Patiala News: ਪਿਛਲੇ ਇੱਕ ਮਹੀਨੇ ’ਚ ਦੂਜੀ ਵਾਰ ਡੇਅਰੀ ਮਾਲਕਾਂ ਨੂੰ ਦਿੱਤਾ ਗਿਆ ਡੇਅਰੀ ਪ੍ਰੋਜੈਕਟ ’ਚ ਸ਼ਿਫਟ ਹੋਣ ਦਾ ਸਮਾਂ
- ਪਹਿਲਾਂ 25 ਦਸੰਬਰ ਦਾ ਤੱਕ ਦਾ ਸੀ ਸਮਾਂ, ਹੁਣ 2 ਜਨਵਰੀ 2026 ਤੱਕ ਦਾ ਸੁਣਾਇਆ ਫਰਮਾਨ
Patiala News : ਪਟਿਆਲਾ (ਨਰਿੰਦਰ ਸਿੰਘ ਬਠੋਈ)। ਨਗਰ ਨਿਗਮ ਲਈ ਸ਼ਹਿਰ ’ਚੋਂ ਡੇਅਰੀਆਂ ਬਾਹਰ ਕਰਨ ਦਾ ਕੰਮ ਗਲੇ ਦੀ ਹੱਡੀ ਬਣਿਆ ਹੋਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਵੱਲੋਂ ਡੇਅਰੀਆਂ ਚਲਾਉਣ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਨਵੇਂ ਡੇਅਰੀ ਪ੍ਰੋਜੈਕਟ ’ਤੇ ਸ਼ਿਫਟ ਹੋ ਜਾਣ ਤਾਂ ਜੋ ਇਨ੍ਹਾਂ ਡੇਅਰੀਆਂ ਕਾਰਨ ਸ਼ਹਿਰ ’ਚ ਆ ਰਹੀਆਂ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕੇ। ਨਗਰ ਨਿਗਮ ਵੱਲੋਂ ਡੇਅਰੀਆਂ ਦੇ ਮਾਲਕਾਂ ਨੂੰ ਪਹਿਲਾਂ 25 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜੋ ਹੁਣ ਵਧਾ ਕੇ 2 ਜਨਵਰੀ ਤੱਕ ਦਾ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਹਿਰ ਦੇ ਅੰਦਰ ਚੱਲ ਰਹੀਆਂ ਡੇਅਰੀਆਂ ਕਾਰਨ ਸਫ਼ਾਈ, ਸਿਹਤ ਅਤੇ ਟ੍ਰੈਫਿਕ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਬਰਸਾਤਾਂ ਦੇ ਦਿਨਾਂ ’ਚ ਤਾਂ ਇਨ੍ਹਾਂ ਡੇਅਰੀਆਂ ਕਾਰਨ ਸ਼ਹਿਰ ’ਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਨ੍ਹਾਂ ਡੇਅਰੀਆਂ ਕਾਰਨ ਮੱਝਾਂ-ਗਾਵਾਂ ਦਾ ਗੋਬਰ ਨਾਲੀਆਂ ਅਤੇ ਨਾਲਿਆਂ ’ਚ ਜਾਣ ਕਾਰਨ ਪਾਣੀ ਅੱਗੇ ਨਿਕਲਣ ਦੀ ਬਿਜਾਏ, ਸੜਕਾਂ ਅਤੇ ਚੌਕਾਂ ’ਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ।
Patiala News
ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਸਭ ਦੇ ਛੁਟਕਾਰੇ ਲਈ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਵੱਲੋਂ ਡੇਅਰੀ ਪ੍ਰੋਜੈਕਟ ਨੂੰ ਸ਼ਹਿਰ ਤੋਂ ਬਾਹਰ ਬਣਾਇਆ ਗਿਆ ਸੀ। ਪਰ ਕੁੱਝ ਕੁ ਘਾਟਾਂ ਹੋਣ ਕਾਰਨ ਸ਼ਹਿਰ ਦਾ ਕੋਈ ਵੀ ਡੇਅਰੀ ਮਾਲਕ ਇਸ ਪ੍ਰੋਜੈਕਟ ਵਾਲੀ ਥਾਂ ’ਤੇ ਸ਼ਿਫਟ ਨਹੀਂ ਹੋਣਾ ਚਾਹੁੰਦਾ ਜਿਸ ਕਾਰਨ ਨਗਰ ਨਿਗਮ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਡੇਅਰੀ ਮਾਲਕਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਤੁਸੀਂ ਜਲਦ ਤੋਂ ਜਲਦ ਇਸ ਨਵੇਂ ਡੇਅਰੀ ਪ੍ਰੋਜੈਕਟ ਵਾਲੀ ਥਾਂ ’ਤੇ ਸ਼ਿਫਟ ਹੋਵੋ ਨਹੀਂ ਤਾਂ ਤੁਹਾਡੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।
Read Also : 27 ਸਾਲਾ ਅਮਨਦੀਪ ਕੌਰ ਨੇ ਖੁਦ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ
ਮੇਅਰ ਤੇ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਡੇਅਰੀ ਮਾਲਕਾਂ ਨੂੰ ਡੇਅਰੀ ਪ੍ਰੋਜੈਕਟ ਵਿੱਚ ਪਲਾਟ ਅਲਾਟ ਕੀਤੇ ਗਏ ਹਨ, ਉਹ ਹਰ ਹਾਲਤ ਵਿੱਚ 2 ਜਨਵਰੀ ਤੱਕ ਨਵੀਂ ਥਾਂ ’ਤੇ ਸ਼ਿਫਟ ਹੋਣ। ਜੇਕਰ ਕਿਸੇ ਵੀ ਡੇਅਰੀ ਮਾਲਕ ਵੱਲੋਂ ਨਿਰਧਾਰਿਤ ਸਮੇਂ ਤੱਕ ਸ਼ਿਫਟਿੰਗ ਨਹੀਂ ਕੀਤੀ ਗਈ, ਤਾਂ ਉਸਦਾ ਪਲਾਟ ਰੱਦ ਕਰ ਦਿੱਤਾ ਜਾਵੇਗਾ। ਨਿਗਮ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਡੇਅਰੀ ਪ੍ਰੋਜੈਕਟ ਅੰਦਰ ਵੈਟਨਰੀ ਹਸਪਤਾਲ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਕਿ ਬਹੁਤ ਹੀ ਸਕਾਰਾਤਮਕ ਕਦਮ ਹੈ। ਇਸ ਹਸਪਤਾਲ ਤੋਂ ਨਾ ਸਿਰਫ਼ ਡੇਅਰੀ ਮਾਲਕਾਂ ਦੇ ਪਸ਼ੂਆਂ ਦਾ ਇਲਾਜ ਹੋਵੇਗਾ, ਸਗੋਂ ਨੇੜਲੇ ਇਲਾਕਿਆਂ ਦੇ ਲੋਕ ਵੀ ਆਪਣੇ ਪਸ਼ੂਆਂ ਦਾ ਚੈਕਅੱਪ ਅਤੇ ਇਲਾਜ ਕਰਵਾ ਸਕਣਗੇ।
ਇਹ ਡੇਅਰੀ ਪ੍ਰੋਜੈਕਟ ਸ਼ਹਿਰ ਲਈ ਇੱਕ ਵੱਡੀ ਸੌਗਾਤ
ਇਸ ਸਬੰਧੀ ਗੱਲ ਕਰਦਿਆਂ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਸਾਫ਼, ਸੁਚੱਜਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਪਟਿਆਲਾ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਡੇਅਰੀ ਪ੍ਰੋਜੈਕਟ ਦਾ ਉਨ੍ਹਾਂ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਅਰੀ ਪ੍ਰੋਜੈਕਟ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਅਤੇ ਕਮਿਸ਼ਨਰ ਨੇ ਡੇਅਰੀ ਪ੍ਰੋਜੈਕਟ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪੁਖ਼ਤੇ ਇੰਤਜ਼ਾਮ ਕਰਨ ’ਤੇ ਵੀ ਖ਼ਾਸ ਜ਼ੋਰ ਦਿੱਤਾ।
ਰਿਜ਼ਰਵ ਪਲਾਟ ਨਹੀਂ ਹੋ ਸਕਦਾ ਰੱਦ, ਕੇਸ ਹਾਈਕੋਰਟ ’ਚ ਸੁਣਵਾਈ ਅਧੀਨ : ਪ੍ਰਧਾਨ ਕ੍ਰਿਪਾਲ ਸਿੰਘ
ਇਸ ਸਬੰਧੀ ਡੇਅਰੀ ਫਾਰਮਰ ਯੂਨੀਅਨ ਦੇ ਪ੍ਰਧਾਨ ਕ੍ਰਿਪਾਲ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਅਤੇ ਅਧਿਕਾਰੀ ਭਾਵੇਂ ਰੋਜ ਡੇਅਰੀ ਪ੍ਰੋਜੈਕਟ ਵਾਲੀ ਥਾਂ ਦਾ ਦੌਰਾ ਕਰੀ ਜਾਣ, ਪਰ ਸਹੂਲਤਾਂ ਪੱਖੋਂ ਇਸ ਥਾਂ ’ਤੇ ਕਾਫੀ ਜਿਆਦਾ ਘਾਟਾਂ ਪਾਈਆਂ ਜਾ ਰਹੀਆਂ ਹਨ। ਨਾ ਤਾਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਕੀਤਾ ਗਿਆ ਹੈ। ਡੇੇਅਰੀ ਪ੍ਰੋਜੈਕਟ ਵਾਲੀ ਥਾਂ ਦੇ ਇੱਕ ਪਾਸੇ ਨਹਿਰ ਅਤੇ ਇੱਕ ਪਾਸੇ ਖੇਤ ਹਨ, ਪਾਣੀ ਦੀ ਨਿਕਾਸੀ ਹੋਣ ਦਾ ਕੋਈ ਸਵਾਲ ਪੈਦਾ ਹੀ ਨਹੀਂ ਹੁੰਦਾ। ਰਹੀ ਗੱਲ ਡੇਅਰੀ ਮਾਲਕ ਦਾ ਰਿਜ਼ਰਵ ਪਲਾਟ ਰੱਦ ਕਰਨ ਦੀ ਤਾਂ ਉਹ ਨਗਰ ਨਿਗਮ ਕਦੇ ਵੀ ਨਹੀਂ ਕਰ ਸਕਦਾ, ਕਿੳਂੁਕਿ ਇਸ ਡੇਅਰੀ ਪ੍ਰੋਜੈਕਟ ਸਬੰਧੀ ਕੇਸ ਹਾਈਕੋਰਟ ’ਚ ਚੱਲ ਰਿਹਾ ਹੈ।














