ਅੰਮ੍ਰਿਤਸਰ ਅਤੇ ਲੁਧਿਆਣਾ ਦਾ ਹਵਾ ਕੁਆਲਟੀ ਪੱਧਰ 323 ‘ਤੇ ਪੁੱਜਿਆ
ਦੁਪਿਹਰ ਤੋਂ ਬਾਅਦ ਦਿਨੇ ਛਾਂ ਰਿਹੈ ਧੂੰਆਂ ਧਰੋਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦਾ ਹਵਾ ਗੁਣਵੱਤਾ ਪੱਧਰ ਖਰਾਬ ਅਵਸਥਾ ਵਿੱਚ ਪੁੱਜ ਗਿਆ ਹੈ। ਸੂਬੇ ਅੰਦਰ ਦੁਪਿਹਰ ਤਿੰਨ ਵਜੇ ਤੋਂ ਬਾਅਦ ਧੂੰਆਂ ਧਰੋਲ ਹੋ ਜਾਂਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਣ ਦੇ ਵੱਧ ਰਹੇ ਕੇਸਾਂ ਕਾਰਨ ਕਈ ਸ਼ਹਿਰਾਂ ਦੀ ਆਬੋ ਹਵਾ ਦਾ ਏਕਿਊਆਈ ਪੱਧਰ ਤਾਂ ਬਹੁਤ ਖਰਾਬ ਦਰਸਾਇਆ ਜਾ ਰਿਹਾ ਹੈ। ਸੂਬੇ ਅੰਦਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗਾਂ ਲੱਗਣ ਦਾ ਅੰਕੜਾ 62844 ‘ਤੇ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਅੰਦਰ ਲੁਧਿਆਣਾ ਅਤੇ ਅੰਮ੍ਰਿਤਸਰ ਸ਼ਹਿਰਾਂ ਦੀ ਹਵਾ ਗੁਣਵੱਤਾ ਬਹੁਤ ਹੀ ਮਾੜੇ ਪੱਧਰ ‘ਤੇ ਚੱਲ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਗੁਣਵੱਤਾ ਮਾਪਣ ਵਾਲੇ ਯੰਤਰ ਸੂਬੇ ਦੇ ਹਵਾ ਦੇ ਮਿਆਰ ਨੂੰ ਬਹੁਤ ਪ੍ਰਦੂਸ਼ਿਤ ਭਰਿਆ ਦਰਸਾ ਰਹੇ ਹਨ।
ਅੰਮ੍ਰਿਤਸਰ ਅਤੇ ਲੁਧਿਆਣਾ ਦਾ ਏਕਿਊਆਈ (ਹਵਾ ਇੰਨਡੈਕਸ) 323 ‘ਤੇ ਚੱਲ ਰਿਹਾ ਹੈ ਜੋ ਕਿ ਬਹੁਤ ਹੀ ਖਰਾਬ ਸ੍ਰੇਣੀ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਬਠਿੰਡਾ ਦਾ ਹਵਾ ਪੱਧਰ 285 ਏਕਿਊਆਈ ਹੈ ਜੋ ਕਿ ਧੂੰਏ ਕਾਰਨ ਖਰਾਬ ਚੱਲ ਰਿਹਾ ਹੈ। ਜੇਕਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦਾ ਏਕਿਊਆਈ 237 ‘ਤੇ ਪੁੱਜ ਗਿਆ ਹੈ। ਮੰਡੀ ਗੋਬਿੰਦਗੜ੍ਹ ਦਾ ਏਕਿਊਆਈ 262 ‘ਤੇ ਚੱਲ ਰਿਹਾ ਹੈ ਜਦਕਿ ਖੰਨਾ ਦਾ ਹਵਾ ਇੰਨਡੈਕਸ 230 ‘ਤੇ ਚੱਲ ਰਿਹਾ ਹੈ। ਇਸ ਤਰ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ ਛੇ ਸ਼ਹਿਰਾਂ ‘ਚ ਲਾਏ ਯੰਤਰ ਇਸ ਵਕਤ ਸੂਬੇ ਦੀ ਆਬੋ ਹਵਾ ਨੂੰ ਬੁਰੀ ਤਰ੍ਹਾਂ ਪਲੀਤ ਬਿਆਨ ਕਰ ਰਹੇ ਹਨ, ਜਿਸ ਕਾਰਨ ਆਮ ਲੋਕ ਸਾਹ ਘੁਟਣ, ਖੰਗ, ਜੁਖਾਮ ਅਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਮੌਜੂਦਾ ਸਮੇਂ ਮਾਲਵੇ ਅੰਦਰ ਅੱਗਾਂ ਲਾਉਣ ਦਾ ਵੱਡੇ ਪੱਧਰ ‘ਤੇ ਸਿਲਸਿਲਾ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਤੇ ਜਾ ਰਹੇ ਧਰਨਿਆਂ ਕਾਰਨ ਅਧਿਕਾਰੀ ਕਾਰਵਾਈ ਤੋਂ ਹਿਚਕਚਾ ਰਹੇ ਹਨ ਕਿਉਂਕਿ ਜਿੱਥੇ ਵੀ ਕੋਈ ਅਧਿਕਾਰੀ ਕਾਰਵਾਈ ਕਰਨ ਲਈ ਪੁੱਜਿਆ ਹੈ ਤਾਂ ਕਿਸਾਨਾਂ ਵੱਲੋਂ ਉਸ ਦਾ ਘਿਰਾਓ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸੈਟੇਲਾਈਟ ਡਾਟਾ ਸੂਬੇ ਅੰਦਰ 62844 ਅੱਗਾਂ ਬਿਆਨ ਕਰ ਰਿਹਾ ਹੈ। ਸੰਗਰੂਰ ਜ਼ਿਲ੍ਹੇ ਅੰਦਰ ਹੁਣ ਤੱਕ ਸਭ ਤੋਂ ਵੱਧ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਹੈ। ਇਕੱਲੇ ਸੰਗਰੂਰ ਜ਼ਿਲ੍ਹੇ ਅੰਦਰ ਹੀ 8369 ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਹਵਾਲੇ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਅੰਦਰ 6183 ਮਾਮਲੇ ਸੈਟੇਲਾਈਟ ਰਾਹੀਂ ਦਰਜ਼ ਕੀਤੇ ਹਨ ਜਦਕਿ ਬਠਿੰਡਾ ਜ਼ਿਲ੍ਹੇ ਅੰਦਰ 5802 ਅੱਗਾਂ ਦੇ ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ 4859, ਮੋਗਾ ਜ਼ਿਲ੍ਹੇ ਅੰਦਰ 4566 ਅਤੇ ਤਰਨਤਾਰਨ ਜ਼ਿਲ੍ਹੇ ਅੰਦਰ 4399 ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਗਾਈ ਗਈ ਹੈ।
ਬਰਨਾਲਾ ਜ਼ਿਲ੍ਹੇ ਅੰਦਰ 3347, ਅੰਮ੍ਰਿਤਸਰ ਜ਼ਿਲ੍ਹੇ ਅੰਦਰ 2395 ਜਦਕਿ ਲੁਧਿਆਣਾ ਜ਼ਿਲ੍ਹੇ ਅੰਦਰ 3516 ਥਾਵਾਂ ‘ਤੇ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਰਡ ਵੱਲੋਂ ਵੱਡੀ ਪੱਧਰ ‘ਤੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਜਲਾਉਣ ਲਈ ਜਾਗਰੂਕ ਵੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਲੱਖਾਂ ਰੁਪਏ ਦੇ ਵਾਤਾਵਰਣ ਜ਼ੁਰਮਾਨੇ ਕੀਤੇ ਗਏ ਹਨ।
ਇਸ ਵਾਰ ਜਿਆਦਾ ਲੱਗੀਆਂ ਰਹਿੰਦ ਖੂੰਹਦ ਨੂੰ ਅੱਗਾਂ
ਜੇਕਰ ਹੁਣ ਤੱਕ ਦੇ ਪਿਛਲੇ ਤਿੰਨ ਸਾਲਾਂ ਦੇ ਅੰਕੜੇ ਦੇਖੇ ਜਾਣ ਤਾਂ ਇਸ ਵਾਰ ਸਭ ਤੋਂ ਵੱਧ ਅੱਗਾਂ ਦੇ ਮਾਮਲੇ ਸਾਹਮਣੇ ਆਏ ਹਨ। ਸਾਲ 2018 ਅੰਦਰ 39974 ਅੱਗਾਂ ਦੇ ਮਾਮਲੇ ਦਰਜ਼ ਕੀਤੇ ਗਏ ਸਨ ਜਦਕਿ ਸਾਲ 2019 ਵਿੱਚ ਅੰਕੜਾ ਵੱਧਦਿਆਂ 45265 ‘ਤੇ ਪੁੱਜ ਗਿਆ ਸੀ। ਸਾਲ 2020 ‘ਚ ਹੁਣ ਤੱਕ ਇਹ ਅੰਕੜਾ 62844 ‘ਤੇ ਪੁੱਜ ਗਿਆ ਹੈ। ਉਂਜ ਮਾਲਵੇ ਇਲਾਕੇ ਅੰਦਰ ਝੋਨੇ ਦੀ ਵਡਾਈ ਦਾ ਕੰਮ ਲਗਭਗ ਆਖਰੀ ਦੌਰ ‘ਚ ਹੈ ਅਤੇ ਕੁਝ ਦਿਨਾਂ ਤੱਕ ਅੱਗਾਂ ਲੱਗਣ ਦੇ ਮਾਮਲੇ ਹੋਰ ਸਾਹਮਣੇ ਆ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.