Punjab Paddy News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਨੂੰ ਮਾਲਾਮਾਲ, ਪਾਣੀ ਦੀ ਵੀ ਹੋਵੇਗੀ ਬੱਚਤ, ਮਾਹਿਰਾਂ ਨੇ ਦਿੱਤੀ ਸਲਾਹ

Punjab Paddy News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਨੂੰ ਮਾਲਾਮਾਲ, ਪਾਣੀ ਦੀ ਵੀ ਹੋਵੇਗੀ ਬੱਚਤ, ਮਾਹਿਰਾਂ ਨੇ ਦਿੱਤੀ ਸਲਾਹ

Punjab Paddy News: ਆਖਿਆ, ਜ਼ਿਆਦਾ ਝਾੜ ਲਈ ਪੀਆਰ 126 ਕਿਸਮ ਦੀ ਲੁਆਈ ਜ਼ਿਆਦਾ ਅਗੇਤੀ ਤੇ ਜ਼ਿਆਦਾ ਪਿਛੇਤੀ ਨਾ ਹੋਵੇ

Punjab Paddy News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਭੂਮੀਗਤ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਕੁਦਰਤੀ ਸਰੋਤਾਂ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੇ ਨਾਲ ਹੀ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਰੇਗਿਸਤਾਨ ਤੋਂ ਬਚਾਇਆ ਜਾ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪੀਆਰ 126 ਕਿਸਮ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਹਿਰਾਂ ਮੁਤਾਬਕ ਪੀਆਰ ਕਿਸਮਾਂ ਘੱਟ ਖਰਚ ਤੇ ਘੱਟ ਸਮੇਂ ਵਿੱਚ ਵੱਧ ਝਾੜ ਦੇਣ ਦੇ ਸਮਰੱਥ ਹਨ।

Read Also : Team India: ਭਾਰਤ ਦੀ ਅੰਡਰ-19 ਟੀਮ ’ਚ ਖੇਡੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਕਨਿਸ਼ਕ ਚੌਹਾਨ

ਪੀਏਯੂ ਮੁਤਾਬਕ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿੱਚੋਂ ਪੀਆਰ 126 ਕਿਸਮ, ਜੋ ਕਿ ਸਾਲ 2017 ਦੌਰਾਨ ਸੂਬੇ ਵਿੱਚ ਕਾਸ਼ਤ ਕਰਨ ਲਈ ਸਿਫਾਰਿਸ਼ ਕੀਤੀ ਗਈ, ਲੁਆਈ ਉਪਰੰਤ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੁਰਾਣੀਆਂ ਪ੍ਰਚਲਿਤ ਕਿਸਮਾਂ (ਪੂਸਾ 44, ਪੀਲੀ ਪੂਸਾ ਅਤੇ ਪੀਆਰ 118) ਨਾਲੋਂ 3- 4 ਹਫਤੇ ਘੱਟ ਸਮਾਂ ਲੈਂਦੀ ਹੈ। ਘੱਟ ਸਮੇਂ ਵਿੱਚ ਪੱਕਣ ਕਰਕੇ ਪੀਆਰ 126 ਕੀੜੇ- ਮਕੌੜੇ ਬਿਮਾਰੀਆਂ ਅਤੇ ਮੌਸਮੀ ਖਲਬਲੀਆਂ ਆਦਿ ਤੋਂ ਵੀ ਬਚ ਜਾਂਦੀ ਹੈ।

Punjab Paddy News

ਘੱਟ ਸਮੇਂ ਵਿੱਚ ਪੱਕਣ ਕਰਕੇ ਪੀਆਰ 126 ਬਹੁ-ਫ਼ਸਲੀ ਚੱਕਰ ਲਈ ਢੁੱਕਵੀਂ ਹੈ। ਆਲੂ/ ਮਟਰ ਤੇ ਅਗੇਤੇ ਚਾਰੇ ਆਦਿ ਦੇ ਕਾਸ਼ਤਕਾਰਾਂ ਲਈ ਇਹ ਕਿਸਮ ਕਾਫ਼ੀ ਢੁੱਕਵੀਂ ਹੈ। ਸਾਲ ਵਿੱਚ ਤਿੰਨ ਫਸਲਾਂ ਲੈਣ ਨਾਲ ਜਿੱਥੇ ਆਮਦਨ ਵਧਦੀ ਹੈ ਉੱਥੇ ਨਾਲ ਹੀ ਨਾਲ ਫ਼ਸਲੀ ਚੱਕਰ ਵਿੱਚ ਮਟਰ/ ਸੱਠੀ ਮੂੰਗੀ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਇੱਕ ਸਰਵੇਖਣ ਦੇ ਆਧਾਰ ’ਤੇ ਪੀਆਰ 126 ਦਾ ਝਾੜ 25. 0 ਤੋਂ 37. 2 ਕੁਇੰਟਲ ਪ੍ਰਤੀ ਏਕੜ ਰਿਹਾ ਪ੍ਰੰਤੂ ਜ਼ਿਆਦਾਤਰ ਕਿਸਾਨਾਂ ਦਾ ਝਾੜ 29. 0 – 37. 0 ਕੁਇੰਟਲ/ ਏਕੜ ਰਿਹਾ। ਜਿਸ ਦਾ ਕਾਰਨ ਸਬੰਧਿਤ ਕਿਸਾਨਾਂ ਮੁਤਾਬਕ ਇਸਦੀ ਲੁਆਈ ਅਗੇਤੀ ਤੇ ਪਨੀਰੀ ਵੀ ਵੱਡੀ ਉਮਰ ਦੀ ਲਾਉਣਾ ਰਿਹਾ ਹੈ। ਇਸ ਲਈ ਪੀਏਯੂ ’ਚ ਕੀਤੇ ਖੋਜ ਤਜ਼ਰਬਿਆਂ ਤੋਂ ਵੀ ਇਹ ਤੱਥ ਸਾਹਮਣੇ ਆਏ ਹਨ ਕਿ ਜ਼ਿਆਦਾ ਝਾੜ ਲਈ ਪੀਆਰ 126 ਕਿਸਮ ਦੀ ਲੁਆਈ ਜ਼ਿਆਦਾ ਅਗੇਤੀ ਅਤੇ ਜ਼ਿਆਦਾ ਪਿਛੇਤੀ ਨਹੀਂ ਕਰਨੀ ਚਾਹੀਦੀ। ਖੋਜ ਤਜਰਬਿਆਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੀਆਰ 126 ਨੂੰ ਯੂਰੀਆ 3 ਕਿਸ਼ਤਾਂ ਵਿੱਚ (ਲੁਆਈ ਤੋਂ 7 ਦਿਨ ਪਿੱਛੋਂ ਅਤੇ + 21 ਦਿਨ ’ਤੇ +35 ਦਿਨ ’ਤੇ) ਪਾਉਣੀ ਚਾਹੀਦੀ ਹੈ।

ਇਹ ਕਰੋ

ਝੋਨਾ ਮਾਹਿਰ ਡਾ. ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਪੀਆਰ 126 ਕਿਸਮ ਤੋਂ ਜ਼ਿਆਦਾ ਝਾੜ ਲੈਣ ਲਈ ਇਸਦੀ ਲੁਆਈ ਜੂਨ 25 ਤੋਂ ਜੁਲਾਈ 10 ਦਰਮਿਆਨ ਅਤੇ ਇਸਦੇ ਲਈ 20-30 ਦਿਨਾਂ ਦੀ ਪਨੀਰੀ ਦੀ ਵਰਤੋਂ ਹੀ ਕੀਤੀ ਜਾਵੇ। ਯੂਰੀਆ ਖਾਦ ਲੁਆਈ ਤੋਂ 35 ਦਿਨਾਂ ਤੱਕ (7+ 21+ 35 ਦਿਨ ’ਤੇ) ਖ਼ਤਮ ਕਰਨ ਨਾਲ ਇਸ ਕਿਸਮ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।

ਇਹ ਨਾ ਕਰੋ

ਪੀਏਯੂ ਦੀ ਖੋਜ ਮੁਤਾਬਕ ਪੀਆਰ 126 ਦੀ ਕਿਸੇ ਵੀ ਹਾਲਤ ਵਿੱਚ ਲੁਆਈ 25 ਜੂਨ ਤੋਂ ਪਹਿਲਾਂ ਅਤੇ 15 ਜੁਲਾਈ ਤੋਂ ਬਾਅਦ ਨਹੀਂ ਕਰਨੀ ਚਾਹੀਦੀ। ਪਨੀਰੀ ਦੀ ਉਮਰ 35 ਦਿਨ ਅਤੇ 45 ਦਿਨ ਹੋਣ ਦੀ ਸੂਰਤ ’ਚ ਇਸਦੇ ਝਾੜ ਵਿੱਚ 7.8 ਅਤੇ 18.9 ਫੀਸਦੀ ਤੱਕ ਗਿਰਾਵਟ ਆ ਜਾਂਦੀ ਹੈ। ਇਸੇ ਤਰ੍ਹਾਂ ਇਸ ਕਿਸਮ ਦਾ ਝਾੜ ਯੂਰੀਆ ਖਾਦ ਪਾਉਣ ਦੇ ਸਮੇਂ ’ਤੇ ਵੀ ਬਹੁਤ ਨਿਰਭਰ ਕਰਦਾ ਹੈ। ਅਖੀਰਲੀ ਕਿਸ਼ਤ ਇਸ ਤੋਂ ਅੱਗੇ ਸਰਕਾਉਣ ਨਾਲ (42 ਦਿਨਾਂ ਤੱਕ) ਵੀ ਇਸ ਕਿਸਮ ਦਾ ਝਾੜ 6.8 ਫੀਸਦ ਤੱਕ ਘੱਟ ਰਿਕਾਰਡ ਕੀਤਾ ਹੈ। ਇਸ ਲਈ ਪੀਏਯੂ ਦੀ ਸਿਫਾਰਸ਼ ਅਨੁਸਾਰ ਹੀ ਯੂਰੀਆ ਪਾਇਆ ਜਾਵੇ।