ਸਰਸਾ ਦੇ ਛੋਟੇ ਜਿਹੇ ਪਿੰਡ ਜੋਧਕਾ ਤੋਂ ਜਪਾਨ ਤੱਕ ਦਾ ਸਫ਼ਰ
ਟੋਕੀਓ ਉਲੰਪਿਕ ਵਿੱਚ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਜਾਂਬਾਜ ਖਿਡਾਰਨ ਸਵਿਤਾ ਪੂਨੀਆ ਅੱਜ ਪੂਰੇ ਭਾਰਤ ਵਾਸੀਆਂ ਵਿੱਚ ਹਰਮਨਪਿਆਰੀ ਹੋ ਚੁੱਕੀ ਹੈ। ਇਨ੍ਹਾਂ ਖੇਡਾਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਵੇਂ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਦੇ ਖ਼ਿਲਾਫ਼ ਖੇਡਦਿਆਂ 2-1 ਨਾਲ ਹਾਰ ਗਈ ਪਰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅਸਟਰੇਲੀਆ ਦੀ ਟੀਮ ਦੇ ਹਮਲਿਆਂ ਦਾ ਮੂੰਹਤੋੜ ਜਵਾਬ ਦੇ ਕੇ ਸਵਿਤਾ ਨੇ ਇਹ ਸਿੱਧ ਕਰ ਦਿੱਤਾ ਕਿ ਉਸਨੂੰ ਭਾਰਤੀ ਮਹਿਲਾ ਹਾਕੀ ਟੀਮ ਦੀ ਦੀਵਾਰ ਕਿਉਂ ਕਿਹਾ ਜਾਂਦਾ ਹੈ।
11 ਜੂਨ 1990 ਨੂੰ ਸਰਸਾ ਜ਼ਿਲੇ੍ਹ ਦੇ ਪਿੰਡ ਜੋਧਕਾ ਵਿੱਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਮਾਤਾ ਲੀਲਾਵਤੀ ਅਤੇ ਪਿਤਾ ਮਹਿੰਦਰ ਸਿੰਘ ਪੂਨੀਆ ਦੇ ਘਰ ਜਨਮੀ ਸਵਿਤਾ ਪੂਨੀਆ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ। ਬਾਗੜੀ ਪਰਿਵਾਰਾਂ ਵਿੱਚ ਉਸ ਸਮੇਂ ਹਾਲਾਤ ਅਜਿਹੇ ਸਨ ਕਿ ਲੜਕੀਆਂ ਦਾ ਘਰ ਤੋਂ ਬਾਹਰ ਨਿੱਕਲਣਾ ਵੀ ਉਚਿਤ ਨਹੀਂ ਸਮਝਿਆ ਜਾਂਦਾ ਸੀ ਪਰ ਸਵਿਤਾ ਨੇ ਇਸ ਰੂੜੀਵਾਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਸਵਿਤਾ ਨੂੰ ਹਾਕੀ ਦੇ ਖੇਤਰ ਵਿੱਚ ਅੱਗੇ ਵਧਾਉਣ ਪਿੱਛੇ ਉਸਦੇ ਦਾਦਾ ਰਣਜੀਤ ਸਿੰਘ ਪੂਨੀਆ ਦਾ ਵੱਡਾ ਯੋਗਦਾਨ ਹੈ। ਉਹ ਸਵਿਤਾ ਨੂੰ ਹਾਕੀ ਦੀ ਨਾਮਵਰ ਖਿਡਾਰਨ ਬਣਾਉਣਾ ਚਾਹੁੰਦੇ ਸਨ ਪਰ ਹਾਕੀ ਦੀ ਟਰੇਨਿੰਗ ਪਿੰਡ ਵਿੱਚ ਰਹਿ ਕੇ ਸੰਭਵ ਨਹੀਂ ਸੀ। ਇਸ ਲਈ ਛੇਵੀ ਕਲਾਸ ਵਿੱਚ ਹੀ ਸਵਿਤਾ ਦਾ ਦਾਖਲਾ ਸਰਸਾ ਦੇ ਮਹਾਰਾਜਾ ਅਗਰਸੈਨ ਗਰਲਜ਼ ਸਕੂਲ ਵਿੱਚ ਕਰਵਾਇਆ ਗਿਆ ਜਿੱਥੇ ਹਾਕੀ ਦੀ ਖੇਡ ਦੀਆਂ ਵਧੀਆ ਸੁਵਿਧਾਵਾਂ ਸਨ। ਪਿੰਡ ਤੋਂ ਸਕੂਲ ਪਹੁੰਚਣ ਵਿੱਚ ਉਸਨੂੰ ਕਰੀਬ ਦੋ ਘੰਟੇ ਦਾ ਸਮਾਂ ਲੱਗਦਾ। ਉਸਨੂੰ ਰੋਜ਼ਾਨਾ ਬੱਸ ਰਾਹੀਂ ਇਹ ਦੂਰੀ ਤੈਅ ਕਰਨੀ ਪੈਂਦੀ। ਕਈ ਵਾਰ ਤਾਂ ਉਸ ਦੀ ਕਿੱਟ ਨੂੰ ਵੇਖ ਕੇ ਬੱਸ ਕੰਡਕਟਰ ਵੀ ਉਸਨੂੰ ਬੱਸ ਵਿੱਚ ਚੜ੍ਹਾਉਣ ਤੋਂ ਨਾਂਹ ਕਰ ਦਿੰਦੇ।
ਬਾਅਦ ਵਿੱਚ ਉਹ ਸਕੂਲ ਦੇ ਹੋਸਟਲ ਵਿੱਚ ਹੀ ਰਹਿਣ ਲੱਗੀ ਪਰ ਸ਼ੁਰੂਆਤ ਵਿੱਚ ਸਵਿਤਾ ਦਾ ਸਕੂਲ ਹੋਸਟਲ ਵਿੱਚ ਬਿਲਕੁਲ ਵੀ ਮਨ ਨਾ ਲੱਗਦਾ। ਉਹ ਆਪਣੀ ਮਾਂ ਨੂੰ ਯਾਦ ਕਰਕੇ ਅਕਸਰ ਰੋਂਦੀ ਰਹਿੰਦੀ ਅਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਘਰ ਆ ਜਾਂਦੀ। ਜਦੋਂ ਵਾਪਸ ਜਾਣ ਦਾ ਵਕਤ ਆਉਂਦਾ ਤਾਂ ਅੱਖਾਂ ਵਿੱਚ ਹੰਝੂ ਭਰ ਕੇ ਆਪਣੀ ਮਾਤਾ ਲੀਲਾਵਤੀ ਵੱਲ ਵੇਖਦੀ। ਸਵਿਤਾ ਦੀ ਮਾਤਾ ਨੇ ਮੁਸ਼ਕਲ ਦੌਰ ਵਿੱਚੋਂ ਗੁਜ਼ਰਦਿਆਂ ਵੀ ਸਵਿਤਾ ਨੂੰ ਹਾਕੀ ਨਾਲੋਂ ਵੱਖ ਨਹੀਂ ਕੀਤਾ। ਅਜਿਹੇ ਹਾਲਾਤਾਂ ਨਾਲ ਜੂਝਦਿਆਂ ਵੀ ਸਵਿਤਾ ਨੇ ਦਿ੍ਰੜ ਨਿਸ਼ਚੇ ਨਾਲ ਹਾਕੀ ਦੇ ਖੇਤਰ ਵਿੱਚ ਅੱਗੇ ਵਧਣਾ ਜਾਰੀ ਰੱਖਿਆ।
ਜਦੋਂ ਸਵਿਤਾ ਦਾ ਦਾਖ਼ਲਾ ਸਰਸਾ ਸਕੂਲ ਵਿਖੇ ਕਰਵਾਇਆ ਗਿਆ ਤਾਂ ਉਸ ਸਮੇਂ ਸਵਿਤਾ ਦਾ ਕੱਦ ਤਿੰਨ ਫੁੱਟ ਅੱਠ ਇੰਚ ਸੀ ਅਤੇ ਉਹ ਆਪਣੀ ਕਲਾਸ ਵਿੱਚ ਸਭ ਤੋਂ ਲੰਮੀ ਲੜਕੀ ਸੀ। ਕੋਚ ਸੁੰਦਰ ਸਿੰਘ ਨੇ ਉਸਦੀ ਇਕਾਗਰਤਾ ਅਤੇ ਕੱਦ ਨੂੰ ਧਿਆਨ ਵਿੱਚ ਰੱਖਦਿਆਂ ਸਵਿਤਾ ਨੂੰ ਗੋਲ ਕੀਪਰ ਬਣਾਏ ਜਾਣ ਬਾਰੇ ਸੋਚਿਆ। ਉਸਦੀ ਗੋਲ ਕੀਪਿੰਗ ਦੀ ਟਰੇਨਿੰਗ ਸ਼ੁਰੂ ਹੋਈ ਤਾਂ ਸਵਿਤਾ ਨੂੰ ਇੱਕ ਰੱਖਿਅਕ ਕਿੱਟ ਦੀ ਜ਼ਰੂਰਤ ਸੀ ਪਰ ਘਰ ਦੇ ਆਰਥਿਕ ਹਾਲਾਤ ਚੰਗੇ ਨਾ ਹੋਣ ਦੇ ਬਾਵਜ਼ੂਦ ਵੀ ਸਵਿਤਾ ਦੇ ਪਿਤਾ ਨੇ ਸਵਿਤਾ ਨੂੰ ਰੱਖਿਅਕ ਕਿੱਟ ਮੁਹੱਈਆ ਕਰਵਾਈ।
ਇਨ੍ਹਾਂ ਹਾਲਾਤਾਂ ਨਾਲ ਜੂਝਦਿਆਂ ਸਵਿਤਾ ਹਮੇਸ਼ਾ ਲਈ ਹਾਕੀ ਨੂੰ ਸਮਰਪਿਤ ਹੋ ਗਈ ਅਤੇ ਸਕੂਲ ਟੀਮ ਵੱਲੋਂ ਖੇਡਦਿਆਂ ਉਸ ਦਾ ਪ੍ਰਦਰਸ਼ਨ ਲਾਜਵਾਬ ਰਹਿਣ ਲੱਗਾ। 9ਵੀਂ ਕਲਾਸ ਵਿੱਚ ਪੜ੍ਹਦਿਆਂ ਉਸਨੇ ਹਿਸਾਰ ਦੇ ਸਾਈਂ ਕੋਚਿੰਗ ਸੈਂਟਰ ਵਿੱਚ ਦਾਖ਼ਲਾ ਲਿਆ ਅਤੇ ਇੱਥੇ ਕੋਚ ਅਜ਼ਾਦ ਸਿੰਘ ਮਲਿਕ ਦੀ ਦੇਖ-ਰੇਖ ਵਿੱਚ ਹਾਕੀ ਦੀਆਂ ਬਰੀਕੀਆਂ ਨੂੰ ਸਿੱਖਿਆ। ਉਸ ਦੀ ਖੇਡ ਵਿੱਚ ਲਗਾਤਾਰ ਸੁਧਾਰ ਆਉਂਦਾ ਰਿਹਾ। 18 ਸਾਲ ਦੀ ਉਮਰ ਵਿੱਚ ਉਸਨੂੰ ਨੈਸ਼ਨਲ ਹਾਕੀ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ। ਸੰਨ 2009 ਵਿੱਚ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਹਾਕੀ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਤਾਂ ਸਵਿਤਾ ਦੇ ਦਾਦਾ ਰਣਜੀਤ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਵਿਤਾ ਦੇ ਦਾਦਾ ਵੀ ਪੜ੍ਹੇ-ਲਿਖੇ ਨਹੀਂ ਸਨ ਪਰ ਜਦੋਂ ਸਵਿਤਾ ਦੀ ਬਿਹਤਰੀਨ ਖੇਡ ਦੀਆਂ ਖਬਰਾਂ ਅਖ਼ਬਾਰਾਂ ਵਿੱਚ ਛਪਦੀਆਂ ਤਾਂ ਉਹ ਉਨ੍ਹਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ। ਜਦੋਂ ਸਵਿਤਾ ਕੋਈ ਟੂਰਨਾਮੈਂਟ ਜਿੱਤ ਕੇ ਘਰ ਆਉਂਦੀ ਤਾਂ ਉਹ ਬੜੇ ਉਤਸ਼ਾਹ ਨਾਲ ਸਵਿਤਾ ਨੂੰ ਉਹ ਖ਼ਬਰਾਂ ਵਿਖਾਉਂਦੇ ਤਾਂ ਆਪਣੇ ਦਾਦਾ ਜੀ ਦੇ ਐਨੇ ਉਤਸ਼ਾਹ ਨੂੰ ਵੇਖ ਕੇ ਸਵਿਤਾ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਜਾਂਦੇ।
2013 ਵਿੱਚ ਸਵਿਤਾ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਗੋਲ ਕੀਪਰ ਸਵਿਤਾ ਪੂਨੀਆ ਸੁਰਖੀਆਂ ਵਿੱਚ ਆ ਗਈ। ਜਾਪਾਨ ਵਿੱਚ ਹਾਕੀ ਵਰਲਡ ਲੀਗ ਵਿੱਚ ਵੀ ਉਸਦਾ ਪ੍ਰਦਰਸ਼ਨ ਬਿਹਤਰੀਨ ਰਿਹਾ। 2015 ਵਿੱਚ ਉਸ ਨੂੰ ਬਲਜੀਤ ਸਿੰਘ ਗੋਲ ਕੀਪਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਨ 2017 ਦੇ ਮਹਿਲਾ ਏਸ਼ੀਆ ਕੱਪ ਦਾ ਚੀਨ ਖ਼ਿਲਾਫ਼ ਖੇਡਿਆ ਗਿਆ ਫਾਈਨਲ ਮੈਚ ਉਸਦਾ ਯਾਦਗਾਰੀ ਮੈਚ ਹੈ। ਇਸ ਦੌਰਾਨ ਉਸਨੂੰ ਬਿਹਤਰੀਨ ਗੋਲ ਕੀਪਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਨ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਆਪਣੀ ਚੋਣ ਨੂੰ ਵੀ ਸਵਿਤਾ ਵੱਡੀ ਪ੍ਰਾਪਤੀ ਮੰਨਦੀ ਹੈ। ਸੰਨ 2018 ’ਚ ਉਸਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਹੁਣ ਜਦੋਂ ਉਹ ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਅਹਿਮ ਰੋਲ ਅਦਾ ਕਰ ਚੁੱਕੀ ਹੈ ਤਾਂ ਉਸਦੇ ਸਭ ਸੁਫ਼ਨੇ ਪੂਰੇ ਹੋ ਗਏ ਹਨ। ਅੱਜ ਉਹ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਬੰਧਨਾਂ ਨੂੰ ਤੋੜ ਕੇ ਆਪਣੀ ਮੰਜ਼ਲ ਕਿਵੇਂ ਹਾਸਲ ਕੀਤੀ ਜਾਂਦੀ ਹੈ ਇਹ ਸਵਿਤਾ ਪੂਨੀਆ ਨੇ ਸਿੱਧ ਕਰਕੇ ਵਿਖਾ ਦਿੱਤਾ ਹੈ। 2013 ਵਿੱਚ ਸਵਿਤਾ ਦੇ ਦਾਦਾ ਰਣਜੀਤ ਸਿੰਘ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਸਵਿਤਾ ਅੱਜ ਵੀ ਹਮੇਸ਼ਾ ਉਨ੍ਹਾਂ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਦੀ ਹੈ। ਉਸਦਾ ਕਹਿਣਾ ਹੈ ਕਿ ਜੇਕਰ ਦਾਦਾ ਜੀ ਉਸਨੂੰ ਉਤਸ਼ਾਹਿਤ ਨਾ ਕਰਦੇ ਤਾਂ ਉਹ ਕਦੇ ਵੀ ਇਸ ਮੁਕਾਮ ’ਤੇ ਨਾ ਪਹੁੰਚ ਸਕਦੀ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ