ਲਗਭਗ ਢੇਡ ਮਹੀਨੇ ਬਾਅਦ ਵੀ ਟੈੱਟ ਦਾ ਨਤੀਜ਼ਾ ਨਾ ਕੱਢ ਸਕਿਆ ਸਿੱਖਿਆ ਵਿਭਾਗ
ਪੰਜਾਬੀ, ਹਿੰਦੀ ਅਤੇ ਸਮਾਜਿਕ ਅਧਿਐਨ ਦੀਆਂ ਨਿਗੂਣੀਆਂ ਕੱਢੀਆਂ ਪੋਸਟਾਂ ‘ਤੇ ਵੀ ਉੱਠੇ ਸੁਆਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਿੱਖਿਆ ਵਿਭਾਗ ਵੱਲੋਂ ਲਗਭਗ ਢੇਡ ਮਹੀਨੇ ਪਹਿਲਾਂ ਲਏ ਗਏ ਅਧਿਆਪਕ ਯੋਗਤਾ ਪ੍ਰੀਖਿਆ ਟੈਸਟ (ਟੈੱਟ) ਦਾ ਨਤੀਜ਼ਾ ਜਾਰੀ ਨਾ ਕਰਨ ਕਰਕੇ ਅਧਿਆਪਕਾਂ ਦੀਆਂ ਕੱਢੀਆਂ ਅਸਾਮੀਆਂ ਵਿੱਚ ਅਪਲਾਈ ਕਰਨ ਤੋਂ ਵਾਂਝੇ ਰਹਿਣ ਵਾਲੇ ਨੌਜਵਾਨਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇੱਕ ਤਾਂ ਸਿੱਖਿਆ ਵਿਭਾਗ ਲਈ ਪਹਿਲਾਂ ਹੀ ਟੈੱਟ ਦੀ ਪ੍ਰੀਖਿਆ ਟੇਢੀ ਖੀਰ ਬਣੀ ਹੋਈ ਹੈ, ਕਿਉਂਕਿ ਅਜੇ ਸਾਲ 2019 ਦੀ ਟੈੱਟ ਪ੍ਰੀਖਿਆ ਪੈਡਿੰਗ ਪਈ ਹੈ। ਇੱਧਰ ਦੂਜੇ ਬੰਨੇ ਜੋ ਸਰਕਾਰ ਵੱਲੋਂ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਦੀਆਂ ਜੋਂ ਨਿਗੂਣੀਆਂ ਪੋਸਟਾਂ ਕੱਢੀਆਂ ਗਈਆਂ ਹਨ, ਉਨ੍ਹਾਂ ‘ਤੇ ਬੇਰੁਜ਼ਗਾਰਾਂ ਵੱਲੋਂ ਸੁਆਲ ਉਠਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਾਲ 2018 ਦੀ ਟੈੱਟ ਪ੍ਰੀਖਿਆ 19 ਜਨਵਰੀ ਨੂੰ ਲਈ ਗਈ ਸੀ। ਇਹ ਪ੍ਰੀਖਿਆ ਪੰਜਾਬ ਦੇ ਹਜਾਰਾਂ ਨੌਜਵਾਨਾਂ ਵੱਲੋਂ ਦਿੱਤੀ ਗਈ ਸੀ। ਇੱਥੋਂ ਤੱਕ ਕਿ ਟੈੱਟ ਦੀ ਇਹ ਪ੍ਰੀਖਿਆ ਸਿੱਖਿਆ ਵਿਭਾਗ ਲਈ ਜੀ-ਜੰਜਾਲ ਬਣ ਗਈ ਸੀ, ਕਿਉਂਕਿ ਕਈ ਵਾਰ ਪ੍ਰੀਖਿਆ ਰੱਦ ਕਰਨ ਤੋਂ ਬਾਅਦ ਸਿਰੇ ਚੜ੍ਹੀ। ਇੱਧਰ ਸਰਕਾਰ ਵੱਲੋਂ ਵੱਖ-ਵੱਖ ਵਿਸ਼ਿਆਂ ਦੀਆਂ 2182 ਪੋਸਟਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਨੂੰ ਸਰਹੱਦੀ ਕੇਡਰ ਸ੍ਰੈਣੀ ਦਾ ਨਾਮ ਦਿੱਤਾ ਗਿਆ ਹੈ।
ਇਨ੍ਹਾਂ ਪੋਸਟਾਂ ਲਈ 29 ਫਰਵਰੀ ਤੋਂ ਅਪਲਾਈ ਕਰਨ ਦੀ ਤਾਰੀਖ ਸ਼ੁਰੂ ਹੋ ਚੁੱਕੀ ਹੈ, ਜੋ ਕਿ 18 ਮਾਰਚ ਅਪਲਾਈ ਦੀ ਅੰਤਿਮ ਤਾਰੀਖ ਹੈ। ਜਿਹੜੇ ਹਜਾਰਾਂ ਨੌਜਵਾਨਾਂ ਵੱਲੋਂ 19 ਜਨਵਰੀ ਨੂੰ ਆਪਣਾ ਅਧਿਆਪਕ ਯੋਗਤਾ ਟੈਸਟ (ਟੈੱਟ) ਦਿੱਤਾ ਗਿਆ ਸੀ, ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦਾ ਲਗਪਗ ਢੇਡ ਮਹੀਨਾ ਬੀਤਣ ਤੋਂ ਬਾਅਦ ਵੀ ਨਤੀਜ਼ਾ ਨਹੀਂ ਕੱਢਿਆ ਗਿਆ। ਟੈੱਟ ਦੀ ਪ੍ਰੀਖਿਆ ਦੇਣ ਵਾਲੇ ਗੁਰਜੀਤ ਸਿੰਘ ਅਤੇ ਹਰਪ੍ਰੀਤ ਕੌਰ ਕੁਲਾਰਾ ਦਾ ਕਹਿਣਾ ਹੈ ਕਿ ਅਜੇ ਤੱਕ ਟੈੱਟ ਦਾ ਨਤੀਜ਼ਾ ਨਾ ਆਉਣ ਕਾਰਨ ਉਹ ਇਨ੍ਹਾਂ ਅਧਿਆਪਕਾਂ ਦੀਆਂ ਪੋਸਟਾਂ ਲਈ ਅਪਲਾਈ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਜਦਕਿ ਇਨ੍ਹਾਂ ਪੋਸਟਾਂ ਦੀ ਅਪਲਾਈ ਲਈ ਅੰਤਿਮ ਤਾਰੀਖ ‘ਚ 16 ਦਿਨ ਹੀ ਬਾਕੀ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਤੱਕ ਰਿਲਜਟ ਨਾ ਆਇਆ ਤਾਂ ਉਨ੍ਹਾਂ ਕੋਲੋਂ ਇਹ ਮੌਕਾ ਹੱਥੋਂ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾ ਟੈੱਟ ਦਾ ਰਿਜਲਟ ਆਊਟ ਹੋਣਾ ਚਾਹੀਦਾ ਸੀ।
ਇੱਧਰ ਸਿੱਖਿਆ ਵਿਭਾਗ ਵੱਲੋਂ ਕੱਢੀਆ 2182 ਪੋਸਟਾਂ ਚੋਂ ਪੰਜਾਬੀ ਦੀਆਂ 60 ਪੋਸਟਾਂ, ਹਿੰਦੀ ਦੀਆਂ 40 ਪੋਸਟਾਂ ਅਤੇ ਸਮਾਜਿਕ ਐਧਿਐਨ ਦੀਆਂ 52 ਪੋਸਟਾਂ ਹਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਵਿਸ਼ਿਆਂ ਦੀਆਂ 152 ਅਸਾਮੀਆਂ ਹੀ ਹਨ ਜੋ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਮਜਾਕ ਹੈ। ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਦੇ ਆਗੂ ਰਣਦੀਪ ਸਿੰਘ ਸੰਗਤਪੁਰਾ ਦਾ ਕਹਿਣਾ ਹੈ ਕਿ ਜਦਕਿ ਇਨ੍ਹਾਂ ਵਿਸ਼ਿਆਂ ਵਾਲੇ 35 ਹਜਾਰ ਦੇ ਕਰੀਬ ਨੌਜਵਾਨ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀ ਉਮਰ ਵੀ ਲੰਘਦੀ ਜਾ ਰਹੀ ਹੈ।
ਉਨ੍ਹਾਂ ਸੁਆਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬੀ, ਹਿੰਦੀ ਅਤੇ ਸਮਾਜਿਕ ਅਧਿਐਨ ਦੀਆਂ 152 ਪੋਸਟਾਂ ਹੀ ਖਾਲੀ ਹਨ। ਸੰਗਤਪੁਰਾ ਨੇ ਕਿਹਾ ਕਿ ਇਹ ਤਾਂ ਬੇਰੁਜ਼ਗਾਰਾਂ ਨਾਲ ਸਿਰਫ਼ ਮਜਾਕ ਹੈ ਅਤੇ ਸਰਕਾਰ ਵੱਲੋਂ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਸੁਆਲ ਖੜ੍ਹੇ ਕਰਦਿਆ ਕਿਹਾ ਕਿ ਇਨ੍ਹਾਂ ਪੋਸਟਾਂ ਦਾ ਜੋ ਕੰਡੀ ਖੇਤਰ ਦਾ ਨਾਮ ਦਿੱਤਾ ਗਿਆ ਹੈ, ਇਸ ਨਾਲ ਵੰਡੀਆਂ ਪਾਉਣ ਦੀ ਹੀ ਗੱਲ ਕੀਤੀ ਗਈ ਹੈ। ਉਨ੍ਹਾਂ ਮੰਗ ਕਰਦਿਆ ਕਿਹਾ ਕਿ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਤੁਰੰਤ ਹੋਰ ਪੋਸਟਾਂ ਕੱਢੇ ਅਤੇ ਟੈੱਟ ਦੀ ਪ੍ਰੀਖਿਆ ਦਾ ਰਿਜਲਟ ਆਊਟ ਕਰੇ। ਟੈੱਟ ਪ੍ਰੀਖਿਆ ਦੇ ਨਤੀਜ਼ੇ ਸਬੰਧੀ ਜਦੋਂ ਡਾਇਰੈਕਟਰ ਐਨਸੀਆਰਟੀ ਸ੍ਰੀ ਇੰਦਰਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।