ਖਾਟੂਸ਼ਿਆਮ ਅਤੇ ਰਾਮੇਸ਼ਵਰਮ ਜਯੋਤਿਰਲਿੰਗ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲੇਗਾ ਲਾਭ : ਰਾਣਾ ਸੋਢੀ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਨੇ ਫਿਰੋਜਪੁਰ ਨੂੰ ਹਮਸਫਰ ਐਕਸਪ੍ਰੈਸ ਦਾ ਤੋਹਫਾ ਦਿੱਤਾ ਹੈ। ਫਿਰੋਜ਼ਪੁਰ ਤੋਂ ਰਾਮੇਸ਼ਵਰਮ ਤੱਕ ਨਵੀਂ ਰੇਲ ਗੱਡੀ ਸ਼ੁਰੂ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਨੂੰ ਤੋਹਫ਼ਾ ਦਿੱਤਾ ਹੈ। ਇਹ ਗੱਲ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਹੀ। (Ferozepur to Rameswaram)
ਸ਼ਨਿੱਚਰਵਾਰ ਨੂੰ ਨਵੀਂ ਟਰੇਨ ਸਵੇਰੇ 5:55 ਵਜੇ ਛਾਉਣੀ ਰੇਲਵੇ ਸਟੇਸਨ ਤੋਂ ਰਾਮੇਸ਼ਵਰਮ ਲਈ ਰਵਾਨਾ ਹੋਈ। ਇਹ ਟਰੇਨ ਹਫ਼ਤਾਵਾਰੀ ਹੈ ਤੇ 65 ਘੰਟੇ ਬਾਅਦ ਰਾਮੇਸ਼ਵਰਮ ਪਹੁੰਚੇਗੀ ਅਤੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲੇਗਾ। ਰੇਲ ਗੱਡੀ ਨੂੰ ਭਾਜਪਾ ਆਗੂਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਰੀ ਝੰਡੀ ਦਿਖਾਉਣ ਵਾਲਿਆਂ ’ਚ ਨਸੀਬ ਸਿੰਘ ਸੰਧੂ, ਦਵਿੰਦਰ ਬਜਾਜ, ਇੰਦਰ ਗੁਪਤਾ, ਮੋਹਿਤ ਢੱਲ, ਅਮਰਜੀਤ ਸਿੰਘ ਘਾਰੂ, ਧਰਮਪਾਲ ਵਲਾਇਤ ਆਦਿ ਹਾਜਰ ਸਨ। ਉਨ੍ਹਾਂ ਡਰਾਈਵਰਾਂ, ਗਾਰਡਾਂ, ਟੀ.ਟੀ.ਈਜ ਅਤੇ ਹੋਰ ਸਟਾਫ ਮੈਂਬਰਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਬਾਅਦ ਫਿਰੋਜ਼ਪੁਰ ਨੂੰ ਇੰਨੇ ਲੰਬੇ ਰੂਟ ਦੀ ਰੇਲਗੱਡੀ ਮਿਲੀ ਹੈ। ਪਹਿਲਾਂ ਲੋਕਾਂ ਨੂੰ ਲੰਬੇ ਰੂਟ ਦੀਆਂ ਟਰੇਨਾਂ ਫੜਨ ਲਈ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ।
Ferozepur to Rameswaram
ਰਾਣਾ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਰੋਜ਼ਪੁਰ ਨਾਲ ਬਹੁਤ ਮੋਹ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਆਜ਼ਾਦੀ ਤੋਂ ਪਹਿਲਾਂ ਤੋਂ ਪੰਜਾਬ ਮੇਲ ਰੇਲ ਗੱਡੀ ਇੱਥੇ ਚੱਲਦੀ ਆ ਰਹੀ ਹੈ, ਜੋ ਪਹਿਲਾਂ ਪਿਸਾਵਰ ਤੋਂ ਮੁੰਬਈ ਵਿਚਕਾਰ ਚੱਲਦੀ ਸੀ ਅਤੇ ਵੰਡ ਤੋਂ ਬਾਅਦ ਇਹ ਰੇਲ ਗੱਡੀ ਫਿਰੋਜ਼ਪਪੁਰ ਤੋਂ ਸ਼ਿਵਾਜੀ ਛੱਤਰ ਟਰਮੀਨਲ ਤੱਕ ਚੱਲਦੀ ਹੈ। ਉਨ੍ਹਾਂ ਕਿਹਾ ਕਿ ਰਾਮੇਸ਼ਵਰਮ-ਫਿਰੋਜ਼ਪੁੁਰ ਕੈਂਟ ਹਮਸਫਰ ਐਕਸਪ੍ਰੈਸ ਚਲਾਉਣ ਨਾਲ ਫਿਰੋਜਪੁਰ ਨੂੰ ਹੀ ਨਹੀਂ ਬਲਕਿ ਫਿਰੋਜ਼ਪੁਰ, ਅਬੋਹਰ, ਮੁਕਤਸਰ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੀਰਥ ਅਸਥਾਨਾਂ ’ਤੇ ਜਾਣ ਲਈ ਹੋਰ ਸਟੇਸ਼ਨਾਂ ’ਤੇ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਨੂੰ ਫਿਰੋਜਪੁਰ ਤੋਂ ਹੀ ਰੇਲ ਗੱਡੀਆਂ ਮਿਲਣਗੀਆਂ। ਇਸ ਟਰੇਨ ਦੇ ਬਠਿੰਡਾ, ਮੰਡੀ ਡੱਬਵਾਲੀ, ਸੰਗਰੀਆ, ਹਨੂੰਮਾਨਗੜ੍ਹ, ਐਲਨਾਬਾਦ, ਸਾਦੁਲਪੁਰ, ਚੁਰੂ, ਸੀਕਰ, ਰਿੰਗਾਸ, ਜੈਪੁਰ, ਕਿਸਨਗੜ੍ਹ, ਅਜਮੇਰ ਵਿਖੇ ਵੀ ਸਟਾਪੇਜ ਹੋਣਗੇ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਫਿਰੋਜਪੁਰ ਕੈਂਟ ਸਟੇਸ਼ਨ ਦੇ ਪੁਨਰ ਨਿਰਮਾਣ ਲਈ ਪ੍ਰਧਾਨ ਮੰਤਰੀ ਵੱਲੋਂ ਕਰੀਬ 27.66 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਅਬੋਹਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਟੇਸ਼ਨਾਂ ਨੂੰ ਵੀ ਕਰੋੜਾਂ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾਵੇਗਾ ਅਤੇ ਇੱਥੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਸਟੇਸਨ ’ਤੇ ਆਉਂਦੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਸਰਕਾਰ ਵੱਲੋਂ ਹਵਾਈ ਅੱਡੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ
ਰਾਣਾ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜਨ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਡਿਵੀਜਨ ਹੈ। ਉਨ੍ਹਾਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਫਿਰੋਜ਼ਪੁਰ ਤੋਂ ਹਰਿਦੁਆਰ ਅਤੇ ਸ੍ਰੀ ਹਜੂਰ ਸਾਹਿਬ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਮੰਗ ਕਰਦਿਆਂ ਰੇਲ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ। ਰਾਣਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਟਰੇਨਾਂ ਨੂੰ ਚਲਾਉਣ ਲਈ ਜਲਦੀ ਹੀ ਮਨਜ਼ੂਰੀ ਦੇ ਦਿੱਤੀ ਜਾਵੇਗੀ।