ਸੀਟ ਖ਼ਾਲੀ ਹੋਈ ਨੀਂ ‘ਮਾਸਟਰ ਜੀ’ ਦਾ 20 ਦਿਨ ਪਹਿਲਾਂ ਹੀ ਕਰਤਾ ਤਬਾਦਲਾ

Officials Transferred

ਭਵਿੱਖ ਵਿੱਚ ਖ਼ਾਲੀ ਹੋਣ ਵਾਲੀਆਂ ਸੀਟਾਂ ਲਈ ਤਬਾਦਲਾ ਕਰਨ ਦੀ ਨੀਤੀ ਨਹੀਂ ਆਈ ਸਮਝ ‘ਚ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ ਹਨ ਬੁੱਧਵਾਰ ਨੂੰ ਤਬਾਦਲੇ

ਚੰਡੀਗੜ, (ਅਸ਼ਵਨੀ ਚਾਵਲਾ)। ਸਿੱਖਿਆ ਵਿਭਾਗ ਵੱਲੋਂ ‘ਮਾਸਟਰ ਜੀ’ ਦਾ ਤਬਾਦਲਾ ਉਸ ਸੀਟ ‘ਤੇ ਪਹਿਲਾਂ ਹੀ ਕਰ ਦਿੱਤਾ ਗਿਆ ਜਿਹੜੀ ਸੀਟ ਅਜੇ ਖ਼ਾਲੀ ਹੀ ਨਹੀਂ ਹੋਈ,  ਇਸ ਲਈ ਤਬਾਦਲੇ ਵਾਲੀ ਸੀਟ ‘ਤੇ ਜਾਣ ਲਈ ਮਾਸਟਰ ਜੀ ਨੂੰ ਸੀਟ ਖਾਲੀ ਹੋਣ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਜਿਹੜੀਆਂ ਸੀਟਾਂ ਭਵਿੱਖ ਵਿੱਚ ਖਾਲੀ ਹੋਣੀਆਂ ਹਨ, ਉਨ੍ਹਾਂ ‘ਤੇ ਤਬਾਦਲਾ ਕਰਨ ਦੀ ਨੀਤੀ ਨਾ ਹੀ ਕਿਸੇ ਦੇ ਸਮਝ ਵਿੱਚ ਆਈ ਹੈ ਅਤੇ ਨਾ ਹੀ ਇਹ ਗੱਲ ਸਮਝ ਵਿੱਚ ਆ ਰਹੀ ਹੈ ਕਿ ਸਿੱਖਿਆ ਵਿਭਾਗ ਤਬਾਦਲੇ ਕਰਨ ਵਿੱਚ ਇੰਨਾ ਜਿਆਦਾ ਕਾਹਲਾ ਕਿਉਂ ਹੋਇਆ ਬੈਠਾ ਹੈ।

ਇਹ ਤਬਾਦਲੇ ਵੀ ਕਿਸੇ ਹੋਰ ਨੇ ਨਹੀਂ ਸਗੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ ਹਨ। ਸਿੱਖਿਆ ਵਿਭਾਗ ਇਨ੍ਹਾਂ ਤਬਾਦਲਿਆਂ ਨੂੰ 20 ਦਿਨ ਬਾਅਦ ਸੀਟਾਂ ਖਾਲੀ ਹੋਣ ‘ਤੇ ਵੀ ਕਰ ਸਕਦਾ ਸੀ ਕਿਉਂਕਿ ਇਸ ਸਮੇਂ ਨਾ ਹੀ ਸਕੂਲ ਖੁੱਲ੍ਹੇ ਹਨ ਅਤੇ ਨਾ ਹੀ ਪੜ੍ਹਾਈ ਚੱਲ ਰਹੀ ਹੈ, ਇਹੋ ਜਿਹੇ ਸਮੇਂ ਤਬਾਦਲਾ ਕਰਨ ਵਿੱਚ ਕਾਹਲੀ ਸਮਝ ਨਹੀਂ ਆਈ ਹੈ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ ਹਮੇਸ਼ਾ ਹੀ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਸੀਟ ਨੂੰ ਲੈ ਕੇ ਘਾਟ ਰਹਿੰਦੀ ਆਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਧਿਆਪਕ ਦੀ ਘਾਟ ਹੋਣ ਦੇ ਚਲਦੇ ਵਿਧਾਇਕਾਂ ਵੱਲੋਂ ਵੀ ਹਮੇਸ਼ਾ ਹੀ ਵਿਧਾਨ ਸਭਾ ਵਿੱਚ ਹੰਗਾਮਾ ਕਰਦੇ ਹੋਏ ਆਪਣੇ ਇਲਾਕੇ ਲਈ ਅਧਿਆਪਕਾਂ ਦੀ ਮੰਗ ਕੀਤੀ ਜਾਂਦੀ ਰਹੀ ਹੈ ਜਿਸ ਕਾਰਨ ਸਿੱਖਿਆ ਵਿਭਾਗ ਜਰੂਰਤ ਅਨੁਸਾਰ ਤੇ ਨਾਲ ਹੀ ਅਧਿਆਪਕਾਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਦੇ ਤਬਾਦਲੇ ਕਰਦਾ ਰਹਿੰਦਾ ਹੈ।

ਸਿੱਖਿਆ ਵਿਭਾਗ ਵਿੱਚ ਹਮੇਸ਼ਾ ਹੀ ਉਨ੍ਹਾਂ ਥਾਂਵਾਂ ‘ਤੇ ਹੀ ਤਬਾਦਲੇ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਥਾਂਵਾਂ ‘ਤੇ ਪਹਿਲਾਂ ਤੋਂ ਸੀਟ ਖਾਲੀ ਹੋਵੇ ਪਰ ਸਿੱਖਿਆ ਵਿਭਾਗ ਵਿੱਚ ਪਿਛਲੇ ਇੱਕ ਡੇਢ ਸਾਲ ਤੋਂ ਇੱਕ ਵੱਖਰਾ ਹੀ ਚਲਣ ਚੱਲ ਪਿਆ ਹੈ। ਜਿੱਥੇ ਕਿ ਸੀਟ ਖ਼ਾਲੀ ਹੋਣ ਤੋਂ ਪਹਿਲਾਂ ਹੀ ਤਬਾਦਲਾ ਕਰ ਦਿੱਤਾ ਜਾਂਦਾ ਹੈ ਅਤੇ ਤਬਾਦਲਾ ਹੋਣ ਵਾਲਾ ਅਧਿਆਪਕ ਜਾਂ ਫਿਰ ਪ੍ਰਿੰਸੀਪਲ ਤਬਾਦਲੇ ਵਾਲੇ ਸਕੂਲ ਦੀ ਸੀਟ ਖਾਲੀ ਹੋਣ ਤੱਕ ਹੀ ਇੰਤਜ਼ਾਰ ਕਰਦਾ ਰਹਿ ਜਾਂਦਾ ਹੈ।

Education Department Amazing, transfer work going on today

ਬੁੱਧਵਾਰ ਨੂੰ ਵੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ 35 ਤਬਾਦਲੇ ਵਿੱਚ 18 ਇਹੋ ਜਿਹੇ ਪ੍ਰਿੰਸੀਪਲ ਹਨ, ਜਿਨ੍ਹਾਂ ਲਈ ਤਬਾਦਲੇ ਵਾਲੀ ਥਾਂ ਇਸ ਸਮੇਂ ਸੀਟ ਹੀ ਖਾਲੀ ਨਹੀਂ ਹੈ। ਇਨ੍ਹਾਂ 18 ਪ੍ਰਿੰਸੀਪਲ ਦਾ ਤਬਾਦਲਾ ਜਿਹੜੇ ਸਕੂਲ ਕੀਤਾ ਗਿਆ ਹੈ, ਉਸ ਸਕੂਲ ਦੇ ਪ੍ਰਿੰਸੀਪਲ ਦੀ ਰਿਟਾਇਰਮੈਂਟ 30 ਸਤੰਬਰ ਨੂੰ ਹੈ, ਜਿਸ ਕਾਰਨ 1 ਅਕਤੂਬਰ ਤੋਂ ਉਸ ਸਕੂਲ ਵਿੱਚ ਸੀਟ ਖ਼ਾਲੀ ਹੋਣੀ ਹੈ ਪਰ ਸੀਟ ਖਾਲੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਸਕੂਲਾਂ ਵਿੱਚ ਪ੍ਰਿੰਸੀਪਲਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਜਿੱਥੋਂ ਹੋਣਗੇ ਤਬਾਦਲੇ, ਉਥੇ ਲਈ ਵਿਭਾਗ ਕੋਲ ਨਹੀਂ ਐ ਪ੍ਰਿੰਸੀਪਲ

ਸਿੱਖਿਆ ਵਿਭਾਗ ਵੱਲੋਂ ਜਾਰੀ ਤਬਾਦਲੇ ਦੇ ਆਦੇਸ਼ਾਂ ਵਿੱਚ ਇਹ ਕਥਨ ਦਿੱਤਾ ਗਿਆ ਹੈ ਕਿ ਜਿਹੜੇ ਸਕੂਲ ਵਿੱਚ ਇਹ ਪ੍ਰਿੰਸੀਪਲ ਤੈਨਾਤ ਹਨ, ਜਦੋਂ ਤੱਕ ਉਨ੍ਹਾਂ ਸਕੂਲਾਂ ਵਿੱਚ ਕੋਈ ਪ੍ਰਿੰਸੀਪਲ ਨਹੀਂ ਆ ਜਾਂਦਾ ਉਨ੍ਹਾਂ ਸਕੂਲਾਂ ਵਿੱਚ ਮੌਜੂਦਾ ਪ੍ਰਿੰਸੀਪਲ ਨੂੰ ਹੀ ਹਫ਼ਤੇ ਵਿੱਚ ਤਿੰਨ ਦਿਨ ਡਿਊਟੀ ਦੇਣੀ ਪਵੇਗੀ। ਇੱਥੇ ਇਹ ਸਮਝ ਨਹੀਂ ਆਇਆ ਕਿ ਜਿੱਥੋਂ ਤਬਾਦਲਾ ਕੀਤਾ ਗਿਆ ਹੈ, ਉਥੋਂ ਲਈ ਫਿਲਹਾਲ ਪ੍ਰਿੰਸੀਪਲ ਨਹੀਂ ਹੈ ਅਤੇ ਜਿੱਥੇ ਤਬਾਦਲਾ ਕੀਤਾ ਗਿਆ ਹੈ, ਉਥੇ ਸੀਟ ਖ਼ਾਲੀ ਨਹੀਂ ਹੈ ਤਾਂ ਕਿਵੇਂ ਇਹ ਤਬਾਦਲੇ ਲੋਕ ਹਿੱਤ ਵਿੱਚ ਹੋਏ। ਸਿੱਖਿਆ ਸਕੱਤਰ ਵੱਲੋਂ ਆਪਣੇ ਇਨ੍ਹਾਂ ਤਬਾਦਲਿਆਂ ਪਿੱਛੇ ਲੋਕ ਹਿੱਤ ਦੱਸਿਆ ਗਿਆ ਹੈ।

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਆਦੇਸ਼ਾਂ ‘ਤੇ ਹੋਏ ਹਨ ਤਬਾਦਲੇ

ਸੀਟ ਖ਼ਾਲੀ ਹੋਣ ਤੋਂ ਪਹਿਲਾਂ ਤਬਾਦਲੇ ਕਰਨ ਵਾਲਾ ਫੈਸਲਾ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਪਣੇ ਪੱਧਰ ‘ਤੇ ਨਹੀਂ ਲਿਆ ਗਿਆ ਹੈ, ਸਗੋਂ ਇਸ ਸਬੰਧੀ ਬਕਾਇਦਾ ਪ੍ਰਵਾਨਗੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵੱਲੋਂ ਇਨ੍ਹਾਂ ਤਬਾਦਲਿਆਂ ਦੀ ਪ੍ਰਵਾਨਗੀ ਦਿੰਦੇ ਹੋਏ ਇਹ ਸੁਆਲ ਹੀ ਨਹੀਂ ਚੁੱਕਿਆ ਕਿ ਜਿਹੜੀਆਂ ਥਾਂਵਾਂ ‘ਤੇ ਸੀਟ ਹੀ ਖਾਲੀ ਨਹੀਂ ਹੈ ਤਾਂ ਉਨ੍ਹਾਂ ਦੇ ਤਬਾਦਲੇ 21 ਦਿਨ ਪਹਿਲਾਂ ਕਿਉਂ ਕੀਤੇ ਜਾ ਰਹੇ ਹਨ।

ਆਨਲਾਈਨ ਤਬਾਦਲੇ ਦੀ ਕਿੱਥੇ ‘ਗੀ ਨੀਤੀ

ਸਿੱਖਿਆ ਵਿਭਾਗ ਵਿੱਚ ਆਨਲਾਈਨ ਤਬਾਦਲੇ ਕੀਤੇ ਜਾਂਦੇ ਹਨ ਅਤੇ ਇਸੇ ਨੀਤੀ ਨੂੰ ਪੰਜਾਬ ਭਰ ਦੇ ਬਾਕੀ ਵਿਭਾਗਾਂ ਵਿੱਚ ਲਾਗੂ ਕਰਨ ਸਬੰਧੀ ਦੋ ਸਾਲ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਪਰ ਜਿਹੜੇ ਵਿਭਾਗ ਨੇ ਇਸ ਆਨ ਲਾਈਨ ਤਬਾਦਲੇ ਨੂੰ ਸ਼ੁਰੂ ਕੀਤਾ ਸੀ, ਉਹ ਸਿੱਖਿਆ ਵਿਭਾਗ ਹੀ ਆਨਲਾਈਨ ਤਬਾਦਲੇ ਦੀ ਨੀਤੀ ਨੂੰ ਮੁਕੰਮਲ ਤੌਰ ‘ਤੇ ਆਪਣੇ ਵਿਭਾਗ ਵਿੱਚ ਲਾਗੂ ਨਹੀਂ ਕਰ ਸਕਿਆ ਹੈ ਜਿਸ ਕਾਰਨ ਹੁਣ ਸਿੱਖਿਆ ਵਿਭਾਗ ‘ਤੇ ਵੀ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.