ਬਜ਼ੁਰਗਾਂ ਦੀ ਸਾਂਭ-ਸੰਭਾਈ ਤੋਂ ਮੁਨਕਰ ਹੁੰਦੀ ਅਜੋਕੀ ਪੀੜ੍ਹੀ

ਬਜ਼ੁਰਗਾਂ ਦੀ ਸਾਂਭ-ਸੰਭਾਈ ਤੋਂ ਮੁਨਕਰ ਹੁੰਦੀ ਅਜੋਕੀ ਪੀੜ੍ਹੀ

ਬਜ਼ੁਰਗਾਂ ਕੋਲ ਤਜ਼ਰਬਿਆਂ ਦਾ ਵੱਡਮੁੱਲਾ ਭੰਡਾਰ ਹੁੰਦਾ ਹੈ, ਜੋ ਸਾਡੇ ਲਈ ਪ੍ਰੇਰਣਾ ਸ੍ਰੋਤ ਹੁੰਦਾ ਹੈ ਜਿਨ੍ਹਾਂ ਕੋਲ ਵਡੇਰੀ ਉਮਰ ਦੇ ਬਜੁਰਗ ਹੁੰਦੇ ਹਨ ਉਨ੍ਹਾਂ ਕੋਲ ਤਜ਼ਰਬੇ ਦਾ ਅਣਮੁੱਲਾ ਖ਼ਜਾਨਾ ਹੁੰਦਾ ਹੈ । ਜਿਸਨੂੰ ਉਹ ਆਪਣੀ ਔਲਾਦ ਦੇ ਸੁਨਹਿਰੇ ਭਵਿੱਖ ਲਈ ਵਰਤ ਕੇ ਉਨ੍ਹਾਂ ਨੂੰ ਸਮਾਜ ਵਿੱਚ ਵਿਚਰਨ ਅਤੇ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾ ਕੇ ਖੁਸ਼ੀਆਂ ਮਾਨਣਾ ਚਾਹੁੰਦਾ ਹੈ। ਬਜੁਰਗ ਆਪਣੀ ਔਲਾਦ ਲਈ ਸਦਾ ਹੀ ਰਾਹ ਦਸੇਰਾ ਹੁੰਦੇ ਹਨ, ਜਦੋਂ ਬੱਚੇ ਬਜ਼ੁਰਗਾਂ ਦੇ ਦੱਸੇ ਹੋਏ ਜਿੰਦਗੀ ਦੇ ਚੰਗੇ ਤਜ਼ਰਬਿਆਂ ’ਚੋਂ ਵਿਕਾਸ ਤੇ ਤਰੱਕੀ ਦੀਆਂ ਪਲਾਂਘਾਂ ਪੁੱਟਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।

ਪਰ ਦੁੱਖ ਦੀ ਗੱਲ ਹੈ ਕਿ ਅਜੋਕੀ ਨੌਜਵਾਨ ਪੀੜ੍ਹੀ ਇਨ੍ਹਾਂ ਦੀ ਰਹਿਨੁਮਾਈ ਮਨਜੂਰ ਨਹੀਂ ਕਰ ਰਹੀ, ਜਿਨ੍ਹਾਂ ਬਜ਼ੁਰਗਾਂ ਨੇ ਔਲਾਦ ਖਾਤਰ ਆਪਣਾ ਖੂਨ ਪਸੀਨਾ ਵਹਾ ਕੇ ਉੱਚੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ, ਉਹਨਾਂ ਬਜ਼ੁਰਗਾਂ ਦੀ ਸਮਾਜ ’ਚ ਦੁਰਦਸ਼ਾ ਹੋ ਰਹੀ ਹੈ। ਜਿਨ੍ਹਾਂ ਘਰਾਂ ’ਚ ਉਨ੍ਹਾਂ ਨੇ ਚਾਵਾਂ ਸੱਧਰਾਂ ਨਾਲ ਆਪਣੇ ਪੁੱਤ-ਪੋਤਿਆਂ ਦੇ ਕਾਰਜ ਕੀਤੇ ਹੁੰਦੇ ਹਨ, ਉਨ੍ਹਾਂ ਘਰਾਂ ’ਚ ਉਨ੍ਹਾਂ ਲਈ ਇੱਕ ਕਮਰਾ ਵੀ ਬਣਾਉਣਾ ਵੀ ਜਰੂਰੀ ਨਹੀਂ ਸਮਝਿਆ ਜਾਂਦਾ ਉਹ ਸਮੇਂ ਬਹੁਤ ਪਿੱਛੇ ਰਹਿ ਚੁੱਕੇ ਹਨ, ਜਦੋਂ ਸਾਂਝੇ ਪਰਿਵਾਰ ਹੁੰਦੇ ਸਨ, ਸਾਰਾ ਹੀ ਪਰਿਵਾਰ ਇੱਕ ਛੱਤ ਹੇਠ ਇਕੱਠਾ ਰਹਿੰਦਾ ਸੀ, ਇੱਕੋ ਚੁੱਲੇ੍ਹ ’ਤੇ ਰੋਟੀ ਬਣਦੀ ਸੀ, ਸਾਰੇ ਹੀ ਪਰਿਵਾਰ ਦੇ ਮੈਂਬਰ ਚੁੱਲੇ੍ਹ ਦੇ ਆਲੇ-ਦੁਆਲੇੇ ਬੈਠ ਕੇ ਰੋਟੀ ਖਾਂਦੇ ਸਨ ਪਿਆਰ, ਅਣਪੱਤ, ਸਤਿਕਾਰ, ਘਰਾਂ ’ਚ ਹੁੰਦਾ ਸੀ ।

ਘਰੇਲੂ ਖਰਚੇ ਲਈ ਇੱਕ ਹੀ ਜੇਬ ਹੁੰਦੀ ਸੀ, ਸਾਰੇ ਹੀ ਪਰਿਵਾਰ ਦਾ ਇੱਕ ਹੀ ਮੁਖੀਆ ਹੁੰਦਾ ਸੀ, ਸਾਰੇ ਹੀ ਪਰਿਵਾਰ ਨੇ ਉਸ ਦੀ ਸਲਾਹ ਨਾਲ ਸਾਰੇ ਕੰਮ ਕਰਨੇ, ਕਿਸੇ ਨੇ ਕਿਤੇ ਵੀ ਜਾਣਾ ਹੁੰਦਾ, ਬਜੁਰਗਾਂ ਤੋਂ ਆਗਿਆ ਲੈਣੀ ਜਰੂਰੀ ਹੁੰਦੀ ਸੀ । ਘਰ ਦੇ ਬਜ਼ੁਰਗ ਪੁੱਤਰਾਂ, ਧੀਆਂ ਜਾਂ ਪੋਤਰੇ, ਪੋਤਰੀਆਂ ਦਾ ਰਿਸ਼ਤਾ ਜਿੱਥੇ ਮਰਜ਼ੀ ਤੈਅ ਕਰ ਦਿੰਦੇ ਪਰਿਵਾਰ ਦਾ ਕੋਈ ਮੈਂਬਰ ਉਸ ’ਤੇ ਕਿੰਤੂ ਨਹੀਂ ਸੀ ਕਰ ਕਰਦਾ ਪਿਆਰ ਦੀਆਂ ਸਾਝਾਂ ਗੂੜ੍ਹੀਆਂ ਸਨ ਪਰਿਵਾਰਕ ਰਿਸ਼ਤੇ ਅਟੁੱਟ ਸਨ ਸਾਰੇ ਕਾਰੋਬਾਰ ਸਾਂਝੇ ਸਨ, ਘਰ ਦੇ ਹਰ ਇੱਕ ਮੈਂਬਰ ਨੂੰ ਉਮਰ ਦੇ ਹਿਸਾਬ ਨਾਲ ਮਾਣ-ਸਤਿਕਾਰ ਮਿਲਦਾ ਸੀ। ਪਰ ਹੁਣ ਇਹ ਬੀਤੇ ਸਮੇਂ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ।

ਅੱਜ ਕੱਲ੍ਹ ਬਜੁਰਗਾਂ ਦਾ ਰੈਣ-ਬਸੇਰਾ ਥਾਂ-ਥਾਂ ਪਿੰਡਾਂ ਸ਼ਹਿਰਾਂ ਤੇ ਕਸਬਿਆਂ ’ਚ ਖੁੰਬਾਂ ਬਣ ਰਹੇ ਬਿਰਧ ਆਸ਼ਰਮ ਹੀ ਰਹਿ ਗਏ ਹਨ, ਕਿਉਂਕਿ ਅਜੋਕੀ ਨੌਜਵਾਨ ਪੀੜ੍ਹੀ ਬਜੁਰਗਾਂ ਦੀ ਸਾਂਭ-ਸੰਭਾਈ ਕਰਨ ਨੂੰ ਤਿਆਰ ਨਹੀਂ ਹੈ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਇਨ੍ਹਾਂ ਗੱਲਾਂ ਦੀ ਹਾਮੀ ਭਰਦੀਆਂ ਹਨ । ਭਾਵੇਂ ਇਨ੍ਹਾਂ ਬਿਰਧ ਆਸ਼ਰਮਾਂ ’ਚ ਹਰ ਕਿਸਮ ਦੀਆਂ ਸੁੱਖ ਸੁਵਿਧਾਵਾਂ ਹਨ, ਪਰ ਘਰ ਜਿਸ ਨੂੰ ਉਨ੍ਹਾਂ ਨੇ ਆਪਣਿਆਂ ਸੁਪਨਿਆਂ ’ਚ ਸੰਜੋ ਕੇ ਤਰ੍ਹਾਂ-ਤਰ੍ਹਾਂ ਦੇ ਖੁਆਬ ਵੇਖੇ ਹੁੰਦੇ ਹਨ, ਉਨ੍ਹਾਂ ਤੋਂ ਉਹ ਵਿਰਵੇ ਹੋ ਰਹੇ ਹਨ । ਜਿਨ੍ਹਾਂ ਘਰਾਂ ਨੂੰ ਬਣਾਉਂਦੇ ਬਣਾਉਂਦੇ ਉਹ ਇਸ ਅਵਸਥਾ ’ਚ ਪਹੁੰਚਦੇ ਹਨ ਤੇ ਅਖੀਰੀ ਉਨ੍ਹਾਂ ਨੂੰ ਉਸ ’ਚ ਬਜ਼ੁਰਗ ਰੋਂਦੇ ਵੇਖੇ ਜਾ ਸਕਦੇ ਹਨ, ਕਿਉਂਕਿ ਉਹ ਆਪਣੀ ਔਲਾਦ ’ਚ ਰਹਿਣਾ ਲੋਚਦੇ ਹਨ । ਪਰ ਘਰਾਂ ’ਚ ਉਨ੍ਹਾਂ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ ਜਾਂਦਾ।

ਕਈਆਂ ਬਿਰਧ ਆਸ਼ਰਮਾਂ ’ਚ ਸ਼ਹਿਰ ਦੇ ਪਤਵੰਤੇ ਅਤੇ ਸਮਾਜਕ, ਧਾਰਮਿਕ ਜੱਥੇਬੰਦੀਆਂ ਕਿਸੇ ਖਾਸ ਤਿਉਹਾਰਾਂ ’ਤੇ ਇਨ੍ਹਾਂ ਦੀ ਸਾਰ ਲੈਂਦੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਦੇ ਚਿਹਰੇ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਹ ਆਪਣੀ ਜਿੰਦਗੀ ਤੋਂ ਹਾਰ ਚੁੱਕੇ ਹਨ ਇਸ ਲਈ ਕਈ ਤਾਂ ਮੂੰਹੋਂ ਮੌਤ ਮੰਗਦੇ ਹਨ। ਕੁਝ ਸਮਾਂ ਪਹਿਲਾਂ ਅਖ਼ਬਾਰ ਦੀ ਮੋਟੀ ਸੁਰਖੀ ਕਿ ਦੋ ਪੋਤੇੇ ਆਪਣੀ ਦਾਦੀ ਮਾਂ ਨੂੰ ਇਸ਼ਨਾਨ ਦੇ ਬਹਾਨੇ ਕਿਤੇ ਦੂਰ ਛੱਡ ਆਏ, ਅਜਿਹੀਆਂ ਖ਼ਬਰਾਂ ਆਮ ਹੀ ਅਖ਼ਬਾਰਾਂ ’ਚ ਛਪਦੀਆਂ ਰਹਿੰਦੀਆਂ ਹਨ ।

ਪੁਰਾਣੀ ਤੇ ਨਵੀਂ ਪੀੜ੍ਹੀ ਦੇ ਤਾਲਮੇਲ ਨਾ ਬੈਠਣ ਦਾ ਵੱਡਾ ਕਾਰਨ ਪੱਛਮੀ ਸੱਭਿਅਤਾ ਦਾ ਪ੍ਰਭਾਵ ਵੀ ਹੈ ਕਈ ਥਾਈਂ ਅਜਿਹੇ ਕਾਂਡ ਵੀ ਵਾਪਰ ਚੁੱਕੇ ਹਨ ਕਿ ਬਾਪ ਨੂੰ ਜਾਂ ਬਾਪ ਨੇ ਪੁੱਤਰ ਨੂੰ ਜਾਇਦਾਦ ਜ਼ਮੀਨ ਪਿੱਛੇ ਪੁੱਤਰ ਨੇ ਸਾਰੇ ਹੀ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਬਜੁਰਗ ਆਪਣੇ ਤਜਰਬੇ ਅਨੁਸਾਰ ਔਲਾਦ ਨੂੰ ਜਿੰਦਗੀ ਦੀਆਂ ਕਾਮਯਾਬੀ ਵਾਲੀਆਂ ਗੱਲਾਂ ਦੱਸਦੇ ਹਨ, ਪਰ ਅਜੋਕੀ ਨੌਜਵਾਨ ਪੀੜ੍ਹੀ ਉਨ੍ਹਾਂ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ । ਬਜੁਰਗ ਜੇਕਰ ਨੌਜਵਾਨਾਂ ਨੂੰ ਆਪਣੀ ਕਹੀ ਗੱਲ ਨਹੀਂ ਮਨਾ ਸਕਦੇ ਤਾਂ ਆਪਣੀ ਹੇਠੀ ਸਮਝਦੇ ਹਨ, ਪਰ ਨੌਜਵਾਨ ਆਪਣੀ ਮਨਮਾਨੀ ਨਾ ਕਰਕੇ ਜੇਕਰ ਬਜੁਰਗਾਂ ਦੀ ਗੱਲ ਮੰਨ ਲੈਣ ਤਾਂ ਆਪਣੀ ਤੌਹੀਨ ਸਮਝਦੇ ਹਨ, ਇਸ ਕਰਕੇ ਆਪੋ-ਆਪਣੇ ਵਿਚਾਰਾਂ ਦਾ ਤਾਲਮੇਲ ਨਾ ਬੈਠਣਾ ਵੀ ਸਾਂਝੇ ਪਰਿਵਾਰਾਂ ਨੂੰ ਤਬਾਹੀ ਦੇ ਕੰਢਿਆਂ ’ਤੇ ਪਹੁੰਚਾ ਰਿਹਾ ਹੈ।

ਇਸ ਤੋਂ ਇਲਾਵਾ ਅੱਜ ਦਾ ਨੌਜਵਾਨ ਐਨਾਂ ਸੋਹਲ ਹੋ ਚੁੱਕਿਆ ਹੈ ਕਿ ਕੋਈ ਵੀ ਕੰਮ ਹੱਥੀਂ ਕਰਕੇ ਰਾਜ਼ੀ ਨਹੀਂ ਹੈ ਬਾਹਰਲੇ ਸੂਬਿਆਂ ਤੋਂ ਆਈ ਲੇਬਰ ’ਤੇ ਹੀ ਸਭ ਨਿਰਭਰ ਹਨ, ਦੂਜੇ ਪਾਸੇ ਪੁਰਾਣੇ ਬਜ਼ੁਰਗਾਂ ਨੇ ਆਪਣੀ ਉਮਰ ’ਚ ਹੱਥੀਂ ਕੰਮ ਕੀਤਾ ਹੁੰਦਾ ਹੈ ਜਿਸ ਕਾਰਨ ਪਰਿਵਾਰਾਂ ’ਚ ਬਖੇੜੇ ਪੈਂਦੇ ਹਨ ਪਰਿਵਾਰਕ ਤਾਣਾ-ਬਾਣਾ ਬਿਖਰ ਰਿਹਾ ਹੈ। ਜੇਕਰ ਇਕੱਲੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਵੀ ਅਨਿਆਂ ਹੋਵੇਗਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਮੰਨ ਕੇ ਵੀ ਥੋੜ੍ਹਾ ਬਹੁਤ ਸੁਧਾਰ ਹੋ ਸਕੇ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਦੁਨੀਆਂ ’ਚ ਕਿਸੇ ਚੀਜ਼ ਦਾ ਅੰਤ ਹੁੰਦਾ ਹੈ

ਬਿਲਕੁਲ ਇਸੇ ਤਰ੍ਹਾਂ ਕੋਈ ਟਾਵਾਂ-ਟਾਵਾਂ ਐਸਾ ਪਰਿਵਾਰ ਵੀ ਅੱਜ ਕੱਲ੍ਹ ਹੈ ਜਿੱਥੇ ਬਿਲਕੁਲ ਅੱਜ ਤੋਂ 40-50 ਸਾਲ ਪਹਿਲਾਂ ਵਾਲਾ ਪ੍ਰਤੱਖ ਪ੍ਰਮਾਣ ਮਿਲ ਜਾਂਦਾ ਹੈ, ਪਰ ਹੈ ਕੋਈ-ਕੋਈ, ਜਿਆਦਾਤਰ ਤਾਂ ਬਿਖਰੇ ਪਰਿਵਾਰਾਂ ਦੀ ਝਲਕ ਮਿਲਦੀ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਬਜੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਕਿ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਬਣਦਾ ਹੈ, ਨਹੀਂ ਤਾਂ ਆਪਾ ਵੀ ਅਖ਼ੀਰ ਤਾਂ ਇਸ ਅਵਸਥਾ ’ਚ ਆਉਣਾ ਹੀ ਹੈ, ਕਿਤੇ ਇਹ ਨਾ ਹੋਵੇ ਕਿ ਆਪਾਂ ਸਮਾਂ ਹੱਥੋਂ ਗਵਾ ਲਈਏ ਤੇ ਆਪਾਂ ਨੂੰ ਆਪਣੇ ਬਜੁਰਗਾਂ ਵਾਂਗ, ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪਵੇ।
ਸ੍ਰੀ ਮੁਕਤਸਰ ਸਾਹਿਬ।

ਜਸਵੀਰ ਸ਼ਰਮਾ ਦੱਦਾਹੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ