ਕਤਲ ਕੇਸ ਮਾਮਲੇ ’ਚ ਪੁਲਿਸ ਵੱਲੋਂ ਪ੍ਰਦੀਪ ਤੇ ਸੰਦੀਪ ਨੂੰ ਕੀਤਾ ਗ੍ਰਿਫ਼ਤਰ, ਤਿੰਨ ਦਿਨਾਂ ਦੇ ਰਿਮਾਂਡ ’ਤੇ ਭੇਜਿਆ | Deportation
- ਦਸ ਮਹੀਨੇ ਪਹਿਲਾਂ ਹੀ ਸਵਾ ਕਰੋੜ ਰੁਪਏ ਖਰਚ ਕੇ ਪਹੁੰਚੇ ਸਨ ਅਮਰੀਕਾ
Deportation: (ਖੁਸ਼ਵੀਰ ਸਿੰਘ ਤੂਰ/ਅਜਯ ਕਮਲ) ਪਟਿਆਲਾ/ਰਾਜਪੁਰਾ। ਅੰਮ੍ਰਿਤਸਰ ਵਿਖੇ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਰਾਜਪੁਰਾ ਦੇ ਦੋ ਚਚੇਰੇ ਭਰਾਵਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਪੁਲਿਸ ਨੇ ਕਤਲ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਰ ਕਰ ਲਿਆ ਉਕਤ ਦੋਵੇਂ ਭਰਾਵਾਂ ਨੂੰ ਪਰਿਵਾਰ ਵੱਲੋਂ ਸਵਾ ਕਰੋੜ ਰੁਪਏ ਲਾ ਕੇ ਦਸ ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਅਤੇ ਹੁਣ ਆਉਂਦਿਆਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਕਰਕੇ ਪਰਿਵਾਰ ਚਿੰਤਾ ’ਚ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਵਿਕਾਸ ਨਗਰ ਵਾਸੀ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਜੋ ਕਿ ਬੀਤੀ ਰਾਤ ਅਮਰੀਕਾ ਪਰਤੇ ਦੂਜੇ ਜਹਾਜ਼ ਵਿੱਚ 116 ਭਾਰਤੀਆਂ ਵਿੱਚ ਸ਼ਾਮਿਲ ਸਨ ਜਦੋਂ ਉਹ ਅੰਮ੍ਰਿਤਸਰ ਵਿਖੇ ਹਵਾਈ ਅੱਡੇ ’ਤੇ ਉਤਰੇ ਤਾਂ ਉੱਥੇ ਹੀ ਰਾਜਪੁਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਹੋਈ ਬੱਲੇ-ਬੱਲੇ, ਤਨਖਾਹ ’ਚ ਹੋਇਆ ਇੰਨ੍ਹਾਂ ਵਾਧਾ
ਦੱਸਿਆ ਜਾ ਰਿਹਾ ਹੈ ਕਿ ਜੂਨ 2023 ਵਿੱਚ ਰਾਜਪੁਰਾ ਦੀ ਸਬਜ਼ੀ ਮੰਡੀ ਵਿਖੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਵਿੱਚ ਉਕਤ ਦੋਵੇਂ ਭਰਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਇਸ ਦੌਰਾਨ ਪਰਿਵਾਰ ਵੱਲੋਂ ਉਕਤ ਦੋਵੇਂ ਚਚੇਰੇ ਭਰਾਵਾਂ ਨੂੰ ਸਵਾ ਕਰੋੜ ਰੁਪਏ ਖਰਚ ਕਰਕੇ ਅਮਰੀਕਾ ਭੇਜ ਦਿੱਤਾ ਸੀ। ਇਸ ਸਬੰਧੀ ਪਰਿਵਾਰ ਵੱਲੋਂ ਆਪਣੀ ਤਿੰਨ ਏਕੜ ਜ਼ਮੀਨ ਆਦਿ ਵੇਚ ਕੇ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ 10 ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਤਾਂ ਜੋ ਉੱਥੇ ਜਾ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰ ਸਕਣ, ਪਰ ਪਰਿਵਾਰ ਨੂੰ ਕਿ ਪਤਾ ਸੀ ਕਿ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਇਹਨਾਂ ਭਰਾਵਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।
ਪਰਿਵਾਰ ’ਤੇ ਪਈ ਦੂਹਰੀ ਮਾਰ, ਸਰਕਾਰ ਤੋਂ ਇਨਸਾਫ ਦੀ ਮੰਗ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਤਲ ਕੇਸ ਦੇ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੋਹਾਂ ਭਰਾਵਾਂ ਦਾ ਕਤਲ ਕੇਸ ਨਾਲ ਕੋਈ ਸੰਬੰਧ ਨਹੀਂ। ਪ੍ਰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਕਿਹਾ ਕਿ ਤੇ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕੇ ਬਰਬਾਦ ਹੋ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਉਨਾਂ ਦੇ ਦੋਵਾਂ ਭਰਾਵਾਂ ਨੂੰ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰ ਨਾਲ ਇਨਸਾਫ਼ ਕੀਤਾ ਜਾਵੇ ।
ਉਹਨਾਂ ਦੱਸਿਆ ਕਿ ਅਮਰੀਕਾ ਭੇਜਣ ਸਮੇਂ ਏਜੰਟ ਨੇ ਕਿਹਾ ਸੀ ਕਿ ਇਹਨਾਂ ਨੂੰ ਲੀਗਲ ਤਰੀਕੇ ਦੇ ਨਾਲ ਭੇਜਿਆ ਜਾ ਰਿਹਾ ਹੈ ਪਰੰਤੂ ਏਜੰਟ ਨੇ ਧੋਖਾ ਕੀਤਾ ਅਤੇ ਹੁਣ ਇਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਪਹੁੰਚਦਿਆਂ ਹੀ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਕੈਂਪ ਵਿੱਚ ਰੱਖਿਆ ਹੋਇਆ ਸੀ। ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਹਨਾਂ ਚਚੇਰੇ ਭਰਾਵਾਂ ਨੂੰ ਕਤਲ ਕੇਸ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਗ੍ਰਿਫਤਾਰ ਕੀਤੇ ਇਨਾਂ ਭਰਾਵਾਂ ਨੂੰ ਅੱਜ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਨੇ ਇਹਨਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।