ਚਾਲਕਾਂ ਖਿਲਾਫ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲੇ ਦਰਜ
ਜਸਵੀਰ ਸਿੰਘ/ਰਵੀਪਾਲ/ਬਰਨਾਲਾ/ਦੋਦਾ। ਜ਼ਿਲ੍ਹਾ ਬਰਨਾਲਾ ਅਤੇ ਦੋਦਾ ਵਿਖੇ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਨੇ 8 ਘਰਾਂ ਵਿਚ ਸੱਥਰ ਵਿਛਾ ਦਿੱਤੇ ਇਹਨਾਂ ਹਾਦਸਿਆਂ ਸਬੰਧੀ ਪੁਲਿਸ ਨੇ ਵੱਖ-ਵੱਖ ਮਾਮਲੇ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਵਿਖੇ ਵਾਪਰੇ ਹਾਦਸਿਆਂ ‘ਚ ਪੁਲਿਸ ਦੁਆਰਾ ਚਾਲਕਾਂ ਖਿਲਾਫ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸਥਾਨਕ ਸੇਖਾ ਕੈਂਚੀਆਂ ‘ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਰਬਲ ਸਿੰਘ ਵਾਸੀ ਸੇਖਾ ਨੇ ਮਲੇਸ਼ੀਆ ਜਾਣ ਲਈ ਅੱਜ ਸਵੇਰੇ 1 ਵਜੇ ਅੰਮ੍ਰਿਤਸਰ ਤੋਂ ਫਲਾਈਟ ਫੜਨੀ ਸੀ ਜਿਸ ਕਾਰਨ ਉਹ ਆਪਣੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨਾਲ ਦੇਰ ਰਾਤ ਪਿੰਡ ਤੋਂ ਅੰਮ੍ਰਿਤਸਰ ਨੂੰ ਕਿਰਾਏ ‘ਤੇ ਲਈ ਇਨੋਵਾ ਗੱਡੀ ਵਿੱਚ ਰਵਾਨਾ ਹੋਇਆ ਜਦ ਉਹ ਸੇਖਾ ਕੈਂਚੀਆਂ ਲਾਗੇ ਪੁੱਜੇ ਤਾਂ ਇਨੋਵਾ ਗੱਡੀ ਦੇ ਚਾਲਕ ਪਰਦੀਪ ਸਿੰਘ ਵਾਸੀ ਉੱਪਲੀ ਨੇ ਲਾਪਰਵਾਹੀ ਵਰਤਦਿਆਂ ਤੇ ਬਗੈਰ ਅੱਗੇ-ਪਿੱਛੇ ਦੇਖਿਆਂ ਗੱਡੀ ਮੁੱਖ ਮਾਰਗ ਉਪਰ ਚੜ੍ਹਾ ਦਿੱਤੀ ।
ਜਿਸ ਦੀ ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੇ ਕੈਂਟਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਬੀਰਬਲ ਸਿੰਘ, ਸੁਮਨਪ੍ਰੀਤ ਕੌਰ (ਬੀਰਬਲ ਦੀ ਬੇਟੀ), ਪਰਦੀਪ ਸਿੰਘ (ਇਨੋਵਾ ਚਾਲਕ) ਤੇ ਕੈਂਟਰ ਚਾਲਕ ਜਗਸੀਰ ਸਿੰਘ ਹੰਡਿਆਇਆ ਗਭੀਰ ਰੂਪ ਵਿੱਚ ਜਖਮੀ ਹੋ ਗਏ ਜਦਕਿ ਬੱਬੂ ਕੌਰ (ਰਿਸ਼ਤੇਦਾਰ), ਗੁਰਨੂਰ ਸਿੰਘ (5 ਮਹੀਨੇ) ਪੁੱਤਰ ਬੱਬੂ ਕੌਰ ਦੋਵੇਂ ਵਾਸੀਆਨ ਪਿੰਡ ਭਨੂਰ, ਜਿਲ੍ਹਾ ਮੋਗਾ, ਕੁਲਵਿੰਦਰ ਸਿੰਘ (ਗੁਆਂਢੀ) ਤੇ ਸਿਮਰਪ੍ਰੀਤ ਕੌਰ (ਕੁਲਵਿੰਦਰ ਸਿੰਘ ਦੀ ਬੇਟੀ) ਦੋਵੇਂ ਵਾਸੀਆਨ ਸੇਖਾ ਦੀ ਮੌਤ ਹੋ ਗਈ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ‘ਤੇ ਇਨੋਵਾ ਗੱਡੀ ਦੇ ਡਰਾਈਵਰ ਪਰਦੀਪ ਸਿੰਘ ਦੁਆਰਾ ਗੱਡੀ ਰੋਡ ‘ਤੇ ਚੜ੍ਹਾਉਣ ਸਮੇਂ ਵਰਤੀ ਗਈ ਅਣਗਹਿਲੀ ਸਦਕਾ ਉਕਤ ਚਾਰ ਮੌਤਾਂ ਹੋਈਆਂ ਹਨ ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਦੂਸਰੇ ਹਾਦਸੇ ਵਿੱਚ ਚੀਮਾ ਵਾਸੀ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਟ੍ਰਾਈਡੈਂਟ ਫੈਕਟਰੀ ਸੰਘੇੜਾ ਵਿਖੇ ਨੌਕਰੀ ਕਰਦਾ ਸੀ ਜੋ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ ਦੇ ਕਰੀਬ ਪੱਤੀ ਰੋਡ ਹੋ ਕੇ ਫੈਕਟਰੀ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਪੈਂਦੀ ਡਰੇਨ ਲਾਗੇ ਇੱਕ ਤੇਜ ਰਫ਼ਤਾਰ ਟਰੱਕ ਚਾਲਕ ਨੇ ਉਸਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ।
ਉਸ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿੱਥੇ ਸਤਨਾਮ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਘਰਵਾਲੀ ਛੱਡ ਗਿਆ ਥਾਣਾ ਸਿਟੀ-1 ਦੇ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈਦੋਦਾ ਤੋਂ?ਰਵੀਪਾਲ ਅਨੁਸਾਰ ਬੀਤੀ ਰਾਤ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੇਨ ਰੋਡ ‘ਤੇ ਪੈਂਦੇ ਪਿੰਡ ਬੁੱਟਰ ਸ਼ਰੀਂਹ ਵਿਖੇ ਹੋਈ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਭਲਾਈਆਣਾ ਵਾਸੀ ਜਸਵਿੰਦਰ ਸਿੰਘ ਬੱਬੂ ਪੁੱਤਰ ਜਲੰਧਰ ਸਿੰਘ ਅਤੇ ਕੋਠੇ ਛੱਪੜੀਵਾਲੇ ਵਾਸੀ ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰ ਗੁਰਾ ਸਿੰਘ ਤੋਂ ਇਲਾਵਾ ਲਵਲੀ ਪੁੱਤਰ ਅਮੋਲਕ ਸਿੰਘ ਜੋ ਕਿ ਆਪਣੇ ਨਾਨਕੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਖੇ ਰਹਿੰਦਾ ਹੈ।
ਚਾਰੇ ਨੌਜਵਾਨ ਵਿਆਹ-ਸ਼ਾਦੀਆਂ ਵਿਚ ਵੇਟਰ ਦਾ ਕੰਮ ਕਰਦੇ ਸਨ। ਬੀਤੀ ਰਾਤ ਵੀ ਉਹ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖਤਮ ਹੋ ਜਾਣ ਕਰਕੇ ਉਹ ਤੁਰੇ ਜਾ ਰਹੇ ਸਨ, ਤਾਂ ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਨਾਲ ਉਪਰੋਕਤ ਤਿੰਨਾਂ ਹੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਚੌਥਾ ਨੌਜਵਾਨ ਲਵਲੀ ਪੁੱਤਰ ਅਮੋਲਕ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਾਰ ਸਵਾਰ ਦੋ ਨੌਜਵਾਨ ਦੱਸੇ ਜਾ ਰਹੇ ਹਨ, ਜੋ ਕਿ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਜਾਂਦੇ ਹੋਏ ਆਪਣੀ ਹਾਦਸਾ ਗ੍ਰਸਤ ਕਾਰ ਦੇ ਸਾਰੇ ਕਾਗਜ-ਪੱਤਰ ਵੀ ਨਾਲ ਲੈ ਗਏ ਤੇ ਕਾਰ ਦੀਆਂ ਨੰਬਰ ਪਲੇਟਾਂ ਵੀ ਤੋੜ ਕੇ ਸੁੱਟ ਗਏ। ਥਾਣਾ ਕੋਟਭਾਈ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰਖਵਾ ਦਿੱਤਾ ਅਤੇ ਜਖਮੀ ਲਵਲੀ ਨੂੰ ਇਲਾਜ਼ ਲਈ ਭਰਤੀ ਕਰਵਾ ਦਿੱਤਾ ਹੈ। ਥਾਣਾ ਕੋਟਭਾਈ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।