ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ

ਅਧਿਆਪਕ ਇੱਕ ਘੁਮਿਆਰ ਹੈ, ਜੋ ਵਿਦਿਆਰਥੀ ਦਾ ਆਚਰਣ ਘਾੜਾ ਹੈ। ਮਨੁੱਖ ਜੋ ਵੀ ਸਿੱਖਦਾ ਹੈ ਅਧਿਆਪਕ ਉਸ ਨੂੰ ਵਧੀਆ ਇੱਕ ਰੂਪ ਦਿੰਦਾ ਹੈ। ਅਧਿਆਪਕ ਦਾ ਕੰਮ ਉਸ ਨੂੰ ਇੱਕ ਬੇਹਤਰ ਮਨੁੱਖ ਦੇ ਰੂਪ ਵਿੱਚ ਸੰਵਾਰਨਾ ਹੈ। ਤੁਸੀਂ ਕਿਸੇ ਵੀ ਮਹਾਨ ਵਿਅਕਤੀ ਤੋਂ ਜੇਕਰ ਉਸਦੇ ਜੀਵਨ ਬਾਰੇ ਪੁੱਛੋਗੇ ਤਾਂ ਉਸ ਵਿੱਚ ਉਹਦੇ ਅਧਿਆਪਕਾਂ ਦਾ ਜ਼ਿਕਰ ਜਰੂਰ ਹੋਵੇਗਾ।

ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਨ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ। ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ। ਜਿੱਥੇ ਪੜ੍ਹਾਈ ਜ਼ਰੂਰੀ ਹੈ, ਉੱਥੇ ਨੈਤਿਕ ਤੇ ਹੋਰ ਅਨੇਕਾਂ ਸਿੱਖਿਆਵਾਂ ਲਈ ਵੀ ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਹੁੰਦਾ ਹੈ।

ਦੋਵਾਂ ਵਿਚਕਾਰ ਵਿਚਾਰ-ਵਟਾਂਦਰੇ ਲਈ ਪੜ੍ਹਾਈ ਤੋਂ ਇਲਾਵਾ ਵੀ ਕੁਝ ਸਮਾਂ ਕੱਢਣਾ ਜ਼ਰੂਰੀ ਹੈ। ਇਸ ਲਈ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਪੀਰੀਅਡਾਂ ਦੇ ਨਾਲ ਨਾਲ ਅਧਿਆਪਕ ਤੇ ਵਿਦਿਆਰਥੀ ਦੀ ਗੱਲਬਾਤ ਦਾ ਪੀਰੀਅਡ ਵੀ ਹੋਣਾ ਚਾਹੀਦਾ ਹੈ, ਭਾਵੇਂ ਇਸ ਪੀਰੀਅਡ ਦਾ ਸਮਾਂ ਹੋਰ ਪੀਰੀਅਡਾਂ ਨਾਲੋਂ ਘੱਟ ਹੀ ਹੋਵੇ। ਇਸ ਪੀਰੀਅਡ ਦਾ ਸਮਾਂ ਸਾਰੇ ਪੀਰੀਅਡਾਂ ਤੋਂ ਬਾਅਦ ਛੁੱਟੀ ਹੋਣ ਤੋਂ ਪਹਿਲਾਂ ਰੱਖਿਆ ਜਾਣਾ ਚਾਹੀਦਾ ਹੈ। ਇਸ ਪੀਰੀਅਡ ਵਿੱਚ ਵਿਦਿਆਰਥੀ ਤੇ ਅਧਿਆਪਕ ਪੜ੍ਹਾਈ ਤੋਂ ਹਟ ਕੇ ਹੋਰ ਗੱਲਾਂ ’ਤੇ ਜ਼ੋਰ ਦੇਣ ਕਿਉਂਕਿ ਕਈ ਵਿਦਿਆਰਥੀਆਂ ਨੂੰ ਕੁਝ ਸਮੱਸਿਆਵਾਂ ਪੇਸ਼ ਆ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪੜ੍ਹਾਈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵੀ ਮੁਸ਼ਕਿਲ ਆਉਂਦੀ ਹੈ।

ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਮੁਸ਼ਕਿਲਾਂ ਆ ਰਹੀਆਂ ਹੁੰਦੀਆਂ ਹਨ, ਜੋ ਉਹ ਕਿਸੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦੇ ਅਤੇ ਇਸ ਦਾ ਉਨ੍ਹਾਂ ਦੀ ਮਾਨਸਿਕਤਾ ’ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬੱਚਿਆਂ ਦੇ ਪੇਪਰਾਂ ਵਿੱਚੋਂ ਅੰਕ ਘੱਟ ਆਉਂਦੇ ਹਨ ਜਿਸ ਕਾਰਨ ਮਾਪੇ ਉਨ੍ਹਾਂ ਨੂੰ ਕੋਸਦੇ ਰਹਿੰਦੇ ਹਨ। ਇਸ ਸਥਿਤੀ ਵਿੱਚ ਬੱਚੇ ਦੇ ਦਿਮਾਗ ਉਤੇ ਬੋਝ ਪੈਣਾ ਸੁਭਾਵਿਕ ਹੈ। ਅਜਿਹੀਆਂ ਸਮੱਸਿਆਵਾਂ ’ਚੋਂ ਵਿਦਿਆਰਥੀਆਂ ਨੂੰ ਬਾਹਰ ਕਿਵੇਂ ਕੱਢਣਾ ਹੈ, ਇਸ ਬਾਰੇ ਅਧਿਆਪਕ ਗੱਲਬਾਤ ਦੇ ਪੀਰੀਅਡ ਰਾਹੀਂ ਦੱਸ ਸਕਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ਼ ਅੰਕਾਂ ਨੂੰ ਹੀ ਤਰਜੀਹ ਨਾ ਦੇਣ, ਸਗੋਂ ਹੋਰ ਮੁਸ਼ਕਿਲਾਂ ਹੱਲ ਕਰਨ ਵਿੱਚ ਵੀ ਬੱਚੇ ਦਾ ਸਾਥ ਦੇਣ।

ਗੱਲਬਾਤ ਪੀਰੀਅਡ ਰਾਹੀਂ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਸਮਝਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਮਾਜ ਵਿੱਚ ਕਿਵੇਂ ਵਿਚਰਨਾ ਹੈ, ਘਰ ਆਏ ਮਹਿਮਾਨਾਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਕਿਸੇ ਦੀ ਸਹਾਇਤਾ ਕਿਵੇਂ ਅਤੇ ਕਦੋਂ ਕਰਨੀ ਚਾਹੀਦੀ ਹੈ, ਆਦਿ ਵਿਸ਼ਿਆਂ ਬਾਰੇ ਇਸ ਪੀਰੀਅਡ ਰਾਹੀਂ ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪੀਰੀਅਡ ਦੌਰਾਨ ਬੱਚਿਆਂ ਨੂੰ ਮਾਤਾ-ਪਿਤਾ ਨਾਲ ਸਬੰਧਾਂ ਬਾਰੇ ਵੀ ਦੱਸਿਆ ਜਾ ਸਕਦਾ ਹੈ। ਅੱਜਕਲ੍ਹ ਤਾਂ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਹਨ। ਉਹ ਮੋਬਾਈਲਾਂ, ਕੰਪਿਊਟਰ, ਗੇਮਜ਼ ਜਾਂ ਇੰਟਰਨੈੱਟ ਨਾਲ ਜ਼ਿਆਦਾ ਲਗਾਓ ਰੱਖਦੇ ਹਨ। ਘਰ ਵਿੱਚ ਕਿਸੇ ਨਾਲ ਪੜ੍ਹਨ, ਬੈਠਣ ਅਤੇ ਗੱਲ ਕਰਨ ਵਿੱਚ ਬਹੁਤ ਦਿਲਚਪਸੀ ਨਹੀਂ ਦਿਖਾਉਂਦੇ।

ਇਸ ਪੀਰੀਅਡ ਵਿੱਚ ਬੱਚਿਆਂ ਨੂੰ ਇਸ ਬਾਰੇ ਸਮਝਾਇਆ ਜਾਂਦਾ ਹੈ ਕਿ ਉਹ ਆਪਣੇ ਵਡੇਰਿਆਂ ਨਾਲ ਸਮਾਂ ਗੁਜਾਰਨ, ਉਨ੍ਹਾਂ ਨਾਲ ਗੱਲਬਾਤ ਕਰਨ, ਬਜ਼ੁਰਗਾਂ ਦੀਆਂ ਕਹਾਣੀਆਂ ਸੁਣਨ ਜਿਸ ਨਾਲ ਬੱਚਿਆਂ ਦੀ ਨੈਤਿਕਤਾ ਵਿੱਚ ਵਾਧਾ ਹੋਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਦੂਜਿਆਂ ਦੀ ਸਹਾਇਤਾ ਕਿਉਂ ਅਤੇ ਕਿਵੇਂ ਕਰਨੀ ਹੈ, ਬਾਰੇ ਵੀ ਦੱਸਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਮੁੱਢਲੀ ਸਹਾਇਤਾ ਕਰਨੀ, ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀ ਨੂੰ ਪੜ੍ਹਾ ਕੇ ਉਸ ਦੀ ਮਦਦ ਕਰਨਾ ਆਦਿ। ਇਸ ਪੀਰੀਅਡ ਨੂੰ ਸਾਰੇ ਸਕੂਲਾਂ ਵਿੱਚ ਅਹਿਮੀਅਤ ਦੇਣ ਦੀ ਲੋੜ ਹੈ ਤਾਂ ਕਿ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਦਿਮਾਗ ਤੇ ਬੋਝ ਨਾ ਬਣਨ ਅਤੇ ਉਹ ਹਰ ਪੱਖੋਂ ਸਿੱਖਿਅਤ ਹੋਣ।

ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸੱਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ।

ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਸ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਾ ਜਿਸ ਪ੍ਰਤੀ ਸ਼ਾਇਦ ਵਿਦਿਆਰਥੀ ਸੰਵੇਦਨਸ਼ੀਲ ਨਹੀਂ ਹੁੰਦਾ। ਅਧਿਆਪਕ ਵੱਲੋਂ ਉਤਸ਼ਾਹਤ ਵਿਦਿਆਰਥੀ ਜਿੰਦਗੀ ਵਿੱਚ ਕਾਮਯਾਬ ਜ਼ਰੂਰ ਹੁੰਦਾ ਹੈ, ਬੇਸੱਕ ਉਹ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਦਾ ਰਹੇ।

ਮੌਜੂਦਾ ਸਮੇਂ ਵਿੱਚ ਸਾਡੇ ਵਿੱਚ ਬਦਲਾਅ ਆਏ ਹਨ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ। ਇਹ ਸੱਭ ਕੁੱਝ ਉਦੋਂ ਵਾਪਰਿਆ ਜਦੋਂ ਅਧਿਆਪਕਾਂ ਨੇ ਇਸ ਨੂੰ ਕਾਰੋਬਾਰੀ ਰੂਪ ਦੇ ਦਿੱਤਾ ਅਤੇ ਉਹ ਆਪਣੇ ਵਿਦਿਆਰਥੀ ਨੂੰ ਆਪਣੇ ਗ੍ਰਾਹਕ ਵਜੋਂ ਦੇਖਣ ਲੱਗ ਪਏ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਵਿਦਿਆਰਥੀ ਮਨਾਂ ਵਿੱਚ ਅਧਿਆਪਕ ਪ੍ਰਤੀ ਪਿਆਰ, ਸਤਿਕਾਰ ਖਤਮ ਹੋ ਚੁੱਕਿਆ ਹੈ। ਜਦਕਿ ਵਿਦਿਆਰਥੀ ਵੀ ਆਪਣੀ ਜਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਕਿਉਂ ਆਪਣੀ ਮਰਜ਼ੀ ਕਰਨਾ ਚਾਹੁੰਦੇ ਹਨ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਚੇ ਘਰ ਵਿੱਚ ਆਪਣੇ ਮਾਤਾ ਪਿਤਾ ਨਾਲ ਕਰਦੇ ਹਨ।

ਜੋ ਵੀ ਹੋਵੇ ਅੱਜ ਲੋੜ ਹੈ ਕਿ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਧਿਆਪਕ ਪ੍ਰਤੀ ਸਤਿਕਾਰ ਦੀ ਭਾਵਨਾ ਬਣੇ ਅਤੇ ਅਧਿਆਪਕ ਵੀ ਅਧਿਆਪਕ ਹੋਣ ਦਾ ਫਰਜ਼ ਨਿਭਾਉਣ ਨੂੰ ਤਰਜ਼ੀਹ ਦੇਣ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਮਜ਼ਬੂਤ ਰਿਸ਼ਤਾ ਬਣੇ ਅਤੇ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਸਕੇ। ਆਉ! ਅੱਜ ਅਧਿਆਪਕ ਦਿਵਸ ਮਨਾਉਂਦੇ ਹੋਏ ਮੌਜੂਦਾ ਦੌਰ ਵਿੱਚ ਆ ਚੁੱਕੇ ਬਦਲਾਵਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਈਏ। ਅਜਿਹੇ ਸਮੇਂ ਚ’ ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ, ਉੱਤਮ ਅਤੇ ਸਤਿਕਾਰ ਵਾਲਾ ਹੈ।

ਪੁਰਾਣੇ ਸਮੇਂ ਤੋਂ ਹੀ ਭਾਰਤ ‘ਚ ਗੁਰੂ ਜਾਂ ਅਧਿਆਪਕ ਦਾ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਸੀ ਕਿ ਅੱਜ ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਤਨਖਾਹਾਂ (ਮਜਦੂਰਾਂ ਨਾਲੋਂ ਵੀ ਘੱਟ) ਤੇ ਭਰਤੀ ਕਰਨ ਦੇ ਕਾਰਨ ਉਹ ਖੁਦ ਹੀ ਆਰਥਿਕ ਜਰੂਰਤਾਂ ਨੂੰ ਪੂਰਾ ਕਰਨ ਦੀ ਘੁੰਮਣ ਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ।

ਜੇਕਰ ਅਸੀਂ ਅਧਿਆਪਕ ਨੂੰ ਦੇਸ਼ ਜਾਂ ਸਮਾਜ ਦਾ ਨਿਰਮਾਤਾ ਕਹਿ ਕੇ ਫੋਕਾ ਸਨਮਾਨ ਦੇਣ ਦੀ ਬਜਾਏ ਉਸ ਦੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕਰਕੇ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸਤੁੰਸ਼ਟ ਕਰਨ ਦੀ ਕੋਸ਼ਿਸ ਕਰੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਕਿਉਂਕਿ ਇੱਕ ਸਤੁੰਸ਼ਟ ਵਿਅਕਤੀ ਆਪਣੇ ਕਿੱਤੇ ਦੇ ਪ੍ਰਤੀ ਸਮਰਪਿੱਤ ਹੋ ਸਕਦਾ ਹੈ ਅਤੇ ਸਤੁੰਸ਼ਟ ਨਾਗਰਿਕ ਪੈਦਾ ਕਰਕੇ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਲਈ ਸਕੂਲਾਂ ਵਿੱਚ ਭਰਤੀ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝ ਸਕੇ ਅਤੇ ਉਹਨਾਂ ਨਾਲ ਭਾਵਨਾਤਮਕ ਲਗਾਓ ਬਣਾ ਸਕੇ।

ਜਿਸ ਤਰ੍ਹਾਂ ਮੋਮਬੱਤੀ ਖੁਦ ਜਲ ਕਿ ਦੂਜਿਆਂ ਨੂੰ ਰੌਸ਼ਨੀ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਦੀ ਆ ਰਹੀ ਹੈ ਉਸੇ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਆਪਣੀਆਂ ਸੁੱਖ ਸੁਵਿਧਾਵਾਂ, ਆਪਣੀਆਂ ਇੱਛਾਵਾਂ, ਆਪਣੇ ਨਿੱਜੀ ਹਿੱਤਾਂ ਆਦਿ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਕੁਰਬਾਨ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਆਦਿ ਲਈ ਜਰੂਰੀ ਹੈ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇ।

ਸੱਭਿਅਕ ਸਮਾਜ ਵਿਚ ਅਧਿਆਪਕ ਚਮਕਦੇ ਸੂਰਜ ਦੀ ਤਰ੍ਹਾਂ ਹੁੰਦਾ ਹੈ। ਸਾਡੀ ਸੱਭਿਅਤਾ ਅਨੁਸਾਰ ਅਧਿਆਪਕ ਨੂੰ ਗੁਰੂ ਦਾ ਰੁਤਬਾ ਹਾਸਲ ਹੈ ਕਿਉਂਕਿ ਅਧਿਅਪਾਕ ਨੇ ਵਿਦਿਅਕ ਰੂਪੀ ਚਾਨਣ ਵੰਡ ਕੇ ਵਿਦਿਆਰਥੀ ਨੂੰ ਹਰ ਤਰ੍ਹਾਂ ਨਾਲ ਸੁਚੇਤ ਕਰਨਾ ਹੁੰਦਾ ਹੈ। ਅਧਿਆਪਕ ਅਨੇਕਾਂ ਮੁਸ਼ਕਲਾਂ ਝੱਲ ਕੇ ਆਪਣਾ ਫਰਜ਼ ਨਿਭਾਅ ਰਹੇ ਹਨ।

ਭਾਵੇਂ ਸਮੇਂ ਦੀਆਂ ਸਰਕਾਰਾਂ ਵਲੋਂ ਅਧਿਆਪਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਨਾਲ-ਨਾਲ ਅਧਿਆਪਕ ਦਿਵਸ ਤੇ ਸਨਮਾਨ ਵੀ ਕੀਤਾ ਜਾਂਦਾ ਹੈ ਪਰ ਕੌੜੀ ਹਕੀਕਤ ਇਹ ਹੈ ਕਿ ਠੇਕੇਦਾਰੀ ਸਿਸਟਮ ਵਿਚ ਬਹੁਤ ਘੱਟ ਤਨਖਾਹ ਤੇ ਕਾਬਲ ਅਧਿਆਪਕਾਂ ਨੂੰ ਭਰਤੀ ਕਰਕੇ ਉਨ੍ਹਾਂ ਦੀ ਕਾਬਲੀਅਤ ਦਾ ਮਜ਼ਾਕ ਉਡਾਇਆ ਜਾਂਦਾ ਹੈ। ਅਧਿਆਪਕ ਦਿਵਸ ਤੇ ਜੇਕਰ ਸਾਡੀਆਂ ਸਰਕਾਰਾਂ ਸੱਚ ਮੁੱਚ ਅਧਿਆਪਕਾਂ ਦਾ ਸਤਿਕਾਰ ਚਾਹੁੰਦੀਆਂ ਹਨ ਤਾਂ ਉਨਾਂ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ