ਇੱਕ ਸਾਲ ਬਾਅਦ ਮ੍ਰਿਤਕ ਨੇ ਗੌਰਵ ਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹ ਭਿਜਵਾ ਦਿੱਤਾ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਦਿਨ-ਦਿਹਾੜੇ ਆੜ੍ਹਤੀ ਘਾਰਜੀਤ ਸਿੰਘ ਨੂੰ ਛਾਤੀ ‘ਚ ਗੋਲੀ ਮਾਰ ਕੇ ਕਥਿਤ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਆੜ੍ਹਤੀਏ ਦੇ ਬੇਟੇ ਦਾ ਦੋਸਤ ਹੀ ਆੜ੍ਹਤੀਏ ਦਾ ਕਾਤਲ ਨਿਕਲਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਥਿਤ ਕਾਤਲ ਦਾ ਗ੍ਰਿਫਤਾਰੀ ਤੋਂ ਬਾਅਦ ਸਾਰਾ ਭੇਤ ਖੁੱਲ੍ਹ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੌਰਵ ਨੇ ਦੱਸਿਆ ਕਿ ਮ੍ਰਿਤਕ ਦਾ ਬੇਟਾ ਤੇ ਕਥਿਤ ਦੋਸ਼ੀ ਆਪਸ ‘ਚ ਦੋਸਤ ਸਨ ਤੇ ਇਨ੍ਹਾਂ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਸਬੰਧੀ ਪਹਿਲਾਂ ਥਾਣਾ ਫਿਲੌਰ ‘ਚ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਪਰ ਬਾਅਦ ‘ਚ ਪੈਸੇ ਦੇ ਜ਼ੋਰ ‘ਤੇ ਉਸ ਖਿਲਾਫ ਲੁੱਟ-ਖੋਹ ਦੀ ਧਾਰਾ ਜੋੜ ਦਿੱਤੀ ਗਈ।
ਇੱਕ ਸਾਲ ਬਾਅਦ ਮ੍ਰਿਤਕ ਨੇ ਗੌਰਵ ਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹ ਭਿਜਵਾ ਦਿੱਤਾ ਇਸ ਤੋਂ ਬਾਅਦ ਜ਼ਮਾਨਤ ‘ਤੇ ਬਾਹਰ ਆਇਆ। ਗੌਰਵ ਉਸ ਨਾਲ ਖਾਰ ਖਾਣ ਲੱਗ ਪਿਆ ਤੇ ਇਸੇ ਰੰਜਿਸ਼ ਦੌਰਾਨ ਗੌਰਵ ਨੇ ਬੀਤੇ ਦਿਨ ਆੜ੍ਹਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੌਰਵ ਟਰੇਨ ਫੜ੍ਹ ਕੇ ਕਿਸੇ ਧਾਰਮਿਕ ਜਗ੍ਹਾ ‘ਤੇ ਮੱਥਾ ਟੇਕਣ ਚਲਾ ਗਿਆ ਪਰ ਵਾਪਸ ਪਰਤਦਿਆਂ ਏਸੀਪੀ ਨਾਰਥ ਲਖਬੀਰ ਸਿੰਘ ਟਵਾਣਾ ਦੀ ਟੀਮ ਨੇ ਉਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ‘ਚ ਅੱਜ ਪੁਲਿਸ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਾਵੇਗਾ।