ਖ਼ਤਮ ਹੋ ਰਹੀਆਂ ਨੇ ਚਿੜੀਆਂ! ਚਲੋ ਕੁਝ ਕਰੀਏ, ਘਰਾਂ ਦੀਆਂ ਛੱਤਾਂ ’ਤੇ ਪਾਣੀ ਧਰੀਏ

World Sparrow Day Sachkahoon

ਵਿਸ਼ਵ ਚਿੜੀ ਦਿਵਸ ’ਤੇ ਵਿਸ਼ੇਸ਼ World Sparrow Day

20 ਮਾਰਚ ਨੂੰ ਵਿਸ਼ਵ ਭਰ ਵਿੱਚ ਚਿੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਚਿੜੀ ਪੰਛੀਆਂ ਦੀ ਇੱਕ ਵੱਡੀ ਸ੍ਰੇਣੀ ਹੈ ਜਿਸ ਵਿੱਚ ਅੱਧ ਤੋਂ ਵੱਧ ਪੰਛੀ ਆਉਂਦੇ ਹਨ। ਇਨ੍ਹਾਂ ਨੂੰ ਗਾਉਣ ਵਾਲੇ ਪੰਛੀ ਵੀ ਕਿਹਾ ਜਾਂਦਾ ਹੈ। ਚਿੜੀਆਂ ਦੀ ਇੱਕ ਵਿਸ਼ੇਸ਼ਤਾ ਇਨ੍ਹਾਂ ਦੇ ਪਹੁੰਚਿਆਂ ਦਾ ਨਮੂਨਾ ਹੈ। ਤਿੰਨ ਉਂਗਲਾਂ ਅੱਗੇ ਵੱਲ ਅਤੇ ਇੱਕ ਪਿਛਾਂਅ ਵੱਲ ਹੈ ਜੋ ਏਕਤਾ ਦੀ ਮਹੱਤਤਾ ਦਾ ਪ੍ਰਤੀਕ ਹੈ। ਵਿਸ਼ਵ ਪੱਧਰ ’ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਇੱਕ 5-6 ਇੰਚ ਆਕਾਰ ਦਾ ਪੰਛੀ ਹੈ। ਚਿੜੀ ਦਾਣੇ, ਬੀਜ ਜਾਂ ਛੋਟੇ ਕੀੜੇ-ਮਕੌੜੇ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਦਾ ਰੈਣ-ਬਸੇਰਾ ਪਿੰਡਾਂ ਵਿੱਚ ਬਾਲੇ ਵਾਲੀਆਂ ਛੱਤਾਂ ਤੇ ਝਾੜੀਆਂ, ਦਰੱਖਤਾਂ ਉੱਤੇ ਘਾਹ-ਫੂਸ ਦਾ ਆਲ੍ਹਣਾ ਹੁੰਦਾ ਹੈ।

ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਤੱਕ ਆਂਡੇ ਦਿੰਦੀ ਹੈ ਜਿਨ੍ਹਾਂ ਵਿੱਚੋਂ 14 ਤੋਂ 17 ਦਿਨਾਂ ਤੱਕ ਬੋਟ (ਨਿੱਕੇ ਬੱਚੇ) ਨਿੱਕਲ ਆਉਂਦੇ ਹਨ। ਪੰਜਾਬ ਦੇ ਵਿੱਚ ਮੁਨੀਆਂ ਪ੍ਰਜਾਤੀ ਦੀ ਚਿੜੀ ਜ਼ਿਆਦਾ ਪਾਈ ਜਾਂਦੀ ਹੈ। ਵਿਸ਼ਵ ਭਰ ਵਿੱਚ ਇਸ ਦੀਆਂ 11 ਉਪ ਜਾਤੀਆਂ ਹਨ ਜੋ ਰੰਗ ਅਤੇ ਆਕਾਰ ਤੋਂ ਇੱਕ-ਦੂਸਰੇ ਨਾਲੋਂ ਵੱਖ-ਵੱਖ ਹਨ। ਚਿੜੀ ਜਿਸ ਦੀ ਤੁਲਨਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕੁੜੀਆਂ ਦੇ ਨਾਲ ਕੀਤੀ ਜਾਂਦੀ ਹੈ। ਕਿੰਨੇ ਹੀ ਕਲਮਕਾਰਾਂ ਨੇ ਕੁੜੀਆਂ-ਚਿੜੀਆਂ ’ਤੇ ਲੋਕ-ਤੱਥ ਲਿਖੇ ਹਨ। ਚਿੜੀਆਂ ਜੋ ਸ਼ਾਂਤੀ ਦਾ ਪ੍ਰਤੀਕ ਹਨ, ਅਣਭੋਲ ਹਨ ਤੇ ਧੀਆਂ ਵਾਂਗ ਸਭ ਦਾ ਭਲਾ ਚਾਹੁੰਦੀਆਂ ਹਨ। ਪਰ ਦੁੱਖ ਦੀ ਗੱਲ ਹੈ ਕਿ ਐਨਾ ਪਿਆਰਾ ਤੇ ਅਣਭੋਲ ਇਹ ਪੰਛੀ ਸਾਡੀਆਂ ਰੋਜ਼ਾਨਾ ਦੀਆਂ ਬਦਲ ਚੁੱਕੀਆਂ ਆਦਤਾਂ ਕਰਕੇ ਸਾਡੇ ਕੋਲੋਂ ਦੂਰ ਜਾ ਰਿਹਾ ਹੈ ਜੇਕਰ ਮਨੁੱਖਾਂ ਨੇ ਅਜੇ ਵੀ ਆਪਣੇ-ਆਪ ਨੂੰ ਨਾ ਬਦਲਿਆ ਤਾਂ ਉਹ ਦਿਨ ਦੂਰ ਨਹੀਂ ਕਿ ਚਿੜੀਆਂ ਸਾਡੇ ਕੋਲ ਸਿਰਫ ਤਸਵੀਰਾਂ ਵਿੱਚ ਵੇਖਣ ਨੂੰ ਹੀ ਰਹਿ ਜਾਣਗੀਆਂ।

ਭਾਰਤ ਵਿੱਚ ਚਿੜੀਆਂ ਦੀਆਂ 14 ਕਿਸਮਾਂ ਅਲੋਪ ਹੋਣ ਕਿਨਾਰੇ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰੀ ਅਬਾਦੀ ਵਿੱਚੋਂ ਚਿੜੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। 2012 ਵਿੱਚ ਚਿੜੀ ਨੂੰ ਦਿੱਲੀ ਸਰਕਾਰ ਵੱਲੋਂ ਰਾਜ ਪੰਛੀ ਅਲਾਨਿਆ ਗਿਆ ਸੀ। ਸ਼ਹਿਰਾਂ ਦੇ ਨਾਲ-ਨਾਲ ਹੁਣ ਤਾਂ ਪਿੰਡਾਂ ਵਿੱਚੋਂ ਵੀ ਚਿੜੀਆਂ ਘਟਦੀਆਂ ਜਾ ਰਹੀਆਂ ਹਨ ਕਿਉਂਕਿ ਖੁੱਲੇ੍ਹ ਕੱਚੇ ਬਾਲੇ-ਸ਼ਤੀਰਾਂ ਦੇ ਠੰਢੇ ਘਰਾਂ ਨੂੰ ਛੱਡ ਪਿੰਡਾਂ ਦੇ ਬਾਸ਼ਿੰਦੇ ਵੀ ਹੁਣ ਤੰਗ ਕੋਠੀਆਂ ਵੱਲ ਹੋ ਤੁਰੇ ਹਨ। ਦਿਨੋ-ਦਿਨ ਕੀਟਨਾਸ਼ਕਾਂ ਤੇ ਮੋਬਾਇਲ ਟਾਵਰਾਂ ਦੀ ਵਧ ਰਹੀ ਵਰਤੋਂ ਵੀ ਚਿੜੀਆਂ ਤੇ ਹੋਰ ਪੰਛੀਆਂ ਲਈ ਖਤਰਾ ਹੈ। ਲੋੜ ਹੈ ਸਮੇਂ ਦੇ ਨਾਲ ਚੱਲਦੇ ਹੋਏ ਅਸੀਂ ਸਾਡੀ ਇਸ ਅਨਮੋਲ ਵਿਰਾਸਤ ਨੂੰ ਵੀ ਸਾਂਭ ਕੇ ਰੱਖੀਏ ਅਤੇ ਜਿੰਨਾ ਸਾਡੇ ਕੋਲੋਂ ਹੋ ਸਕਦਾ ਹੈ ਆਪਣਾ ਫਰਜ ਸਮਝਦੇ ਹੋਏ ਜ਼ਰੂਰ ਕਰੀਏ।

ਹੁਣ ਜਦੋਂ ਗਰਮੀ ਦਾ ਮੌਸਮ ਵੀ ਆਉਣ ਵਾਲਾ ਹੈ ਦੇਸੀ ਮਹੀਨਾ ਜੇਠ ਤੇ ਹਾੜ ਪੂਰੀ ਤਪਦੀ ਗਰਮੀ ਲਈ ਹੀ ਜਾਣੇ ਜਾਂਦੇ ਹਨ ਮਨੁੱਖਾਂ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਦੋਪਹੀਆ ਵਾਹਨਾਂ ’ਤੇ ਵੀ ਧੁੱਪ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰਾ ਢੱਕ ਕੇ ਬਾਹਰ ਨਿੱਕਲਦੇ ਹਨ ਅਤੇ ਹਰ ਕੋਈ ਠੰਢੇ ਪਾਣੀ ਵੱਲ ਭੱਜ ਕੇ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਛੋਟੇ ਪਿਆਰੇ ਪੰਛੀ ਸਿਰਫ ਪਾਣੀ ਦੀ ਘਾਟ ਕਰਕੇ ਹੀ ਮਰ ਜਾਂਦੇ ਹਨ ਕਿਉਂਕਿ ਜਿਵੇਂ-ਜਿਵੇਂ ਗਰਮੀ ਦਾ ਪਾਰਾ ਵਧਦਾ ਜਾਂਦਾ ਹੈ ਤਲਾਬਾਂ, ਟੋਭਿਆਂ, ਖੂਹਾਂ ਅਤੇ ਖੇਤਾਂ ਵਿੱਚੋਂ ਪਾਣੀ ਸੁੱਕ ਜਾਂਦਾ ਹੈ ਅਤੇ ਇਹ ਸਾਰੇ ਸਾਧਨ ਹੀ ਮੁੱਖ ਹਨ ਪੰਛੀਆਂ ਦੇ ਪਾਣੀ ਪੀਣ ਲਈ। ਵਸੋਂ ਵਾਲੀਆਂ ਥਾਵਾਂ ’ਤੇ ਇਹ ਮਨਮੋਹਕ ਪੰਛੀ ਇਨਸਾਨਾਂ ਦੇ ਭੈਅ ਕਾਰਨ ਘੱਟ ਹੀ ਥੱਲੇ ਆਉਂਦੇ ਹਨ ਪਰ ਅਸੀਂ ਇਸ ਗਰਮੀ ਤੋਂ ਜਿੱਥੇ ਆਪਣੇ ਬੱਚਿਆਂ ਅਤੇ ਆਪਣੇ ਬਚਾਅ ਲਈ ਅਸੀਂ ਹਰ ਸੰਭਵ ਕੋਸਿਸ਼ ਕਰਦੇ ਹਾਂ, ਉੱਥੇ ਇਸ ਵਾਰ ਵਾਤਾਵਰਨ ਦੇ ਸ਼ਿੰਗਾਰ ਇਨ੍ਹਾਂ ਪੰਛੀਆਂ ਦੇ ਬਚਾਅ ਲਈ ਵੀ ਅੱਗੇ ਹੋਈਏ।

ਪੰਛੀਆਂ ਦੀ ਮੱਦਦ ਲਈ ਸਭ ਤੋਂ ਪਹਿਲਾਂ ਅਤੇ ਸੌਖਾ ਕਾਰਜ ਹੈ ਕਿ ਅਸੀਂ ਆਪਣੇ ਘਰਾਂ, ਦੁਕਾਨਾਂ, ਦਫਤਰਾਂ ਦੀਆਂ ਛੱਤਾਂ ’ਤੇ ਪਾਣੀ ਭਰ ਕੇ ਰੱਖੀਏ ਇਹ ਪਾਣੀ ਕਿਸੇ ਵੀ ਭਾਂਡੇ ਵਿੱਚ ਭਰ ਕੇ ਰੱਖਿਆ ਜਾ ਸਕਦਾ ਹੈ ਪਰ ਜੇਕਰ ਮਿੱਟੀ ਦੇ ਬਰਤਨ ਵਿੱਚ ਰੱਖਿਆ ਜਾਵੇ ਤਾਂ ਜ਼ਿਆਦਾ ਠੀਕ ਰਹੇਗਾ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਪਾਣੀ ਜ਼ਿਆਦਾ ਸਮਾਂ ਠੰਢਾ ਰਹਿੰਦਾ ਹੈ ਅਤੇ ਇਹ ਪਾਣੀ ਰੋਜ਼ਾਨਾ ਸ਼ਵੇਰੇ-ਸ਼ਾਮ ਬਦਲਿਆ ਜਾਵੇ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਹਜ਼ਾਰਾਂ ਪੰਛੀਆਂ ਦੀ ਜਾਨ ਇਸ ਗਰਮੀ ਤੋਂ ਬਚ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਦਿਨ ਭਰ ਵਿੱਚ ਇੱਕ ਵਾਰ ਘਰ ਦੀ ਛੱਤ ’ਤੇ ਇੱਕ ਮੁੱਠੀ ਦਾਣੇ ਵੀ ਪਾਏ ਜਾਣ ਤਾਂ ਹੋਰ ਵੀ ਚੰਗਾ ਹੋਵੇਗਾ।

ਇਸ ਸੰਦਰਭ ਵਿਚ ਡੇਰਾ ਸੱਚਾ ਸੌਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਸਾਧ-ਸੰਗਤ 138 ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਮਾਨਵਤਾ ਭਲਾਈ ਦੇ ਇਨ੍ਹਾਂ ਕਾਰਜਾਂ ਦੀ ਲੜੀ ਤਹਿਤ ਹੀ ਇੱਕ ਮੁਹਿੰਮ ‘ਪੰਛੀ ਉੱਧਾਰ ਮੁਹਿੰਮ’ ਵਿਸ਼ੇਸ਼ ਕਰਕੇ ਪੰਛੀਆਂ ਦੀ ਸੰਭਾਲ ਲਈ ਚਲਾਈ ਗਈ, ਜਿਸ ਦੇ ਤਹਿਤ ਸਾਧ-ਸੰਗਤ ਪੰਛੀਆਂ ਦੇ ਪਾਣੀ ਪੀਣ ਲਈ ਕਟੋਰੇ ਅਤੇ ਚੋਗੇ ਲਈ ਦਾਣੇ ਰੱਖਦੀ ਹੈ ਇਸੇ ਤਰ੍ਹਾਂ ਪੰਜਾਬੀ ਸੱਚ ਕਹੂੰ ਅਖ਼ਬਾਰ ਵੀ ਆਪਣਾ ਸਥਾਪਨਾ ਦਿਵਸ ਹਰ ਵਾਰ ਪੰਛੀਆਂ ਲਈ ਪਾਣੀ ਦੇ ਕਟੋਰੇ ਅਤੇ ਚੋਗਾ ਪਾ ਕੇ ਮਨਾਉਦਾ ਹੈ ਜੋ ਕੁਦਰਤ ਨੂੰ ਸੰਭਾਲਣ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ

ਇੱਕ ਸਮਾਂ ਸੀ, ਜਦੋਂ ਸਾਡੇ ਘਰ ਕੱਚੇ ਹੁੰਦੇੇ ਸਨ ਘਰ ਦੀਆਂ ਛੱਤਾਂ ਬਾਲਿਆਂ ਨਾਲ ਕਾਹੀ ਦੇ ਪੂਲਿਆਂ ਦੀਆਂ ਹੁੰਦੀਆਂ ਸਨ। ਘਰਾਂ ਵਿੱਚ ਨਿੰਮ, ਤੂਤ, ਡੇਕ ਜਿਹੇ ਦੇਸੀ ਦਰੱਖਤ ਲੱਗੇ ਹੁੰਦੇ ਸਨ ਜਿਨ੍ਹਾਂ ਅੰਦਰ ਅਕਸਰ ਛੋਟੀਆਂ ਪਿਆਰੀਆਂ ਚਿੜੀਆਂ, ਘੁੱਗੀਆਂ ਜਾਂ ਹੋਰ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਸਨ ਪਰ ਜਿਉਂ-ਜਿਉਂ ਸਾਡੇ ਘਰ ਕੋਠੀਆਂ ਵਿੱਚ ਤਬਦੀਲ ਹੋ ਗਏ, ਪੁਰਾਣੇ ਘਰਾਂ ਵਿਚਲੀਆਂ ਬਾਲਿਆਂ ਵਾਲੀਆਂ ਕੱਚੀਆਂ ਛੱਤਾਂ ਦੇ ਨਾਲ-ਨਾਲ ਚਿੜੀਆਂ ਦੇ ਘਰ ਵੀ ਚਲੇ ਗਏ, ਘਰਾਂ ਅੰਦਰ ਦੇਸੀ ਦਰੱਖਤਾਂ ਦੀ ਥਾਂ ਵਿਦੇਸ਼ੀ ਦਰੱਖਤਾਂ ਨੇ ਲੈ ਲਈ। ਹੁਣ ਪੁਰਾਣੇ ਸਮਂੇ ਤਾਂ ਵਾਪਸ ਨਹੀਂ ਆ ਸਕਦੇ ਪਰ ਇਨ੍ਹਾਂ ਪੰਛੀਆਂ ਦੇ ਰੈਣ-ਬਸੇਰੇ ਲਈ ਅਸੀਂ ਇੱਕ ਹੰਭਲਾ ਹੋਰ ਮਾਰ ਸਕਦੇ ਹਾਂ ਉਹ ਇਹ ਕਿ ਕਿਸੇ ਯੋਗ ਥਾਵੇਂ ਪੰਛੀਆਂ ਦੇ ਰਹਿਣ ਲਈ ਵੱਧ ਤੋਂ ਵੱਧ ਦੇਸੀ ਰੁੱਖ ਲਾਈਏ ਜਿਨ੍ਹਾਂ ’ਤੇ ਰੈਣ-ਬਸੇਰੇ ਬਣਾ ਕੇ ਇਹ ਚਿੜੀਆਂ ਤੇ ਹੋਰ ਪੰਛੀ ਕੁਦਰਤ ਦੀਆਂ ਮੌਜਾਂ ਲੁੱਟ ਸਕਣ ਅਤੇ ਆਪਣੇ ਘਰਾਂ ਵਿੱਚ ਲੱਕੜੀ ਦੇ ਆਲ੍ਹਣੇ ਲਾ ਕੇ ਵੀ ਅਸੀਂ ਪੰਛੀਆਂ ਨੂੰ ਆਪਣੇ ਨਾਲ ਰੱਖ ਸਕਦੇ ਹਾਂ।

ਇਨ੍ਹਾਂ ਉਪਰਾਲਿਆਂ ਲਈ ਸਾਨੂੰ ਸਭ ਤੋਂ ਪਹਿਲਾਂ ਇਨ੍ਹਾਂ ਪਿਆਰੇ ਪੰਛੀਆਂ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਇਨ੍ਹਾਂ ਲਈ ਹਮੇਸ਼ਾ ਸੁਖਾਵਾਂ ਮਹੌਲ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪੰਛੀਆਂ ਨੂੰ ਕੈਦ ਕਰਕੇ ਰੱਖਣ ਜਾਂ ਕਿਸੇ ਪ੍ਰਕਾਰ ਦੇ ਸ਼ੌਂਕ ਦੀ ਪੂਰਤੀ ਲਈ ਤਸ਼ੱਦਦ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਅਜਿਹਾ ਕਾਨੂੰਨੀ ਅਪਰਾਧ ਵੀ ਹੈ ਪਰ ਫਿਰ ਵੀ ਅਜਿਹਾ ਵਤੀਰਾ ਪੰਛੀਆਂ ਨਾਲ ਹੋ ਰਿਹਾ ਹੈ। ਪੰਛੀਆਂ ਦੀ ਸੇਵਾ-ਸੰਭਾਲ ਲਈ ਪੰਛੀ ਪ੍ਰੇਮੀ ਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਪਾਣੀ ਧਰਨ ਤੇ ਪੰਛੀਆਂ ਲਈ ਰੈਣ-ਬਸੇਰੇ ਲਾਉਣ ਜਿਹੇ ਪ੍ਰਸੰਸਾਯੋਗ ਕਾਰਜ ਵੀ ਕਰ ਰਹੀਆਂ ਹਨ ਪਰ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਤੇ ਸਾਰਿਆਂ ਨੂੰ ਇਸ ਕਾਰਜ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਆਓ! ਇਸ ਗਰਮੀ ਤੋਂ ਹੀ ਰਲ ਮਾਰੀਏ ਹੰਭਲਾ ਅਤੇ ਨੀਲੇ ਅੰਬਰਾਂ ਵਿੱਚ ਮਸਤ ਉਡਾਰੀਆਂ ਲਾਉਂਦੇ ਇਨ੍ਹਾਂ ਪੰਛੀਆਂ ਨੂੰ ਸਿਰਫ ਦਾਣੇ-ਪਾਣੀ ਦੀ ਘਾਟ ਕਾਰਨ ਹੀ ਅਜਾਈਂ ਨਾ ਜਾਣ ਦੇਈਏ ਤੇ ਇਨ੍ਹਾਂ ਨਾਲ ਮਿੱਤਰਤਾ ਵਧਾਈਏ!

ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ
ਸੰਚਾਲਕ ‘ਪੰਛੀ ਪਿਆਰੇ ਮੁਹਿੰਮ’
ਮੋ. 94644-42300

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ