ਸਾਫ਼-ਸਫਾਈ ਦੇ ਮਹੱਤਵ ਨੂੰ ਸਮਝੀਏ
ਕਹਿੰਦੇ ਨੇ ਜਿੱਥੇ ਸਫਾਈ, ਉੱਥੇ ਖੁਦਾਈ। ਜੀ ਹਾਂ, ਸਾਨੂੰ ਸਾਡੇ ਆਲੇ-ਦੁਆਲੇ ਦੀ ਕੀ ਪੂਰੇ ਪਿੰਡ, ਕਸਬੇ, ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਅਨੇਕਾਂ ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਕਰਕੇ ਸਾਨੂੰ ਲੱਖਾਂ ਦੁੱਖ-ਤਲਕੀਫਾਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਸਮਾਂ ਰਹਿੰਦੇ ਅਸੀਂ ਸਫਾਈ ਵੱਲ ਧਿਆਨ ਨਾ ਦਿੱਤਾ ਤਾਂ ਸਾਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਸਾਡੇ ਦੁਆਰਾ ਫੈਲਾਈ ਗੰਦਗੀ ਦੇ ਕਣ ਹਵਾਂ ਵਿੱਚ ਰਲ ਕੇ ਸਾਨੂੰ ਹੀ ਨੁਕਸਾਨ ਪਹੁੰਚਾ ਰਹੇ ਹਨ। ਇਸ ਲਈ ਸਾਨੂੰ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਤਾਂ ਜੋ ਅਸੀਂ ਇੱਕ ਵਧੀਆ ਬਿਮਾਰੀਆਂ ਰਹਿਤ ਜਿੰਦਗੀ ਜੀ ਸਕੀਏ। ਜਿਹੜਾ ਕੂੜਾ-ਕਰਕਟ ਅਸੀਂ ਆਪਣੇ ਘਰ੍ਹਾਂ ਅਤੇ ਆਲੇ-ਦੁਆਲੇ ਤੋਂ ਇਕੱਠਾ ਕਰਦੇ ਹਾਂ ਉਸ ਨੂੰ ਉਸਦੀ ਸਹੀ ਜਗ੍ਹਾ ਸੁੱਟਣਾ ਚਾਹੀਦਾ ਹੈ ਅਤੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਸਫਾਈ ਰੱਖਣੀ ਚਾਹੀਦੀ ਹੈ।
ਇਸ ਤਰ੍ਹਾਂ ਹੀ ਅਸੀਂ ਫਸਲਾਂ, ਫਲਾਂ, ਸਬਜੀਆਂ ਆਦਿ ‘ਤੇ ਅੰਨ੍ਹੇਵਾਹ ਸਪਰੇਅ ਆਦਿ ਕਰੀ ਜਾ ਰਹੇ ਇਹ ਵੀ ਹਵਾ ਰਾਹੀਂ ਸਾਡੇ ਤੱਕ ਪਹੁੰਚ ਕਰ ਰਿਹਾ ਹੈ ਅਤੇ ਸਾਡੇ ਬੱਚੇ ਅਤੇ ਅਸੀਂ ਜੋ ਅੱਜ ਖਾ-ਪੀ ਰਹੇ ਹਾਂ ਉਹ ਨਿਰਾ ਜ਼ਹਿਰ ਹੈ ਜਿਸ ਕਾਰਨ ਵੀ ਬਿਮਾਰੀਆਂ ਵਿੱਚ ਇਜਾਫਾ ਹੋਇਆ ਹੈ। ਪਾਣੀ ਦਾ ਇਸਤੇਮਾਲ ਵੀ ਅਸੀਂ ਸੁਚੱਜੇ ਢੰਗ ਨਾਲ ਨਹੀਂ ਕਰ ਰਹੇ। ਜਦੋਂ ਸਵੇਰੇ-ਸ਼ਾਮ ਸਰਕਾਰੀ ਟੂਟੀਆਂ ਆਦਿ ਜਾਂ ਸਮਬਰਸੀਬਲ ਪੰਪਾਂ ਆਦਿ ਤੋਂ ਪਾਣੀ ਦੀ ਸਪਲਾਈ ਹੁੰਦੀ ਹੈ ਉਦੋਂ ਵੀ ਜ਼ਿਆਦਾਤਰ ਪਾਣੀ ਵਾਲੀਆਂ ਟੂਟੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ ਅਤੇ ਇਹ ਪਾਣੀ ਫਿਰ ਗਲੀਆਂ-ਨਾਲੀਆਂ ਆਦਿ ਦਾ ਹੀ ਸ਼ਿੰਗਾਰ ਬਣਦਾ ਹੈ।
ਇਸ ਦੌਰਾਨ ਕਈ ਲੋਕ ਆਪਣੇ ਵਹੀਕਲਾਂ ਜਿਵੇਂ ਸਾਈਕਲ, ਸਕੂਟਰ, ਮੋਟਰਸਾਈਕਲ, ਗੱਡੀਆਂ ਆਦਿ ਵੀ ਧੋਂਦੇ ਹਨ ਅਤੇ ਇਸ ਦੌਰਾਨ ਵੀ ਕਾਫੀ ਪਾਣੀ ਗਲੀਆਂ-ਨਾਲੀਆਂ ਵਿੱਚ ਇਕੱਠਾ ਜਾਂਦਾ ਹੈ ਅਤੇ ਇਸ ਇਕੱਠੇ ਹੋਏ ਪਾਣੀ ਵਿੱਚੋਂ ਡੇਂਗੂ ਫੈਲਾਉਣ ਵਾਲੇ ਮੱਛਰ ਆਦਿ ਪੈਦਾ ਹੁੰਦੇ ਹਨ। ਜਿਸ ਨਾਲ ਅੱਜ ਅਨੇਕਾਂ ਬਿਮਾਰੀਆਂ ਨੇ ਆਪਣਾ ਘੇਰਾ ਵਧਾ ਲਿਆ ਹੈ। ਫਿਰ ਇਹੀ ਪਾਣੀ ਗਲੀਆਂ-ਨਾਲੀਆਂ ਵਿੱਚੋਂ ਹੁੰਦਾ ਹੋਇਆ ਟੋਭੇ-ਛੱਪੜਾਂ ਆਦਿ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਇਹ ਪਾਣੀ ਕਿਸੇ ਕੰਮ ਆਦਿ ਦਾ ਨਹੀਂ ਰਹਿੰਦਾ। ਕਿਉਂਕਿ ਜਿਆਦਾਤਰ ਪਿੰਡਾਂ ਆਦਿ ਵਿੱੱੱੱੱੱਚ ਕੱਚੇ ਟੋਭੇ-ਛੱਪੜ ਹਨ ਜਾਂ ਬਹੁਤੇ ਪਿੰਡਾਂ ਵਿੱਚ ਸੀਵਰੇਜ ਸਿਸਟਮ ਸ਼ੁਰੂ ਨਹੀਂ ਹੋਇਆ,
ਕਿਉਂਕਿ ਸੀਵਰੇਜ ਸਿਸਟਮ ਵਾਲੇ ਜੋ ਪਾਣੀ ਇੱਕ ਥਾਂ ਇਕੱਠਾ ਕਰਦੇ ਹਨ ਉਸ ਨੂੰ ਉਹ ਖੇਤੀ ਲਈ ਵਰਤਣ ਯੋਗ ਬਣਾ ਲੈਂਦੇ ਹਨ ਪਰ ਇਹ ਪਾਣੀ ਕਿਸੇ ਕੰਮ ਦਾ ਨਹੀਂ ਰਹਿੰਦਾ ਅਤੇ ਇਸ ਇਕੱਠੇ ਖੜ੍ਹੇ ਪਾਣੀ ਵਿੱਚ ਵੀ ਅਨੇਕਾਂ ਮੱਛਰ ਤੇ ਮੱਖੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਜੋ ਕਿ ਬਿਮਾਰੀਆਂ ਵਿੱਚ ਅਥਾਹ ਵਾਧਾ ਕਰਦੀਆਂ ਹਨ।
ਇਸੇ ਤਰ੍ਹਾਂ ਹੀ ਘਰ੍ਹਾਂ ਵਿੱਚ ਪਏ ਫਾਲਤੂ ਸਾਮਾਨ, ਜਿਸ ਨੂੰ ਅਸੀਂ ਘਰ੍ਹਾਂ ਦੀਆਂ ਛੱਤਾਂ ‘ਤੇ ਇਸ ਤਰ੍ਹਾਂ ਰੱਖਦੇ ਹਾਂ ਜਿਵੇਂ ਪਟਿਆਲਾ ਜਿਲ੍ਹੇ ਦੀ ਸੰਡੇ ਸੇਲ ਲੱਗੀ ਹੋਵੇ ਅਤੇ ਇਨ੍ਹਾਂ ‘ਤੇ ਜਦੋਂ ਮੀਂਹ ਆਦਿ ਪਾਣੀ ਡਿੱਗਦਾ ਹੈ ਅਤੇ ਇਹ ਪਾਣੀ ਕਈ-ਕਈ ਮਹੀਨੇ ਉੱਥੇ ਹੀ ਖੜ੍ਹਾ ਰਹਿੰਦਾ ਹੈ ਤਾਂ ਫਿਰ ਇੱਥੋਂ ਅਨੇਕਾਂ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਤੇ ਮੱਖੀਆਂ ਪੈਦਾ ਹੁੰਦੇ ਹਨ ਜੋ ਕਿ ਸਾਡੇ ਬਣਾਏ ਖਾਣੇ ਉੱਤੇ ਬੈਠ ਕੇ ਉਸਨੂੰ ਗੰਦਾ ਕਰਦੇ ਹਨ ਅਤੇ ਫਿਰ ਉਹੀ ਖਾਣਾ ਖਾ ਕੇ ਅਸੀਂ ਡਾਕਟਰ ਆਦਿ ਕੋਲ ਪਹੁੰਚ ਜਾਂਦੇ ਹਾਂ। ਇਸ ਲਈ ਜਿੰਨਾ ਹੋ ਸਕੇ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਅਸੀਂ ਸੁੱਖ ਦੀ ਜਿੰਦਗੀ ਜੀਅ ਸਕਦੇ ਹਾਂ ਅਤੇ ਸਫਾਈ ਨਾਲ ਸਾਡਾ ਆਉਣ ਵਾਲਾ ਭਵਿੱਖ ਵੀ ਵਧੀਆ ਤੇ ਉੱਜਵਲ ਹੋਵੇਗਾ।
ਬਠੋਈ ਕਲਾਂ, ਪਟਿਆਲਾ
ਮੋ. 99152-98157
ਨਰਿੰਦਰ ਸਿੰਘ ਚੌਹਾਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.