ਬਿੰਦਰ ਸਿੰਘ ਖੁੱਡੀ ਕਲਾਂ
ਮਹਿਜ਼ ਦੋ ਵਰ੍ਹਿਆਂ ਦਾ ਮਾਸੂਮ ਵੱਡਿਆਂ ਦੀ ਅਣਗਹਿਲੀ ਦੀ ਸਜ਼ਾ ਭੁਗਤਦਾ ਸੰਸਾਰ ਤੋਂ ਰੁਖਸਤ ਹੋ ਗਿਆ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਹੱਸਦੇ-ਖੇਡਦੇ ਮਾਸੂਮ ਨੂੰ ਛੋਟੀ ਜਿਹੀ ਅਣਗਹਿਲੀ ਦਾ ਇੰਨਾ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਨਾ ਵਰਤੋਂਯੋਗ ਬੋਰਵੈਲ ਮਾਸੂਮ ਲਈ ਮੌਤ ਦਾ ਖੂਹ ਬਣ ਗਿਆ। ਮਾਂ ਵੱਲੋਂ ਭੱਜ ਕੇ ਫੜ੍ਹਨ ਦੀ ਕੋਸ਼ਿਸ਼ ਨਾਲ ਫਤਿਹਵੀਰ ਦੇ ਬਚਾਅ ਲਈ ਸ਼ੁਰੂ ਹੋਈਆਂ ਕੋਸ਼ਿਸ਼ਾਂ ਕਿਸੇ ਕੰਮ ਨਾ ਆਈਆਂ। ਮਾਸੂਮ ਦੇ ਕਿਸੇ ਕੰਮ ਨਾ ਆਈ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ। ਬਦਕਿਸਮਤੀ ਵੱਸ ਅੰਬਰਾਂ ‘ਚ ਉਡਾਰੀਆਂ ਲਾਉਣ ਅਤੇ ਸਮੁੰਦਰਾਂ ਦੀਆਂ ਗਹਿਰਾਈਆਂ ਨਾਪਣ ਦੀ ਸਮਰੱਥਾ ਵਾਲੇ ਯੰਤਰ ਬਣਾਉਣ ਵਾਲਾ ਮੁਲਕ ਫਤਿਹਵੀਰ ਨੂੰ ਬਚਾਉਣ ਲਈ ਕੋਈ ਯੰਤਰ ਨਾ ਬਣਾ ਸਕਿਆ।
ਫਤਿਹਵੀਰ ਬੋਰਵੈਲ ਵਿੱਚ ਅਜਿਹਾ ਡਿੱਗਿਆ ਕਿ ਪੰਜ ਦਿਨਾਂ ਬਾਅਦ ਜਾਨ ਦੀ ਕੀਮਤ ਅਦਾ ਕਰਕੇ ਹੀ ਬਾਹਰ ਨਿੱਕਲਿਆ। ਬੇਸ਼ੱਕ ਪ੍ਰਸ਼ਾਸਨ ਅਤੇ ਸਮਾਜ ਪੰਜ ਦਿਨ ਫਤਿਹਵੀਰ ਦੀ ਸਲਾਮਤੀ ਲਈ ਜੂਝਦੇ ਰਹੇ ਪਰ ਡਾਕਟਰੀ ਰਿਪੋਰਟਾਂ ਅਨੁਸਾਰ ਫੀਤਹਵੀਰ ਨੇ ਦੋ ਦਿਨਾਂ ਬਾਅਦ ਹੀ ਉਮੀਦ ਛੱਡ ਦਿੱਤੀ ਸੀ ਅਤੇ ਉਹ ਸਾਨੂੰ ਸਭ ਨੂੰ ਅਲਵਿਦਾ ਆਖ ਕਦੇ ਨਾ ਮੁੜਨ ਵਾਲੇ ਸੰਸਾਰ ਵਿੱਚ ਚਲਾ ਗਿਆ। ਫਤਿਹਵੀਰ ਤਾਂ ਚਲਾ ਗਿਆ ਪਰ ਜਾਂਦਾ ਹੋਇਆ ਉਹ ਸਾਡੇ ਲਈ ਤੇ ਸਾਡੀਆਂ ਸਰਕਾਰਾਂ ਲਈ ਬਹੁਤ ਸਾਰੇ ਸਵਾਲ ਛੱਡ ਕੇ ਗਿਆ ਹੈ। ਉਹਨਾਂ ਸਵਾਲਾਂ ਦੇ ਜਵਾਬ ਹੀ ਫਤਿਹਵੀਰ ਲਈ ਅਸਲੀ ਸ਼ਰਧਾਂਜਲੀ ਹੋਣਗੇ। ਸਮਾਜ ਦੀ ਛੋਟੀ ਜਿਹੀ ਅਣਗਹਿਲੀ ਨੇ ਜਿਸ ਤਰ੍ਹਾਂ ਫਤਿਹਵੀਰ ਨੂੰ ਮੌਤ ਦੇ ਮੂੰਹ ‘ਚ ਪਹੁੰਚਾਇਆ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਡੇ ਸਮਾਜ ‘ਚ ਵਾਪਰ ਚੁੱਕੀਆਂ ਹਨ। ਪਰ ਅਸੀਂ ਸਬਕ ਨਹੀਂ ਸਿੱਖਿਆ ਅਤੇ ਉਹੀ ਅਣਗਹਿਲੀਆਂ ਦੁਹਰਾਉਂਦੇ ਆ ਰਹੇ ਹਾਂ। ਫਤਿਹਵੀਰ ਨੂੰ ਸਭ ਤੋਂ ਪਹਿਲੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਮਾਸੂਮਾਂ ਲਈ ਮੌਤ ਦਾ ਸਬੱਬ ਬਣਨ ਵਾਲੀਆਂ ਗਲਤੀਆਂ ਤੋਂ ਤੌਬਾ ਕਰੀਏ। ਖੁੱਲ੍ਹੇ ਪਏ ਬੋਰਵੈਲਾਂ ਸਮੇਤ ਤਮਾਮ ਹੋਰ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰੀਏ। ਕੁੱਝ ਦਿਨਾਂ ਤੋਂ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿੱਚ ਛੋਟੇ ਜਿਹੇ ਬੱਚੇ ਨੂੰ ਚਲਦੇ ਟਰੈਕਟਰ ਦੇ ਇੰਜਣ ਅੱਗੇ ਮੌਜ਼ੂਦ ਖਾਲੀ ਥੋੜ੍ਹੀ ਜਿਹੀ ਜਗ੍ਹਾ ਵਿੱਚ ਖੜ੍ਹਾ ਕਰਕੇ ਭੰਗੜਾ ਪਵਾਇਆ ਜਾ ਰਿਹਾ ਹੈ। ਕੀ ਇਹ ਮਾਸੂਮ ਦੀ ਜਿੰਦਗੀ ਨਾਲ ਖਿਲਵਾੜ ਨਹੀਂ? ਕੀ ਇਹ ਮਾਸੂਮ ਦੀ ਜਾਨ ਨੂੰ ਖਤਰੇ ‘ਚ ਪਾਉਣ ਵਾਲੀ ਗਤੀਵਿਧੀ ਨਹੀਂ? ਕੀ ਅਜਿਹਾ ਕਰਨ ਵਾਲਾ ਵਿਅਕਤੀ ਸਜ਼ਾ ਦਾ ਭਾਗੀਦਾਰ ਨਹੀਂ?
ਸਮਾਜ ਦੀ ਅਣਗਹਿਲੀ ਬਦੌਲਤ ਬਿਪਤਾ ‘ਚ ਪਏ ਬੱਚੇ ਨੂੰ ਬਚਾਉਣਾ ਸਰਕਾਰ ਅਤੇ ਸਮਾਜ ਦੀ ਪਹਿਲੀ ਤਰਜ਼ੀਹ ਬਣਨੀ ਚਾਹੀਦੀ ਸੀ ਜੋ ਕਿ ਸ਼ਾਇਦ ਨਹੀਂ ਬਣ ਸਕੀ। ਬਿਨਾਂ ਸ਼ੱਕ ਪ੍ਰਸ਼ਾਸਨ ਫਤਿਹਵੀਰ ਦੇ ਬਚਾਅ ਲਈ ਪੰਜ ਦਿਨ ਜੂਝਦਾ ਰਿਹਾ ਪਰ ਜਿਸ ਤਰ੍ਹਾਂ ਜੂਝਿਆ ਉਹ ਸਭ ਨੂੰ ਪਤਾ ਹੈ। ਫਤਿਹਵੀਰ ਦੇ ਬਚਾਅ ਲਈ ਅਪਣਾਈਆਂ ਜਾ ਰਹੀਆਂ ਤਕਨੀਕਾਂ ਸਾਡੇ ਤਰੱਕੀ ਦੇ ਦਾਅਵਿਆਂ ‘ਤੇ ਕਰਾਰੀ ਚਪੇੜ ਸਨ। ਸੰਸਾਰ ਦੀ ਮੁੱਖ ਸ਼ਕਤੀ ਬਣਨ ਦੇ ਰਾਹ ਤੁਰੇ ਮੁਲਕ ‘ਚ ਇੱਕ ਬੱਚੇ ਦੇ ਬਚਾਅ ਲਈ ਬਾਲਟੀਆਂ ਅਤੇ ਖੁਰਪਿਆਂ ਨਾਲ ਮਿੱਟੀ ਪੁੱਟ ਕੇ ਟੋਆ ਪੁੱਟਣ ਤੋਂ ਸ਼ਰਮਨਾਕ ਵਰਤਾਰਾ ਕੋਈ ਹੋ ਹੀ ਨਹੀਂ ਸਕਦਾ। ਕੀ ਸਰਕਾਰ ਜਾਂ ਪ੍ਰਸ਼ਾਸਨ ਕੋਲ ਅਜਿਹੀ ਕੋਈ ਮਸ਼ੀਨ ਨਹੀਂ ਸੀ ਜਿਸ ਨਾਲ ਕੁੱਝ ਘੰਟਿਆਂ ‘ਚ ਬੋਰਨੁਮਾ ਟੋਆ ਪੁਟਿੱਆ ਜਾ ਸਕਦਾ ਜਾਂ ਫਿਰ ਅਜਿਹੀ ਮਸ਼ੀਨ ‘ਤੇ ਫਤਿਹਵੀਰ ਦਾ ਹੱਕ ਨਹੀਂ ਸੀ? ਕੀ ਪ੍ਰਸ਼ਾਸਨ ਜਾਂ ਸਰਕਾਰ ਨੂੰ ਨਹੀਂ ਸੀ ਪਤਾ ਕਿ ਨੰਨ੍ਹੀ ਜਿਹੀ ਜਾਨ ਆਖਿਰ ਬੋਰਵੈਲ ‘ਚ ਕਿੰਨੀ ਕੁ ਦੇਰ ਜਿੰਦਾ ਰਹਿ ਸਕਦੀ ਹੈ? ਜਦੋਂ ਬਚਾਅ ਕਾਰਜ਼ ਪਹਿਲੇ ਦਿਨ ਸਫਲ਼ ਨਹੀਂ ਸਨ ਹੋ ਰਹੇ ਤਾਂ ਕਿਉਂ ਨਾ ਸਰਕਾਰ ਨੇ ਸਥਿਤੀ ਨੂੰ ਹੰਗਾਮੀ ਐਲਾਨਦਿਆਂ ਹੋਰ ਤਕਨੀਕੀ ਮਾਹਿਰਾਂ ਅਤੇ ਫੌਜ ਸਮੇਤ ਤਮਾਮ ਹੋਰ ਬੰਦੋਬਸਤ ਕੀਤੇ? ਬਦਕਿਸਮਤੀ ਵੱਸ ਸਰਕਾਰ ਮਾਸੂਮ ਦੀ ਅਟਕੀ ਜਾਨ ਨੂੰ ਸਹਿਜੇ ‘ਚ ਲੈਂਦੀ ਰਹੀ।
ਮਾਸੂਮ ਫਤਿਹਵੀਰ ਤਾਂ ਖਮਿਆਜ਼ਾ ਭੁਗਤ ਗਿਆ। ਜਿੰਦਗੀ ਦੇ ਦੋ ਵਰ੍ਹੇ ਪੂਰੇ ਕਰਨ ਤੋਂ ਵੀ ਪਹਿਲਾਂ ਹੀ ਮਾਪਿਆਂ ਦਾ ਵਿਹੜਾ ਸੁੰਨਾ ਕਰ ਗਿਆ। ਮਾਪਿਆਂ ਨੇ ਪੁੱਤ ਦੀ ਸੰਭਾਲ ਵਿੱਚ ਹੋਈ ਕੁਤਾਹੀ ਦੀ ਪੁੱਤ ਗਵਾ ਕੇ ਦੁਨੀਆਂ ਦੀ ਸਭ ਤੋਂ ਵੱਡੀ ਸਜ਼ਾ ਭੁਗਤ ਲਈ ਹੈ। ਆਖਿਰ ਸਰਕਾਰਾਂ ਕਦੋਂ ਜਾਗਣਾ ਸਿੱਖਣਗੀਆਂ? ਕਦੋਂ ਸਰਕਾਰਾਂ ਨੂੰ ਇਨਸਾਨ ਦੀ ਜਿੰਦਗੀ ਦੀ ਕੀਮਤ ਸਮਝ ਆਵੇਗੀ? ਕੀ ਫਤਿਹਵੀਰ ਦੀ ਬੋਰਵੈਲ ‘ਚ ਅਟਕੀ ਮਾਸੂਮ ਜਿੰਦਗੀ ਸਰਕਾਰ ਲਈ ਸਭ ਤੋਂ ਪਹਿਲੀ ਤਰਜ਼ੀਹ ਨਹੀਂ ਸੀ ਬਣਨੀ ਚਾਹੀਦੀ? ਕੀ ਇੱਕ ਮਾਸੂਮ ਦੀ ਜਿੰਦਗੀ ਬਚਾਉਣ ਲਈ ਸਮੁੱਚੀ ਸਰਕਾਰ ਨੂੰ ਘਟਨਾ ਸਥਾਨ ‘ਤੇ ਹਾਜ਼ਰ ਨਹੀਂ ਸੀ ਹੋਣਾ ਚਾਹੀਦਾ? ਜੇਕਰ ਸਾਰੀ ਸਰਕਾਰ ਅਤੇ ਸਾਰੀ ਮਸ਼ੀਨਰੀ ਘਟਨਾ ਸਥਾਨ ‘ਤੇ ਮੌਜ਼ੂਦ ਹੁੰਦੀ, ਤਾਂ ਭਾਵੇਂ ਅੰਜ਼ਾਮ ਬੇਸ਼ੱਕ ਅੱਜ ਵਾਲਾ ਮੰਦਭਾਗਾ ਹੀ ਹੁੰਦਾ, ਪਰ ਫਤਿਹਵੀਰ ਦੀ ਮੌਤ ਨੂੰ ਰੱਬ ਦਾ ਭਾਣਾ ਮੰਨ ਲੈਂਦੇ। ਬਚਾਅ ਕਾਰਜਾਂ ਦੌਰਾਨ ਸਰਕਾਰ ਅਤੇ ਆਮ ਨਾਗਰਿਕਾਂ ਵਿਚਲੀ ਦੂਰੀ ਸਪੱਸ਼ਟ ਨਜ਼ਰ ਆਉਂਦੀ ਰਹੀ। ਪ੍ਰਸ਼ਾਸਨ ਅਤੇ ਸਰਕਾਰ ਇੱਕ ਤਰ੍ਹਾਂ ਨਾਲ ਅਪਣੱਤ ਭਰਿਆ ਕਾਰਜ ਕਰਨ ਦੀ ਬਜਾਏ ਫਰਜ਼ ਨਿਭਾਉਂਦੇ ਨਜ਼ਰ ਆਏ।
ਫਤਿਹਵੀਰ ਦੀ ਅੰਤਿਮ ਅਰਦਾਸ ਮੌਕੇ ਉਸ ਮਾਸੂਮ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਕੁੱਝ ਅਜਿਹਾ ਕਰੀਏ ਕਿ ਭਵਿੱਖ ‘ਚ ਕਿਸੇ ਮਾਸੂਮ ਨੂੰ ਵੱਡਿਆਂ ਦੀ ਗਲਤੀ ਦਾ ਖਮਿਆਜ਼ਾ ਜਾਨ ਦੀ ਕੀਮਤ ਨਾਲ ਨਾ ਉਤਾਰਨਾ ਪਵੇ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਨਸਾਨੀ ਜਾਨਾਂ ਦੀ ਕੀਮਤ ਦੇ ਮੁੱਲ ਤੋਂ ਜਾਣੂ ਕਰਵਾਉਣ ਲਈ ਲੋਕਤੰਤਰੀ ਤਰੀਕਿਆਂ ਦਾ ਇਸਤੇਮਾਲ ਫਤਿਹਵੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਨੂੰ ਸੋਚਣਾ ਪਵੇਗਾ ਕਿ ਆਖਿਰ ਸਾਡੇ ਮੁਲਕ ‘ਚ ਇਨਸਾਨਾਂ ਦੀ ਜਾਨ ਵਿਦੇਸ਼ਾਂ ਦੇ ਜਾਨਵਰਾਂ ਅਤੇ ਪਸ਼ੂਆਂ ਤੋਂ ਵੀ ਸਸਤੀ ਕਿਉਂ ਹੈ? ਫਤਿਹਵੀਰ ਦੀ ਅੰਤਿਮ ਅਰਦਾਸ ਮੌਕੇ ਅੱਜ 20 ਜੂਨ ਦਿਨ ਵੀਰਵਾਰ ਨੂੰ ਸੁਨਾਮ ਦੀ ਅਨਾਜ ਮੰਡੀ ‘ਚ ਨਮ ਅੱਖਾਂ ਨਾਲ ਜੁੜ ਰਹੇ ਸਾਰੇ ਰਲ ਕੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਲੋਕ ਹਿੱਤਾਂ ਤੇ ਲੋਕ ਜਾਨਾਂ ਦੀ ਪਰਵਾਹ ਕਰਨੀ ਸਿਖਾ ਕੇ ਫਤਿਹਵੀਰ ਨੂੰ ਆਖਰੀ ਸ਼ਰਧਾਂਜਲੀ ਦੇਈਏ।
ਸ਼ਕਤੀ ਨਗਰ,ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।