ਵੀਰ ਮੇਰਿਆ ਜੁਗਨੀ ਕਹਿੰਦੀ ਹੈ…

ਵੀਰ ਮੇਰਿਆ ਜੁਗਨੀ ਕਹਿੰਦੀ ਹੈ…

ਆਪਣੇ ਸੁਭਾਅ ਮੁਤਾਬਕ ਜੁਗਨੀ ਕਿਧਰੇ ਨਾ ਕਿਧਰੇ ਜਾ ਹੀ ਵੜਦੀ ਹੈ। ਉਹ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਅਕਸਰ ਗੇੜਾ ਮਾਰਦੀ ਹੈ ਤੇ ਉੱਥੇ ਵਾਪਰਦੇ ਵਰਤਾਰਿਆਂ ਨੂੰ ਦੇਖ ਕੇ ਹੈਰਾਨ ਅਤੇ ਪ੍ਰੇਸ਼ਾਨ ਹੁੰਦੀ ਹੈ। ਕਈ-ਕਈ ਵਾਰ ਤਾਂ ਜੁਗਨੀ ਨੂੰ ਕਿਸੇ ਅਣਮਨੁੱਖੀ ਵਿਹਾਰ ਦੇ ਦਰਸ਼ਨ-ਦੀਦਾਰੇ ਵੀ ਹੋ ਜਾਂਦੇ ਹਨ ਜਿਸ ਨੂੰ ਦੇਖ ਕੇ ਉਸ ਦਾ ਦਿਲ ਡਾਢਾ ਦੁਖੀ ਹੋ ਜਾਂਦਾ ਹੈ।

ਇਸ ਤਰ੍ਹਾਂ ਦਾ ਦੁੱਖ ਜੁਗਨੀ ਨੂੰ ਉਸ ਦਿਨ ਵੀ ਹੋਇਆ ਜਿਸ ਦਿਨ ਉਹ ਇੱਕ ਮਹਾਂਨਗਰ ਦੇ ਆਰਤੀ ਚੌਂਕ ਵਿਚ ਦੀ ਲੰਘ ਰਹੀ ਸੀ। ਇਸ ਚੌਂਕ ਵਿਚ ਲੋਕਾਂ ਦਾ ਕਾਫੀ ਵੱਡਾ ਇਕੱਠ ਸੀ ਜਿਨ੍ਹਾਂ ਦੇ ਹੱਥਾਂ ਵਿਚ ਝੰਡੇ ਤੇ ਡੰਡੇ ਫੜ੍ਹੇ ਹੋਏ ਸਨ। ਇਸ ਇਕੱਠ ਨੇ ਉਸ ਜਰਨੈਲੀ ਸੜਕ ’ਤੇ ਚੱਲਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਰੋਕ ਰੱਖੀ ਸੀ। ਇਸ ਭੀੜ ਨੇ ਨੇੜੇ-ਤੇੜੇ ਕੁੱਝ ਪੁਲਿਸ ਕਰਮੀ ਵੀ ਚੁੱਪ-ਚਾਪ ਆਪਣਾ ਕਰਮ (ਡਿਊਟੀ) ਕਮਾ ਰਹੇ ਸਨ।

ਪਹਿਲਾਂ ਤਾਂ ਜੁਗਨੀ ਨੂੰ ਇਹ ਲੱਗਾ ਕਿ ਇਸ ਥਾਂ ’ਤੇ ਕਿਸੇ ਦੀ ‘ਸਾਵਧਾਨੀ ਹਟੀ ਅਤੇ ਨਤੀਜੇ ਵਜੋਂ ਕੋਈ ਦੁਰਘਟਨਾ ਘਟੀ’ ਹੈ। ਪਰ ਜਦੋਂ ਉਸ ਨੇ ਭੀੜ ਦੇ ਨਜ਼ਦੀਕ ਜਾ ਕੇ ਇਸ ਵਿਸ਼ਾਲ ਇਕੱਠ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਇਕੱਠ ਤਾਂ ਕਿਸੇ ਫ਼ਿਲਮ ਵਿਚ ਫ਼ਿਲਮਾਏ ਗਏ ਕੁੱਝ ਇਤਰਾਜ਼ਯੋਗ ਦਿ੍ਰਸ਼ਾਂ ਪ੍ਰਤੀ ਸ਼ਹਿਰ ਦੇ ਇੱਕ ਵਿਸ਼ੇਸ਼ ਵਰਗ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਕੀਤਾ ਹੋਇਆ ਹੈ।

ਜੁਗਨੀ ਇਹ ਤਾਂ ਜਾਣਦੀ ਸੀ ਕਿ ਜਦੋਂ ਕਿਸੇ ਭਾਈਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਕੋਈ ਠੇਸ ਪਹੰੁਚਦੀ ਹੈ ਤਾਂ ਉਹ ਆਪਣੇ ਗੁੱਸੇ-ਗ਼ਿਲੇ ਦਾ ਜਨਤਕ ਪ੍ਰਗਟਾਵਾ ਜ਼ਰੂਰ ਕਰਦਾ ਹੈ ਤੇ ਇਹ ਉਸ ਦਾ ਹੱਕ ਵੀ ਹੈ। ਪਰ ਉਸ ਦੇ ਇਸ ਪ੍ਰਗਟਾਵੇ ਕਾਰਨ ਜੇਕਰ ਪਬਲਿਕ (ਸਮਾਂਬੱਧ ਸਫ਼ਰੀ, ਗੰਭੀਰ ਮਰੀਜ਼, ਵਿਦਿਆਰਥੀ ਤੇ ਨੌਕਰੀਪੇਸ਼ਾ ਲੋਕ) ਪ੍ਰੇਸ਼ਾਨ ਹੋਣ ਲੱਗ ਪਏ ਤਾਂ ਉਹ ਆਪਣੀ ਹਮਦਰਦੀ ਵਾਲਾ ਹੱਥ ਪਿਛਾਂਹ ਖਿੱਚ ਲੈਂਦੀ ਹੈ।

ਜੁਗਨੀ ਤਾਂ ਇਹ ਵੀ ਚਾਹੁੰਦੀ ਹੈ ਕਿ ਕਿਸੇ ਵੀ ਸਮੱਸਿਆ ਦਾ ਸਾਰਥਿਕ ਹੱਲ ਹੋਣਾ ਚਾਹੀਦਾ ਹੈ। ਜੇਕਰ ਸੱਚਮੁੱਚ ਹੀ ਚੋਰੀਆਂ ਬੰਦ ਕਰਵਾਉਣੀਆਂ ਹੋਣ ਤਾਂ ਚੋਰ ਨਾਲੋਂ ਉਸ ਦੀ ਮਾਂ ਨੂੰ ਫੜਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਚੋਰਾਂ ਦੀ ਨਸਲ ਹੀ ਖ਼ਤਮ ਕੀਤੀ ਜਾ ਸਕੇ। ਜੇਕਰ ਇੱਕਾ-ਦੁੱਕਾ ਚੋਰਾਂ ਨੂੰ ਫੜ੍ਹਨ ਵਿਚ ਲੱਗੇ ਰਹੇ ਤਾਂ ਕਿਸੇ ਸੰਤੋਖਜਨਕ ਪ੍ਰਾਪਤੀ ਤੋਂ ਸੱਖਣੇ ਹੀ ਰਿਹਾ ਜਾ ਸਕਦਾ ਹੈ।

ਜੇਕਰ ਕਿਸੇ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਜਾਂ ਕਿਸੇ ਕਲਾਕਾਰ ਨੇ ਕੋਈ ਖ਼ੁਨਾਮੀ ਜਾਂ ਬਦਨਾਮੀ ਕੀਤੀ ਹੈ ਤਾਂ ਉਸ ਨੂੰ ਤਰਕ ਦੀ ਕਸਵੱਟੀ ’ਤੇ ਪਰਖਣਾ ਚਾਹੀਦਾ ਹੈ। ਜੇਕਰ ਕੋਈ ਦਿ੍ਰਸ਼ ਜਾਂ ਦਲੀਲ ਖ਼ਰਾ ਨਹੀਂ ਉੱਤਰਦਾ/ੳੱਤਰਦੀ ਤਾਂ ਉਸ ਨੂੰ ਤਥਾਤਮਿਕ ਢੰਗ-ਤਰੀਕੇ ਨਾਲ ਰੱਦ ਕਰਨਾ ਚਾਹੀਦਾ ਹੈ। ਸਜ਼ਾ ਵੀ ਉਸ ਨੂੰ ਹੀ ਮਿਲਣੀ ਚਾਹੀਦੀ ਜਿਸ ਨੇ ਕੋਈ ਕਸੂਰ ਕੀਤਾ ਹੋਵੇ।

ਬਿਨਾ ਕਸੂਰ ਤੋਂ ਦਿੱਤੀ ਗਈ ਸਜ਼ਾ ਚਾਹੇ ਉਹ ਧਾਰਮਿਕ ਭਾਵਨਾਂ ਵਿੱਚੋਂ ਹੀ ਉਪਜੀ ਹੋਵੇ ਬੇਇਨਸਾਫ਼ੀ ਦੇ ਘੇਰੇ ਵਿਚ ਆ ਜਾਂਦੀ ਹੈ ਤੇ ਇਹ ਬੇਇਨਸਾਫ਼ੀ ਰੋਸ/ਲੋਕ-ਦਿਖਾਵਾ ਕਰਨ ਵਾਲਿਆਂ ਦੀਆਂ ਭੀੜਾਂ ਅਕਸਰ ਉਨ੍ਹਾਂ ਆਮ ਲੋਕਾਂ ਨਾਲ ਕਰਦੀਆਂ ਆ ਰਹੀਆਂ ਹਨ ਜਿਨ੍ਹਾਂ ਦਾ ਉਸ ਭੀੜ ਵੱਲੋਂ ਉਠਾਏ ਜਾ ਰਹੇ ਮੁੱਦੇ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੁੰਦਾ।

ਆਮ ਆਦਮੀ ਹਮੇਸ਼ਾਂ ਹੀ ਸ਼ਾਂਤੀ ਦਾ ਪੁਜਾਰੀ ਹੁੰਦਾ ਹੈ ਤੇ ਉਸ ਵਾਸਤੇ ਸਾਰੇ ਹੀ ਧਰਮ ਤੇ ਉਸ ਦੇ ਰਹਿਬਰ ਸਤਿਕਾਰਯੋਗ ਹੁੰਦੇ ਹਨ। ਜੇਕਰ ਕਿਸੇ ਫ਼ਿਲਮ, ਸੀਰੀਅਲ, ਨਾਟਕ ਅਤੇ ਕਹਾਣੀ ਵਿਚ ਕੋਈ ਇਤਰਾਜ਼ਯੋਗ ਦਿ੍ਰਸ਼ ਜਾਂ ਸਮੱਗਰੀ ਪਾਈ ਜਾਂਦੀ ਹੈ ਤਾਂ ਉਸ ਲਈ ਸਬੰਧਤ ਧਿਰ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜੇਕਰ ਵਾਕਿਆ ਹੀ ਕਿਸੇ ਵਿਸ਼ੇਸ਼ ਧਾਰਮਿਕ ਮਾਣ-ਮਰਿਆਦਾ ਦੀ ਉਲੰਘਣਾ ਹੋਈ ਹੈ ਤਾਂ ਉਸ ਉਲੰਘਣਾਕਾਰੀ ਧਿਰ ਦੇ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸੜਕੀ ਜਾਂ ਰੇਲ ਆਵਾਜਾਈ ਵਿਚ ਪਾਇਆ ਗਿਆ ਵਿਘਨ ਨਾ ਸਿਰਫ ਕਿਸੇ ਵਿਸ਼ੇਸ਼ ਮਕਸਦ ਦੀ ਪੂਰਤੀ ਕਰਦਾ ਹੈ ਸਗੋਂ ਲੋਕਾਈ ਦੇ ਸਿਰਦਰਦੀ ਦਾ ਕਾਰਨ ਵੀ ਬਣਦਾ ਹੈ।

ਜੇਕਰ ਜੁਗਨੀ ਦੀ ਸੁਣੀਏ ਤਾਂ ਉਹ ਕਹਿੰਦੀ ਹੈ ਕਿ ਅਜਿਹਾ ਕੋਈ ਵੀ ਅਮਲ ਜਿਹੜਾ ਮਨੁੱਖੀ ਭਲਾਈ ਦੇ ਅੰਸ਼ਾਂ ਤੋਂ ਵਿਰਵਾ ਹੋਵੇ, ਉਸ ਨੂੰ ਨਿਭਾਉਣਾ ਕਿਸੇ ਵੀ ਤਰ੍ਹਾਂ ਧਾਰਮਿਕ ਤੇ ਸਮਾਜਿਕ ਜ਼ਾਵੀਏ ਤੋਂ ਲਾਹੇਵੰਦਾ ਨਹੀਂ। ਅਤੇ ਨਾ ਹੀ ਇਹ ਅਮਲ ਸਾਡੇ ਗੁਰੂਆਂ-ਪੀਰਾਂ ਤੇ ਦੇਵੀ-ਦੇਵਤਿਆਂ ਦੀ ਖ਼ੁਸ਼ੀ ਦਾ ਸਬੱਬ ਬਣ ਸਕਦਾ ਹੈ। ਵਿਅਕਤੀਗਤ ਪ੍ਰਸੰਸਾ ਹਿੱਤ ਸਿਰਜਿਆ ਜਾਣ ਵਾਲਾ ਇਹ ਅਮਲ ਜੁਗਨੀ ਦੇ ਨਜ਼ਰੀਏ ਤੋਂ ਕਈ ਵਾਰੀ ਨਿਰੋਲ ਪਾਖੰਡਬਾਜ਼ੀ ਦੀ ਹੀ ਹਾਮੀ ਭਰਦਾ ਹੈ, ਜਿਸ ਦੀ ਆਗਿਆ ਕੋਈ ਵੀ ਧਰਮ ਜਾਂ ਉਸ ਦਾ ਧਾਰਮਿਕ ਆਗੂ ਨਹੀਂ ਦਿੰਦਾ।

ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ