ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਮੁੱਖ ਲੋੜ
ਜ਼ਿੰਦਗੀ ਹੋਵੇ ਤੇ ਕੋਈ ਰਿਸ਼ਤੇ-ਨਾਤੇ ਨਾ ਹੋਣ ਇਹ ਤਾਂ ਹੋ ਹੀ ਨਹੀਂ ਸਕਦਾ। ਸਮਾਜ ਵਿੱਚੋ ਰਿਸ਼ਤੇ-ਨਾਤਿਆਂ ਨੂੰ ਪਾਸੇ ਕਰਕੇ ਜੇਕਰ ਮਨੁੱਖ ਸ਼ਾਂਤੀ ਨਾਲ ਜਿਉਣ ਬਾਰੇ ਸੋਚੇ ਤਾਂ ਸ਼ਾਇਦ ਅਸੰਭਵ ਹੀ ਹੋਵੇਗਾ। ਜਿੰਦਗੀ ਦੀ ਰਫਤਾਰ ਤੇ ਡਿੱਕ-ਡੋਲਿਆਂ ਤੋਂ ਬਚਣ ਲਈ ਇਹ ਰਿਸ਼ਤੇ ਸਹਾਰਿਆਂ ਦੀ ਤਰ੍ਹਾਂ ਕੰਮ ਕਰਦੇ ਹਨ। ਜੇਕਰ ਕਿਹਾ ਜਾਵੇ ਕਿ ਸਾਡੀ ਹੋਂਦ ਹੀ ਰਿਸ਼ਤਿਆਂ ਕਰਕੇ ਹੈ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਰਿਸ਼ਤੇ ਹੀ ਤਾਂ ਹੁੰਦੇ ਹਨ ਜੋ ਸਹਿਕਦੇ ਹੋਏ ਦਿਲਾਂ ਨੂੰ ਆਸ ਦੀ ਕਿਰਨ ਤੇ ਧੜਕਦੇ ਦਿਲਾਂ ਨੂੰ ਸਕੂਨ ਪਹੁੰਚਾਉਂਦੇ ਹਨ ਤੇ ਬੇਰੰਗ ਜਿੰਦਗੀ ਨੂੰ ਰੰਗਾਂ ਨਾਲ ਭਰ ਦਿੰਦੇ ਹਨ।
ਇਨਸਾਨ ਦੇ ਜਨਮ ਲੈਣ ਵੇਲੇ ਹੀ ਉਸ ਨਾਲ ਅਨੇਕਾਂ ਰਿਸ਼ਤੇ ਵੀ ਜਨਮ ਲੈਂਦੇ ਹਨ। ਇਸ ਤਰ੍ਹਾਂ ਕੁਝ ਰਿਸ਼ਤੇ ਇਨਸਾਨ ਨਾਲ ਖੁਦ ਬਣਦੇ ਹਨ ਤੇ ਕੁਝ ਰਿਸ਼ਤੇ ਇਨਸਾਨ ਆਪ ਬਣਾਉਂਦਾ ਹੈ। ਕਿਸੇ ਵੀ ਇਨਸਾਨ ਦੀ ਜਿੰਦਗੀ ਦਾ ਪਹਿਲਾ ਤੇ ਸਭ ਤੋਂ ਨੇੜਲਾ ਰਿਸ਼ਤਾ ਮਾਂ-ਬਾਪ ਦਾ ਹੁੰਦਾ ਹੈ। ਫਿਰ ਭੈਣ-ਭਰਾ ਤੇ ਬਾਕੀ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਆਉਂਦੇ ਹਨ। ਬਚਪਨ ਦੇ ਸ਼ੁਰੂਆਤੀ ਸਾਲ ਬੱਚਾ ਮਾਂ-ਬਾਪ ਨਾਲ ਗੁਜ਼ਾਰਦਾ ਹੈ ਅਤੇ ਇਸ ਸੰਸਾਰ ਵਿਚ ਵਿਚਰਨ ਦਾ ਚੰਗਾ-ਮਾੜਾ ਗਿਆਨ ਪ੍ਰਾਪਤ ਕਰਦਾ ਹੈ।
ਸਾਡੇ ਸਮਾਜ ਵਿੱਚ ਰਿਸ਼ਤੇ ਪੰਜ ਸ਼੍ਰੇਣੀਆਂ ਵਿੱਚ ਵੰਡੇ ਹੋਏ ਹਨ। ਜਿਵੇਂ ਖੂਨ ਦੇ ਰਿਸ਼ਤੇ, ਜਨਮ ਸਮੇਂ ਦੇ ਰਿਸ਼ਤੇ, ਪਰਿਵਾਰਕ, ਵਿਆਹ ਸਬੰਧੀ ਤੇ ਭਾਵਨਾਤਮਕ ਰਿਸ਼ਤੇ। ਇਨ੍ਹਾਂ ਸਾਰਿਆਂ ਰਿਸ਼ਤਿਆਂ ਦੀ ਵਰਣਮਾਲਾ ਕੁਦਰਤ ਵੱਲੋਂ ਪਰੋਈ ਮਾਲਾ ਵਾਂਗ ਹੈ ਜੋ ਬੜੀ ਹੀ ਸੋਹਣੀ ਤੇ ਤਰਤੀਬ ਵਿੱਚ ਪਰੋਈ ਹੋਈ ਹੈ ਹਰ ਰਿਸ਼ਤਾ ਆਪਣੀ ਤੇ ਆਪਣੇ ਨਾਲ ਜੁੜੇ ਹਰ ਰਿਸ਼ਤੇ ਦੀ ਅਹਿਮਿਅਤ ਦਰਸਾਉਂਦਾ ਹੈ। ਇਨ੍ਹਾਂ ਵਿੱਚੋ ਕਿਸੇ ਇੱਕ ਵੀ ਰਿਸ਼ਤੇ ਦੇ ਉਲਟ-ਪੁਲਟ ਹੋ ਜਾਣ ਕਰਕੇ ਸਮੁੱਚੀ ਜਿੰਦਗੀ ਰੂਪੀ ਵਰਣਮਾਲਾ ਗੜਬੜਾ ਜਾਂਦੀ ਹੈ। ਇਸ ਕਰਕੇ ਹਰ ਰਿਸ਼ਤਾ ਨਿਭਾਉਣ ਲਈ ਮੋਹ-ਪਿਆਰ, ਸਾਫ-ਸੁਥਰੀ ਭਾਵਨਾ ਤੇ ਵਿਸ਼ਵਾਸ ਦਾ ਹੋਣਾ ਅਤਿ ਜਰੂਰੀ ਹੈ।
ਕਈ ਵਾਰ ਸਮਾਂ, ਜਰੂਰਤਾਂ ਤੇ ਮਜਬੂਰੀਆਂ ਦੇ ਅੱਗੇ ਬਾਕੀ ਰਿਸ਼ਤੇ ਆਪਣੀ ਅਹਿਮੀਅਤ ਜਰੂਰ ਘਟਾ-ਵਧਾ ਲੈਂਦੇ ਹਨ ਪਰ ਇੱਕ ਭਾਵਨਾਤਮਕ ਰਿਸ਼ਤੇ ਹੀ ਅਜਿਹੇ ਰਿਸ਼ਤੇ ਹੁੰਦੇ ਹਨ ਜੋ ਸਿਰਫ ਸਨੇਹ ਤੇ ਭਾਵਨਾ ਦੇ ਕਰਕੇ ਸਦਾ ਹੀ ਜਵਾਨ ਰਹਿੰਦੇ ਹਨ। ਉਂਝ ਤਾਂ ਭਾਵੇਂ ਹਰ ਰਿਸ਼ਤੇ ਨੂੰ ਨਿਭਾਉਣ ਲਈ ਪਿਆਰ, ਆਪਣਾਪਣ ਤੇ ਸ਼ੁੱਧ ਭਾਵਨਾ ਦਾ ਹੋਣਾ ਅਤਿ ਜ਼ਰੂਰੀ ਹੈ ਪਰ ਭਾਵਨਾਤਮਿਕ ਰਿਸ਼ਤੇ ਖੁਦ-ਬ-ਖੁਦ ਬਣਦੇ ਹੀ ਉੱਥੇ ਹਨ ਜਿਥੇ ਸਾਡੀ ਸੋਚ ਸਾਡਾ ਸਨੇਹ ਤੇ ਸਾਡੀ ਭਾਵਨਾ ਮਿਲਦੀ ਹੋਵੇ। ਇਹ ਰਿਸ਼ਤੇ ਕਿਸੇ ਨਾਲ ਵੀ ਹੋ ਸਕਦੇ ਹਨ ਜਿਵੇਂ ਦੋਸਤ, ਮਿੱਤਰ, ਸਹਿਕਰਮੀ, ਅਧਿਆਪਕਾਂ, ਗੁਆਂਢੀਆਂ ਅਤੇ ਰੋਜ਼ਾਨਾ ਮੇਲ-ਜੋਲ ਵਾਲੇ ਕਿਸੇ ਵੀ ਸ਼ਖਸ ਨਾਲ ਹੋ ਸਕਦੇ ਹਨ।
ਅੱਜ ਦੇ ਇਸ ਜਮਾਨੇ ਵਿੱਚ ਜਦੋਂ ਪੈਸੇ ਲਈ ਖੂਨ ਦੇ ਰਿਸ਼ਤੇ ਪਲਾਂ ਵਿੱਚ ਟੁੱਟ ਰਹੇ ਹਨ, ਜਿੰਦਗੀ ਦੇ ਹਰ ਮੋੜ ’ਤੇ ਰਿਸ਼ਤੇ ਕਮਜ਼ੋਰ ਹੋ ਰਹੇ ਹਨ, ਛੋਟੀ-ਛੋਟੀ ਗੱਲ ਉੱਪਰ ਟੁੱਟ ਰਹੇ ਹਨ ਤਾਂ ਇਸ ਭਿਆਨਕ ਦੌਰ ਵਿੱਚ ਵੀ ਸਾਨੂੰ ਕੁਝ ਚਿਹਰੇ ਅਜਿਹੇ ਮਿਲਦੇ ਹਨ, ਜਿਨ੍ਹਾਂ ਨਾਲ ਭਾਵੇਂ ਸਾਡਾ ਕੋਈ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਮਿਲਣ, ਉਨ੍ਹਾਂ ਨੂੰ ਵੇਖਣ ਤੇ ਉਨ੍ਹਾਂ ਨਾਲ ਗੱਲ ਕਰਨ ’ਤੇ ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਰੂਹਾਂ ਨਾਲ ਸਾਡਾ ਕੋਈ ਪੁਰਾਣਾ ਰਿਸ਼ਤਾ ਹੋਵੇ ਅਜਿਹੇ ਪਾਕ-ਸਾਫ ਲੋਕਾਂ ਨੂੰ ਮਿਲ ਰੂਹ ਨੂੰ ਸਕੂਨ ਮਿਲਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਂਦਿਆਂ ਜਿੰਦਗੀ ਫੁੱਲਾਂ ਵਾਂਗ ਪ੍ਰਤੀਤ ਹੁੰਦੀ ਹੈ
ਬਚਪਨ ਵਿੱਚ ਜਦ ਯਾਰਾਂ-ਦੋਸਤਾਂ ਉੱਪਰ ਬਣਦੇ ਗਾਣੇ ਸੁਣਦੇ ਸੀ ਜਾਂ ਕਹਾਣੀਆਂ ਪੜ੍ਹਦੇ ਸੀ ਤਾਂ ਇਹ ਲੱਗਦਾ ਕਿ ਸਭ ਗੱਲਾਂ ਕਾਲਪਨਿਕ ਹੁੰਦੀਆਂ ਹੋਣਗੀਆਂ ਪਰ ਹੁਣ ਇਨ੍ਹਾਂ ਗੱਲਾਂ ਦਾ ਅਹਿਸਾਸ ਹੁੰਦਾ ਹੈ ਜਦ ਬਚਪਨ ਦੇ ਦੋਸਤਾਂ ਨੂੰ ਹੁਣ ਵੀ ਮਿਲਦੇ ਹਾਂ ਦੂਜੇ-ਤੀਜੇ ਦਿਨ ਜਿਨ੍ਹਾਂ ਨਾਲ ਖਾਣ-ਪੀਣ ਸਾਂਝਾ ਹੁੰਦਾ ਹੈ ਉਹ ਭਾਵਨਾਤਮਕ ਰਿਸ਼ਤੇ ਹੀ ਤਾਂ ਹਨ ਜਿਨ੍ਹਾਂ ਨਾਲ ਪਿਛਲੇ ਵੀਹ-ਬਾਈ ਸਾਲਾਂ ਵਿੱਚ ਕਦੇ ਕੋਈ ਲੜਾਈ ਜਾਂ ਗੁੱਸਾ-ਗਿਲਾ ਨਹੀਂ ਹੋਇਆ ਸਕੂਲ ਛੱਡੇ ਨੂੰ ਵੀ ਕਈ ਸਾਲ ਹੋ ਗਏ ਹਨ ਪਰ ਕਈ ਦੋਸਤਾਂ ਦੀ ਦੋਸਤੀ ਪਹਿਲਾਂ ਨਾਲੋਂ ਵੀ ਗੂੜ੍ਹੀ ਹੋ ਗਈ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੋਸਤ ਨਾਲ ਘੰਟਿਆਂ ਤੱਕ ਗੱਲਾਂ ਹੁੰਦੀਆਂ ਹਨ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਭਵਿੱਖ ਅਤੇ ਸੁਪਨਿਆਂ ਬਾਰੇ ਚਰਚਾਵਾਂ ਹੁੰਦੀਆਂ ਹਨ।
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਉਸ ਲੈਵਲ ਦਾ ਹੋਣਾ ਬਹੁਤ ਜਰੂਰੀ ਹੈ ਜਿਸ ਵਿੱਚ ਸਾਡੀ ਸੋਚ ਸਾਡੇ ਵਿਚਾਰ ਤੇ ਸਾਨੂੰ ਗੱਲ ਕਰਦਿਆਂ ਕੋਈ ਸੰਕੋਚ ਨਾ ਹੋਵੇ ਜਾਂ ਫਿਰ ਉਸ ਰਿਸ਼ਤੇ ਵਿੱਚ ਪਰਦਾ ਨਾ ਹੋਵੇ ਸਕੂਲ ਸਮੇਂ ਉਂਝ ਤਾਂ ਸਾਰੇ ਹੀ ਅਧਿਆਪਕਾਂ ਨਾਲ ਮੇਰੀ ਬੜੀ ਸਾਂਝ ਸੀ ਪਰ ਕੁਝ ਟੀਚਰ ਜੋ ਸਿਰਫ ਸਾਨੂੰ ਵਿਦਿਆਰਥੀ ਤੇ ਖੁਦ ਨੂੰ ਅਧਿਆਪਕ ਹੀ ਸਮਝਦੇ ਸਨ ਉਹ ਚਾਹੇ ਭੁੱਲੇ ਤਾਂ ਨਹੀਂ ਪਰ ਉਨ੍ਹਾਂ ਦੇ ਚਿਹਰੇ ਧੁੰਦਲੇ ਹੋ ਰਹੇ ਨੇ ਤੇ ਸਮੇਂ ਦੇ ਨਾਲ ਸ਼ਾਇਦ ਉਨ੍ਹਾਂ ਨੂੰ ਭੁੱਲ-ਭੁਲਾ ਵੀ ਜਾਈਏ ਪਰ ਸਕੂਲ ਦੇ ਇੱਕ ਸਰ ਤੇ ਇੱਕ ਮੈਡਮ, ਜੋ ਨਵੇਂ ਪੋਸ਼ ਵਿੱਚ 2007 ਵਿੱਚ ਲੈਕਚਰਾਰ ਭਰਤੀ ਹੋਏ ਸਨ, ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਬਹੁਤ ਅਲੱਗ ਸੀ ।
ਇਨ੍ਹਾਂ ਦੋ ਟੀਚਰਾਂ ਨੇ ਸਾਨੂੰ ਕਦੇ ਵੀ ਵਿਦਿਆਰਥੀ ਦੇ ਤੌਰ ’ਤੇ ਨਹੀਂ ਸਮਝਿਆ ਸੀ ਦੋਸਤਾਂ ਵਾਂਗ ਹਰ ਗੱਲ ਸਾਂਝੀ ਹੁੰਦੀ ਸੀ ਹਾਸਾ-ਮਜਾਕ ਚੁਟਕਲੇ ਤੇ ਟੌਂਟ ਕੱਸਦਿਆਂ ਸਾਨੂੰ ਕਦੇ ਵੀ ਇਨ੍ਹਾਂ ਟੀਚਰਾਂ ਤੋਂ ਡਰ ਨਹੀਂ ਲੱਗਾ ਸੀ। ਸ਼ਾਇਦ ਇਸੇ ਕਰਕੇ ਅੱਜ ਵੀ ਇਹ ਸਾਡੇ ਦਿਲ ਵਿੱਚ ਪਹਿਲਾਂ ਵਾਂਗ ਹੀ ਵੱਸੇ ਹੋਏ ਹਨ। ਇਹ ਵੀ ਕੁਦਰਤੀ ਹੈ ਕਿ ਜਦ ਕਿਸੇ ਇਨਸਾਨ ਵਿੱਚ ਕੋਈ ਚੰਗੀਆਂ ਗੱਲਾਂ ਦੇਖ ਲੈਂਦੇ ਹਾਂ ਤਾਂ ਖੁਦ-ਬ-ਖੁਦ ਉਸ ਇਨਸਾਨ ਨਾਲ ਭਾਵਨਾਤਮਕ ਰਿਸ਼ਤਾ ਜੁੜ ਜਾਂਦਾ ਹੈ। ਪਰ ਫੇਰ ਵੀ ਇੰਨੇ ਵਧੀਆ ਲੋਕ ਤੇ ਰਿਸ਼ਤੇ ਹੁੰਦਿਆਂ ਵੀ ਕਈ ਵਾਰ ਜ਼ਿੰਦਗੀ ਪਹਾੜ ਜਿਹੀ ਤੇ ਕੰਡਿਆਲੀ ਸੂਲ ਜਾਪਦੀ ਹੈ, ਕੁਝ ਰਿਸ਼ਤੇ ਸਮਾਜ ਦੇ ਡਰ ਕਰਕੇ ਵੀ ਨਿਭਾਏ ਜਾਂਦੇ ਹਨ, ਜਦ ਰਿਸ਼ਤਿਆਂ ਵਿੱਚ ਪਿਆਰ ਫਿਕਰ ਤੇ ਭਵਾਨਾਵਾਂ ਨਹੀਂ ਹੁੰਦੀਆਂ ਤਾਂ ਉਹ ਰਿਸ਼ਤੇ ਮਰ-ਮਰ ਕੇ ਨਿਭਾਉਣੇ ਪੈਂਦੇ ਹਨ ਤੇ ਮੋਢਿਆਂ ’ਤੇ ਪਏ ਕਿਸੇ ਬੋਝ ਵਾਂਗ ਪ੍ਰਤੀਤ ਹੁੰਦੇ ਹਨ ਤੇ ਦਿਲ ਕਰਦਾ ਹੈ ਕਿ ਇਨ੍ਹਾਂ ਨੂੰ ਖਤਮ ਕਰਕੇ ਜਿੰਦਗੀ ਨੂੰ ਹੌਲਾ ਕੀਤਾ ਜਾਵੇ।
ਚੱਲੋ ਇਹ ਵੀ ਮੰਨ ਲੈਂਦੇ ਹਾਂ ਕਿ ਹਰ ਕੋਈ ਪੈਸੇ ਦੀ ਦੌੜ ਵਿੱਚ ਸ਼ਾਮਲ ਹੈ ਬਹੁਤ ਲੋਕ ਸਿਰਫ ਸੁਆਰਥ ਲਈ ਹੀ ਰਿਸ਼ਤੇ ਰੱਖਦੇ ਹਨ ਤੇ ਸੁਆਰਥ ਨਿੱਕਲਣ ਮਗਰੋਂ ਉਨ੍ਹਾਂ ਦਾ ਖੂਨ ਸਫੈਦ ਹੋ ਜਾਂਦਾ ਹੈ ਪਰ ਜ਼ਰਾ ਗੌਰ ਕਰਿਉ ਕਿ ਸਾਨੂੰ ਸਿਰਫ ਉਹੀ ਰਿਸ਼ਤੇ ਕਿਉਂ ਦਿਸਦੇ ਹਨ ਜਿਨ੍ਹਾਂ ਨੂੰ ਅਸੀਂ ਨਫਰਤ ਕਰਦੇ ਹਾਂ ਜਾਂ ਜੋ ਸਾਨੂੰ ਨਫਰਤ ਕਰਦੇ ਹਨ। ਕਿਉਂ ਅਸੀਂ ਉਨ੍ਹਾਂ ਨਜ਼ਰਾਂ ਨੂੰ ਅਣਗੌਲਿਆ ਕਰਦੇ ਹਾਂ ਜਿਨ੍ਹਾਂ ਵਿੱਚ ਸਾਡੇ ਲਈ ਪਿਆਰ, ਆਪਣਾਪਣ ਅਤੇ ਵਫਾਦਾਰੀ ਹੁੰਦੀ ਹੈ ਕਦੇ ਸੋਚ ਕੇ ਵੇਖਿਉ ਕਿ ਅਸੀਂ ਰੋਜ਼ ਹੀ ਕਿੰਨੇ ਅਜਿਹੇ ਮੋਤੀਆਂ ਵਰਗੇ ਰਿਸ਼ਤੇ ਬੇਧਿਆਨੇ ਹੀ ਕਦਮਾਂ ਵਿੱਚ ਰੋਲ ਕੇ ਅੱਗੇ ਲੰਘ ਰਹੇ ਹਾਂ
ਸੋ ਲੋੜ ਹੈ ਅਜਿਹੇ ਰਿਸ਼ਤਿਆਂ ਅਤੇ ਇਨਸਾਨਾਂ ਦੀ ਕਦਰ ਕਰਨ ਦੀ ਜੋ ਸਾਨੂੰ ਜਿੰਦਗੀ ਜਿੰਉਣ ਦੀ ਜਾਂਚ ਸਿਖਾਉਂਦੇ ਹਨ। ਕਿਉਂਕਿ ਰਿਸ਼ਤੇ, ਸਮਾਂ ਤੇ ਦੋਸਤ ਤਿੰਨੇ ਮਿਲਦੇ ਭਾਵੇਂ ਮੁਫਤ ਹੀ ਨੇ ਪਰ ਇਨ੍ਹਾਂ ਦੀ ਸਹੀ ਕੀਮਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਇਹ ਸਾਡੇ ਕੋਲੋਂ ਦੂਰ ਚਲੇ ਜਾਂਦੇ ਹਨ।
ਸੰਗਤ ਕਲਾਂ (ਬਠਿੰਡਾ)
ਮੋ. 85590-86235
ਸੁਖਵਿੰਦਰ ਚਹਿਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.