ਵਿਧਾਨ ਸਭਾ : ਨਵਜੋਤ ਸਿੱਧੂ ਰਹੇ ਗੈਰ ਹਾਜ਼ਰ

Vidhan Sabha, Navjot Sidhu, Absent

ਅਸਤੀਫ਼ਾ ਦੇ ਚੁੱਕੇ ਸੰਦੋਆ ਤੇ ਮਾਨਸ਼ਾਹੀਆਂ ਨੇ ਲਵਾਈ ਹਾਜ਼ਰੀ

  • ਫਤਹਿਵੀਰ ਸਮੇਤ ਪਹਿਲੇ ਦਿਨ ਵਿਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਦਾ ਹਰ ਕਿਸੇ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਸਿੱਧੂ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹਾਜ਼ਰੀ ਭਰਨ ਨਹੀਂ ਆਏ।  ਇਥੇ ਹੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਭਾਵੇਂ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਨ੍ਹਾਂ ਨੇ ਵਿਧਾਨ ਸਭਾ ਦੀ ਕਾਰਵਾਈ ਵਿੱਚ ਪਹੁੰਚਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਵਿਧਾਇਕ ਐਨ. ਕੇ. ਸ਼ਰਮਾ ਨੇ ਇਸ ਨੂੰ ਗਲਤ ਠਹਿਰਾਉਂਦੇ ਸਦਨ ਦੀ ਮਰਿਆਦਾ ਦੇ ਉਲਟ ਤੱਕ ਕਰਾਰ ਦੇ ਦਿੱਤਾ ਹੈ। ਇਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਾਜ਼ਰੀ ਭਰਨ ਲਈ ਨਹੀਂ ਆਏ।

ਨਵਜੋਤ ਸਿੱਧੂ ਸਬੰਧੀ  ਕਾਂਗਰਸੀ ਵਿਧਾਇਕ ਜ਼ਿਆਦਾ ਚਿੰਤਤ ਸਨ ਕਿ ਸਿੱਧੂ ਦੇ ਨਾ ਆਉਣ ਕਾਰਨ ਕਾਂਗਰਸ ਪਾਰਟੀ ਨੂੰ ਦਿੱਕਤ ਆ ਸਕਦੀ ਹੈ, ਕਿਉਂਕਿ ਨਵਜੋਤ ਸਿੱਧੂ ਕਿਹੜੇ ਪਾਸੇ ਨੂੰ ਤੁਰਦੇ ਹੋਏ ਕੀ ਬਿਆਨ ਜਾਰੀ ਕਰ ਦੇਣ, ਕਿਸੇ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਹੈ। ਇਸ ਲਈ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਨਵਜੋਤ ਸਿੱਧੂ ਦੇ ਕਰੀਬੀ ਵਿਧਾਇਕ ਪਰਗਟ ਸਿੰਘ ਉਚੇਚੇ ਤੌਰ ‘ਤੇ ਨਵਜੋਤ ਸਿੱਧੂ ਨੂੰ ਮਿਲਣ ਲਈ ਗਏ ਸਨ ਤਾਂ ਕਿ ਉਨਾਂ ਨੂੰ ਸਦਨ ਵਿੱਚ ਭਾਗ ਲੈਣ ਲਈ ਮਨਾਇਆ ਜਾ ਸਕੇ ਪਰ ਇਸ ਵਿੱਚ ਪਰਗਟ ਸਿੰਘ ਵੀ ਸਫ਼ਲ ਨਹੀਂ ਹੋ ਸਕੇ। ਹੁਣ ਸੋਮਵਾਰ ਨੂੰ ਨਵਜੋਤ ਸਿੱਧੂ ਦੇ ਆਉਣ ਦੀ ਆਸ ਲਗਾਈ ਜਾ ਰਹੀਂ ਹੈ।

ਆਪ ਛੱਡ ਚੁੱਕੇ ਅਮਰਜੀਤ ਸਿੰਘ ਸੰਦੋਆ ਅਤੇ ਨਾਜ਼ਰ ਮਾਨਸਾਹੀਆ ਦੇ ਸੈਸ਼ਨ ਵਿੱਚ ਭਾਗ ਲੈਂਦੇ ਦੀ ਕੋਈ ਵੀ ਆਸ ਨਹੀਂ ਲਗਾ ਰਿਹਾ ਸੀ ਪਰ ਇਸ ਦੇ ਉਲਟ ਦੋਹੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿੱਚ ਭਾਗ ਲੈਂਦੇ ਹੋਏ ਹਾਜ਼ਰੀ ਦਰਜ਼ ਕੀਤੀ ਹੈ। ਇਸ ਵਾਰ ਫਿਰ ਇਹ ਰਿਹਾ ਕਿ ਦੋਹੇ ਵਿਧਾਇਕ ਆਪਣੀਆਂ ਪਹਿਲਾਂ ਵਾਲੀ ਸੀਟਾਂ ਦੀ ਥਾਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਆਖ਼ਰੀ ਦੇ ਬੈਂਚ ‘ਤੇ ਬੈਠੇ ਹੋਏ ਸਨ। ਜਿਨਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੋਈ ਜਿਆਦਾ ਗੱਲਬਾਤ ਵੀ ਨਹੀਂ ਕੀਤੀ।

ਫਤਹਿਵੀਰ ਸਮੇਤ ਪਹਿਲੇ ਦਿਨ ਵਿਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀਆਂ

ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਮਾਨਸੂਨ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ  ਪਹਿਲੇ ਦਿਨ ਪਿਛਲੇ ਸੈਸ਼ਨ ਤੋਂ ਬਾਅਦ ਵਿਛੜੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ ਤਾਂ ਇਸੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਲੋਂ ਮੰਗ ਚੁੱਕੇ ਜਾਣ ‘ਤੇ ਸਦਨ ਨੇ ਫਤਹਿਵੀਰ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਜਿਸ ਦੀ ਬੋਰਵੈਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ। ਸਦਨ ਨੇ ਉੱਘੀ ਕਾਂਗਰਸੀ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਰਾਜ ਸਭਾ ਦੇ ਮੈਂਬਰ ਰਹੇ ਵਰਿੰਦਰ ਕਟਾਰੀਆ ਨੂੰ

ਬਠਿੰਡਾ ਤੋਂ 1967 ਵਿੱਚ ਬਣੇ ਐਮ.ਪੀ ਕਿੱਕਰ ਸਿੰਘ, 1992 ਵਿੱਚ ਸੁਤਰਾਣਾ ਹਲਕੇ ਤੋਂ ਚੁਣੇ ਗਏ ਵਿਧਾਇਕ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਅਤੇ ਸਾਬਕਾ ਸੀ.ਪੀ.ਐਸ ਅਤੇ ਵਿਧਾਇਕ ਚੌਧਰੀ ਨੰਦ ਲਾਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਸਨੇਹ ਲਤਾ, ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ, ਪਰਮਜੀਤ ਸਿੰਘ ਅਤੇ ਕਰਨੈਲ ਸਿੰਘ ਡੋਡ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਆਜ਼ਾਦੀ ਘੁਲਾਟੀਆਂ ਗੁਰਮੇਜ ਸਿੰਘ, ਕੁਲਵੰਤ ਸਿੰਘ, ਈਸ਼ਰ ਸਿੰਘ, ਉਜਾਗਰ ਸਿੰਘ, ਜੰਗੀਰ ਸਿੰਘ, ਸੰਤਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਲਖਵੀਰ ਸਿੰਘ ਨੂੰ ਵੀ ਸਦਨ ਨੇ ਯਾਦ ਕੀਤਾ।

ਵਿਛੜੀਆਂ ਰੂਹਾਂ ਦੇ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ  ਗਿਆ। ਸਪੀਕਰ ਨੇ ਵਿਧਾਇਕ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ, ਸੁਨਾਮ ਦੇ ਵਿਧਾਇਕ ਅਮਨ ਅਰੋੜਾ ਅਤੇ ਆਤਮ ਨਗਰ (ਲੁਧਿਆਣਾ) ਤੋਂ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਦੋ ਸਾਲਾ ਫਤਿਹਵੀਰ ਸਿੰਘ ਨੂੰ ਸਰਧਾਂਜਲੀ ਭੇਟ ਕਰਨ ਦੀ ਬੇਨਤੀ ਨੂੰ ਵੀ ਮੰਨ ਲਿਆ ਗਿਆ ਜਿਸਦੀ ਉਸ ਦੇ ਜੱਦੀ ਪਿੰਡ ਭਗਵਾਨ ਪੁਰਾ (ਸੰਗਰੂਰ) ਵਿਖੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਮੌਤ ਹੋ ਗਈ ਸੀ। ਸਪੀਕਰ ਰਾਣਾ ਕੇਪੀ ਸਿੰਘ ਦੇ ਪ੍ਰਸਤਾਵ ‘ਤੇ ਸਦਨ ਨੇ ਸਰਬਸੰਮਤੀ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਪੁਲਾਂ ਵਾਲੇ ਬਾਬਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਬਾਬਾ ਲਾਭ ਸਿੰਘ ਦੇ ਨਾਮ ਨੂੰ ਵੀ ਸ਼ਰਧਾਂਜਲੀਆਂ ਵਾਲੀ ਸੂਚੀ ਵਿਚ ਸ਼ਾਮਲ ਕਰਨ ਸਹਿਮਤੀ ਦੇ ਦਿੱਤੀ। ਗੌਰਤਲਬ ਹੈ ਕਿ ਬਾਬਾ ਲਾਭ ਸਿੰਘ ਨੇ ਕਾਰ ਸੇਵਾ ਰਾਹੀਂ ਸਤਲੁਜ ਦਰਿਆ ਦੇ ਉੱਪਰ 9 ਪੁਲ ਬਣਾਏ ਹਨ।

ਪਰਮਿੰਦਰ ਢੀਂਡਸਾ ਬਣੇ ਅਕਾਲੀ ਵਿਧਾਇਕ ਦਲ ਦੇ ਆਗੂ

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪੰਜਾਬ ਵਿਧਾਨ ਸਭਾ ਅੰਦਰ ਪਾਰਟੀ ਦੇ ਵਿਧਾਇਕ ਦਲ ਦਾ ਨਵਾਂ ਆਗੂ ਨਿਯੁਕਤ ਕੀਤਾ ਹੈ ਜਦਕਿ ਐਨ.ਕੇ. ਸ਼ਰਮਾ ਨੂੰ ਚੀਫ ਵਿਪ੍ਹ ਅਤੇ ਪਵਨ ਕੁਮਾਰ ਟੀਨੂੰ ਨੂੰ ਸਦਨ ਦੇ ਅੰਦਰ ਪਾਰਟੀ ਦਾ ਡਿਪਟੀ ਆਗੂ ਥਾਪਿਆ ਹੈ ਇਹਨਾਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਪਾਰਟੀ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਇਹ ਨਿਯੁਕਤੀਆਂ ਅੱਜ ਦੁਪਹਿਰ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕੀਤੀਆਂ ਗਈਆਂ ਹਨ। ਬੈਂਸ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਨੂੰ ਨਵਾਂ ਆਗੂ ਚੁਣਨ ਲਈ ਕਹਿ ਦਿੱਤਾ ਸੀ, ਕਿਉਂਕਿ ਬਾਦਲ ਦੇ ਲੋਕ ਸਭਾ ਮੈਂਬਰ ਬਣਨ ਮਗਰੋਂ ਇਹ ਅਹੁਦਾ ਖਾਲੀ ਹੋ ਗਿਆ ਸੀ।

ਉਹਨਾਂ ਕਿਹਾ ਕਿ ਢੀਂਡਸਾ ਨੇ ਵਿੱਤ ਮੰਤਰੀ ਤੋਂ ਲੈ ਕੇ ਵੱਖ ਵੱਖ ਅਹੁਦਿਆਂ ਉੱਤੇ ਰਹਿ ਕੇ ਪਾਰਟੀ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਇੱਕ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ, ਜਿਹੜੇ ਉਦਾਰ ਅਤੇ ਧਰਮ ਨਿਰਪੱਖ ਨਜ਼ਰੀਏ ਦੇ ਮਾਲਕ ਹਨ ਸਰਦਾਰ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਮੁਕੰਮਲ ਭਰੋਸਾ ਅਤੇ ਸਤਿਕਾਰ ਹਾਸਿਲ ਹੈ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਤੁਰੰਤ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਢੀਂਡਸਾ ਨੂੰ ਜੱਫੀ ਵਿਚ ਲੈ ਕੇ ਮੁਬਾਰਕਬਾਦ ਦਿੱਤੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਸਰਦਾਰ ਢੀਂਡਸਾ ਨੂੰ ਇਸ ਨਵੇਂ ਅਹੁਦੇ ਲਈ ਵਧਾਈ ਦਿੱਤੀ।

LEAVE A REPLY

Please enter your comment!
Please enter your name here