ਦੋਸਤੀ ਦਾ ਸੱਚਾ-ਸੁੱਚਾ ਰਿਸ਼ਤਾ ਜ਼ਿੰਦਗੀ ’ਚ ਅਹਿਮ ਸਥਾਨ ਰੱਖਦੈ
ਦੋਸਤੀ ਜ਼ਿੰਦਗੀ ਦਾ ਧੁਰਾ ਹੈ। ਮਿੱਤਰ ਪਤੰਗ ਦੀ ਡੋਰ ਵਾਲਾ ਕੰਮ ਕਰਦੇ ਹਨ ਜਿਨ੍ਹਾਂ ਦੇ ਸਹਾਰੇ ਅਸੀਂ ਅੰਬਰਾਂ ’ਚ ਉੱਡਦੇ ਹਾਂ। ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ’ਚ ਮਿੱਤਰਾਂ ਦੇ ਸਾਥ ਦੀ ਬਹੁਤ ਲੋੜ ਹੁੰਦੀ ਹੈ। ਦੋਸਤ ਆਕਸੀਜਨ ਹੁੰਦੇ ਹਨ ਪਰ ਦੋਸਤੀ-ਧਰਮ ਨਿਭਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਇਸ ਦੁਨੀਆ ਵਿੱਚ, ਤੁਹਾਨੂੰ ਬਹੁਤ ਸਾਰੇ ਵੱਖੋ-ਵੱਖਰੇ ਲੋਕ ਮਿਲਣਗੇ ਅਤੇ ਤੁਹਾਡੇ ਦੋਸਤਾਂ ਦੇ ਸੁਭਾਅ ਤੇ ਖਿਆਲਾਂ ਦੀ ਇਹ ਵਿਭਿੰਨਤਾ ਤਹਾਨੂੰ ਸ਼ਖਸੀ ਅਮੀਰੀ ਦਿੰਦੀ ਹੈ। ਅਸੀਂ ਮਿੱਤਰਾਂ ’ਚੋਂ ਆਪਣਾ ਅਕਸ ਤਲਾਸ਼ਦੇ ਹਾਂ। ਕੇਵਲ ਸੱਪ ਹੀ ਨਹੀਂ ਸਗੋਂ ਕੁਝ ਬੰਦੇ ਵੀ ਜ਼ਹਿਰੀਲੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਹਨ। ਚੰਗੇ ਲੋਕਾਂ ਦਾ ਸਾਥ ਸਾਨੂੰ ਬਹੁਤ ਅੱਗੇ ਲੈ ਜਾਂਦਾ ਹੈ ਬਸ਼ਰਤੇ ਅਜਿਹੇ ਲੋਕ ਸਾਡੀ ਮਿੱਤਰ-ਮਾਲਾ ਦਾ ਹਿੱਸਾ ਹੋਣ।
ਸਾਡੇ ਮਿੱਤਰ ਕਿਹੋ-ਜਿਹੇ ਹੋਣ? ਏਸ ਵਾਲ ਦਾ ਉੱਤਰ ਬੜਾ ਵਿਸ਼ਾਲ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਉਹ ਦੋਸਤ ਜੋ ਸਾਨੂੰ ਚੀਜ਼ਾਂ ’ਤੇ ਸਵਾਲ ਉਠਾਉਣ ਲਈ ਪ੍ਰੇਰਿਤ ਕਰਦੇ ਹਨ ਉਹ ਸਾਡੀ ਸੋਚ ਨੂੰ ਤਰਕ ਦੀ ਸਾਣ ’ਤ ਲਾਉਂਦੇ ਹਨ। ਜੋ ਹਮੇਸ਼ਾ ਸਾਡੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਤਿਆਰ ਹੁੰਦੇ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਚੀਜ਼ਾਂ ਨੂੰ ਬਾਹਰੀ ਦਿ੍ਰਸ਼ਟੀਕੋਣ ਤੋਂ ਕਿਵੇਂ ਵੇਖਣਾ ਹੈ? ਇਸ ਦੁਆਰਾ ਅਸੀਂ ਆਪਣੇ-ਆਪ ਨੂੰ ਹੋਰ ਲੱਭਦੇ ਹਾਂ। ਉਹ ਦੋਸਤ ਜਿਨ੍ਹਾਂ ਨਾਲ ਸਾਡੀ ਜ਼ਜ਼ਬਾਤੀ ਸਾਂਝ ਹੁੰਦੀ ਹੈ ਤੇ ਸਾਡੇ ਬਾਰੇ ਧੁਰ ਅੰਦਰ ਤੱਕ ਜਾਣਦੇ ਹਨ। ਹਰ ਪਲ ਸਾਡੀ ਜ਼ਰੂਰਤ ਮਹਿਸੂਸ ਕਰਦੇ ਹਨ। ਜੋ ਸਾਡੀ ਦਿਆਲਤਾ ਜਾਂ ਜ਼ਜ਼ਬਾਤੀ ਉਲਾਰਪੁਣੇ ਦਾ ਕਦੇ ਵੀ ਲਾਹਾ ਨਹੀਂ ਲੈਂਦੇ।
ਦੁਨੀਆਂ ’ਤੇ ਬਹੁਤ ਥੋੜ੍ਹੇ ਲੋਕ ਹਨ ਜਿਨ੍ਹਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੋਵੇ ਕਿਉਂਕਿ ਅੱਜ-ਕੱਲ੍ਹ ਲੋਕ ਆਪਣੇ ਨਿੱਜੀ ਲਾਭ ਜਾਂ ਅੱਗੇ ਵਧਣ ਲਈ ਦੂਜੇ ਦੀਆਂ ਕਮਜ਼ੋਰੀਆਂ ਨੂੰ ਪੌੜੀਆਂ ਵਜੋਂ ਵਰਤਦੇ ਹਨ ।ਭਰੋਸੇਯੋਗ ਦੋਸਤ ਅਮੁੱਲ ਸੰਪੱਤੀ ਹੁੰਦੇ ਹਨ। ਤੁਸੀਂ ਅਜਿਹੇ ਮਿੱਤਰਾਂ ’ਤੇ ਭਰੋਸਾ ਕਰ ਸਕਦੇ ਹੋ ਅਤੇ ਉਹਨਾਂ ਨਾਲ ਆਪਣਾ ਅੰਦਰਲਾ ਆਪਾ ਫਰੋਲਣ ’ਚ ਅਰਾਮਦਾਇਕ ਮਹਿਸੂਸ ਕਰਦੇ ਹੋ, ਖਾਸ ਕਰਕੇ ਅਜਿਹੀਆਂ ਗੱਲਾਂ ਜੋ ਤੁਸੀਂ ਕਿਸੇ ਹੋਰ ਨਾਲ ਸਾਂਝੀਆਂ ਨਹੀਂ ਕਰ ਸਕਦੇ। ਸਾਨੂੰ ਇਨ੍ਹਾਂ ਲੋਕਾਂ ਨਾਲ ਆਪਣੇ ਭੇਦ ਸਾਂਝੇ ਕਰਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਪਰਖੇ ਹੋਏ ਹੁੰਦੇ ਹਨ।
ਅਸੀਂ ਆਪਣੇ ਅੰਦਰ ਦੀ ਚਾਬੀ ਇਹਨਾਂ ਦੇ ਹਵਾਲੇ ਕਰਕੇ ਨਿਸ਼ਚਿੰਤ ਹੋ ਜਾਂਦੇ ਹਾਂ ਕੁਝ ਸੁਪਨੇ ਹੁੰਦੇ ਹਨ ਜੋ ਮਿੱਤਰਾਂ ਦੀ ਮੱਦਦ ਤੋਂ ਬਿਨਾਂ ਲਏ ਨਹੀਂ ਜਾ ਸਕਦੇ। ਅਜਿਹੇ ਸੁਪਨੇ ਪੂਰੇ ਹੋਣ ’ਤੇ ਜਸ਼ਨ ਵੀ ਮਿੱਤਰਾਂ ਨਾਲ ਹੀ ਮਨਾਏ ਜਾਂਦੇ ਹਨ। ਤੁਹਾਨੂੰ ਪ੍ਰੇਰਨਾ ਲਈ ਵਿਸ਼ਵਾਸ਼ਯੋਗ ਮਿੱਤਰਾਂ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ ਉਹ ਤੁਹਾਨੂੰ ਉਤਸ਼ਾਹਿਤ ਕਰਦੇ ਹਨ ਅਤੇ ਤੁਸੀਂ ਜ਼ਿੰਦਗੀ ਵਿੱਚ ਕਿੱਥੇ ਹੋ ? ਤੇ ਇਸ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਣਾ ਹੈ ਬਾਰੇ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ। ਸਾਡੇ ਰਚਨਾਤਮਿਕ ਕੰਮਾਂ ਦੇ ਪ੍ਰਸੰਸਕ ਵੀ ਸਾਡੇ ਅਸਲ ਮਿੱਤਰ ਹੁੰਦੇ ਹਨ। ਉਹ ਲੋਕ ਜੋ ਤੁਹਾਡੇ ਅੰਦਰਲੀ ਸਿਰਜਨਾ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦੇ ਹਨ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਉਹ ਸਾਡੇ ਬਾਹਰੀ ਤੇ ਅੰਦਰੂਨੀ ਸੰਸਾਰ ਦੇ ਮੇਲ ਲਈ ਸਾਧਨ ਬਣਦੇ ਹਨ।
ਅਜਿਹੇ ਮਿੱਤਰ ਸਾਨੂੰ ਆਪਾ ਜ਼ਾਹਿਰ ਕਰਨ ਲਈ ਉਤੇਜ਼ਿਤ ਕਰਦੇ ਹਨ ਅਤੇ ਮਿੱਤਰਾਂ ਦੇ ਮਿੱਠੇ ਤੇ ਸਲੂਣੇ ਸਹਿਯੋਗ ਕਰਕੇ ਅਸੀਂ ਆਪਣੇ ਬਾਰੇ ਵਧੇਰੇ ਸੋਚਦੇ ਹਾਂ, ਇਸ ਮਾਨਸਿਕ ਕਸਰਤ ਨਾਲ ਸਾਡੇ ਅਜਿਹੇ ਰਚਨਾਤਮਿਕ ਪੱਖ ਬਾਹਰ ਆਉਂਦੇ ਹਨ ਜਿਹਨਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਹੈ। ਕੇਵਲ ਬੋਲਣਾ ਹੀ ਨਹੀਂ ਹੁੰਦਾ ਕਦੇ-ਕਦੇ ਸਾਹਮਣੇ ਵਾਲੇ ਨੂੰ ਸੁਨਣਾ ਵੀ ਹੁੰਦਾ ਹੈ, ਇਸ ਸ਼ਾਂਤ ਸਰੋਤੇ ਚੰਗੇ ਮਿੱਤਰ ਹੋ ਨਿੱਬੜਦੇ ਹਨ। ਕੁਝ ਖਾਸ ਗੱਲਾਂ ਕੁਝ ਖਾਸ ਬੰਦਿਆਂ ਨਾਲ ਸਾਂਝੀਆਂ ਕਰਕੇ ਹੀ ਸੁਆਦ ਆਉਂਦਾ ਹੈ।
ਅਸੀਂ ਗੱਲਾਂ-ਗੱਲਾਂ ਵਿੱਚ ਉਹਨਾਂ ਨਾਲ ਸਲਾਹ-ਮਸ਼ਵਰੇ ਕਰਦੇ ਰਹਿੰਦੇ ਹਾਂ ਤੇ ਇਹ ਅਦਾਨ-ਪ੍ਰਦਾਨ ਜੀਵਨ ਜਿੱਤਾਂ ਦਾ ਅਧਾਰ ਬਣਦਾ ਹੈ। ਜ਼ਿੰਦਗੀ ਦੀ ਉਲਝੀ ਤਾਣੀ ਸੁਲਝਾਉਣ ਲਈ ਤੱਤਕਾਲੀ ਹਾਲਾਤਾਂ ਅਨੁਸਾਰ ਅਸੀਂ ਜਿਹਨਾਂ ਮਸਲਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਬਾਰੇ ਵਿਚਾਰ-ਚਰਚਾ ਵੀ ਮਿੱਤਰਾਂ ਨਾਲ ਕਰਦੇ ਹਾਂ। ਇਸ ਗੱਲਬਾਤ ’ਚੋਂ ਹੈਰਾਨੀਜਨਕ ਹੱਲ ਨਿੱਕਲਦੇ ਹਨ। ਅਜਿਹੇ ਔਖੇ ਸਮੇਂ ਮਿੱਤਰ ਦਾ ਮਿਲਣਾ ਤਿਹਾਏ ਨੂੰ ਪਾਣੀ ਮਿਲਣ ਬਰਾਬਰ ਹੁੰਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਹਮੇਸ਼ਾਂ ਸਾਨੂੰ ਦੱਸਣ ਲਈ ਤਿਆਰ ਰਹਿੰਦੇ ਕਿ ਹੁਣ ਅੱਗੇ ਕੀ ਕਰਨਾ ਹੈ। ਮੌਜ-ਮਸਤੀ ਵੀ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ। ਸਾਡੇ ਮੂਡ ਨੂੰ ਰੰਗਦਾਰ ਕਰਨ ’ਚ ਵੀ ਮਿੱਤਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ।
ਮਨੋਰੰਜਨ ਕਰਨ ਤੇ ਕਰਵਾਉਣ ਵਾਲੇ ਮਿੱਤਰ ਸਾਹਸੀ ਤੇ ਖੁੱਲ੍ਹ-ਦਿਲੇ ਹੁੰਦੇ ਹਨ ਤਾਂ ਹੀ ਇਰਖਾਲੂ ਤੇ ਸੜੀਅਲ ਲੋਕਾਂ ਦਾ ਕੋਈ ਮਿੱਤਰ ਨਹੀਂ ਹੁੰਦਾ। ਸਾਗਰਾਂ ਵਰਗੇ ਵਿਸ਼ਾਲ ਹਿਰਦਿਆਂ ਵਾਲੇ ਅਜਿਹੇ ਮਿੱਤਰ ਸਾਨੂੰ ਜ਼ਿੰਦਗੀ ਸੰਗਰਾਮ ਨੂੰ ਫਤਿਹ ਕਰਨ ਦੇ ਅਜਿਹੇ ਨੁਕਤੇ ਦੱਸਦੇ ਹਨ ਕਿ ਅਸੀਂ ਜਿੱਤਾਂ ਦਰਜ ਕਰਦੇ ਅੱਗੇ ਵਧਦੇ ਜਾਂਦੇ ਹਾਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਜੋਕੇ ਸਮੇਂ ’ਚ ਬੰਦੇ ਅੰਦਰੋਂ ਉਸਦਾ ਅਸਲ ਮਾਨਵੀ ਖਾਸਾ ਦਿਨੋ-ਦਿਨ ਮਨਫੀ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਸਮਾਜ ਤੇ ਘਰ ਤੇਜ਼ੀ ਨਾਲ ਟੁੱਟ ਰਹੇ ਹਨ। ਕਿ੍ਰਸ਼ਨ ਤੇ ਸੁਦਾਮੇ ਵਾਲੀ ਮਿੱਤਰਤਾ ਬੀਤੇ ਸਮੇਂ ਦੀ ਗੱਲ ਬਣਕੇ ਰਹਿ ਗਈ ਹੈ।
ਅੱਜ- ਕੱਲ੍ਹ ਤਾਂ ਗੱਫੇ ਲੈਣ ਲਈ ਯਾਰੀਆਂ ਵੀ ਵੱਡਿਆਂ ਨਾਲ ਹੀ ਗੰਢੀਆਂ ਜਾਂਦੀਆਂ ਹਨ। ਸਮਾਜ ਅੰਦਰ ਆਪਣੀ ਫੋਕੀ ਪੈਂਠ ਬਣਾਈ ਰੱਖਣ ਲਈ ਸੋਸ਼ਲ ਮੀਡੀਆ ’ਤੇ ਵੀ ਅਖੌਤੀ ਉੱਚਿਆਂ ਨਾਲ ਫੋਟੋਆਂ ਪਾਉਣ ਦਾ ਰਿਵਾਜ ਹੈ। ਪਰੰਤੂ ਆਲੇ-ਦੁਆਲੇ ਠੰਢਕ ਤੇ ਸਮੂਹਿਕ ਵਿਕਾਸ ਲਈ ਸੱਚੇ ਸਾਰਥੀ ਸਮੇਂ ਦੀ ਵੱਡੀ ਲੋੜ ਹਨ। ਆਉ! ਆਪਾਂ ਵੀ ਕਿਸੇ ਦੇ ਸੰਗੀ ਬਣ ਮਿੱਤਰਾਂ ਨੂੰ ਸਿਖਰਾਂ ’ਤੇ ਲੈ ਕੇ ਜਾਣ ਦੇ ਸੂਤਰਦਾਰ ਬਣੀਏ ਕਿਉਂਕਿ ਇਹ ਹੀ ਅਸਲ ਜੀਵਨਧਾਰਾ ਹੈ।
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ