ਹਾਥੀ ਦੇ ਹਮਲੇ ’ਚ ਇੱਕ ਔਰਤ ਸਮੇਤ ਦੋ ਦੀ ਮੌਤ, ਜੰਗਲਾਤ ਵਿਭਾਗ ਨੇ ਜਾਰੀ ਕੀਤਾ ਅਲਰਟ
(ਏਜੰਸੀ)
ਪਥਲਗਾਓਂ। ਛੰਤੀਸਗੜ੍ਹ ਦੇ ਜਸ਼ਪੁਰ ਵਣ ਮੰਡਲ ਵਿੱਚ ਮੰਗਲਵਾਰ ਨੂੰ ਹਾਥੀਆਂ ਦੇ ਹਮਲੇ ਕਾਰਨ ਇੱਕ ਔਰਤ ਸਮੇਤ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ । ਹਾਥੀ ਦੇ ਹਮਲੇ ਕਾਰਨ ਪਿਛਲੇ ਪੰਦਰਵਾੜੇ ਦੌਰਾਨ ਪੰਜ ਲੋਕਾਂ ਦੀ ਮੌਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਹਾਥੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਣ ਮੰਡਲ ਅਧਿਕਾਰੀ ਨੇ ਉਪ ਪ੍ਰਧਾਨ ਜਤਿੰਦਰ ਨੇ ਯੂਐਨਆਈ ਨੂੰ ਦੱਸਿਆ ਕਿ ਲੋਕਾਂ ਨੂੰ ਜੰਗਲਾਂ ਤੋਂ ਦੂਰ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਜੰਗਲ ਦੇ ਆਸ-ਪਾਸ ਘੱਟ ਆਬਾਦੀ ਵਾਲੇ ਪਿੰਡਾਂ ਦੇ ਲੋਕਾਂ ਲਈ ਨੇੜਲੇ ਕਮਿਊਨਿਟੀ ਹਾਲ ’ਚ ਰਾਤ ਠਹਿਰਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਜਸ਼ਪੁਰ ਵਣ ਮੰਡਲ ’ਚ 45 ਹਾਥੀ ਪੰਜ ਵੱਖ-ਵੱਖ ਗਰੂਪਾਂ ’ਚ ਘੁੰਮ ਰਹੇ ਹਨ।
ਭਿਆਨਕ ਗਰਮੀ ਕਾਰਨ ਜੰਗਲਾਂ ’ਚ ਚਾਰੇ ਪਾਣੀ ਦੀ ਕਮੀ ਹੋਣ ਕਾਰਨ ਹਾਥੀ ਆਬਾਦੀ ਵਾਲੇ ਇਲਾਕਿਆਂ ’ਚ ਪਹੁੰਚ ਗਏ ਹਨ। ਸੰਸਦੀ ਸਕੱਤਰ ਅਤੇ ਕੁੰਕੁਰੀ ਦੇ ਵਿਧਾਇਕ ਯੁਡੀ ਮਿੰਜ ਦਾ ਕਹਿਣਾ ਹੈ ਕਿ ਜੰਗਲਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਚਾਰੇ ਪਾਣੀ ਦੀ ਘਾਟ ਕਾਰਨ ਜੰਗਲੀ ਜਾਨਵਰ ਜੰਗਲਾਂ ਤੋਂ ਬਾਹਰ ਭਟਕਣ ਲਈ ਆ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਹਾਥੀਆਂ ਨੇ ਅੱਜ ਤੜਕੇ ਕੁੰਕੁਰੀ ਨੇੜੇ ਹਾਈਵੇ ਦੇ ਕੰਦੋਰਾ ਪਿੰਡ ’ਚ ਇੱਕ ਕਿਸਾਨ ਦੇ ਲੀਚੀ ਦੇ ਬਾਗ ’ਚ ਪਹੁੰਚਣ ਤੋਂ ਬਾਅਦ ਹੰਗਾਮਾਂ ਕੀਤਾ ਅਤੇ ਉਸ ਦੀ ਰਾਖੀ ਕਰ ਰਹੇ ਕਿਸਾਨ ਨੂੰ ਕੁਚਲ ਕੇ ਮਾਰ ਦਿੱਤਾ। ਇਸੇ ਤਰ੍ਹਾਂ ਗਿੱਧਾਬਹਾਰ ’ਚ ਵੀ ਸ਼ਨੀਆਰੋ ਬਾਈ ਨਾਂਅ ਦੀ ਔਰਤ ’ਤੇ ਹਾਥੀਆਂ ਨੇ ਹਮਲਾ ਕਰ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੰਗਲਾਤ ਵਿਭਾਗ ਨੇ ਹਾਥੀ ਦੇ ਹਮਲੇ ਤੋਂ ਪ੍ਰਭਾਵਿਤ ਇੱਕ ਦਰਜਨ ਪਿੰਡਾਂ ’ਚ ਜੰਗਲਾਤ ਕਰਮਚਾਰੀਆਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਸਾਵਧਾਨੀ ਵਰਤਣ ਲਈ ਮੁਨਾਦੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ