ਸ਼ਰਧਾ ਜਿਹੇ ਇੱਕ ਹੋਰ ਕਾਂਡ ਨਾਲ ਰੂਹ ਕੰਬ ਉੱਠੀ

Shraddha

ਕੌਮੀ ਰਾਜਧਾਨੀ ਦਿੱਲੀ ਵਿੱਚ ਫਿਰ ਇੱਕ ਹੋਰ ਸ਼ਰਧਾ ਕਤਲਕਾਂਡ (Shraddha) ਵਰਗਾ ਦਰਦਨਾਕ, ਗੈਰਮਨੁੱਖ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਦੀ ਉਸ ਦੇ ਦੋਸਤ ਵੱਲੋਂ ਕਤਲ ਕਰ ਕੇ ਉਸ ਦੀ ਮਿ੍ਰਤਕ ਦੇਹ ਢਾਬੇ ਦੇ ਫਰਿੱਜ ਵਿੱਚ ਛੁਪਾਉਣ ਦੇ ਮਾਮਲੇ ਨੇ ਲੂੰ-ਕੰਡੇ ਖੜ੍ਹੇ ਕਰ ਦਿੱਤੇ, ਰੂਹ ਨੂੰ ਕੰਬਾ ਦਿੱਤਾ। ਸਮਾਜ ਵਿੱਚ ਵਧ ਰਹੀ ਹਿੰਸਕ ਪ੍ਰਵਿਰਤੀ, ਬੇਰਿਹਮੀ ਤੇ ਸੰਵੇਦਨਹੀਣਤਾ ਨਾਲ ਸਿਰਫ ਔਰਤਾਂ ਹੀ?ਨਹੀਂ ਸਗੋਂ ਹਰ ਇਨਸਾਨ ਵੀ ਖੰੌਫ਼ ਵਿੱਚ ਹੈ। ਮਨੁੱਖੀ ਸਬੰਧਾਂ ਵਿੱਚ ਜਿਸ ਤਰ੍ਹਾਂ ਨਾਲ ਔਰਤਾਂ ਦੇ ਕਤਲ ਹੋ ਰਹੇ ਹਨ, ਉਸ ਨੂੰ ਲੈ ਕੇ ਬਹੁਤ ਸਾਰੇ ਸੁਆਲ ਖੜੇ੍ਹ ਹੋਏ ਹਨ।

ਤ੍ਰਾਸਦੀ ਇਹ ਹੈ ਕਿ ਸਮਾਜ ਦਾ ਦਾਇਰਾ ਜਿਵਂੇ-ਜਿਵੇਂ ਆਧੁਨਿਕ ਹੁੰਦਾ ਜਾ ਰਿਹਾ ਹੈ, ਪੁਰਾਣੇ ਵਿਚਾਰਾਂ ਨੂੰ ਛੱਡ ਕੇ ਨੌਜਵਾਨ ਵਰਗ ਨਵੀਂ ਤੇ ਸਾਫ਼-ਸੁਥਰੀ ਦੁਨੀਆਂ ਵਿੱਚ ਅਲੱਗ-ਅਲੱਗ ਤਰੀਕੇ ਨਾਲ ਜਿਓਂ ਰਿਹਾ ਹੈ, ਸਬੰਧਾਂ ਦੇ ਨਵੇਂ ਆਯਾਮ ਖੁੁੱਲ੍ਹ ਰਹੇ ਹਨ, ਉਸ ਵਿੱਚ ਕਈ ਵਾਰ ਕੁਝ ਨੌਜਵਾਨ ਆਪਣੇ ਲਈ ਬੇਲਗਾਮ ਜੀਵਨ ਸਹੂਲਤਾਂ ਨੂੰ ਆਪਣਾ ਹੱਕ ਸਮਝ ਕੇ ਇੱਕ ਹਿੰਸਕ ਤੇ ਗੈਰਮਨੁੱਖੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਦੋਂਕਿ ਸਮਾਜ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ’ਤੇ ਸਵਾਲ ਉਠਾਉਂਦਾ ਰਿਹਾ ਹੈ ਪਰ ਜੋ ਕੁਝ ਸਮਾਜ ਵਿੱਚ ਹੋ ਰਿਹੈ ਹੈ , ਉਹ ਦਰਿੰਦਗੀ ਦੀ ਹੱਦ ਹੈ।

ਵਿਆਹੁਤਾ ਜੀਵਨ ਹੋਵੇ ਜਾਂ ਲਿਵ-ਇਨ ਰਿਲੇਸ਼ਨਸ਼ਿਪ, ਹਿੰਸਾਤਮਕ ਰਵੱਈਆ ਤੇ ਅੰਤ ਨੂੰ ਬਿਮਾਰ ਮਾਨਸਿਕਤਾ ਨਾਲ ਜ਼ਿਆਦਾ ਨਹੀਂ ਸਮਝਾਇਆ ਜਾ ਸਕਦਾ। ਸ਼ਰਧਾ ਕਤਲਕਾਂਡ ਜਿਹੇ ਕਈ ਕਾਂਡ ਸਾਹਮਣੇ ਆ ਚੁੱਕੇ ਹਨ। ਇੱਕ ਤੋਂ ਬਾਅਦ ਇੱਕ ਟੁਕੜੇ-ਟੁਕੜੇ ਮਿ੍ਰਤਕ ਦੇਹਾਂ ਮਿਲ ਰਹੀਆਂ ਹਨ। ਸਮਾਜ ਵਾਰ-ਵਾਰ ਕੁਰਲਾ ਉੱਠਦਾ ਹੈ, ਜ਼ਖਮੀ ਹੰੁਦਾ ਹੈ। ਇਸ ਕੁਰਲਾਹਟ ਨੂੰ ਕੁਝ ਦਿਨ ਬੀਤੇ ਹੁੰਦੇ ਹਨ ਕਿ ਨਵਾਂ ਨਿੱਕੀ ਕਤਲਕਾਂਡ ਸਾਹਮਣੇ ਆ ਜਾਂਦਾ ਹੈ। ਇਹ ਪ੍ਰਦੂਸ਼ਿਤ ਤੇ ਸਮਾਜ ਵਿਰੋਧੀ ਹਵਾਵਾਂ ਨੂੰ ਕਿਵੇਂ ਰੋਕਿਆ ਜਾਵੇ, ਇਹ ਸਵਾਲ ਸਭ ਦੇ ਸਾਹਮਣੇ ਹੈ। ਸਮਾਜ ਨੂੰ ਉਸ ਦੀ ਸੰਵੇਦਨਸ਼ੀਲਤਾ ਦਾ ਅਹਿਸਾਸ ਕਿਵੇਂ ਕਰਵਾਇਆ ਜਾਵੇ। ਸਮਾਜ ਵਿੱਚ ਉੱਚ ਕਦਰਾਂ ਕੀਮਤਾਂ ਨੂੰ ਕਿਵੇਂ ਕਾਇਮ ਕੀਤਾ ਜਾਵੇ, ਇਹ ਚਿੰਤਾ ਦਾ ਵਿਸ਼ਾ ਹੈ।

ਪੇਸ਼ੇਵਰ ਅਪਰਾਧੀ ਦੀ ਹਰਕਤ

ਇਸ ਤਰ੍ਹਾਂ ਦੇ ਰਵੱਈਏ ਨੂੰ ਕੀ ਸੋਚ-ਸਮਝ ਕੇ ਕੀਤੀ ਗਈ ਕਿਸੇ ਪੇਸ਼ੇਵਰ ਅਪਰਾਧੀ ਦੀ ਹਰਕਤ ਨਹੀਂ ਆਖਿਆ ਜਾਵੇਗਾ? ਤ੍ਰਾਸਦੀ ਤਾਂ ਇਹ ਹੈ ਕਿ ਜਿਉੇਂ-ਜਿਉਂ ਸਮਾਜ ਦਾ ਦਾਇਰਾ ਉਦਾਰ ਹੁੰਦਾ ਜਾ ਰਿਹਾ ਹੈ, ਪੁਰਾਣੇ ਪ੍ਰਬੰਧਾਂ-ਵਿਚਾਰਾਂ ਨੂੰ ਤੋੜ ਕੇ ਨੌਜਵਾਨ ਵਰਗ ਨਵੀਂ ਦੁਨੀਆਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਦਖਲ ਦੇ ਰਹੇ ਹਨ, ਰਿਸ਼ਤਿਆਂ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ, ਅਜਿਹੇ ਹਾਲਾਤਾਂ ਵਿੱਚ ਕਈ ਵਾਰ ਕੁਝ ਨੌਜਵਾਨ ਆਪਣੇ ਆਪ ਨੂੰ ਅਜ਼ਾਦ ਸਮਝਦੇ ਹਨ। ਜੀਵਨ ਦੀਆਂ ਸਹੂਲਤਾਂ ਨੂੰ ਉਹ ਆਪਣਾ ਹੱਕ ਸਮਝ ਲੈਂਦੇ ਹਨ। ਜਦੋਂਕਿ ਪਰਿਵਾਰ ਅਤੇ ਸਮਾਜ ਦੀਆਂ ਇੰਨੀਆਂ ਰੁਕਾਵਟਾਂ ਨੂੰ ਤੋੜਦਿਆਂ ਕਿਸੇ ਨੇ ਉਸ ’ਤੇ ਭਰੋਸਾ ਕੀਤਾ ਹੰੁਦਾ ਹੈ।

ਯਕੀਨੀ ਤੌਰ ’ਤੇ ਅਜਿਹੀਆਂ ਘਟਨਾਵਾਂ ਕਾਨੂੰਨ ਦੀ ਕਸੌਟੀ ’ਤੇ ਆਮ ਅਪਰਾਧਿਕ ਘਟਨਾਵਾਂ ਹੀ ਹਨ, ਪਰ ਪਤਾ ਚੱਲਦਾ ਹੈ ਕਿ ਅਜ਼ਾਦ ਰਿਸ਼ਤਿਆਂ ’ਤੇ ਭਰੋਸਾ ਕਰਨਾ ਹੁਣ ਜ਼ੋਖਿਮ ਭਰਿਆ ਵੀ ਹੁੰਦਾ ਜਾ ਰਿਹਾ ਹੈ! ਆਖਿਰ ਕਦੋਂ ਤੱਕ ਔਰਤਾਂ ਅਤੇ ਧੀਆਂ ਪ੍ਰਤੀ ਇਹ ਸੰਵੇਦਨਹੀਣਤਾ ਚੱਲਦੀ ਰਹੇਗੀ? ਜਿਉਂ-ਜਿਉਂ ਦੇਸ਼ ਆਧੁਨਿਕਤਾ ਵੱਲ ਵਧ ਰਿਹਾ ਹੈ, ਇੱਕ ਨਵਾਂ ਭਾਰਤ – ਇੱਕ ਮਜ਼ਬੂਤ ਭਾਰਤ – ਇੱਕ ਪੜ੍ਹਿਆ-ਲਿਖਿਆ ਭਾਰਤ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉੱਥੇ ਰਹਿਣ-ਸਹਿਣ ਦੇ ਢੰਗ ਵਿੱਚ ਕਥਿਤ ਅਜ਼ਾਦੀ ਆ ਰਹੀ ਹੈ, ਉਸੇ ਤਰ੍ਹਾਂ ਔਰਤਾਂ ਵਿਰੁੱਧ ਹਿੰਸਾ ਦੇ ਨਵੇਂ ਤਰੀਕੇ ਅਤੇ ਅੰਕੜੇ ਵਧ ਰਹੇ ਹਨ। ਨਜਾਇਜ਼ ਵਪਾਰ, ਬਦਲਾ ਲੈਣ ਦੀ ਨੀਅਤ ਨਾਲ ਤੇਜ਼ਾਬ ਹਮਲੇ, ਸਾਈਬਰ ਅਪਰਾਧ, ਸਾਥੀ ਵੱਲੋਂ ਮਹਿਲਾ ਸਾਥੀ ਦਾ ਬੇਰਹਿਮੀ ਨਾਲ ਕਤਲ ਅਤੇ ਲਿਵ-ਇਨ ਰਿਲੇਸਨਸ਼ਿਪ ਦੇ ਨਾਂਅ ਤੇ ਜਿਨਸੀ ਸੋਸ਼ਣ ਹਿੰਸਾ ਦੇ ਰੂਪ ਹਨ।

ਲੜਕੀਆਂ ਦੀ ਜ਼ਿੰਦਗੀ ਨਾਲ ਖੇਡਣ ਦੀ ਗੰਦੀ ਆਦਤ

ਕੌਣ ਮੰਨੇਗਾ ਕਿ ਇਹ ਉਹੀ ਦਿੱਲੀ ਹੈ, ਜੋ ਕਰੀਬ 10 ਸਾਲ ਪਹਿਲਾਂ ਨਿਰਭਇਆ ਕਾਂਡ ਨਾਲ ਹੋਈ ਬੇਰਹਿਮੀ ’ਤੇ ਇੰਨੇ ਵੱਡੇ ਅੰਦੋਲਨ ਲਈ ਖੜ੍ਹੀ ਹੋਈ ਸੀ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਸੜਕਾਂ ’ਤੇ ਉਤਰ ਆਈ ਸੀ। ਹੁਣ ਏਨੀ ਚੁੱਪ ਕਿਉਂ? ਸਪੱਸ਼ਟ ਹੈ ਕਿ ਸਮਾਜ ਦੀ ਵਿਗੜੀ ਹੋਈ ਸੋਚ ਨੂੰ ਬਦਲਣਾ ਜ਼ਿਆਦਾ ਜ਼ਰੂਰੀ ਹੈ। ਲੜਕੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਉਨ੍ਹਾਂ ਨੂੰ ਬਿਮਾਰ ਮਾਨਸਿਕਤਾ ਨਾਲ ਲਿਵ-ਇਨ ਰਿਲੇਸਨਸ਼ਿਪ ਵਿੱਚ ਪਾਉਣ, ਉਨ੍ਹਾਂ ਨਾਲ ਜ਼ਬਰ-ਜਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਪੁਲਿਸ ਪ੍ਰਬੰਧਾਂ ਨੂੰ ਹੋਰ ਸਖਤ ਕਰਨ ਦੀ ਮੰਗ ਨਾਲ ਸਮਾਜ ਦੇ ਮਨ-ਮਿਜ਼ਾਜ ਨੂੰ ਦਰੁਸਤ ਕਰਨ ਦਾ ਔਖਾ ਕੰਮ ਵੀ ਆਪਣੇ ਹੱਥਾਂ ਵਿੱਚ ਲੈਣਾ ਪਵੇਗਾ।

ਇਹ ਘਟਨਾ ਪੜ੍ਹੇ-ਲਿਖੇ ਸਮਾਜ ਲਈ ਕਲੰਕ ਹੈ। ਨਿੱਕੀ ਯਾਦਵ ਦੇ ਬੇਰਹਿਮੀ ਨਾਲ ਕਤਲ ਦੀ ਘਟਨਾ ਨੇ ਇੱਕ ਵਾਰ ਫਿਰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਅਪਰਾਧ ਕਿਸ ਰੂਪ ਵਿੱਚ ਸਾਡੇ ਆਲੇ-ਦੁਆਲੇ ਪਲ ਰਿਹਾ ਹੈ! ਉਂਜ ਇਸ ਘਟਨਾ ਨੂੰ ਵੀ ਇੱਕ ਅਪਰਾਧਿਕ ਘਟਨਾ ਦੇ ਤੌਰ ’ਤੇ ਦਰਜ ਕੀਤਾ ਜਾਵੇਗਾ, ਪਰ ਇਸ ਵਿੱਚ ਪ੍ਰੇਮ ਤੇ ਸੰਵੇਦਨਾ, ਭਰੋਸੇ ਅਤੇ ਰਿਸ਼ਤਿਆਂ ਦਾ ਜੋ ਪਹਿਲੂ ਜੁੜਿਆ ਹੋਇਆ ਹੈ, ਉਹ ਇਸ ਆਮ ਅਪਰਾਧਿਕ ਵਾਰਦਾਤ ਤੋਂ ਅਲੱਗ ਰੂਪ ਵੀ ਦਿੰਦਾ ਹੈ।

ਪ੍ਰਸ਼ਨ ਹੈ ਕਿ ਇਹ ਕਿਵੇਂ ਸੰਭਵ ਹੋ ਸਕਿਆ ਹੈ ਕਿ ਕੋਈ ਵਿਅਕਤੀ ਆਪਣੇ ਰੁਤਬੇ ਅਤੇ ਸਹੂਲਤਾਂ ਨੂੰ ਕਾਇਮ ਰੱਖਣ ਲਈ ਉਸੇ ਔਰਤ ਦੇ ਖਿਲਾਫ ਇਸ ਹੱਦ ਤੱਕ ਬੇਰਹਿਮ ਹੋ ਜਾਂਦਾ ਹੈ, ਜਿਸ ਨੇ ਸ਼ਾਇਦ ਸਭ ਕੁਝ ਛੱਡ ਕੇ ਉਸ ’ਤੇ ਭਰੋਸਾ ਕੀਤਾ ਹੁੰਦਾ ਹੈ! ਸੁਆਲ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੇ ਵਿੱਚ ਜੇਕਰ ਅਪਰਾਧਿਕ ਮਾਨਸਿਕਤਾ ਨਹੀਂ ਪਲ ਰਹੀ ਹੁੰਦੀ ਹੈ ਤਾਂ ਉਹ ਰਿਸ਼ਤਿਆਂ ਨੂੰ ਲੈ ਕੇ ਸਪੱਸ਼ਟਤਾ ਕਿਉਂ ਨਹੀਂ ਵਰਤਦੇ ਹਨ ਕਿ ਵਿਆਹ ਦੀ ਸਥਿਤੀ ਵਿੱਚ ਕਤਲ ਤੱਕ ਕਰਨ ਵਿੱਚ ਉਨ੍ਹਾਂ ਨੂੰ ਕੋਈ ਝਿਜਕ ਕਿਉਂ ਨਹੀਂ ਹੁੰਦੀ!

ਸੱਭਿਆਚਾਰ ਦੀਆਂ ਪਰਤਾਂ ’ਚੋਂ ਬਜ਼ੁਰਗ ਨਹੀਂ ਨਿੱਕਲ ਸਕੇ ਬਾਹਰ

ਲਿਵ-ਇਨ ਰਿਲੇਸ਼ਨਸ਼ਿਪ ਨੂੰ ਕਾਨੂੰਨ ਵੀ ਨਾ ਤਾਂ ਅਪਰਾਧ ਮੰਨਦਾ ਹੈ ਤੇ ਨਾ ਹੀ ਅਨੈਤਿਕ। ਅੱਜ ਦੇ ਦੌਰ ਵਿੱਚ ਪਰਿਵਾਰਿਕ ਮੁੱਲ ਖਤਮ ਹੋ ਚੁੱਕੇ ਹਨ। ਭਾਵਨਾਤਮਕ ਲਗਾਅ ਘੱਟ ਹੈ, ਪਰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਘਟੀਆ ਮਾਨਸਿਕਤਾ ਹੈ। ਕਈ ਲੋਕ ਲਿਵ ਇਨ ਰਿਲੇਸ਼ਨ ਦੀ ਸੰਸਕ੍ਰਿਤੀ ਨੂੰ ਸਮਾਜਿਕ ਆਰਥਿਕ ਬਦਲਾਅ ਦੀ ਇੱਕ ਵੱਡੀ ਪ੍ਰਕਿਰਿਆ ਦੇ ਜ਼ਰੂਰੀ ਹਿੱਸੇ ਦੇ ਤੌਰ ’ਤੇ ਦੇਖਦੇ ਹਨ। ਪਰ ਸਥਾਨਕ ਮਾਨਤਾਵਾਂ ਤੇ ਸਭਿਆਚਾਰ ਦੀਆਂ ਕਈ ਪਰਤਾਂ ਹਨ, ਜਿਨ੍ਹਾਂ ਨਾਲ ਸਮਾਜ ਤੇ ਪਰਿਵਾਰ ਦੇ ਬਜ਼ੁਰਗ ਹੁਣ ਤੱਕ ਬਾਹਰ ਨਹੀਂ ਨਿੱਕਲ ਸਕੇ ਹਨ। ਅਜਿਹੇ ਹਾਲਾਤਾਂ ਵਿੱਚ ਲੜਕੀਆਂ ਨੂੰ ਇਹ ਅਜ਼ਾਦੀ ਜੋਖਿਮਾਂ ਦੇ ਨਾਲ ਮਿਲ ਰਹੀ ਹੈ।

ਸ਼ਰਧਾ ਅਤੇ ਉਨ੍ਹਾਂ ਜਿਹੀਆਂ ਲੜਕੀਆਂ ਨੂੰ ਇਸ ਦੀ ਕੀਮਤ ਇਸ ਲਈ ਵੀ ਚੁਕਾਉਣੀ ਪਈ ਹੈ, ਕਿਉਂਕਿ ਆਪਣੀ ਮਰਜ਼ੀ ਨਾਲ ਵਿਆਹ ਦਾ ਫੈਸਲਾ ਲੈਣ ਦੇ ਲਈ ਉਨ੍ਹਾਂ ਨੂੰ ਬਹੁਤ ਕੁਝ ਦਾਅ ’ਤੇ ਲਾਉਣਾ ਪਿਆ ਹੈ, ਪਰਿਵਾਰ ਛੱਡਣਾ ਪਿਆ ਹੈ, ਸਾਰੇ ਰਿਸ਼ਤੇ ਨਾਤਿਆਂ ਤੋਂ ਦੂਰੀਆਂ ਬਣਾਉਣੀਆਂ ਪੈਂਦੀਆਂ ਹਨ। ਸਮਾਜਿਕ ਬਾਈਕਾਟ ਤੇ ਵੱਖ-ਵਾਦ ਦਾ ਡੰਗ ਝੱਲਣਾ ਪੈਂਦਾ ਹੈ ਪਰ ਆਧੁਨਿਕ ਸਮਾਜ ਵਿੱਚ ਇਹ ਰੁਝਾਨ ਤਾਂ ਆਮ ਹੁੰਦਾ ਜਾ ਰਿਹਾ ਹੈ, ਤਾਂ ਕੀ ਅਜਿਹੀਆਂ ਘਟਨਾਵਾਂ ਨੂੰ ਵੀ ਲਗਾਤਾਰ ਵਾਪਰਨ ਦਿੱਤਾ ਜਾਵੇਗਾ?

ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ
ਸੀਨੀਅਰ ਲੇਖਕ ਤੇ ਸੁਤੰਤਰ ਟਿੱਪਣੀਕਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here