ਡੀਸੀ ਅਤੇ ਹਲਕਾ ਵਿਧਾਇਕ ਦੇ ਦੌਰੇ ਫੋਟੋਆਂ ਖਿਚਾਉਣ ਤੱਕ ਸੀਮਤ ਹੋਏ: ਪੀੜਤ ਕਿਸਾਨ
ਮਨੋਜ/ਜਗਸੀਰ, ਬਾਦਸ਼ਾਹਪੁਰ/ਘੱਗਾ
ਪਟਿਆਲਾ ਜਿਲ੍ਹੇ ਦੇ ਵੱਡੇ ਇਲਾਕੇ ਵਿੱਚੋਂ ਲੰਘਦਾ ਘੱਗਰ ਦਰਿਆ ਹਲਕਾ ਸ਼ੁਤਰਾਣਾ ਦੇ ਲੋਕਾਂ ‘ਤੇ ਕੁਝ ਕੁ ਸਾਲਾਂ ਬਾਅਦ ਅਕਸਰ ਹੀ ਕਹਿਰ ਬਣ ਕੇ ਝੁੱਲਦਾ ਆ ਰਿਹਾ ਹੈ ਸਾਰਾ ਸਾਲ ਗੰਦੇ ਪਾਣੀ ਨਾਲ ਮੁਸ਼ਕ ਅਤੇ ਬਿਮਾਰੀਆਂ ਵੰਡਣ ਵਾਲਾ ਘੱਗਰ ਬਰਸਾਤ ਦੇ ਦਿਨਾਂ ਵਿੱਚ ਹੜਾਂ ਰੂਪੀ ਤਬਾਹੀ ਦਾ ਸਬੱਬ ਬਣ ਜਾਂਦਾ ਹੈ ਬਾਦਸ਼ਾਹਪੁਰ ਪਿੰਡ ਤੋਂ ਇਲਾਵਾ ਹਰਚੰਦਪੁਰਾ, ਰਾਮਪੁਰ ਪੜਤਾਂ, ਮਰਦਾਂਹੇੜੀ, ਦਵਾਰਕਾਪੁਰ, ਕਾਠ, ਸਿਊਨਾ, ਨਵਾਂ ਪਿੰਡ ਕਲਵਾਨੂੰ, ਸਧਾਰਨਪੁਰ, ਅਰਨੇਟੂ ਅਤੇ ਹੋਰ ਵੀ ਕਈ ਥਾਵਾਂ ‘ਤੇ ਘੱਗਰ ਦੇ ਬੰਨ ਵਿੱਚ ਪਾੜ ਕਾਰਨ ਫਸਲਾਂ ਤਬਾਹ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ।
ਪਿੰਡ ਹਰਚੰਦਪੁਰਾ ਦੇ ਕਿਸਾਨ ਯਾਦਵਿੰਦਰ ਸਿੰਘ, ਸੁਲਖਵਿੰਦਰ ਸਿੰਘ, ਭਜਨ ਸਿੰਘ ਜੋਸ਼ਨ ਨੇ ਦੱਸਿਆ ਕਿ ਹੜਾਂ ਨਾਲ ਪਾਣੀ ਵਾਲੇ ਬੋਰ ਖਰਾਬ ਹੋਣ ਅਤੇ ਫਸਲਾਂ ਤਬਾਹ ਹੋਣ ਕਾਰਨ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ, ਚਾਰ ਪੰਜ ਸਾਲਾਂ ਵਿੱਚ ਜਦੋਂ ਮਿਹਨਤ ਦੇ ਸਹਾਰੇ ਕਿਸਾਨ ਪੈਰਾਂ ਸਿਰ ਹੋਣ ਲੱਗਦੇ ਹਨ ਤਾਂ ਘੱਗਰ ਫੇਰ ਤਬਾਹੀ ਮਚਾ ਜਾਂਦਾ ਹੈ। ਇਸ ਮੌਕੇ ਹਾਜ਼ਰ ਕਿਸਾਨ ਸੁਖਵਿੰਦਰ ਸਿੰਘ ਸਾਬਕਾ ਪੰਚ, ਜਸਵੰਤ ਸਿੰਘ ਸਾਬਕਾ ਪੰਚ, ਪਿਸੌਰਾ ਸਿੰਘ ਮਾਨ, ਸਵਰਨ ਸਿੰਘ, ਹਰਸਿਮਰਨ ਸਿੰਘ ਬਾਜਵਾ, ਲੱਖਾ ਸਿੰਘ ਸਾਬਕਾ ਪੰਚ, ਗੁਰਪਰਕਾਸ਼ ਸਿੰਘ, ਅਵਤਾਰ ਸਿੰਘ ਆਦਿ ਨੇ ਭਰੇ ਮਨ ਨਾਲ ਦੱਸਿਆ ਕਿ ਪ੍ਰਸ਼ਾਸਨ ਵੱਡੇ-2 ਦਾਅਵੇ ਕਰਦਾ ਨਹੀਂ ਥੱਕਦਾ
ਕਿ ਹੜ੍ਹ ਦੇ ਪਾਣੀ ਤੋਂ ਬੱਚਣ ਲਈ ਲੋੜੀਂਦੇ ਪ੍ਰਬੰਧ ਕਰ ਲਏ ਹਨ ਜਿਸ ਦੀ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਸਰਕਾਰੀ ਅਧਿਕਾਰੀ ਅਤੇ ਨੇਤਾ ਆਉਂਦੇ ਹਨ ਤੇ ਘੱਗਰ ਦਰਿਆ ਦੇ ਪੁਲ ‘ਤੇ ਖੜਕੇ ਪਿਛਲੇ ਦੋ ਤਿੰਨ ਦਿਨਾਂ ਤੋਂ ਫੋਟੋਆਂ ਖਿਚਾਕੇ ਚਲੇ ਜਾਂਦੇ ਹਨ ਟੁੱਟੇ ਹੋਏ ਬੰਨ ਨੂੰ ਬੰਨਣ ਲਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਜੇਸੀਬੀ ਮਸ਼ੀਨ ਜਾਂ ਥੈਲਿਆਂ ਰੂਪੀ ਸਹਾਇਤਾ ਨਹੀਂ ਕੀਤੀ ਪ੍ਰਸ਼ਾਸਨ ‘ਤੇ ਦੋਸ਼ ਲਗਾਉਂਦੇ ਹੋਏ ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਘੱਗਰ ਦਰਿਆ ਦੇ ਬੰਨ੍ਹ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਨੌਬਤ ਨਾ ਵੇਖਣ ਨੂੰ ਮਿਲਦੀ।
ਅੱਜ ਸਵੇਰੇ ਕਰੀਬ ਚਾਰ ਵਜੇ ਘੱਗਰ ਦਰਿਆ ਦਾ ਬੰਨ ਕਾਫੀ ਥਾਂਵਾਂ ਤੋਂ ਟੁੱਟਣ ਕਾਰਨ ਖੇਤਾਂ ਵਿੱਚ ਬੜੀ ਤੇਜੀ ਨਾਲ ਪਾਣੀ ਭਰਨ ਲੱਗ ਗਿਆ ਵੇਖਦੇ-2 ਪਾਣੀ ਨੇ ਹਜਾਰਾਂ ਏਕੜ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਈ ਹਜ਼ਾਰ ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਝੋਨੇ ਦੀ ਫ਼ਸਲ ਦੇ ਨਾਲ ਕਈ ਕਿਸਾਨਾਂ ਦੀ ਸਬਜੀ ਦੀ ਫ਼ਸਲ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।ਹੜ ਪ੍ਰਭਾਵਿਤ ਲੋਕਾਂ ਨੂੰ ਆਪਣੇ ਪਸ਼ੂਆਂ ਲਈ ਹਰਾ ਚਾਰਾ ਪਾਣੀ ਵਿੱਚ ਡੁੱਬਣ ਨਾਲ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਜੇਸੀਬੀ ਮਸ਼ੀਨਾਂ ਅਤੇ ਖਾਲੀ ਥੈਲਿਆਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਥਾਵਾਂ ਤੋਂ ਪਾਣੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ ਅਤੇ ਬਾਦਸ਼ਾਹਪੁਰ ਇਲਾਕੇ ਵਿੱਚ ਕਿਸ਼ਤੀਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।