ਪਿਛਲੇ ਦਿਨਾਂ ਤੋਂ ਨਹੀਂ ਮਿਲ ਰਹੀ ਐ ਸੂਬਾ ਸਰਕਾਰ ਨੂੰ ਪੈਸੇ ‘ਤੇ ਵੀ ਅਦਾਇਗੀ
-
45 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੇਂਦਰ ਸਰਕਾਰ ਤੋਂ ਵੀ ਨਹੀਂ ਆ ਰਹੀ ਐ ਵੈਕਸੀਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਇਸ ਮਹਾਂਮਾਰੀ ਵਿੱਚ ਕੋਰੋਨਾ ਦੀ ਵੈਕਸੀਨ ਹੀ ਪੰਜਾਬ ਵਿੱਚ ਖ਼ਤਮ ਹੋ ਗਈ ਹੈ, ਜਿਸ ਕਾਰਨ ਪੰਜਾਬ ਦੇ ਲਗਭਗ ਸਾਰੇ ਵੈਕਸੀਨ ਸੈਂਟਰ ਬੰਦ ਹੋ ਗਏ ਹਨ। ਹਾਲਾਂਕਿ ਪੰਜਾਬ ਸਰਕਾਰ ਵਲੋਂ 18 ਤੋਂ 44 ਵਰਗ ਲਈ ਵੈਕਸੀਨ ਖਰੀਦਣ ਲਈ ਐਡਵਾਂਸ ਵਿੱਚ ਪੈਸੇ ਵੀ ਭੇਜ ਵੀ ਭੇਜ ਦਿੱਤੇ ਗਏ ਹਨ ਪਰ ਫਿਰ ਵੀ ਵੈਕਸੀਨ ਕੰਪਨੀਆਂ ਵਲੋਂ ਇਸ ਦੀ ਸਪਲਾਈ ਨਹੀਂ ਕੀਤੀ ਗਈ ਹੈ। ਦੂਜੇ ਪਾਸੇ 45 ਸਾਲ ਤੋਂ ਜਿਆਦਾ ਦੀ ਉਮਰ ਵਾਲੇ ਲੋਕਾਂ ਲਈ ਕੇਂਦਰ ਸਰਕਾਰ ਵਲੋਂ ਵੀ ਵੈਕਸੀਨ ਨਹੀਂ ਭੇਜੀ ਜਾ ਰਹੀ ਹੈ, ਇਸ ਲਈ ਇਹ ਵੈਕਸੀਨ ਵੀ ਪੰਜਾਬ ਵਿੱਚ ਖ਼ਤਮ ਹੋ ਗਈ ਹੈ। ਜਿਸ ਕਾਰਨ ਸ਼ੁੱਕਰਵਾਰ ਤੋਂ ਪੰਜਾਬ ਵਿੱਚ ਕਿਸੇ ਵੀ ਜਿਲ੍ਹਾ ਜਾਂ ਫਿਰ ਇਲਾਕੇ ਵਿੱਚ ਵੈਕਸੀਨ ਨਹੀਂ ਲੱਗੇਗੀ।
ਪੰਜਾਬ ਸਰਕਾਰ ਵਲੋਂ ਵੈਕਸੀਨ ਕੰਪਨੀਆਂ ਨੂੰ 30 ਲੱਖ ਵੈਕਸੀਨ ਸਪਲਾਈ ਕਰਨ ਦਾ ਆਰਡਰ ਦਿੱਤਾ ਹੋਇਆ ਹੈ ਪਰ ਉਨ੍ਹਾਂ ਵਲੋਂ ਹੁਣ ਤੱਕ 4 ਲੱਖ 29 ਹਜ਼ਾਰ 780 ਵੈਕਸੀਨ ਦੀ ਹੀ ਸਪਲਾਈ ਕੀਤੀ ਗਈ ਹੈ, ਜਦੋਂ ਕਿ 1 ਲੱਖ 14 ਹਜ਼ਾਰ 190 ਵੈਕਸੀਨ ਦੇ ਪੈਸੇ ਐਡਵਾਂਸ ਵਿੱਚ ਲੈਣ ਦੇ ਬਾਵਜੂਦ ਵੀ ਕੰਪਨੀਆਂ ਵਲੋਂ ਵੈਕਸੀਨ ਭੇਜੀ ਨਹੀਂ ਜਾ ਰਹੀ ਹੈ। ਇਸੇ ਕਰਕੇ ਪੰਜਾਬ ਵਿੱਚ ਲਗਭਗ ਸਾਰੀ ਥਾਂਵਾਂ ’ਤੇ ਵੀਰਵਾਰ ਨੂੰ ਹੀ ਵੈਕਸੀਨ ਲੱਗਣੀ ਬੰਦ ਹੋ ਗਈ ਸੀ ਪਰ ਕੁਝ ਗਿਣਤੀ ਦੀ ਥਾਂ ’ਤੇ ਵੈਕਸੀਨ ਹੋਣ ਕਰਕੇ ਵੈਕਸੀਨ ਲਗਾਈ ਗਈ ਹੈ। ਵੀਰਵਾਰ ਸ਼ਾਮ ਹੁੰਦੇ ਤੱਕ ਪੰਜਾਬ ਭਰ ਵਿੱਚ ਹੀ ਇਹ ਵੈਕਸੀਨ ਖ਼ਤਮ ਹੋ ਗਈ ਸੀ ਅਤੇ ਹੁਣ ਸ਼ੁੱਕਰਵਾਰ ਤੋਂ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਵੈਕਸੀਨ ਲਗਦੀ ਦਿਖਾਈ ਨਹੀਂ ਦੇਵੇਗੀ।
ਪੰਜਾਬ ਸਰਕਾਰ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਵੈਕਸੀਨ ਕੰਪਨੀਆਂ ਨਾਲ ਲਗਾਤਾਰ ਸੰਪਰਕ ਕਰ ਰਹੀ ਹੈ ਪਰ ਸਰਕਾਰ ਨੂੰ ਦੋਹੇ ਪਾਸੇ ਤੋਂ ਕੋਈ ਜਿਆਦਾ ਭਰੋਸਾ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਜਿਸ ਕਾਰਨ ਹੀ ਪੰਜਾਬ ਸਰਕਾਰ ਨੇ ਗਲੋਬਲ ਟੈਂਡਰ ਲਗਾਉਂਦੇ ਹੋਏ ਵੈਕਸੀਨ ਦੀ ਸਪਲਾਈ ਮੰਗੀ ਸੀ ਪਰ ਗਲੋਬਲ ਟੈਂਡਰ ਲਗਾਉਣ ਦੇ ਬਾਵਜੂਦ ਕਈ ਕੰਪਨੀਆਂ ਨੇ ਸਿੱਧੇ ਪੰਜਾਬ ਨੂੰ ਵੈਕਸੀਨ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।