ਮਾਮਲਾ ਪੰਜਾਬੀ ‘ਵਰਸਿਟੀ ਦੀਆਂ ਪ੍ਰੀਖਿਆਵਾਂ ‘ਚ ਵਾਰ-ਵਾਰ ਸਪਲੀਮੈਂਟਰੀ ਆਉਣ ਦਾ
- ਗੋਲਡਨ ਚਾਂਸ ਵੀ ਦਿੱਤੇ, ਫਿਰ ਵੀ ਆਈਆਂ ਸਪਲੀਆਂ, ਵਿਦਿਆਰਥੀਆਂ ਵੱਲੋਂ ਸਪੈਸ਼ਲ ਕਮੇਟੀ ਬਣਾ ਕੇ ਜਾਂਚ ਦੀ ਮੰਗ
- ਯੂਨੀਵਰਸਿਟੀ ਵਿਖੇ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਅੱਗੇ ਧਰਨਾ ਜਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਐਮਸੀਏ ਵਿਭਾਗ ਵਿੱਚੋਂ ਇੱਕੋਂ ਹੀ ਵਿਸ਼ੇ ਚੋਂ 35 ਵਿਦਿਆਰਥੀਆਂ ਦੀਆਂ ਸਪਲੀਆਂ ਆਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ।
ਡੀਐਸਓ ਪੰਜਾਬ ਦੀ ਅਗਵਾਈ ਐਮਸੀਏ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਧਰਨਾ
ਅੱਜ ਵਿਦਿਆਰਥੀਆਂ ਵੱਲੋਂ ਇਸ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਕੰਟਰੋਲਰ ਪ੍ਰੀਖਿਆ ਦਫ਼ਤਰ ਨੂੰ ਅੱਗੇ ਜੋਰਦਾਰ ਪ੍ਰਦਰਸ਼ਨ ਕਰਕੇ ਕੰਟਰੋਲਰ ਨੂੰ ਦਫ਼ਤਰ ਵਿਖੇ ਹੀ ਬੰਦ ਕਰ ਦਿੱਤਾ ਗਿਆ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੈਸੇ ਇਕੱਠੇ ਕਰਨ ਲਈ ਜਣਬੁੱਝ ਕੇ ਵਿਦਿਆਰਥੀਆਂ ਨੂੰ ਫੇਲ੍ਹ ਕਰ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਜਿੰਨਾ ਸਮਾਂ ਸਪੈਸ਼ਲ ਕਮੇਟੀ ਬਣਾ ਕੇ ਉਨ੍ਹਾਂ ਦੇ ਪੇਪਰ ਚੈੱਕ ਨਹੀਂ ਕਰਵਾਉਂਦੀ, ਓਨਾ ਸਮਾਂ ਉਹ ਘਰ ਨਹੀਂ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਡੀਐਸਓ ਪੰਜਾਬ ਦੀ ਅਗਵਾਈ ਐਮਸੀਏ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਧਰਨਾ ਲਾਇਆ ਗਿਆ ਅਤੇ ਅੱਜ ਉਨ੍ਹਾਂ ਵੱਲੋਂ ਸਖ਼ਤ ਰੁਖ ਅਪਣਾਉਂਦਿਆ ਪ੍ਰੀਖਿਆ ਕੰਟਰੋਲਰ ਨੂੰ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ।
ਵਿਭਾਗ ਦੀ ਵਿਦਿਆਰਥਣ ਮਨਜੀਤ ਕੌਰ ਦਾ ਕਹਿਣਾ ਸੀ ਕਿ ਸਾਲ 2017 ਵਿੱਚ ਐਮਸੀਏ ਦੇ ਇੱਕ ਵਿਸ਼ੇ ਵਿੱਚੋਂ 30 ਤੋਂ ਵੱਧ ਵਿਦਿਆਰਥੀਆਂ ਦੀ ਸਪਲੀ ਆਈ ਸੀ। ਇਸ ਤੋਂ ਬਾਅਦ ਕਈਆਂ ਵੱਲੋਂ ਫਿਰ ਪੇਪਰ ਦਿੱਤੇ ਗਏ ਅਤੇ ਰੀਵੈਲੂਏਸ਼ਨ ਭਰੀ ਗਈ, ਪਰ ਫਿਰ ਵੀ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਕਈ ਵਿਦਿਆਰਥੀ ਤਾਂ 10 ਹਜ਼ਾਰ ਰੁਪਏ ਖਰਚ ਕੇ ਗੋਲਡਨ ਚਾਂਸ ਵੀ ਦੇ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦਾ ਪੇਪਰ ਕਲੀਅਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਐਮਸੀਏ ਕਲੀਅਰ ਵੀ ਕਰ ਚੁੱਕੇ ਹਨ, ਪਰ ਇਹ ਪੇਪਰ ਜਿਉਂ ਦਾ ਤਿਉਂ ਪਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਕਮੇਟੀ ਬਣਾਕੇ ਇਨ੍ਹਾ ਪੇਪਰਾਂ ਦੀ ਘੌਖ ਕਰੇ
ਉਨ੍ਹਾਂ ਕਿਹਾ ਕਿ ਉਹ ਪੇਪਰ ਵਿੱਚੋਂ ਪਾਸ ਹਨ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਕਮੇਟੀ ਬਣਾਕੇ ਇਨ੍ਹਾ ਪੇਪਰਾਂ ਦੀ ਘੌਖ ਕਰੇ। ਉਨ੍ਹਾਂ ਦੋਸ ਲਾਇਆ ਕਿ ਯੂਨੀਵਰਸਿਟੀ ਜਾਣ ਬੁੱਝ ਕੇ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕਰਨ ਲਈ ਫੇਲ੍ਹ ਕਰ ਰਹੀ ਹੈ, ਤਾ ਜੋਂ ਆਪਣੀ ਆਰਥਿਕ ਮੰਦਹਾਲੀ ਨੂੰ ਦੂਰ ਕਰ ਸਕੇ। ਵਿਭਾਗ ਦੀ ਇੱਕ ਹੋਰ ਵਿਦਿਆਰਥਣ ਜਸਵੀਰ ਕੌਰ ਨੇ ਕਿਹਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਧਿਕਾਰੀ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਮੰਨਣ ਦੇ ਦਾਅਵੇ ਕਰਦੇ ਹਨ ਪਰ ਦੂਜੇ ਪਾਸੇ ਆਪਣੇ ਹੀ ਬੱਚਿਆਂ ਨੂੰ ਨਜਾਇਜ਼ ਫੇਲ੍ਹ ਕਰਕੇ ਪੈਸੇ ਕਮਾ ਕੇ ਸਾਡੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ।
ਮਸਲੇ ਦਾ ਹੱਲ ਨਾ ਨਿਕਲਦਾ ਵੇਖ ਵਿਦਿਆਰਥਣਾਂ ਦੇ ਮਾਪਿਆਂ ਨੇ ਵਾਈਸ ਚਾਂਸਲਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅਸੀਂ ਆਪਣੇ ਬੱਚਿਆਂ ਨਾਲ ਵਾਈਸ ਚਾਂਸਲਰ ਦੇ ਦਫਤਰ ਦੇ ਸਾਹਮਣੇ ਆ ਕੇ ਬੈਠਾਂਗੇ। ਧਰਨੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਵੀ ਵਿਦਿਆਰਥਣਾਂ ਦੀ ਮਦਦ ਤੇ ਆਏ ਹਨ। ਡੀਐਸਓ ਪੰਜਾਬ ਦੇ ਆਗੂ ਸੰਜੀਵ ਨੇ ਬੋਲਦੇ ਹੋਏ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਫੇਲ ਕਰਕੇ ਪੈਸੇ ਬਟੋਰਨ ਨਾਲ ਯੂਨੀਵਰਸਿਟੀ ਦੀ ਆਰਥਿਕ ਮੰਦਹਾਲੀ ਦੂਰ ਨਹੀਂ ਹੋ ਸਕਦੀ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਗਲੇ ਘੋਟਣ ਦੀ ਬਜਾਏ ਸਰਕਾਰ ਤੋਂ ਪੈਸੇ ਮੰਗੇ। ਇਸ ਮੌਕੇ ਸੋਨੀ ਬੋਡਾਵਾਲ, ਮਨਪ੍ਰੀਤ ਕੌਰ, ਗੁਰਮੀਤ ਗੀਤਾ ਅਤੇ ਸਰਵਜਿੰਦਰ ਮੱਤਾ ਆਦਿ ਵੀ ਮੌਜੂਦ ਸਨ। ਇਸ ਸਬੰਧੀ ਜਦੋਂ ਕੰਟਰੋਲਰ ਪ੍ਰੀਖਿਆਵਾਂ ਜਸਬੀਰ ਇੰਦਰ ਸਿੰਘ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨਿਯਮਾਂ ਤਹਿਤ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ