ਮਾਮਲਾ ਜੇਲ੍ਹ ਚੋਂ ਫਰਾਰ ਹੋਏ ਕੈਦੀਆਂ ਦਾ
-
ਜਾਂਚ ਦੌਰਾਨ ਪਾਈ ਗਈ ਲਾਪਰਵਾਹੀ, ਦੋ ਕੈਂਦੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ
ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਅਪਰੈਲ ਮਹੀਨੇ ਦੌਰਾਨ ਰਾਤ ਨੂੰ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ ਸਬੰਧੀ ਪਟਿਆਲਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਅਤੇ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਂਜ ਇਹ ਮੁਅੱਤਲੀ ਦੀ ਕਾਰਵਾਈ ਲਗਭਗ ਇੱਕ ਮਹੀਨੇ ਬਾਅਦ ਕੀਤੀ ਗਈ ਹੈ। ਮੁਅੱਤਲੀ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਜੋ ਉਸ ਰਾਤ ਨੂੰ ਡਿਊਟੀ ਅਫ਼ਸਰ ਸੀ, ਸਹਾਇਕ ਸੁਪਰਡੈਂਟ ਤਰਲੋਚਨ ਸਿੰਘ ਵਾਰਡ ਇੰਚਾਰਜ ਅਤੇ ਜੇਲ੍ਹ ਵਾਰਡਨ ਸੰਤ ਸਿੰਘ ਨਾਈਟ ਡਿਊਟੀ ਅਫ਼ਸਰ ਵਜੋਂ ਸ਼ਾਮਲ ਹਨ। ਮੁਅੱਤਲੀ ਦੀ ਕਾਰਵਾਈ ਆਈ.ਜੀ (ਜੇਲ੍ਹਾਂ) ਆਰ.ਕੇ ਅਰੋੜਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕਿ 27-28 ਅਪਰੈਲ ਦੀ ਰਾਤ ਨੂੰ ਫਰਾਰ ਹੋਏ ਕੈਦੀਆਂ ’ਚ ਯੂਕੇ ਤੋਂ ਲਿਆਂਦਾ ਗਿਆ ਅੰਮਿ੍ਰਤਸਰ ਜ਼ਿਲ੍ਹੇ ਦਾ ਸ਼ੇਰ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਕਤਲ ਮਾਮਲੇ ਵਿੱਚ ਯੂਕੇ ਦੀ ਅਦਾਲਤ ਵੱਲੋਂ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਨਸ਼ਾ ਤਸਕਰੀ ਦੇ ਕੇਸ ਵਿੱਚ ਸਜ਼ਾ ਕੱਟ ਰਹੇ ਇੰਦਰਜੀਤ ਧਿਆਨਾ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਨਾਲ ਫ਼ਰਾਰ ਹੋ ਗਿਆ ਸੀ। ਧਿਆਨਾ ਨੂੰ ਹਾਲਾਂਕਿ ਹਫਤੇ ਮਗਰੋਂ ਪਟਿਆਲਾ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ। ਸ਼ੇਰ ਸਿੰਘ ਅਤੇ ਫੌਜੀ ਸਿੰਘ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਜੇਲ੍ਹ ਸੁਪਰਡੈਂਟ ਸਿਵਰਾਜ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਰ ਹੋਏ ਦੋਵੇਂ ਕੈਦੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਕੈਦੀਆਂ ਨੂੰ ਦਬੋਚ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।