ਦਸਵੀਂ ਦਾ ਨਤੀਜਾ ਨਿਰਾਸ਼ਾਜਨਕ, ਸਿਰਫ਼ 57.50 ਫੀਸਦੀ ਪਾਸ

Tenth Result

ਸਰਕਾਰੀ ਸਕੂਲਾਂ ਦਾ ਨਤੀਜਾ ਬੇਹੱਦ ਮਾੜਾ 379 ਮੈਰਿਟਾਂ ‘ਚੋਂ ਸਿਰਫ਼ 24 ਮੈਰਿਟਾਂ ਸਰਕਾਰੀ ਸਕੂਲਾਂ ਦੇ ਹਿੱਸੇ ਆਈਆਂ

(ਕੁਲਵੰਤ ਕੋਟਲੀ/ਅਸ਼ਵਨੀ ਚਾਵਲਾ) ਮੋਹਾਲੀ/ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਗਿਆ ਮਾਰਚ 2017 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਇਸ ਵਾਰ ਦਸਵੀਂ ਦਾ ਨਤੀਜ਼ਾ (Tenth Result ) 57.50 ਫੀਸਦੀ ਰਿਹਾ ਬੀਤੇ ਵਰ੍ਹੇ ਇਹ ਨਤੀਜਾ 72.25 ਫੀਸਦੀ ਰਿਹਾ ਸੀ ਅਤੇ ਉਸ ਤੋਂ ਪਿਛਲੀ ਵਾਰ ਲੜਕੀਆਂ ਦਾ 73.08 ਫੀਸਦੀ ਜਦੋਂ ਕਿ ਲੜਕਿਆਂ ਦਾ60.19 ਫੀਸਦੀ ਨਤੀਜਾ ਰਿਹਾ ਸੀ ਭਾਵੇਂ ਸਰਕਾਰ ਵੱਲੋਂ ਸਿੱਖਿਆ ਵਿੱਚ ਸੁਧਾਰ ਲਈ ਦਮਗਜ਼ੇ ਮਾਰੇ ਜਾ ਰਹੇ ਹਨ  ਪਰ ਪਿਛਲੇ ਸਾਲਾਂ ਤੋਂ ਲਗਤਾਰ ਡਿੱਗਦੇ ਨਤੀਜਿਆਂ ਵੱਲ ਝਾਤ ਮਾਰੀਏ ਤਾਂ ਇਹ ਸਿਰਫ਼ ਹਵਾਈ ਗੱਲਾਂ ਹੀ ਸਾਬਤ ਹੋਈਆਂ ਹਨ।

ਅਸਲ ਵਿੱਚ ਸਿੱਖਿਆ ਦਾ ਪੱਧਰ ਸਾਲ ਦਰ ਸਾਲ ਹੇਠਾਂ ਵੱਲ ਜਾ ਰਿਹਾ ਹੈ ਨਤੀਜਿਆਂ ਵਿੱਚ ਪਹਿਲੀਆਂ ਛੇ ਮੈਰਿਟਾ ਤੇ 4 ਲੜਕੀਆਂ ਨੇ ਕਬਜ਼ਾ ਕੀਤਾ ਹੈ, ਜਦੋਂ ਕਿ 2 ‘ਤੇ ਲੜਕੇ ਕਾਬਜ਼ ਰਹੇ ਹਨ ਬੋਰਡ ਵੱਲੋਂ ਐਲਾਨੇ  ਗਏ 12ਵੀਂ ਕਲਾਸ ਦੇ ਨਤੀਜੇ ਦੀ ਤਰ੍ਹਾਂ 10ਵੀਂ ਦਾ ਨਤੀਜੇ ਵਿੱਚ ਨਿਯਮਾਂ ਦੇ ਅਨੁਸਾਰ 1ਫੀਸਦੀ ਅੰਕ ਨੂੰ ਛੱਡ ਕੇ ਬਾਕੀ ਕਿਸੇ ਵੀ ਤਰ੍ਹਾਂ ਦੇ ਵਾਧੂ ਅੰਕ ਨਹੀਂ ਦਿੱਤੇ ਗਏ।

Tenth Result : ਪੰਜਾਬ ‘ਚ ਵਿੱਦਿਅਕ ਕੰਗਾਲੀ

ਅੱਜ ਬੋਰਡ ਦੇ ਮੁੱਖ ਦਫ਼ਤਰ ‘ਚ ਨਤੀਜਾ ਐਲਾਨਦਿਆਂ ਚੇਅਰਮੈਨ ਬਲਵੀਰ ਸਿੰਘ ਢੋਲ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ ‘ਚ ਡੀ.ਏ.ਵੀ. ਪੁਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਸ਼ਰੂਤੀ ਵੋਹਰਾ ਨੇ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 642 ਅੰਕ (98.77 ਫੀਸਦੀ) ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਦੂਜੇ ਸਥਾਨ ‘ਤੇ ਸਾਈਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਰੋਟਾ ਰੋਡ, ਨਿਊ ਸ਼ਿਮਲਾਪੁਰੀ, ਲੁਧਿਆਣਾ ਦੀ ਵਿਦਿਆਰਥੀ ਅਮਿਤ ਯਾਦਵ  ਨੇ 641 ਅੰਕ (98.62 ਫੀਸਦੀ) ਅੰਕ ਹਾਸਿਲ ਕੀਤੇ ਅਤੇ ਤੀਜੇ ਸਥਾਨ ਉਤੇ ਸਾਈਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਰੋਟਾ ਰੋਡ, ਨਿਊ ਸ਼ਿਮਲਾਪੁਰੀ, ਲੁਧਿਆਣਾ ਦੀ ਵਿਦਿਆਰਥਣ ਸਿੱਮੀ ਕੁਮਾਰੀ ਨੇ 639 (98.31 ਫੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਰੂਪਨਗਰ ਦੀ ਸ਼ਰੂਤੀ ਵੋਹਰਾ ਰਹੀ ਅਵੱਲ

ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਖੇਡ ਅੰਕ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਅਨੁਸਾਰ  ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚ ਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੇ ਵਿਦਿਆਰਥੀ ਅਮਨਦੀਪ ਵਰਮਾ  644 ਅੰਕ (98.08 ਫੀਸਦੀ) ਅੰਕ ਪ੍ਰਾਪਤ ਕੀਤੇ ਜਦੋਂ ਕਿ ਇਸ ਵਿਦਿਆਰਥੀ ਦੇ ਅਕਾਦਮਿਕ ਅੰਕ 629 ਸਨ ਇਸੇ ਹੀ ਸਕੂਲ ਦੀ ਵਿਦਿਆਰਥਣ ਜੋਤੀ ਪੰਵਾਰ ਨੇ 641 ਅੰਕ 98.62 ਫੀਸਦੀ ਅੰਕ (ਅਕਾਦਮਿਕ ਅੰਕ 626) ਲੈ ਕੇ ਦੂਜਾ ਸਥਾਨ ਅਤੇ ਪਲੇ-ਵੇਜ ਸੀਨੀਅਰ ਸੈਕੰਡਰੀ ਸਕੂਲ, ਲਾਹੋਰੀ ਗੇਟ ਪਟਿਆਲਾ ਦੀ ਵਿਦਿਆਰਥੀਣ ਨੈਨਸ਼ੀ ਨੇ 639 ਅੰਕ 98.31 ਫੀਸਦੀ ਅੰਕ (ਅਕਾਦਮਿਕ ਅੰਕ 624) ਪ੍ਰਾਪਤ ਕਰਕੇ ਖੇਡ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ‘ਚੋਂ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।

Tenth Result  : ਬਿਨਾਂ ਵਾਧੂ ਗਰੇਸ ਅੰਕਾਂ ਦੇ ਨਤੀਜਾ ਐਲਾਨਿਆ

ਉਨ੍ਹਾਂ ਦੱਸਿਆ ਕਿ 10ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ‘ਚ ਰੈਗੂਲਰ ਕੁੱਲ 3,30,437 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1,90,001) ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 57.50 ਫੀਸਦੀ ਰਹੀ ਹੈ। ਇਸ ਸਾਲ ਰੈਗੂਲਰ ਪ੍ਰੀਖਿਆਰਥੀਆਂ ਵਿਚੋਂ 94,271 (28.53 ਫੀਸਦੀ) ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਹੈ, ਜਦੋਂ ਕਿ 45734 (13.84 ਫੀਸਦੀ) ਵਿਦਿਆਰਥੀ ਫੇਲ੍ਹ ਹੋਏ ਹਨ। ਉਨਾਂ ਦੱਸਿਆ ਕਿ 431 ਵਿਦਿਆਰਥੀਆਂ ਦਾ ਨਤੀਜਾ ਲੇਟ ਹੈ।
ਇਸ ਮੌਕੇ ਬੋਰਡ ਸੀਨੀਅਰ ਵਾਈਸ ਚੇਅਰਪਰਸ਼ਨ ਸ੍ਰੀਮਤੀ ਸਸ਼ੀ ਕਾਂਤਾ ਅਤੇ ਬੋਰਡ ਦੇ ਮੀਤ ਪ੍ਰਧਾਨ ਡਾਕਟਰ ਸੁਰੇਸ਼ ਕੁਮਾਰ ਟੰਡਨ, ਸਕੱਤਰ ਜਨਕ ਰਾਜ ਮਹਿਰੋਕ, ਸੰਯੁਕਤ ਸਕੱਤਰ ਪ੍ਰੀਖਿਆਵਾਂ ਕਰਨਜਗਦੀਸ਼ ਕੌਰ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਪੀ. ਆਰ. ਓ ਕੋਮਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ।

ਲੜਕੀਆਂ ਨੇ ਮਾਰੀ ਬਾਜ਼ੀ

ਲੜਕੀਆਂ ਨੇ ਲੜਕਿਆਂ ਨੂੰ 11.62 ਫੀਸਦੀ ਨਾਲ ਪਿੱਛੇ ਪਛਾੜਦਿਆਂ ਆਪਣੇ ਝੰਡੀ ਕਾਇਮ ਰੱਖੀ। ਇਸ ਵਾਰ 1,46,458 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 93,686 ਪਾਸ ਹੋਈਆਂ ਅਤੇ ਪਾਸ ਫੀਸਦੀ 63.97 ਫੀਸਦੀ ਰਹੀ  1,83,979 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਨਾਂ ‘ਚੋਂ 96,315 ਪਾਸ ਹੋਏ ਹਨ ਤੇ ਪਾਸ ਫੀਸਦੀ 52.35 ਰਹੀ

ਅਸਲੀਅਤ ਸਾਹਮਣੇ ਆਈ : ਡੀਪੀਆਈ (ਸੈ.ਸ.)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ‘ਚ ਸਰਕਾਰੀ ਸਕੂਲਾਂ ਦਾ ਨਤੀਜਾ ਘੱਟ ਆਉਣ ਉਤੇ ਡੀਪੀਆਈ ਸੈਕੰਡਰੀ ਸੁਖਦੇਵ ਸਿੰਘ ਕਾਹਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਾਧੂ ਗਰੇਸ ਦੇ ਅੰਕ ਦੇ ਪਾਸ ਕਰਨ ਦੇ ਨਾਲ ਪਾਸ ਪ੍ਰਤੀਸ਼ਤਤਾ ਤਾਂ ਵੱਧ ਜਾਂਦੀ ਸੀ, ਪ੍ਰੰਤੂ ਅਸਲੀਅਤ ਸਾਹਮਣੇ ਨਹੀਂ ਆਉਂਦੀ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ