ਜੰਮਦੇ ਅੰਗਹੀਣ ਜਵਾਕਾਂ ਦੀ ਦਾਸਤਾਨ

ਜੰਮਦੇ ਅੰਗਹੀਣ ਜਵਾਕਾਂ ਦੀ ਦਾਸਤਾਨ

ਪੰਜਾਬ ਵਿੱਚ ਧਰਤੀ ਹੇਠਲਾ ਜਹਿਰੀਲਾ ਹੋ ਰਿਹਾ ਪਾਣੀ ਭਵਿੱਖ ਲਈ ਬਹੁਤ ਹੀ ਖਤਰਨਾਕ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਕਿ ਪੰਜਾਬ ਦੀ ਜਿਆਦਤਰ ਧਰਤੀ ਨਾ ਪੀਣ ਯੋਗ ਪਾਣੀ ਵੱਲ ਵਧ ਰਹੀ ਹੈ ਅਤੇ ਪੰਜ ਦਰਿਆਵਾਂ ਦੇ ਨਾਲ ਹੋਰ ਛੋਟੇ ਦਰਿਆਵਾਂ ਦਾ ਪਾਣੀ ਵੀ ਜਹਿਰੀਲਾ ਹੋ ਚੁੱਕਿਆ ਹੈ। ਜਿਸ ਕਰਕੇ ਹੁਣ ਹਰ ਵਿਅਕਤੀ ਪਾਣੀ ਵਾਲੀ ਬੋਤਲ ਨਾਲ ਚੁੱਕੀ ਫਿਰਦਾ ਹੈ। ਇੱਕ ਦੂਸਰੇ ਘਰ ਦਾ ਚਾਹ ਪਾਣੀ ਜ਼ਹਿਰ ਵਾਂਗ ਮਹਿਸੂਸ ਹੋ ਰਿਹਾ ਹੈ ਅਤੇ ਇੱਕ ਦੂਸਰੇ ਨੂੰ ਮਿਲਣ ਗਿਆ ਇਨਸਾਨ ਰਿਸਤੇਦਾਰ ਜਾਂ ਦੋਸਤ ਦੇ ਘਰ ਦਾ ਪਾਣੀ ਪੀਣ ਦੀ ਬਜਾਏ ਬੰਦ ਬੋਤਲ ਦਾ ਪਾਣੀ ਪੀਣ ਨੂੰ ਪਹਿਲ ਦੇ ਰਿਹਾ ਹੈ।

 ਇਸ ਦਾ ਇੱਕ ਵੱਡਾ ਕਾਰਨ ਹਰ ਰੋਜ਼ ਪੰਜਾਬ ਦੇ ਪਿੰਡਾਂ ‘ਚ ਪਾਣੀ ਕਾਰਨ ਸਾਹਮਣੇ ਆ ਰਹੀਆਂ ਨਵੀਆਂ ਤੋਂ ਨਵੀਆਂ ਬੀਮਾਰੀਆਂ ਵੀ ਹੋ ਸਕਦਾ ਹੈ। ਜਿਸ ਦੀ ਉਦਾਹਰਣ ਘੱਗਰ ਦਰਿਆ ਨੇੜੇ ਵਸੇ ਕਈ ਪਿੰਡਾਂ ਵਿੱਚ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਲਈ ਜਾ ਸਕਦੀ ਹੈ। ਇਨਾਂ ਪਿੰਡਾਂ ਵਿੱਚ ਪੈਦਾ ਹੋਣ ਵਾਲੀਆਂ ਬੀਮਾਰੀਆ ਨੇ ਔਰਤਾਂ ਦੀ ਕੁੱਖੋਂ ਜਨਮ ਲੈਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਵੀ ਗ੍ਰਹਿਣ ਲਾ ਦਿੱਤਾ ਹੈ, ਜਿਸ ਕਾਰਨ ਗਰੀਬ ਪਰਿਵਾਰਾਂ ਲਈ ਨਵੀਆਂ ਮੁਸਕਲਾਂ ਖੜੀਆਂ ਹੋ ਗਈਆਂ ਹਨ। ਘੱਗਰ ਦਰਿਆ ਨੇੜੇ ਵਸੇ ਹੋਰਨਾਂ ਪਿੰਡਾਂ ਦੀ ਤਰ੍ਹਾਂ ਜ਼ਿਲ੍ਹਾ ਪਟਿਆਲੇ ਦੀ ਤਹਿਸੀਲ ਸਮਾਨਾ ਦੇ ਪਿੰਡ ਮਰੌੜੀ ਅਤੇ ਅਰਨੇਟੂ ਦੀ ਸਥਿਤੀ ਦੇਖ ਕੇ ਯਕੀਨ ਨਹੀ ਆਉਦਾ ਕਿ ਇਹ ਵੀ ਕੋਈ ਪੰਜਾਬ ਦੇ ਪਿੰਡ ਹਨ।

ਕੱਚੇ ਘਰ, ਅੱਤ ਦੀ ਗਰੀਬੀ, ਅਨਪੜਤਾ, ਨਸੇ, ਅੰਗਹੀਣ ਬੱਚੇ ਪੈਦਾ ਹੋਣਾ ਆਦਿ ਵਰਗੀਆਂ ਅਲਾਮਤਾਂ ਵਾਲੇ ਇਹ ਪਿੰਡ ਘੱਗਰ ਦਰਿਆ ਦੇ ਬਿਲਕੁੱਲ ਨੇੜੇ ਹਨ। ਸਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਣ ਵਾਲੇ ਘੱਗਰ ਦਰਿਆ ਦਾ ਪਾਣੀ ਪੰਜਾਬ ਵਿੱਚ ਆ ਕੇ ਜਹਿਰੀਲਾ ਹੋ ਜਾਂਦਾ ਹੈ ਅਤੇ ਉਸ ਤੋਂ ਪਿੱਛੇ ਪਾਣੀ ਬਿਲਕੁੱਲ ਸਾਫ ਹੈ। ਮਰੌੜੀ ਪਿੰਡ ਵਿੱਚ ਅੱਧੀ ਵਸੋਂ ਰਾਏ ਸਿੱਖ ਬਰਾਦਰੀ ਅਤੇ ਹੋਰ ਜਾਤੀਆਂ ਦੇ ਲੋਕਾਂ ਦੀ ਹੈ ਜੋ ਕਿ ਬੇ-ਜ਼ਮੀਨੇ ਹੋਣ ਕਰਕੇ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਦਿਹਾੜੀ ਬਗੈਰਾ ਕਰਦੇ ਹਨ। ਇਹੋ ਜਿਹੇ ਹਲਾਤ ਹੀ ਪਿੰਡ ਅਰਨੇਟੂ ਦੇ ਹਨ। ਲੋਕਾਂ ਦਾ ਰਹਿਣ ਵਸੇਰਾ ਬਿਲਕੁਲ ਹੀ ਕੱਚੇ ਘਰਾਂ ਵਿੱਚ ਹੈ।

ਜਿਸ ਤੋਂ ਪਿੰਡਾਂ ਦੀ ਆਰਥਿਕ ਸਥਿਤੀ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਰਕਾਰ ਜਾਂ ਪ੍ਰਸਾਸਨ ਨੇ ਇਨਾਂ ਪਿੰਡਾਂ ਵੱਲ ਕਦੇ ਧਿਆਨ ਨਹੀ ਦਿੱਤਾ। ਪਿੰਡ ਮਰੌੜੀ ‘ਚ ਅੱਧ ਸੈਂਕੜੇ ਤੋਂ ਵੀ ਜਿਆਦਾ ਅਜਿਹੇ ਬੱਚਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨਾਂ ਦੇ ਅੰਗਾਂ ਦਾ ਜਨਮ ਤੋਂ ਹੀ ਵਿਕਾਸ ਨਹੀ ਹੋਇਆ। ਕਿਸੇ ਬੱਚੇ ਦਾ ਪੂਰਾ ਹੱਥ ਨਹੀ, ਕਿਸੇ ਦੀਆ ਉਗਲਾਂ, ਕਿਸੇ ਦੀ ਲੱਤ ਅਤੇ ਕਿਸੇ ਦੀ ਬਾਂਹ ਅਧੂਰੀ ਹੈ। ਅਤੇ ਕਈਆਂ ਦੀ ਪੂਰਾ ਸਰੀਰ ਹੈ ਨਕਾਰਾ ਹੈ।

ਜਿਸ ਦਾ ਕਾਰਨ ਨਾ ਪੀਣ ਯੋਗ ਪਾਣੀ ਦੱਸਿਆ ਜਾਦਾ ਹੈ। ਪਿੰਡ ਦੇ ਚੜਦੇ ਵਾਲੇ ਪਾਸੇ ਰਾਏ ਸਿੱਖ ਬਰਾਦਰੀ ਨਾਲ ਸਬੰਧਿਤ ਇੱਕ ਵਿਧਵਾ ਔਰਤ ਸੁਖਜੀਤ ਕੌਰ ਦਾ ਘਰ ਹੈ, ਜਿਸ ਦੀ ਕੁੱਖੋਂ ਦੋ ਦਹਾਕੇ ਪਹਿਲਾਂ ਇੱਕ ਬੱਚੇ ਨੇ ਜਨਮ ਲਿਆ। ਜਿਹੜਾ ਮੰਦਬੁਧੀ ਹੀ ਨਹੀ, ਸਗੋਂ ਸਰੀਰਕ ਪੱਖੋਂ ਵੀ ਨਕਾਰਾ ਸੀ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਦੋ ਹੋਰ ਬੱਚਿਆਂ ਦਾ ਜਨਮ ਹੋਇਆ। ਇਹ ਵੀ ਪਹਿਲਾਂ ਵਾਲੇ ਲੜਕੇ ਦੀ ਤਰਾਂ ਹੀ ਮਾਨਸਿਕ ਅਤੇ ਸਰੀਰਕ ਪੱਖੋਂ ਨਕਾਰਾ ਪੈਦਾ ਹੋਏ। ਚੌਥਾ ਲੜਕਾ ਸੁਖਜੀਤ ਕੌਰ ਦੀ ਕੁੱਖੋ ਠੀਕ-ਠਾਕ ਪੈਦਾ ਹੋ ਗਿਆ, ਪਰ ਉਹ ਜਵਾਨੀ ਦੇ ਦਿਨਾਂ ਵਿੱਚ ਟੋਕੇ ਵਾਲੀ ਮਸੀਨ ਦਾ ਸਿਕਾਰ ਹੋਣ ਕਰਕੇ ਆਪਣਾ ਇੱਕ ਹੱਥ ਨਕਾਰਾ ਕਰਵਾ ਬੈਠਾ। ਤਿੰਨ ਮੰਦਬੁੱਧੀ ਲੜਕੇ ਸਤਨਾਮ ਸਿੰਘ, ਗੁਰਮੇਜ ਸਿੰਘ, ਗੁਰਜੰਟ ਸਿੰਘ ‘ਚੋਂ ਇੱਕ ਦੀ ਮੌਤ ਹੋ ਗਈ, ਦੋ ਨਕਾਰਾ ਲੜਕੇ ਸੁਖਜੀਤ ਕੌਰ ਦੀ ਹਨ੍ਹੇਰ ਕੋਠੜੀ ਵਿੱਚ ਰਹਿ ਰਹੇ ਹਨ।

ਪਰਵਾਰ ਦਾ ਸਾਰਾ ਖਰਚ ਸੁਖਜੀਤ ਕੌਰ ਅਤੇ ਉਸਦਾ ਵੱਡਾ ਪੁੱਤ ਬਲਵਿੰਦਰ ਸਿੰਘ ਚਲਾ ਰਹੇ ਹਨ। ਇਸ ਤੋਂ ਵੀ ਅੱਗੇ ਇੱਕ ਕੱਚੇ ਜਿਹੇ ਘਰ ਕੋਠੜੇ ਸਾਹਮਣੇ ਟੁੱਟਿਆ ਹੋਇਆ ਮੰਜਾ ਡਾਹ ਕੇ ਬਜੁਰਗ ਔਰਤ ਭਾਨ ਕੌਰ ਬੈਠੀ ਸੀ, ਜਿਸ ਦੇ ਮੰਜੇ ਦੀਆਂ ਅੱਧੀਆਂ ਰੱਸੀਆਂ ਟੁੱਟ ਕੇ ਹੇਠਾਂ ਲਮਕ ਰਹੀਆਂ ਸਨ। ਇਸ ਦੁੱਖਾਂ ਦੀ ਮਾਰੀ ਔਰਤ ਦਾ ਜਵਾਈ ਅਤੇ ਧੀ ਚੱਲ ਵਸੇ, ਦੋਹਤੀ ਪਰਮਜੀਤ ਕੌਰ ਜਿਸ ਦੀ ਉਮਰ ਲਗਭਗ ਅਠਾਰਾਂ ਸਾਲ ਹੈ, ਵੀ ਜਨਮ ਤੋਂ ਹੀ ਖੱਬੇ ਹੱਥੋਂ ਅੰਗਹੀਣ ਪੈਦਾ ਹੋਈ।

ਇਸ ਲੜਕੀ ਦਾ ਸਾਰਾ ਖਰਚ ਔਖੀ-ਸੌਖੀ ਹੋ ਕੇ ਭਾਨ ਕੌਰ ਚਲਾ ਰਹੀ ਹੈ। ਧੀਆਂ-ਧਿਆਣੀਆਂ ਦੇ ਜਨਮ ਤੋਂ ਮੰਦਬੁੱਧੀ ਅਤੇ ਅੰਗਹੀਣ ਪੈਦਾ ਹੋਣ ਦਾ ਦੁੱਖ ਇਕੱਲੀ ਭਾਨ ਕੌਰ ਨਹੀ ਹੰਢਾ ਰਹੀ, ਸਗੋਂ ਦਰਜਨਾਂ ਹੀ ਪਰਿਵਾਰਾਂ ਵਿੱਚ ਅੰਗਹੀਣ ਲੜਕੀਆਂ ਨੇ ਜਨਮ ਲਿਆ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਪਿੰਡ ਮਰੌੜੀ ਦੇ ਮੰਗਾ ਸਿੰਘ ਦੇ ਘਰ ਵਿਹੜੇ ਵਿੱਚ ਸੱਤ ਕੁ ਸਾਲ ਦੀ ਕੁੜੀ ਰਾਜ ਕੌਰ ਖੇਡ ਰਹੀ ਸੀ, ਜਿਸ ਦੀਆਂ ਜਨਮ ਤੋਂ ਦੋਵਾਂ ਹੀ ਲੱਤਾਂ ਮਰੀਆਂ ਹੋਈਆਂ ਹਨ ਅਤੇ ਮੰਦਬੁੱਧੀ ਪੈਦਾ ਹੋਈ।

ਸੁਰਿੰਦਰ ਸਿੰਘ ਦੀ ਅੱਠ ਸਾਲਾ ਲੜਕੀ ਗੁਰਪੀਤ ਕੌਰ ਤੇ ਬਾਰਾਂ ਸਾਲ ਦੀ ਕੁੜੀ ਚਰਨਜੀਤ ਕੌਰ, ਬੀਰ ਕੌਰ ਵਿਧਵਾ ਸਾਉਣ ਸਿੰਘ ਦੀ ਵੀਹ ਸਾਲਾ ਲੜਕੀ ਗੁਰਮੀਤ ਕੌਰ, ਮੁਖਤਿਆਰ ਸਿੰਘ ਦੀ ਬਾਰਾਂ ਸਾਲ ਦੀ ਲੜਕੀ ਸੁਖਵਿੰਦਰ ਕੌਰ, ਸੁਰਜੀਤ ਸਿੰਘ ਦਾ ਲੜਕਾ ਕਰਮ ਸਿੰਘ ਵੀ ਕੁੱਖੋ ਅੰਗਹੀਣ ਅਤੇ ਮੰਦਬੁੱਧੀ ਪੈਦਾ ਹੋਏ। ਪਿੰਡ ਮਰੌੜੀ ਵਿੱਚ ਸਭ ਤੋਂ ਵੱਧ ਗਿਣਤੀ ਵਿਧਵਾ ਔਰਤਾਂ ਅਤੇ ਅੰਗਹੀਣ ਬੱਚਿਆਂ ਦੀ ਹੈ। ਸਰਨਜੀਤ ਸਿੰਘ ਦੀ ਪੰਜ ਸਾਲਾ ਲੜਕੀ ਪ੍ਰਭਜੋਤ ਅਤੇ ਸੁੱਖਾ ਸਿੰਘ ਦਾ ਲੜਕਾ ਵੀ ਅੰਗਹੀਣ ਪੈਦਾ ਹੋਏ ਹਨ।

ਪਰ ਸਰਕਾਰੀ ਜਾਂ ਗੈਰ ਸਰਕਾਰੀ ਤੌਰ ‘ਤੇ ਕਦੇ ਕੋਸਿਸ ਨਹੀ ਹੋਈ ਕਿ ਇਸ ਪਿੰਡ ਵਿੱਚ ਪੈਦਾ ਹੋ ਰਹੇ ਅੰਗਹੀਣ ਅਤੇ ਮੰਦਬੁੱਧੀ ਬੱਚਿਆਂ ਪਿੱਛੇ ਕੀ ਕਾਰਨ ਹਨ? ਇਹ ਜਿੰਮੇਵਾਰੀ ਸਰਕਾਰੀ ਦਫਤਰਾਂ ਵਿੱਚ ਬੈਠੇ ਸਿਹਤ ਵਿਭਾਗ ਦੇ ਉਨਾਂ ਵੱਡੇ ਅਫਸਰਾਂ ਦੀ ਬਣਦੀ ਹੈ, ਜਿਹਨਾਂ ਨੂੰ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਇਹ ਨਹੀ ਪਤਾ ਕਿ ਪਿੰਡ ਕਿਹੜੇ ਪਾਸੇ ਹੈ। ਇਸੇ ਤਰਾਂ ਦੇ ਹਲਾਤ ਹੀ ਪਿੰਡ ਅਰਨੇਟੂ ਦੇ ਘਰਾਂ ਵਿੱਚ ਵੀ ਵੇਖੇ ਜਾ ਸਕਦੇ ਹਨ। 10 ਕੁ ਸਾਲਾਂ ਦਾ ਮਨਦੀਪ ਸਿੰਘ ਜਨਮ ਤੋਂ ਹੀ ਅੰਗਹੀਣ ਹੈ। ਮਨਜੀਤ ਕੌਰ ਅਤੇ ਗਿੰਦੋ ਅਜਿਹੀ ਕੁੜੀਆਂ ਕਿਸਮਤ ਰੁੜੀਆਂ ਹਨ।

ਜਿਹੜੀ ਜਿੰਦਗੀ ਦੀ ਅੱਧੀ ਉਮਰ ਕੀੜੇ-ਮਕੌੜਿਆਂ ਵਾਂਗ ਕੱਢ ਗਈਆਂ। ਛੇ ਕੁ ਸਾਲ ਦੀ ਕੁੜੀ ਅੰਜੂ ਬੋਲਣ ਤੋਂ ਬਿਲਕੁਲ ਹੀ ਅਸਮਰਥ ਹੈ। ਦਰਸੂ ਅਤੇ ਟੇਲਰ ਮਾਸਟਰ ਦਾ ਕੰਮ ਕਰਨ ਵਾਲੇ ਦਰਬਾਰਾ ਰਾਮ ਦੀ ਵੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀ ਹੈ। ਦਰਸੂ ਦੇ ਪਰਿਵਾਰ ਵਿੱਚ ਚਾਰ ਜਵਾਕ ਹਨ। ਜਿਨਾਂ ਦਾ ਪਾਲਣ-ਪੋਸਣ ਉਸਦੇ ਘਰ ਵਾਲੀ ਕਰਦੀ ਹੈ। ਦਰਸੂ ਕੁਝ ਸਾਲ ਪਹਿਲਾਂ ਆਪਣੀ ਸੁੱਧ-ਬੁੱਧ ਹੀ ਗਵਾ ਬੈਠਾ। ਜਿੱਥੇ ਮਾਵਾਂ ਦੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਹਰ ਤਰਾਂ ਦੇ ਜਹਿਰ ਦਾ ਸਿਕਾਰ ਹੋ ਕੇ ਅੰਗਹੀਣ ਪੈਦਾ ਹੋ ਰਹੇ ਹਨ ਜਾਂ ਫੇਰ ਮਾੜੀ ਆਰਥਿਕਤਾ ਦਾ ਸਿਕਾਰ ਇਨਾਂ ਪਰਿਵਾਰਾਂ ਦੀਆਂ ਔਰਤਾਂ ਕੋਲ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਸੰਤੁਲਿਤ ਖੁਰਾਕ ਦਾ ਪ੍ਰਬੰਧ ਹੀ ਨਹੀ ਹੁੰਦਾ। ਇਸ ਗੰਭੀਰ ਮਸਲੇ ਵੱਲ ਪ੍ਰਸਾਸਨ ਜਾਂ ਸਰਕਾਰ ਕੋਈ ਧਿਆਨ ਨਹੀ ਦੇ ਰਹੀ।

ਜਿਸ ਦਾ ਵੱਡਾ ਕਾਰਨ ਇਸ ਪਿੰਡ ਦਾ ਪੱਛੜਿਆ ਪਣ, ਅਨਪੜਤਾ, ਹਰਿਆਣੇ ਦੀ ਹੱਦ ‘ਤੇ ਵਸਿਆ ਪੰਜਾਬ ਦਾ ਆਖਰੀ ਪਿੰਡ ਵੀ ਹੋਣਾ ਹੈ। ਵੋਟਾਂ ਸਮੇਂ ਰਾਜਨੀਤਿਕ ਲੋਕ ਜਰੂਰ ਗੇੜਾ ਮਾਰਦੇ ਹਨ ਪਰ ਉਸ ਤੋਂ ਬਾਅਦ ਕੋਈ ਗੱਲ ਨਹੀ ਸੁਣਦਾ ਕਿ ਮਰੋੜੀ ਦੇ ਲੋਕਾਂ ਦੀ ਸਿਹਤ, ਸਿੱਖਿਆ ਦਾ ਕੋਈ ਪ੍ਰਬੰਧ ਹੈ ਕਿ ਨਹੀ। ਇਸ ਅਣਦੇਖੀ ਕਾਰਨ ਹੀ ਇਸ ਪਿੰਡ ਦੀਆਂ ਮਾਵਾਂ ਆਪਣੀ ਕੁੱਖੋਂ ਅੰਗਹੀਣ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ। ਹੁਣ ਇਨਾਂ ਪਿੰਡਾਂ ਦੇ ਇਸ ਦਰਦ ਨੂੰ ਚੁੱਕਣ ਲਈ ਕਨੈਡਾ ਦੀ ਇੱਕ ਸਮਾਜ ਸੇਵੀ ਸੰਸਥਾ ਪਲੇਅਨਟਵਨ ਆਰਗੀਨਾਈਜੇਸ਼ਨ ਵੱਲੋਂ ਮੈਡਮ ਪ੍ਰਭਜੋਤ ਕੈਂਥ ਦੀ ਅਗਵਾਈ ‘ਚ ਮੈਡੀਕਲ ਕੈਂਪ ਅਤੇ ਸਾਫ ਪਾਣੀ ਦੇ ਸਾਧਨ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਾਹਨਗੜ
ਰੋਡ ਪਾਤੜਾਂ ਜਿਲਾ ਪਟਿਆਲਾ  
ਬ੍ਰਿਸ ਭਾਨ ਬੁਜਰਕ
ਮੋ: 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.