ਟੋਕੀਓ ਓਲੰਪਿਕ: ਹੋਵੇਗੀ ਹਰਿਆਣਾ ਤੇ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ
23 ਜੁਲਾਈ ਤੋਂ 8 ਅਗਸਤ ਤੱਕ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋ ਰਹੀਆਂ 29ਵੀਆਂ ਓਲੰਪਿਕ ਖੇਡਾਂ ਵਿੱਚ ਇਸ ਵਾਰ ਭਾਰਤ ਤੋਂ 121 ਖਿਡਾਰੀਆਂ ਦਾ ਦਲ ਜਾ ਰਿਹਾ ਹੈ ਜਿਸ ਵਿੱਚ 25 ਫੀਸਦੀ ਹਿੱਸਾ ਹਰਿਆਣਾ ਦੇ ਖਿਡਾਰੀਆਂ ਦਾ ਹੋਵੇਗਾ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਇਸ ਵਾਰ ਭਾਰਤ ਵੱਲੋਂ ਹਰਿਆਣਾ ਅਤੇ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ ਰਹੇਗੀ। ਇਸ ਦਲ ਵਿੱਚ 29 ਖਿਡਾਰੀ ਇਕੱਲੇ ਹਰਿਆਣਾ ਤੋਂ ਜਾ ਰਹੇ ਹਨ ਜੋ ਹਰਿਆਣਾ ਲਈ ਸਭ ਤੋਂ ਵੱਡੀ ਪ੍ਰਾਪਤੀ ਵਾਲੀ ਗੱਲ ਹੈ। ਦੇਸ਼ ਦੀ ਆਬਾਦੀ ਵਿੱਚ 2 ਫੀਸਦੀ ਦੇ ਬਰਾਬਰ ਅਬਾਦੀ ਵਾਲਾ ਹਰਿਆਣਾ ਓਲੰਪਿਕ ਦਲ ਵਿੱਚ ਇਸ ਵਾਰ ਸਭ ਤੋਂ ਉੱਪਰ ਹੋਵੇਗਾ। ਖੇਤਰਫਲ ਦੇ ਹਿਸਾਬ ਨਾਲ ਹਰਿਆਣਾ ਦੇਸ਼ ਵਿੱਚ 20ਵੇਂ ਅਤੇ ਜਨਸੰਖਿਆ ਦੇ ਲਿਹਾਜ਼ ਨਾਲ 18ਵੇਂ ਸਥਾਨ ’ਤੇ ਹੈ ਜਦੋਂਕਿ ਓਲੰਪਿਕ ਵਿੱਚ ਸਭ ਤੋਂ ਜ਼ਿਆਦਾ ਖਿਡਾਰੀ ਹਰਿਆਣਾ ਤੋਂ ਜਾ ਰਹੇ ਹਨ।
ਓਲੰਪਿਕ ਦੇ ਇਤਿਹਾਸ ਵਿੱਚ ਹਰਿਆਣਾ ਤੋਂ ਜਾਣ ਵਾਲਾ ਇਸ ਵਾਰ ਇਹ ਸਭ ਤੋਂ ਵੱਡਾ ਦਲ ਹੋਵੇਗਾ। ਹਰਿਆਣਾ ਦੇ ਰੈਸਲਰ ਬਜਰੰਗ ਪੂਨੀਆ ਨੂੰ ਮੁੱਕੇਬਾਜ਼ ਮੈਰੀਕਾਮ ਅਤੇ ਮਰਦ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਉਦਘਾਟਨੀ ਸਮਾਰੋਹ ਦੌਰਾਨ ਭਾਰਤੀ ਦਲ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ। ਹਰਿਆਣਾ ਦੇ ਇਕੱਲੇ ਝੱਜਰ ਜ਼ਿਲ੍ਹੇ ਵਿੱਚੋਂ ਹੀ 6 ਖਿਡਾਰੀ ਇਸ ਵਾਰ ਟੋਕੀਓ ਓਲੰਪਿਕ ਵਿੱਚ ਸ਼ਿਰਕਤ ਕਰ ਰਹੇ ਹਨ ਜਿਨ੍ਹਾਂ ਵਿੱਚ ਰੈਸਲਰ ਬਜਰੰਗ ਪੂਨੀਆ ਵੀ ਸ਼ਾਮਲ ਹੈ। ਕੁਸ਼ਤੀ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਦੁਨੀਆ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੂਨੀਆ ਉਹ ਖਿਡਾਰੀ ਹਨ ਜਿਨ੍ਹਾਂ ਤੋਂ ਪੂਰੇ ਦੇਸ਼ ਨੂੰ ਸਭ ਤੋਂ ਵੱਧ ਉਮੀਦਾਂ ਹਨ। ਹਰਿਆਣਾ ਤੋਂ ਬਾਅਦ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸਭ ਤੋਂ ਜ਼ਿਆਦਾ ਖਿਡਾਰੀ ਪੰਜਾਬ ਤੋਂ ਹਨ। ਪੰਜਾਬ ਦੇ 14 ਖਿਡਾਰੀ ਟੋਕੀਓ ਓਲੰਪਿਕ ਵਿੱਚ ਜਾ ਰਹੇ ਹਨ। ਇਸ ਤੋਂ ਇਲਾਵਾ ਕੇਰਲਾ ਦੇ 9, ਮਹਾਂਰਾਸ਼ਟਰ ਅਤੇ ਤਾਮਿਲਨਾਡੂ ਦੇ 8-8 ਖਿਡਾਰੀ ਚੁਣੇ ਗਏ ਹਨ।
ਇਨ੍ਹਾਂ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦੀ ਸ਼ਮੂਲੀਅਤ ਜ਼ਿਆਦਾਤਰ ਬਾਕਸਿੰਗ, ਕੁਸ਼ਤੀ, ਸ਼ੂਟਿੰਗ ਅਤੇ ਹਾਕੀ ਵਿੱਚ ਹੋਵੇਗੀ। ਇਸ ਦਲ ਵਿੱਚ ਹਰਿਆਣਾ ਦੇ ਤਿੰਨ ਖਿਡਾਰੀ ਅਜਿਹੇ ਵੀ ਸ਼ਾਮਲ ਹਨ ਜੋ ਦੁਨੀਆ ਦਾ ਨੰਬਰ ਇੱਕ ਰੈਂਕ ਹਾਸਲ ਕਰ ਚੁੱਕੇ ਹਨ। 2016 ਵਿੱਚ ਰੀਓ ਓਲੰਪਿਕ ਵਿੱਚ ਦੇਸ਼ ਦੇ ਖਿਡਾਰੀ ਜਦੋਂ ਕੋਈ ਤਗਮਾ ਜਿੱਤਣ ਲਈ ਤਰਸ ਰਹੇ ਸਨ ਤਾਂ ਹਰਿਆਣਾ ਦੀ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤ ਕੇ ਇਸ ਸੋਕੇ ਨੂੰ ਖਤਮ ਕੀਤਾ ਸੀ ਪਰ ਟੋਕੀਓ ਓਲੰਪਿਕ ਵਿੱਚ ਖੇਡ ਮਾਹਿਰ ਭਾਰਤ ਨੂੰ 10 ਤੋਂ ਜ਼ਿਆਦਾ ਤਗਮੇ ਜਿੱਤਣ ਦਾ ਦਾਅਵਾ ਕਰ ਰਹੇ ਹਨ ਕਿਉਂਕਿ ਕੁਸ਼ਤੀ, ਸ਼ੂਟਿੰਗ ਅਤੇ ਬਾਕਸਿੰਗ ਵਿੱਚ ਭਾਰਤ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ।
ਕੁਸ਼ਤੀ ਵਿੱਚ ਹਰਿਆਣਾ ਦੀਆਂ ਚਾਰ ਮਹਿਲਾ ਪਹਿਲਵਾਨਾਂ ਅੰਸ਼ੂ ਮਲਿਕ, ਸੋਨਮ ਮਲਿਕ, ਵਿਨੇਸ਼ ਅਤੇ ਸੀਮਾ ਬਿਸਲਾ ਤੋਂ ਦੇਸ ਨੂੰ ਵੱਡੀ ਉਮੀਦ ਹੈ। ਮਰਦ ਪਹਿਲਵਾਨਾਂ ਵਿੱਚ ਬਜਰੰਗ ਪੂਨੀਆ ਤੋਂ ਇਲਾਵਾ ਰਵੀ ਦਹੀਆ ਅਤੇ ਦੀਪਕ ਪੂਨੀਆ ਦੀ ਖੇਡ ਵੀ ਹੁਣ ਤੱਕ ਬਿਹਤਰ ਰਹੀ ਹੈ। ਇਸ ਲਈ ਕੁਸ਼ਤੀ ਵਿੱਚ ਇੱਕ ਨਹੀਂ ਸਗੋਂ ਜ਼ਿਆਦਾ ਤਗਮੇ ਜਿੱਤਣ ਦੀ ਸੰਭਾਵਨਾ ਬਣ ਰਹੀ ਹੈ। ਇਸੇ ਤਰ੍ਹਾਂ ਬਾਕਸਿੰਗ ਵਿੱਚ ਅਮਿਤ ਪੰਘਾਲ, ਵਿਕਾਸ ਕ੍ਰਿਸ਼ਨ, ਮਨੀਸ਼ ਕੌਸ਼ਿਕ ਅਤੇ ਪੂਜਾ ਵੋਹਰਾ ਦਾ ਅੱਜ ਤੱਕ ਦਾ ਰਿਕਾਰਡ ਦਮਦਾਰ ਹੈ। ਅਮਿਤ ਪੰਘਾਲ ਦੀ ਓਲੰਪਿਕ ਅਤੇ ਅੰਤਰਰਾਸ਼ਟਰੀ ਬਾਕਸਿੰਗ ਸੰਘ ਵਿੱਚ ਇੱਕ ਨੰਬਰ ਰੈਂਕਿੰਗ ਹੈ ਜਦੋਂਕਿ ਵਿਕਾਸ ਕ੍ਰਿਸ਼ਨ ਨੂੰ ਪਹਿਲਾਂ ਤੋਂ ਹੀ ਓਲੰਪਿਕ ਦਾ ਅਨੁਭਵ ਹੈ। ਸ਼ੂਟਿੰਗ ਵਿੱਚ ਮਨੂੰ ਭਾਕਰ ਨੂੰ ਤਿੰਨ ਇਵੈਂਟਾਂ ਵਿੱਚ ਓਲੰਪਿਕ ਦਾ ਕੋਟਾ ਮਿਲਿਆ ਹੈ। ਉਸਨੂੰ ਵੀ ਤਗਮੇ ਦਾ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਹਰਿਆਣਾ ਦੇ ਜੇਕਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਬਾਕਸਿੰਗ ਵਿੱਚ ਪੂਜਾ ਰਾਣੀ (ਭਿਵਾਨੀ), ਅਮਿਤ ਪੰਘਾਲ (ਰੋਹਤਕ), ਵਿਕਾਸ ਕਿ੍ਰਸ਼ਨ (ਭਿਵਾਨੀ), ਮਨੀਸ਼ ਕੌਸ਼ਿਕ (ਭਿਵਾਨੀ) ਸ਼ੂਟਿੰਗ ਵਿੱਚ ਮਨੂੰ ਭਾਕਰ (ਝੱਜਰ), ਸੰਜੀਵ ਰਾਜਪੂਤ (ਯਮੁਨਾਨਗਰ), ਅਭਿਸ਼ੇਕ ਵਰਮਾ (ਪਲਵਲ), ਯਸ਼ਸਵਿਨੀ ਸਿੰਘ ਦੇਸ਼ਵਾਲ (ਪੰਚਕੂਲਾ) ਕੁਸ਼ਤੀ ਵਿੱਚ ਦੀਪਕ ਪੂਨੀਆ (ਝੱਜਰ), ਸੋਨਮ (ਸੋਨੀਪਤ), ਰਵੀ ਕੁਮਾਰ (ਸੋਨੀਪਤ), ਸੀਮਾ (ਰੋਹਤਕ), ਵਿਨੇਸ਼ ਫੌਗਾਟ (ਚਰਖੀ ਦਾਦਰੀ), ਅੰਸ਼ੂ (ਜੀਂਦ), ਬਜਰੰਗ ਪੂਨੀਆ (ਝੱਜਰ) ਐਥਲੈਟਿਕਸ ਵਿੱਚ ਰਾਹੁਲ ਕੁਮਾਰ (ਝੱਜਰ), ਸੰਦੀਪ ਕੁਮਾਰ (ਮਹਿੰਦਰਗੜ੍ਹ), ਨੀਰਜ ਚੋਪੜਾ (ਪਾਨੀਪਤ), ਸੀਮਾ ਪੂਨੀਆ ਸਮੇਤ ਮਹਿਲਾ ਹਾਕੀ ਟੀਮ ਵਿੱਚ ਵੀ ਰਾਣੀ ਰਾਮਪਾਲ (ਕੁਰੂਕਸ਼ੇਤਰ), ਨਵਨੀਤ ਕੌਰ (ਕੁਰੂਕਸ਼ੇਤਰ), ਨਵਜੋਤ ਕੌਰ (ਕੁਰੂਕਸ਼ੇਤਰ), ਨੇਹਾ (ਸੋਨੀਪਤ), ਨਿਸ਼ਾ (ਸੋਨੀਪਤ), ਮੋਨਿਕਾ (ਸੋਨੀਪਤ), ਸਵਿਤਾ (ਹਿਸਾਰ), ਉਦਿਤਾ (ਹਿਸਾਰ), ਸ਼ਰਮਿਲਾ (ਹਿਸਾਰ) ਅਤੇ ਮਰਦਾਂ ਦੀ ਹਾਕੀ ਟੀਮ ਵਿੱਚ ਸੁਰਿੰਦਰ ਸਿੰਘ (ਕਰਨਾਲ) ਸ਼ਾਮਲ ਹਨ।
ਓਲੰਪਿਕ ਵਿੱਚ ਹਰਿਆਣਾ ਦਾ ਇਤਿਹਾਸ ਸੁਨਹਿਰੀ ਰਿਹਾ ਹੈ। ਕਰਣਮ ਮਲੇਸ਼ਵਰੀ ਨੇ ਵੇਟਲਿਫਟਿੰਗ ਵਿੱਚ 2000 ਸਿਡਨੀ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਵਿਅਕਤੀਗਤ ਰੂਪ ਵਿੱਚ ਹਰਿਆਣਾ ਦੇ ਕਿਸੇ ਖਿਡਾਰੀ ਵੱਲੋਂ ਜਿੱਤਿਆ ਗਿਆ ਇਹ ਪਹਿਲਾ ਤਗ ਮਾ ਸੀ। 2008 ਬੀਜਿੰਗ ਓਲੰਪਿਕ ਵਿੱਚ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। 2012 ਲੰਦਨ ਓਲੰਪਿਕ ਵਿੱਚ ਹਰਿਆਣਾ ਦੇ ਤਿੰਨ ਖਿਡਾਰੀਆਂ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ, ਕੁਸ਼ਤੀ ਵਿੱਚ ਹੀ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਗਮਾ, ਸਾਇਨਾ ਨੇਹਵਾਲ ਨੇ ਬੈਡਮਿੰਟਨ ਵਿੱਚ ਕਾਂਸੀ ਅਤੇ ਸ਼ੂਟਿੰਗ ਵਿੱਚ ਗਗਨ ਨਾਰੰਗ ਨੇ ਕਾਂਸੀ ਦੇ ਤਗਮੇ ਜਿੱਤੇ ਸਨ। 2016 ਓਲੰਪਿਕ ਵਿੱਚ ਸਾਕਸ਼ੀ ਮਲਿਕ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਹਰਿਆਣਾ ਦੇ ਖਾਤੇ ਵਿੱਚ ਤਗਮਾ ਜਿੱਤਣ ਦਾ ਕੰਮ ਕੀਤਾ ਸੀ ਪਰ ਇਸ ਵਾਰ 2012 ਲੰਦਨ ਓਲੰਪਿਕ ਵਿੱਚ ਜਿੱਤੇ ਗਏ ਤਗਮਿਆਂ ਦਾ ਰਿਕਾਰਡ ਟੋਕੀਓ ਓਲੰਪਿਕ ਵਿੱਚ ਜਰੂਰ ਟੁੱਟੇਗਾ ਇਹ ਹਰ ਭਾਰਤੀ ਨੂੰ ਵੱਡੀ ਆਸ ਹੈ।
ਹਰਿਆਣਾ ਸਰਕਾਰ ਵਲੋਂ ਟੋਕੀਓ ਓਲੰਪਿਕ ਲਈ ਚੁਣੇ ਗਏ ਸੂਬੇ ਦੇ ਖਿਡਾਰੀਆਂ ਨੂੰ 5-5 ਲੱਖ ਰੁਪਏ ਤਿਆਰੀ ਰਾਸ਼ੀ ਦੇ ਰੂਪ ਵਿੱਚ ਮੁਹੱਈਆ ਕਰਵਾਏ ਗਏ ਹਨ ਅਤੇ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀ ਨੂੰ 6 ਕਰੋੜ, ਚਾਂਦੀ ਦਾ ਤਗਮਾ ਜਿੱਤਣ ’ਤੇ 4 ਕਰੋੜ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 2.50 ਕਰੋੜ ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਰੀਓ ਓਲੰਪਿਕ ਵਿੱਚ ਹਰਿਆਣਾ ਦੇ ਸਿਰਫ਼ 19 ਖਿਡਾਰੀ ਹੀ ਦੇਸ਼ ਦੀ ਤਰਜਮਾਨੀ ਕਰ ਸਕੇ ਸਨ ਪਰ ਇਸ ਵਾਰ ਉਸ ਤੋਂ ਜ਼ਿਆਦਾ 29 ਖਿਡਾਰੀਆਂ ਨੂੰ ਓਲੰਪਿਕ ਦੀ ਟਿਕਟ ਮਿਲੀ ਹੈ। ਇਸ ਤਰ੍ਹਾਂ ਪੰਜ ਸਾਲਾਂ ਬਾਅਦ ਹੀ ਹਰਿਆਣਾ ਦੇ 10 ਜ਼ਿਆਦਾ ਖਿਡਾਰੀ ਓਲੰਪਿਕ ਖੇਡਣ ਲਈ ਜਾਣਗੇ ਜਿਸ ਤੋਂ ਸਪੱਸ਼ਟ ਹੈ ਕਿ ਸੂਬੇ ਦੇ ਖਿਡਾਰੀਆਂ ਵਿੱਚ ਦਿਨੋ-ਦਿਨ ਖੇਡਾਂ ਪ੍ਰਤੀ ਰੁਚੀ ਵਧ ਰਹੀ ਹੈ।
ਇਸ ਵਾਰ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵੱਡੀ ਪ੍ਰਾਪਤੀ ਹਰਿਆਣਾ ਦੇ ਖਿਡਾਰੀਆਂ ਦੇ ਹਿੱਸੇ ਆ ਚੁੱਕੀ ਹੈ। ਟੋਕੀਓ ਓਲੰਪਿਕ ਵਿੱਚ ਜਾਣ ਵਾਲੀ ਪਹਿਲਵਾਨਾਂ ਦੀ ਪੂਰੀ ਟੀਮ ਹਰਿਆਣਾ ਤੋਂ ਹੋਵੇਗੀ ਕਿਉਂਕਿ ਹੋਰ ਕਿਸੇ ਵੀ ਸੂਬੇ ਦਾ ਇੱਕ ਵੀ ਪਹਿਲਵਾਨ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। ਇਸ ਤੋਂ ਇਲਾਵਾ ਮਹਿਲਾ ਅਤੇ ਮਰਦ ਹਾਕੀ ਟੀਮਾਂ ਵਿੱਚ ਵੀ ਹਰਿਆਣਾ ਦੇ 11 ਖਿਡਾਰੀ ਖੇਡਣਗੇ। ਇਹ ਵੀ ਹਰਿਆਣਾ ਲਈ ਇੱਕ ਵੱਡੀ ਪ੍ਰਾਪਤੀ ਹੈ। ਇਸਦੇ ਨਾਲ ਹੀ ਹਰਿਆਣਾ ਦੇ ਵਿਕਾਸ ਕ੍ਰਿਸ਼ਨ ਅਜਿਹੇ ਖਿਡਾਰੀ ਹਨ ਜੋ ਓਲੰਪਿਕ ਦਾ ਸਫ਼ਰ ਤੀਜੀ ਵਾਰ ਤੈਅ ਕਰਨਗੇ। ਉੱਥੇ ਹੀ 7 ਖਿਡਾਰੀ ਸੁਰਿੰਦਰ, ਵਿਨੇਸ਼ ਫੋਗਾਟ, ਰਾਣੀ ਰਾਮਪਾਲ, ਸਵਿਤਾ, ਮੋਨਿਕਾ, ਨਵਜੋਤ ਕੌਰ ਅਤੇ ਸੰਦੀਪ ਦੂਜੀ ਵਾਰ ਓਲੰਪਿਕ ਵਿੱਚ ਜਾਣਗੇ। ਜਿੱਥੇ ਦੇਸ਼ ਦਾ ਹਰ ਖੇਡ ਪ੍ਰੇਮੀ ਟੋਕੀਓ ਓਲੰਪਿਕ ਵਿੱਚ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਉਮੀਦ ਲਾਈ ਬੈਠਾ ਹੈ, ਉੱਥੇ ਹੀ ਇਨ੍ਹਾਂ ਓਲੰਪਿਕ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਸ਼ਮੂਲੀਅਤ ਹੋਣ ਕਾਰਨ ਸੂਬੇ ਦੇ ਲੋਕਾਂ ਵਿੱਚ ਵੀ ਉਤਸ਼ਾਹ ਹੈ ਅਤੇ ਪ੍ਰਦੇਸ਼ ਵਾਸੀ ਇਨ੍ਹਾਂ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਤੋਂ ਵਧੀਆ ਪ੍ਰਦਰਸ਼ਨ ਦੀ ਆਸ ਲਾ ਰਹੇ ਹਨ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।