ਪੁਰਾਤਨ ਵਿਰਸਾ: ਅੱਜ ਫਿਰ ਬਚਪਨ ਤੇ ਵਿੱਸਰੇ ਮਿੱਟੀ ਦੇ ਖਿਡੌਣੇ ਯਾਦ ਆਏ

Childhood
Childhood: ਅੱਜ ਫਿਰ ਬਚਪਨ ਤੇ ਵਿੱਸਰੇ ਮਿੱਟੀ ਦੇ ਖਿਡੌਣੇ ਯਾਦ ਆਏ

ਬਚਪਨ (Childhood) ਵਾਕਿਆ ਹੀ ਬਾਦਸ਼ਾਹ ਹੁੰਦਾ ਹੈ ਕੋਈ ਫਿਕਰ ਨਾ ਫਾਕਾ, ਦੁੜੰਗੇ ਲਾਉਣੇ, ਚੰਗਾ ਖਾਣਾ, ਭੱਜੇ ਫਿਰਨਾ, ਨਿੱਕੇ-ਨਿੱਕੇ ਖਿਡੌਣਿਆਂ ਨਾਲ ਖੇਡਾਂ ਖੇਡਣੀਆਂ। ਅੱਜ ਫਿਰ ਇਹ ਚੀਜ਼ਾਂ ਯਾਦ ਆ ਗਈਆਂ ਪੁਰਾਤਨ ਪੰਜਾਬ ਦੇ ਬਚਪਨ ਤੇ ਅਜੋਕਾ ਜੋ ਬਚਪਨ ਚੱਲ ਰਿਹਾ ਉਹਦੇ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਪਹਿਲੇ ਸਮਿਆਂ ਵਿੱਚ ਪਿੰਡ ਦੇ ਵਿੱਚ ਹੀ ਤਰਖਾਣ ਤੋਂ ਗਡੀਰੇ ਬਣਵਾ ਲੈਣੇ, ਲੱਕੜ ਦੀ ਟਰਾਲੀ ਬਣਵਾ ਲੈਣੀ, ਲੱਕੜ ਦਾ ਟਰੈਕਟਰ ਬਣਵਾ ਲੈਣਾ, ਉਸੇ ਦੇ ਉੱਤੇ ਹੀ ਮਿੱਟੀ ਪਾ ਕੇ ਭਰਤ ਪਾਈ ਜਾਣੀ ਤੇ ਮੂੰਹ ਦੇ ਨਾਲ ਹੀ ਟਰੈਕਟਰ ਦੀ ਅਵਾਜ਼ ਕੱਢੀ ਜਾਣੀ ਇਸੇ ਤਰ੍ਹਾਂ ਛੋਟੇ-ਛੋਟੇ ਗਡੀਰੇ ਪਿੰਡ ਦੇ ਵਿੱਚ ਹੀ ਤਰਖਾਣ ਨੇ ਬਣਵਾ ਲੈਣੇ ਬਿਨਾਂ ਪੈਸਿਆਂ ਵਾਲਾ ਬਚਪਨ ਸੀ ਉਹ ਤੇ ਜੋ ਅਜੋਕਾ ਬਚਪਨ ਹੈ ਉਹ ਬਹੁਤ ਮਹਿੰਗਾ ਹੈ।

ਹਰ ਰੋਜ਼ ਨਵੇਂ ਤੋਂ ਨਵੇਂ ਖਿਡੌਣੇ ਲੈ ਕੇ ਆਉਣੇ ਅਜੋਕੇ ਮਾਂ-ਪਿਓ ਲੈ ਕੇ ਦਿੰਦੇ ਆ ਆਪਣੇ ਬੱਚਿਆਂ ਨੂੰ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਕਿਸੇ ਕੋਲ ਵੀ ਅੱਜ-ਕੱਲ੍ਹ। ਪੈਸਾ ਹਰ ਇਨਸਾਨ ਕੋਲ ਹੈ ਬੱਚਿਆਂ ਨੂੰ ਕੋਈ ਰਵਾ ਕੇ ਨਹੀਂ ਰਾਜ਼ੀ। ਜਿਹੜੀ ਚੀਜ਼ ਮੰਗਦੇ ਜਿਹੜੀ ਚੀਜ਼ ’ਤੇ ਉਂਗਲ ਲਾਉਂਦਾ ਬੱਚਾ ਉਹੋ ਈ ਉਹਨੂੰ ਲਿਆ ਕੇ ਦਿੰਦੇ ਨੇ ਇਸ ਦੇ ਮੁਕਾਬਲੇ ਜੋ ਪੁਰਾਣਾ ਪੰਜਾਬ ਸੀ ਉਹਦੇ ਵਿੱਚ ਜੋ ਬਚਪਨ ਸੀ ਜੋ ਅਸੀਂ ਹੰਡਾਇਆ ਉਨ੍ਹਾਂ ਸਮਿਆਂ ਦੇ ਵਿੱਚ ਚੀਕਣੀ ਮਿੱਟੀ ਨੂੰ ਗੁੰਨ੍ਹ ਕੇ ਓਹਦੇ ਭਾਂਡੇ ਬਣਾਈ ਜਾਣੇ, ਪਲੇਟਾਂ ਬਣਾਉਣੀਆਂ, ਪਿਆਲੀਆਂ ਬਣਾਉਣੀਆਂ, ਗਲਾਸ ਬਣਾ ਲੈਣੇ, ਚਮਚੇ ਬਣਾ ਲੈਣੇ ਅਤੇ ਸਿਲੰਡਰ ਬਣਾ ਲੈਣਾ, ਚੁੱਲ੍ਹਾ ਬਣਾ ਲੈਣਾ, ਚੌਂਕਾ ਬਣਾ ਲੈਣਾ, ਰੋਟੀ ਥੱਪਣ ਵਾਲਾ ਚਕਲਾ-ਵੇਲਣਾ ਬਣਾ ਲੈਣਾ, ਟਾਣ ਜੀਹਦੇ ’ਤੇ ਭਾਂਡੇ ਚਿਣਕੇ ਰੱਖਿਆ ਕਰਦੇ ਸਨ, ਉਹ ਬਣਾ ਲੈਣੀਆਂ ਜੱਗ, ਗੜਵੀ, ਕੇਤਲੀ, ਗਲਾਸ ਬਣਾ ਲੈਣਾ ।

Childhood

ਸਾਰਾ ਕੁਝ ਮਿੱਟੀ ਦਾ ਬਣਾ ਕੇ ਤੇ ਛੋਟੇ-ਛੋਟੇ ਬੱਚਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਹੀ ਮਿੱਟੀ ਦੀਆਂ ਰੋਟੀਆਂ ਬਣਾ ਕੇ ਉਹੋ ਜੀ ਸਬਜ਼ੀ ਬਣਾ ਕੇ ਪਲੇਟਾਂ ਵਿੱਚ ਪਾ ਲੈਣੀ ਤੇ ਸਾਰਿਆਂ ਨੇ ਉਵੇਂ ਹੀ ਖੇਡੀ ਜਾਣਾ ਤੇ ਐਵੇਂ ਮੂੰਹ ਹਿਲਾ ਕੇ ਖਾਣ ਦਾ ਡਰਾਮਾ ਕਰਨਾ। ਚੀਕਣੀ ਮਿੱਟੀ ਆਮ ਹੁੰਦੀ ਸੀ, ਕਦੇ-ਕਦੇ ਉਹਦੇ ਵਿੱਚ ਜਿਹੜੀ ਆਪਾਂ ਤੂੜੀ ਦੇ ਵਿੱਚੋਂ ਛਾਣ ਕੇ ਥੱਲੇ ਰੀਣ ਬਚਦੀ ਆ ਉਹ ਮਿੱਟੀ ਦੇ ਵਿੱਚ ਗੁੰਨ੍ਹ ਲੈਣੀ ਤੇ ਮਿੱਟੀ ਨੇ ਖੜ੍ਹ ਜਾਣਾ ਚੀਕਣੀ ਮਿੱਟੀ ਉਂਝ ਵੀ ਖੜ੍ਹ ਜਾਂਦੀ ਸੀ ਪਰ ਜਦੋਂ ਰੀਣ ਪਾ ਦੇਣੀ ਉਹਨੇ ਚੰਗੀ ਖੜ੍ਹ ਜਾਣਾ ਸਾਰਾ ਕੁਝ ਮਿੱਟੀ ਦੇ ਖਿਡੌਣੇ ਜਿਵੇਂ ਕਿ ਤਸਵੀਰ ਦੇ ਵਿੱਚ ਦਿਸਦੇ ਨੇ ਉਵੇਂ ਬਣਾ ਲੈਣੇ, ਉਵੇਂ ਖੇਡੀ ਜਾਣਾ ਇਨ੍ਹਾਂ ਚੀਜ਼ਾਂ ’ਤੇ ਕਦੇ ਕੋਈ ਪੈਸਾ ਨਹੀਂ ਲੱਗਦਾ ਸੀ ਤੇ ਇੰਨੇ ਖੁਸ਼ ਹੋਈਦਾ ਸੀ ਜੋ ਕਿ ਕਹਿਣ-ਸੁਣਨ ਤੋਂ ਪਰੇ ਦੀਆਂ ਗੱਲਾਂ ਸਨ। ਅਜੋਕੀ ਪੀੜ੍ਹੀ ਨੂੰ ਤਾਂ ਰੀਣ ਦਾ ਹੀ ਨਹੀਂ ਪਤਾ ਨਹੀਂ ਹੋਣਾ ਕਿ ਕੀਹਨੂੰ ਕਹਿੰਦੇ ਆ।

Read Also : Bhakra Nangal Dam: ਆਓ ਜਾਣੀਏ ਭਾਖੜਾ ਨੰਗਲ ਡੈਮ ਬਾਰੇ

ਇਸ ਤੋਂ ਇਲਾਵਾ ਵੀ ਗੱਡੀਆਂ ਵਾਲੇ ਜਾਂ ਸਾਈਕਲ ’ਤੇ ਸਾਮਾਨ ਵੇਚਣ ਵਾਲੇ ਛੋਟੇ-ਛੋਟੇ ਖਿਡੌਣੇ ਮਿੱਟੀ ਦੇ ਬਣੇ ਹੋਏ ਲੈ ਕੇ ਆਉਂਦੇ ਹੁੰਦੇ ਸੀ ਪਿੰਡਾਂ ਵਿੱਚ ਬਹੁਤ ਪੁਰਾਣੀਆਂ ਗੱਲਾਂ ਨੇ ਬੱਚਿਆਂ ਨੇ ਮਿੱਟੀ ਦੇ ਬਣੇ ਹੋਏ ਉਹੋ ਖਿਡੌਣੇ ਖਰੀਦ ਲੈਣੇ ਤੇ ਉਹਦੇ ਇਵਜ ਦੇ ਵਿੱਚ ਆਟਾ, ਦਾਣੇ ਜਾਂ ਕੁਝ ਪੈਸੇ ਜਿਵੇਂ ਪੰਜੀ, ਦੱਸੀ, ਚੁਆਨੀ ਜਾਂ ਅਠਿਆਨੀ ਦੇ ਕੇ ਉਹ ਲੈ ਲੈਣੇ ਜੋ ਰੰਗਦਾਰ ਹੋਇਆ ਕਰਦੇ ਸਨ ਬਿਲਕੁਲ ਫੋਟੋ ਵਾਂਗ ਇਹ ਭਾਈ ਬੱਚਿਆਂ ਨੂੰ ਸੋਹਣੇ ਲੱਗਣ ਵਾਸਤੇ ਤੇ ਆਪਣੀ ਵਿਕਰੀ ਵਧਾਉਣ ਲਈ ਇਨ੍ਹਾਂ ਖਿਡੌਣਿਆਂ ਨੂੰ ਰੰਗਦਾਰ ਬਣਾ ਲੈਂਦੇ ਸਨ।ਉਹ ਵੀ ਸਮੇਂ ਪਿੰਡਾਂ ਦੇ ਵਿੱਚ ਰਹੇ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਆਫ ਕੌਸਟ ਐਂਵੇਂ ਨਾਂਅ ਵਜੋਂ ਪੈਸੇ ਲੈ ਕੇ ਬੱਚੇ ਲੈਂਦੇ ਰਹੇ ਹਨ ਤੇ ਉਨ੍ਹਾਂ ਨਾਲ ਆਪਣਾ ਦਿਲ ਪਰਚਾਵਾ ਕਰਦੇ ਰਹੇ ਹਨ। ਇੰਨਾ ਵਧੀਆ ਬਚਪਨ ਸੀ ਉਹ ਕਿ ਅੱਜ ਵੀ ਚੇਤਿਆਂ ਵਿੱਚ ਵੱਸਿਆ ਹੋਇਆ ਹੈ।

ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556