ਪੰਜਾਬ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲਿਆਂ ’ਚ ਵਰਿਆ ਮੋਹਲੇਧਾਰ ਮੀਂਹ

Farmers

ਸਾਉਣੀ ਦੀਆਂ ਫਸਲਾਂ ਮਧੋਲੀਆਂ, ਨਿੱਸਰ ਰਹੇ ਝੋਨੇ ਦਾ ਬੂਰ ਝਾੜਿਆ

ਨਰਮੇ ਦੀ ਚੁਗਾਈ ਰੁਕੀ, ਜਨਜੀਵਨ ਬੁਰੀ ਤਰਾਂ ਪ੍ਰਭਾਵਿਤ

ਬਠਿੰਡਾ/ਮਾਨਸਾ, (ਸੁਖਜੀਤ ਮਾਨ)। ਅੱਸੂ ਮਹੀਨੇ ਦੇ ਮੀਂਹ ਨੇ ਸਾਉਣੀ ਦੀਆਂ ਫਸਲਾਂ ਮਧੋਲ ਦਿੱਤੀਆਂ। ਗੁਲਾਬੀ ਸੁੰਡੀ ਤੋਂ ਬਚਿਆ ਨਰਮਾ ਹੁਣ ਝੜੀ ਲੱਗੀ ਹੋਣ ਕਰਕੇ ਖੇਤਾਂ ਵਿੱਚ ਹੀ ਰੁਲਣ ਦਾ ਖਤਰਾ ਪੈਦਾ ਹੋ ਗਿਆ। ਖੇਤੀ ਸੈਕਟਰ ਤੋਂ ਇਲਾਵਾ ਆਮ ਜਨਜੀਵਨ ਵੀ ਇਸ ਮੀਂਹ ਕਰਕੇ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਵੇਰਵਿਆਂ ਮੁਤਾਬਿਕ ਬੀਤੀ ਦੇਰ ਰਾਤ ਤੋਂ ਹੀ ਮਾਲਵਾ ਪੱਟੀ ਦੇ ਜਿਲਿਆਂ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਵਿੱਚ ਰੁਕ -ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਕਈ ਇਲਾਕਿਆਂ ਅਗੇਤੇ ਝੋਨੇ ਦੀ ਫਸਲ ਖਰਾਬ ਹੋਣ ਤੋਂ ਇਲਾਵਾ ਪਿਛੇਤੇ ਝੋਨੇ ਦਾ ਵੀ ਕਾਫੀ ਹੱਦ ਤੱਕ ਬੂਰ ਝੜ ਗਿਆ।

ਜਿਆਦਾ ਨੁਕਸਾਨ ਨਰਮਾ ਪੱਟੀ ਵਾਲੇ ਬਠਿੰਡਾ-ਮਾਨਸਾ ਜ਼ਿਲੇ ਵਿੱਚ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਵੱਡੀ ਗਿਣਤੀ ਕਿਸਾਨਾਂ ਨੇ ਗੁਲਾਬੀ ਸੁੰਡੀ ਕਾਰਨ ਪਹਿਲਾਂ ਹੀ ਨਰਮੇ ਦੀ ਫਸਲ ਵਾਹ ਦਿੱਤੀ ਸੀ ਪਰ ਜੋ ਬਚਿਆ ਹੈ ਉਹ ਹੁਣ ਮੀਂਹ ਕਾਰਨ ਖਰਾਬ ਹੋਣ ਦਾ ਸੰਕਟ ਪੈਦਾ ਹੋ ਗਿਆ ਹੈ। ਇਹਨੀਂ ਦਿਨੀਂ ਨਰਮੇ ਦੀ ਚੁਗਾਈ ਜੋਰਾਂ ਤੇ ਸੀ ਜੋ ਹੁਣ ਮੀਂਹ ਕਾਰਨ ਰੁਕ ਗਈ ਹੈ। ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲਿਆਂ ਦਾ ਤਾਂ ਦੂਹਰਾ ਨੁਕਸਾਨ ਹੋ ਗਿਆ। ਝੋਨੇ ਦੀ ਫਸਲ ਇਹਨੀਂ ਦਿਨੀਂ ਪੂਰੇ ਜੋਬਨ ਤੇ ਸੀ ਪਰ ਦੇਰ ਰਾਤ ਤੋਂ ਪੈਣ ਲੱਗੇ ਮੀਂਹ ਨੇ ਮਧੋਲ ਕੇ ਰੱਖ ਦਿੱਤੀ। ਮੀਂਹ ਕਾਰਨ ਝੋਨੇ ਦਾ ਬੂਰ ਝੜ ਗਿਆ ਜਿਸਦਾ ਨੁਕਸਾਨ ਕਿਸਾਨਾਂ ਨੂੰ ਘੱਟ ਝਾੜ  ਦੇ ਰੂਪ ਵਿੱਚ ਝੱਲਣਾ ਪਵੇਗਾ।

ਮੀਂਹ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰਾਂ ’ਚ ਜਿੱਥੇ ਨੀਵੀਂ ਆਬਾਦੀ ਵਾਲੇ ਘਰਾਂ ’ਚ ਪਾਣੀ ਦਾਖਲ ਹੋ ਗਿਆ ਉੱਥੇ ਹੀ ਸੜਕਾਂ ’ਤੇ ਰਾਹਗੀਰਾਂ ਨੂੰ ਕੀੜੀ ਦੀ ਚਾਲ ਚੱਲਣਾ ਪਿਆ। ਬਠਿੰਡਾ ਦੇ ਪ੍ਰਤਾਪ ਨਗਰ ’ਚ ਇੱਕ ਘਰ ਦੀ ਛੱਤ ਡਿੱਗ ਪਈ। ਛੱਤ ਡਿੱਗਣ ਨਾਲ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਹੋ ਗਿਆ ਪਰ ਕਮਰੇ ਅੰਦਰ ਪਿਆ ਕਾਫੀ ਸਾਮਾਨ ਟੁੱਟ ਗਿਆ। ਬਠਿੰਡਾ ਦੇ ਪਾਵਰ ਹਾਊਸ ਰੋਡ, ਕਚਿਹਰੀ ਰੋਡ, ਮਹਿਲਾ ਥਾਣੇ ਅੱਗੇ ਸੜਕਾਂ ਸਮੁੰਦਰ ਬਣ ਗਈਆਂ। ਮੀਂਹ ਨੇ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਵੀ ਖੋਲ ਦਿੱਤੀ, ਜਿੰਨਾਂ ’ਚ ਕਿਹਾ ਜਾ ਰਿਹਾ ਸੀ ਕਿ ਸ਼ਹਿਰਾਂ ’ਚ ਸੀਵਰੇਜ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਪਰ ਅੱਜ ਕਿਧਰੇ ਵੀ ਅਜਿਹਾ ਨਜ਼ਰ ਨਹੀਂ ਆਇਆ ਕਿ ਸੜਕਾਂ ਨਾ ਡੁੱਬੀਆਂ ਹੋਣ।

ਕਰਜ਼ੇ ’ਚ ਡੁੱਬਿਆਂ ਨੂੰ ਹੁਣ ਮੀਂਹ ਨੇ ਡੋਬਿਆ : ਕਿਸਾਨ ਆਗੂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਸਵੀਰ ਸਿੰਘ ਬੁਰਜ ਸੇਮਾਂ ਦਾ ਕਹਿਣਾ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਰਜੇ ਵਿੱਚ ਡੁੱਬਿਆ ਹੋਇਆ ਹੈ ਤੇ ਹੁਣ ਮੀਂਹ ਨੇ ਹੋਰ ਨੁਕਸਾਨ ਕਰ ਦਿੱਤਾ ਹੈ । ਉਹਨਾਂ ਦੱਸਿਆ ਕਿ ਮੀਂਹ ਕਾਰਨ ਜਿੱਥੇ ਨਰਮੇ ਦੀ ਚੁਗਾਈ ਰੁਕ ਗਈ ਉੱਥੇ ਹੀ ਝੋਨੇ ਦਾ ਬੂਰ ਝੜ ਗਿਆ ਤੇ ਫੋਕ ਵਧੇਗੀ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ । ਉਹਨਾਂ ਕਿਹਾ ਕਿ ਜੋ ਕਿਸਾਨਾਂ ਨੇ ਨਰਮਾ ਵਾਹ ਕੇ ਗੁਆਰਾ ਬੀਜਿਆ ਸੀ ਉਹ ਵੀ ਬਿਲਕੁਲ ਨਹੀਂ ਹੋਇਆ।

ਸਾਉਣੀ ਦੀ ਫਸਲ ਦਾ ਲਗਾਤਾਰ ਦੂਜੇ ਸਾਲ ਨੁਕਸਾਨ

ਸਾਉਣੀ ਦੀ ਫਸਲ ਪਿਛਲੇ ਸਾਲ ਵੀ ਖਰਾਬ ਹੋ ਗਈ ਸੀ। ਨਰਮੇ ਨੂੰ ਪਈ ਗੁਲਾਬੀ ਸੁੰਡੀ ਨੇ ਖੇਤ ਚੱਟ ਦਿੱਤੇ ਸੀ। ਕਿਸਾਨਾਂ ਪੱਲੇ ਸਿਰਫ ਛਟੀਆਂ ਹੀ ਪਈਆਂ ਸੀ ਜਦੋਂਕਿ ਐਤਕੀ ਤਾਂ ਉਹ ਵੀ ਨਹੀਂ ਪਈਆਂ ਕਿਉਂਕਿ ਜ਼ਿਆਦਾਤਰ ਕਿਸਾਨਾਂ ਨੇ ਨਰਮਾ ਪਹਿਲਾਂ ਹੀ ਵਾਹ ਦਿੱਤਾ। ਕਿਸਾਨਾਂ ਨੂੰ ਸਰਕਾਰ ਨੇ ਮੁਆਵਜੇ ਦੇ ਰੂਪ ਵਿੱਚ ਜੋ ਰਾਸ਼ੀ ਦਿੱਤੀ ਸੀ, ਉਸ ਤੋਂ ਹਾਲੇ ਵੀ ਕਈ ਪਿੰਡਾਂ ਦੇ ਕਿਸਾਨ ਵਾਂਝੇ ਹਨ। ਮਜਦੂਰਾਂ ਨੂੰ ਵੀ ਚੁਗਾਈ ਮੁਆਵਜਾ ਦੇਣ ਦਾ ਵਾਅਦਾ ਕੀਤਾ ਸੀ ਪਰ ਮਜਦੂਰਾਂ ਦੇ ਹੱਥ ਖਾਲੀ ਹਨ।

ਦੋ ਦਿਨ ਹੋਰ ਮੀਂਹ ਦੀ ਸੰਭਾਵਨਾ

ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਸਬੰਧੀ ਅਗਾਂਊ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਦੋ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਵੀ ਵਗ ਸਕਦੀਆਂ ਹਨ। ਇਸ ਮੀਂਹ ਦੇ ਨਾਲ ਹੀ ਹੁਣ ਠੰਢ ਦੀ ਸ਼ੁਰੂਆਤ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here