ਪੁਲਿਸ ਫੋਰਸ ਨੇ ਵਾਈਪੀਐਸ ਚੌਂਕ ਤੇ ਬੇਰੁਜ਼ਗਾਰਾਂ ਨੂੰ ਬੇਰੀਕੇਡ ਲਾਕੇ ਰੋਕਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਂਝਾ ਮੋਰਚਾ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਇੱਥੇ ਮੋਤੀ ਮਹਿਲਾ ਦੇ ਘਿਰਾਓ ਮੌਕੇ ਪੁਲਿਸ ਨਾਲ ਧੱਕਾ ਮੁੱਕੀ ਹੋਈ। ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਵੱਲੋਂ ਵਾਈਪੀਐਸ ਚੌਂਕ ਵਿਖੇ ਬੇਰੀਕੇਡ ਲਾਕੇ ਰੋਕ ਲਿਆ, ਜਿਸ ਤੋਂ ਬਾਅਦ ਉਕਤ ਅਧਿਆਪਕਾਂ ਵੱਲੋਂ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ। ਇੱਧਰ ਸ਼ਾਮ ਨੂੰ ਅਧਿਆਪਕਾਂ ਨੂੰ ਮੁੜ 3 ਦਸੰਬਰ ਦੀ ਮੀਟਿੰਗ ਦਾ ਟਾਇਮ ਦੇ ਕੇ ਸਾਂਤ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਟੈੱਟ ਪਾਸ ਬੇਰਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ. (873), ਮਲਟੀਪਰਪਜ ਹੈਲਥ ਵਰਕਰ, ਪੀ.ਟੀ.ਆਈ.(646) ਅਤੇ ਆਰਟ ਐੱਡ ਕਰਾਫ਼ਟ ਯੂਨੀਅਨ ਦੇ ਵੱਡੀ ਗਿਣਤੀ ਕਾਰਕੁੰਨ ਪਹਿਲਾ ਇੱਥੇ ਬਾਰਾਂਦਰੀ ਬਾਗ ਵਿਖੇ ਇਕੱਠੇ ਹੋਏ। ਇਸ ਦੌਰਾਨ ਇਨ੍ਹਾਂ ਵੱਲੋਂ ਇੱਥੇ ਅਮਰਿੰਦਰ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਗਈ। ਇਸ ਤੋਂ ਬਾਅਦ ਇਨ੍ਹਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਚਾਲੇ ਪਾ ਦਿੱਤੇ ਗਏ। ਪੁਲਿਸ ਵੱਲੋਂ ਕਈ ਥਾਂਈ ਇਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ, ਪਰ ਇਹ ਸਾਰੀਆਂ ਰੋਕ ਤੋੜ ਕੇ ਵਾਈਪੀਐਸ ਚੌਂਕ ਨੇੜੇ ਜਾ ਪੁੱਜੇ। ਇੱਥੇ ਪੁਲਿਸ ਵੱਲੋਂ ਬੇਰੀਕੇਟ ਲਾਕੇ ਇਨ੍ਹਾਂ ਨੂੰ ਰੋਕ ਲਿਆ।
ਜਦੋਂ ਇਹ ਅਧਿਆਪਕ ਅੱਗੇ ਵੱਧਣ ਦਾ ਯਤਨ ਕਰ ਰਹੇ ਸਨ ਤਾ ਇਨ੍ਹਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ।ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਨਾਲ ਸਿਵਲ ਵਿਅਕਤੀ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਗਾਲੀ ਗਲੋਚ ਕੀਤਾ ਗਿਆ। ਇਸ ਮੌਕੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ, ਬੇਰੁਜ਼ਗਾਰ ਡੀ.ਪੀ.ਈ. (873) ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਘਾਮਣ, ਪੀ.ਟੀ.ਆਈ.(646) ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਨਾਭਾ, ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਅਤੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਨਿਗੂਣੀਆ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਅਤੇ ਨਵੀਆਂ-ਨਵੀਆਂ ਸਰਤਾਂ ਲਾਗੂ ਕਰਕੇ ਬੇਰੁਜ਼ਗਾਰਾਂ ਅਧਿਆਪਕਾਂ ਨਾਲ ਮਜਾਕ ਕਰ ਰਹੀ ਹੈ।
ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਸਾਰੀਆਂ ਸ਼ਰਤਾ ਪੂਰੀਆਂ ਕਰਦੇ ਉੱਚ ਯੋਗਤਾਵਾਂ ਪਾਸ ਉਮੀਦਵਾਰਾਂ ਨੂੰ ਅਧਿਆਪਕ ਭਰਤੀ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰ ਬਾਰ ਮੀਟਿੰਗ ਦਾ ਸਮਾਂ ਦੇਣ ਤੇ ਗੱਲਬਾਤ ਕਰਨ ਤੋਂ ਭੱਜਿਆ ਜਾ ਰਿਹਾ ਹੈ। ਇਸ ਮੌਕੇ ਡੀ.ਟੀ.ਐੱਫ. ਵੱਲੋਂ ਮੀਤ ਪ੍ਰਧਾਨ ਰਘਵੀਰ ਭਵਾਨੀਗੜ , ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਅਤਿੰਦਰ ਘੱਗਾ, ਜੀ.ਟੀ.ਯੂ. ਵੱਲੋਂ ਸੁਖਵਿੰਦਰ ਸਿੰਘ ਚਾਹਲ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪ੍ਰਧਾਨ ਬਲਿਹਾਰ ਸਿੰਘ, ਬੇਰੁਜ਼ਗਾਰ ਉਪ ਵੈਦ ਯੂਨੀਅਨ ਪੰਜਾਬ ਵੱਲੋਂ ਜਸਪਾਲ ਸਿੰਘ, ਰਣਵੀਰ ਸਿੰਘ ਨਦਾਮਪੁਰ, ਤੇਜਿੰਦਰ ਸਿੰਘ ਬਠਿੰਡਾ, ਅਸੋਕ ਕੁਮਾਰ ਫ਼ਾਜ਼ਲਿਕਾ ਨੇ ਮੋਰਚੇ ਨੂੰ ਸੰਬੋਧਨ ਕੀਤਾ।
3 ਦਸੰਬਰ ਦੀ ਮੀਟਿੰਗ ਤਹਿ ਕਰਵਾਈ
ਇਸ ਦੌਰਾਨ ਕਾਫ਼ੀ ਸਮਾਂ ਇੱਥੇ ਬੇਰੁਜ਼ਗਾਰਾਂ ਵੱਲੋਂ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਾਕਾਰੀਆਂ ਵੱਲੋਂ ਇਨ੍ਹਾਂ ਆਗੂਆਂ ਨੂੰ 3 ਦਸੰਬਰ ਨੂੰ ਪੰਜਾਬ ਦੀ ਸਬ ਕਮੇਟੀ ਨਾਲ ਮੀਟਿੰਗ ਤਹਿ ਕਰਵਾਈ ਗਈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ 3 ਦਸੰਬਰ ਨੂੰ ਮੀਟਿੰਗ ਨਾ ਹੋਈ ਜਾ ਸਾਰਥਿਕ ਨਾ ਰਹੀ ਤਾਂ 11 ਦਸੰਬਰ ਨੂੰ ਮੁੜ ਮੁੱਖ ਮੰਤਰੀ ਦੇ ਮੋਤੀ ਮਹਿਲ ਨੂੰ ਘੇਰਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.