ਜੰਨਤ ਦਾ ਪਰਛਾਵਾਂ ‘ਮਾਂ’
ਇੱਕ ਔਰਤ ਦੇ ਅਨੇਕਾਂ ਹੀ ਰੂਪ ਹਨ। ਉਹ ਵੱਖਰੀਆਂ-ਵੱਖਰੀਆਂ ਥਾਵਾਂ ’ਤੇ ਵੱਖਰੇ-ਵੱਖਰੇ ਕਿਰਦਾਰ ਨਿਭਾਉਦੀ ਕਰਦੀ ਹੈ। ਰਿਸ਼ਤੇ ਬਣਾਉਂਦੀ ਹੈ, ਨਿਭਾਉਂਦੀ ਹੈ ਅਤੇ ਹੰਢਾਉਂਦੀ ਹੈ। ਕਿਤੇ ਬੇਟੀ ਦਾ, ਕਿਤੇ ਭੈਣ ਦਾ, ਕਿਤੇ ਪਤਨੀ ਦਾ, ਕਿਤੇ ਮਾਂ ਦਾ। ਇਹ ਸਾਰੇ ਰਿਸ਼ਤੇ ਉਸਦੀ ਜ਼ਿੰਦਗੀ ਦਾ ਸਰਮਾਇਆ ਹਨ। ਔਰਤ ਇਹਨਾਂ ਰਿਸ਼ਤਿਆਂ ਨੂੰ ਨਿਭਾਉਂਦੀ ਕਦੇ ਅੱਕਦੀ ਜਾਂ ਥੱਕਦੀ ਨਹੀਂ ਸਗੋਂ ਉਹ ਇਹਨਾਂ ਰਿਸ਼ਤਿਆਂ ਵਿੱਚੋਂ ਆਨੰਦ ਪ੍ਰਾਪਤ ਕਰਦੀ ਹੈ।
ਸਭ ਤੋਂ ਵੱਧ ਕੋਮਲ ਤੇ ਅਜ਼ੀਜ਼ ਰਿਸ਼ਤਾ ‘ਮਾਂ’ ਦਾ ਹੈ। ‘ਮਾਂ’ ਸ਼ਬਦ ਹੀ ਰੂਹ ਦੇ ਸਕੂਨ ਲਈ ਕਾਫ਼ੀ ਹੈ। ਬੱਚੇ ਲਈ ਜਿੰਨੀ ਘਾਲਣਾ ਇੱਕ ਮਾਂ ਘਾਲਦੀ ਹੈ, ਹੋਰ ਕੋਈ ਨਹੀਂ ਘਾਲ ਸਕਦਾ। ਪਹਿਲਾਂ ਤਾਂ ਮਾਂ ਔਲਾਦ ਦੀ ਪ੍ਰਾਪਤੀ ਲਈ ਸੁੱਖਾਂ ਸੁੱਖਦੀ ਹੈ, ਫਿਰ ਉਸਨੂੰ ਕੁੱਖ ਵਿੱਚ ਆਪਣੇ ਲਹੂ ਨਾਲ ਸਿੰਜਦੀ ਹੈ, ਪਾਲਣ-ਪੋਸ਼ਣ ਕਰਦੀ ਹੈ ਅਤੇ ਇੱਕ ਮਾਸ ਦੇ ਲੋਥੜੇ ਨੂੰ ਇਨਸਾਨ ਬਣਾਉਂਦੀ ਹੈ।
ਮਾਂ ਸੁੱਖਾਂ ਦੀ ਛਾਂ ਹੈ। ਔਲਾਦ ਦੀ ਤਕਲੀਫ਼ ਨੂੰ ਮਾਂ ਉਸਦੀਆਂ ਅੱਖਾਂ ਵਿੱਚੋਂ ਪੜ੍ਹ ਲੈਂਦੀ ਹੈ ਅਤੇ ਉਸ ਤਕਲੀਫ਼ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਦੀ ਹੈ। ਮਾਂ ਆਪ ਲੱਖਾਂ ਹੀ ਤਕਲੀਫ਼ਾਂ, ਤਸੀਹੇ ਝੱਲ ਸਕਦੀ ਹੈ ਪਰ ਉਹ ਆਪਣੀ ਔਲਾਦ ਦੀਆਂ ਅੱਖਾਂ ਵਿੱਚ ਹਮੇਸ਼ਾ ਖੁਸ਼ੀ ਦੀ ਚਮਕ ਵੇਖਣਾ ਚਾਹੁੰਦੀ ਹੈ। ਮਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਦੀ ਔਲਾਦ ਮੁੰਡਾ ਹੈ ਜਾਂ ਕੁੜੀ। ਉਹ ਤਾਂ ਬੱਸ ਆਪਣੇ ਬੱਚਿਆਂ ਉੱਪਰ ਮਮਤਾ ਲੁਟਾਉਣਾ ਜਾਣਦੀ ਹੈ।
ਮਾਂ ਹੀ ਬੱਚੇ ਦਾ ਪਹਿਲਾ ਅਧਿਆਪਕ ਬਣਦੀ ਹੈ। ਉਹ ਆਪਣੇ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ। ਉਹਨਾਂ ਨੂੰ ਹਰ ਮੁਸ਼ਕਲ ਅੱਗੇ ਚੱਟਾਨ ਵਾਂਗੂੰ ਖੜ੍ਹਨਾ ਤੇ ਮੁਸ਼ਕਲ ਨੂੰ ਚੂਰ-ਚੂਰ ਕਰਨਾ ਸਿਖਾਉਂਦੀ ਹੈ। ਹਾਲਾਤਾਂ ਨਾਲ ਲੜਨਾ ਸਿਖਾਉਂਦੀ ਹੈ ਨਾ ਕਿ ਹਾਲਾਤਾਂ ਅੱਗੇ ਝੁਕਣਾ। ਮਾਂ ਦੇ ਹਰ ਲਾਡ ਵਿੱਚ ਜੰਨਤ ਦਾ ਸੁਖ ਹੁੰਦਾ ਹੈ। ਮਾਂ ਦੇ ਹੱਸਣ ਨਾਲ ਕਣ-ਕਣ ਹੱਸਦਾ ਹੈ ਤੇ ਉਸਦੇ ਉਦਾਸ ਹੋਣ ’ਤੇ ਕੁਦਰਤ ਵੀ ਉਦਾਸ ਜਾਪਦੀ ਹੈ। ਮਾਂ ਦੀ ਸ਼ੀਤਲਤਾ ਅੱਗੇ ਚੰਨ ਵੀ ਗੋਡੇ ਟੇਕ ਦਿੰਦਾ ਹੈ। ਆਪਣੀ ਔਲਾਦ ਨੂੰ ਖੁਸ਼ ਵੇਖ ਕੇ ਉਸਦੀਆਂ ਚਮਕਦੀਆਂ ਅੱਖਾਂ ਅੱਗੇ ਸੂਰਜ ਵੀ ਸਿਰ ਝੁਕਾ ਕੇ ਮੱਥਾ ਟੇਕਦਾ ਹੈ। ਜਦੋਂ ਮਾਂ ਰਾਤ ਨੂੰ ਬੱਚੇ ਨੂੰ ਲੋਰੀ ਸੁਣਾ ਰਹੀ ਹੁੰਦੀ ਹੈ ਤਾਂ ਤਾਰੇ ਵੀ ਉਸਦੀ ਮਧੁਰ ਆਵਾਜ਼ ਵਿੱਚ ਮੰਤਰ-ਮੁਗਧ ਹੋ ਕੇ ਉਸਦੀ ਗੋਦ ਵਿੱਚ ਸੌਂ ਜਾਂਦੇ ਹਨ।
ਰੱਬ ਨੂੰ ਤਾਂ ਕਦੇ ਕਿਸੇ ਨੇ ਅੱਖੀਂ ਵੇਖਿਆ ਨਹੀਂ ਪਰ ਮਾਂ ਦੀ ਰੂਹ ਵਿੱਚ ਅਨੇਕਾਂ ਹੀ ਰੱਬ ਨਿਵਾਸ ਕਰਦੇ ਹਨ। ਇਹ ਰੂਹ ਆਪਣੇ ਬੱਚੇ ਲਈ ਜਿੰਦ ਕੁਰਬਾਨ ਕਰਨ ਤੱਕ ਤਿਆਰ ਰਹਿੰਦੀ ਹੈ। ਇਹ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੇ ਧਨੀ ਬਣਾ ਦਿੰਦੀ ਹੈ। ਛੋਟੀਆਂ-ਛੋਟੀਆਂ ਕਹਾਣੀਆਂ ਸੁਣਾ ਕੇ ਵੱਡੀਆਂ-ਵੱਡੀਆਂ ਮੁਸੀਬਤਾਂ ਨਾਲ ਮੱਥਾ ਲਾਉਣਾ ਸਿਖਾ ਦਿੰਦੀ ਹੈ। ਇੱਕ ਵਾਰ ਨਜ਼ਰ ਉਤਾਰ ਕੇ ਲੱਖਾਂ ਹੀ ਨਜ਼ਰਾਂ ਦਾ ਸਾਹਮਣਾ ਕਰਨ ਦੇ ਕਾਬਲ ਬਣਾ ਦਿੰਦੀ ਹੈ।
ਕੋਈ ਵੀ ਮਾਂ ਇਸ ਤਾਕਤਵਰ ਦੁਨੀਆਂ ਵਿੱਚ ਆਪਣੀ ਔਲਾਦ ਨੂੰ ਕਮਜ਼ੋਰ ਨਹੀਂ ਬਣਨ ਦੇ ਸਕਦੀ। ਮਾਂ, ਔਲਾਦ ਨੂੰ ਉਂਗਲੀ ਫੜ ਕੇ ਔਖੇ ਰਾਹਾਂ ’ਤੇ ਤੁਰਨਾ ਸਿਖਾ ਦਿੰਦੀ ਹੈ, ਜਿੱਥੇ ਫਿਰ ਕਦੇ ਉਸਦਾ ਦਿਲ ਨਹੀਂ ਡੋਲਦਾ। ਪੈਂਤੀ ਅੱਖਰੀ ਪੜ੍ਹਾਉਂਦੇ-ਪੜ੍ਹਾਉਂਦੇ ਮਾਂ ਆਪਣੀ ਔਲਾਦ ਨੂੰ ਲੋਕਾਂ ਦਾ ਚਿਹਰਾ ਪੜ੍ਹਨਾ ਵੀ ਸਿਖਾ ਦਿੰਦੀ ਹੈ। ਉਹ ਬੱਚੇ ਨੂੰ ਹੱਥ ਫੜ ਕੇ ਲਿਖਣਾ ਸਿਖਾਉਂਦੀ-ਸਿਖਾਉਂਦੀ, ਇਤਿਹਾਸ ਦੇ ਪੰਨਿਆਂ ’ਤੇ ਉਸਨੂੰ ਆਪਣਾ ਨਾਂਅ ਲਿਖਣਾ ਸਿਖਾ ਦਿੰਦੀ ਹੈ। ਜਦੋਂ ਇੱਕ ਬੱਚਾ ਆਪਣੀ ਮਾਂ ਦੀਆਂ ਪੈੜਾਂ ’ਤੇ ਤੁਰਦਾ ਹੈ, ਉਸਦੀਆਂ ਬਣਾਈਆਂ ਰਾਹਾਂ ’ਤੇ ਚੱਲਦਾ ਹੈ ਤਾਂ ਉਹ ਕਿਸੇ ਸਵਰਗ ਦਾ ਅਨੁਭਵ ਕਰ ਰਿਹਾ ਹੁੰਦਾ ਹੈ।
ਮਾਂ ਤਾਂ ਮਮਤਾ ਦਾ ਰੂਪ ਹੈ। ਪੰਛੀਆਂ, ਜਾਨਵਰਾਂ ਵਿੱਚ ਮਾਦਾ ਵਿੱਚ ਵੀ ਮਮਤਾ ਭਰਪੂਰ ਹੁੰਦੀ ਹੈ। ਉਹ ਵੀ ਆਪਣੇ ਬੱਚਿਆਂ ਨੂੰ ਲਾਡ ਲਡਾਉਂਦੀਆਂ ਹਨ, ਭੋਜਨ ਦਿੰਦੀਆਂ ਹਨ ਅਤੇ ਉਹਨਾਂ ਨੂੰ ਉੱਡਣ ਦੇ ਕਾਬਲ ਬਣਾਉਂਦੀਆਂ ਹਨ। ਮਾਂ ਤਾਂ ਜੰਨਤ ਦਾ ਪਰਛਾਵਾਂ ਹੈ, ਠੰਢੀ-ਮਿੱਠੀ ਛਾਂ ਹੈ। ਇਸਦੇ ਬਾਰੇ ਜਿੰਨਾ ਲਿਖੋ ਉਨਾ ਹੀ ਘੱਟ ਹੈ। ਮਾਂ ਦੀ ਮਮਤਾ ਨੂੰ ਬਿਆਨ ਕਰਨ ਲਈ ਸ਼ਬਦਾਂ ਨੂੰ ਮੋਤੀਆਂ ਵਾਂਗ ਪਿਰੋਣਾ ਚਾਹਿਆ ਪਰ ਕੋਈ ਵੀ ਸ਼ਬਦ ਮਾਂ ਦੀ ਮਮਤਾ ਦੇ ਬਰਾਬਰ ਦਾ ਨਹੀਂ। ਮਾਂ ਬਾਰੇ ਤਾਂ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਮਾਂ ਇੱਕ ਧੜਕਦਾ ਦਿਲ ਹੈ, ਜੋ ਔਲਾਦ ਦੇ ਸੀਨੇ ਵਿੱਚ ਧੜਕਦਾ ਹੈ ਅਤੇ ਉਸਨੂੰ ਜੀਵਨ ਦਿੰਦਾ ਹੈ। ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ ਪਰ ਮਾਂ ਕਦੇ ਵੀ ਬਦਲਦੀ ਨਹੀਂ, ਉਸਦੀ ਮਮਤਾ ਵਿੱਚ ਕਦੇ ਵੀ ਕਮੀ ਨਹੀਂ ਆਉਂਦੀ।
ਮਾਂ ਦਾ ਸਾਇਆ ਬੱਚੇ ਨੂੰ ਬੁਰਾਈਆਂ ਖਿਲਾਫ਼ ਲੜਨ ਦੀ ਹਿੰਮਤ ਦਿੰਦਾ ਹੈ। ਮਾਂ ਦੀ ਮੌਜ਼ੂਦਗੀ ਬੱਚੇ ਨੂੰ ਕਦੇ ਟੁੱਟਣ ਜਾਂ ਬਿਖਰਨ ਨਹੀਂ ਦਿੰਦੀ। ਮਾਂ ਆਪ ਦੁੱਖਾਂ ਦੀ ਠੰਢ ਸਹਿ ਕੇ ਔਲਾਦ ਨੂੰ ਸੁੱਖਾਂ ਦਾ ਨਿੱਘ ਦਿੰਦੀ ਹੈ। ਮਾਂ ਔਲਾਦ ਦੇ ਹਾਸਿਆਂ ਵਿੱਚ ਹੱਸਦੀ ਅਤੇ ਦੁੱਖਾਂ ਵਿੱਚ ਉਹਨਾਂ ਦਾ ਹੌਂਸਲਾ ਬਣਦੀ ਹੈ। ਕਦੇ-ਕਦੇ ਆਪਣੀ ਔਲਾਦ ਨੂੰ ਗ਼ਲਤ ਰਾਹਵਾਂ ’ਤੇ ਜਾਣ ਤੋਂ ਰੋਕਣ ਲਈ ਸਖ਼ਤ ਵੀ ਹੋ ਜਾਂਦੀ ਹੈ ਪਰ ਉਸਦਾ ਦਿਲ ਮੋਮ ਵਰਗਾ ਹੁੰਦਾ ਹੈ ਜੋ ਔਲਾਦ ਦੇ ਕੋਸੇ ਹੰਝੂਆਂ ਨਾਲ ਹੀ ਪਿਘਲ ਜਾਂਦਾ ਹੈ।
ਸਾਰਿਆਂ ਨੂੰ ਹਮੇਸ਼ਾ ਇਹੀ ਅਰਦਾਸ ਕਰਨੀ ਚਾਹੀਦੀ ਹੈ? ਕਿ ਸਭਨਾਂ ਦੀਆਂ ਮਾਵਾਂ ਸਲਾਮਤ ਰਹਿਣ। ਮਾਵਾਂ ਬਿਨ ਤਾਂ ਕਿਸੇ ਨੇ ਨਜ਼ਰ ਵੀ ਨਹੀਂ ਉਤਾਰਨੀ।
ਅਮਨਦੀਪ ਕੌਰ ‘ਕਲਵਾਨੂੰ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ