ ਦੇ ਵੱਖ-ਵੱਖ ਕਿਸਾਨਾਂ ਸੰਗਠਨਾਂ ਦੇ ਸੱਦੇ ‘ਤੇ ਛੇੜੇ ਗਏ ਦਸ ਰੋਜ਼ਾ ‘ਪਿੰਡ ਬੰਦ’ ਅੰਦੋਲਨ ਦੇ ਤੀਜੇ ਦਿਨ ਐਤਵਾਰ ਨੂੰ ਹਰਿਆਣਾ ਦੇ ਸਰਸਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜਿਆ ਗਿਆ। ਕਿਸਾਨਾਂ ਨੂੰ ਮੁੱਖ ਮੰਤਰੀ ਦੇ ਇਸ ਬਿਆਨ ਸਬੰਧੀ ਗੁੱਸਾ ਸੀ ਕਿ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨਾਂ ਕੋਲ ਕੋਈ ਮੁੱਦਾ ਨਹੀਂ ਹੈ। ਸ਼ਹਿਰਾਂ ‘ਚ ਸਬਜ਼ੀ ਅਤੇ ਦੁੱਧ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ ਇਸ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਕੱਲ੍ਹ ਦੇ ਮੁਕਾਬਲੇ ਸੜਕਾਂ ‘ਤੇ ਅੰਦੋਲਨਕਾਰੀਆਂ ਅਤੇ ਦੋਧੀਆਂ ਦਰਮਿਆਨ ਝੜਪਾਂ ਦੀਆਂ ਘਟਨਾਵਾਂ ਘੱਟ ਵਾਪਰੀਆਂ ਹਨ। ਉੱਥੇ ਸਰਸਾ ਪੁਲਿਸ ਨੇ ਫਲ ਲੁੱਟਣ ਦੀ ਕੱਲ੍ਹ ਦੀ ਘਟਨਾ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।