‘ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ’ ਦੀ ਕਲਪਨਾ ਸਾਕਾਰ: ਮੁਖ਼ਰਜੀ

Realization, Nation, Market, GST, Pranab Mukhraji

ਕਾਲੇ ਧਨ ‘ਤੇ ਰੋਕ ਲੱਗਣ ਦੀ ਉਮੀਦ

ਨਵੀਂ ਦਿੱਲੀ: ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅੱਜ ਅੱਧੀ ਰਾਤ ਨੂੰ ਅਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੈਕਸ ਸੁਧਾਰ ‘ਵਸਤੂ ਅਤੇ ਸੇਵਾ ਟੈਕਸ’ (ਜੀਐੱਸਟੀ) ਨੂੰ ਲਾਗੂ ਕਰਨ ਦੇ ਐਲਾਨ ਕਰਨ ਦੇ ਨਾਲ ਹੀ ‘ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ’ ਦੀ ਕਲਪਨਾ ਸਾਕਾਰ ਹੋ ਗਈ।

ਸੰਸਦ ਦੇ ਕੇਂਦਰੀ ਹਾਲ ਵਿੱਚ ਹੋਏ ਸਮਾਰੋਹ ਵਿੱਚ ਸ੍ਰੀ ਮੁਖ਼ਰਜੀ ਨੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਜ਼ਰੀ ਵਿੱਚ ਦੇਸ਼ ਵਿੱਚ ਇੱਕ ਜੁਲਾਈ ਤੋਂ ਜੀਐੱਸਟੀ ਲਾਗੂ ਕਰਨ ਦਾ ਐਲਾਨ ਕੀਤਾ।

ਜੀਐੱਸਟੀ ਵਿੱਚ 17 ਤਰ੍ਹਾਂ ਦੇ ਅਪ੍ਰਤੱਖ ਅਤੇ 23 ਉਪ ਟੈਕਸਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਮਾਲ ਦੀ ਆਵਾਜਾਈ ਸੁਖਾਲੀ ਹੋਣ ਦੇ ਨਾਲ ਹੀ ਇੱਕ ਵਸਤੂ ‘ਤੇ ਇੱਕ ਹੀ ਟੈਕਸ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਨਾਲ ਕਾਲਾ ਧਨ ਬਣਾਉਣ ‘ਤੇ ਰੋਕ ਲੱਗਣ ਦੀ ਉਮੀਦ ਹੈ।

ਇਤਿਹਾਸਕ ਜੀਐੱਸਟੀ ਲਾਗੂ, ਪੂਰਾ ਦੇਸ਼ ਬਣਿਆ ਇੱਕ ਬਜ਼ਾਰ

ਰਾਸ਼ਟਰਪਤੀ ਮੁਖਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਕਸ ਸੁਧਾਰ ਜੀਐੱਸਟੀ ਨੂੰ ਬਟਨ ਦਬਾ ਕੇ ਦੇਸ਼ ਵਿੱਚ ਲਾਗੂ ਕਰਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਇਸ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਸਿੰਗਲ ਸਮਾਨ ਰਾਸ਼ਟਰੀ ਬਜ਼ਾਰ ਬਣਾ ਕੇ ਆਰਥਿਕ ਸਮਰੱਥਾ, ਟੈਕਸ ਪਾਲਣ ਅਤੇ ਘਰੇਲੂ ਤੇ ਵਿਦੇਸ਼ੀ ਨਿਵੇਸ਼ ਨੂੰ ਰਫ਼ਤਾਰ ਦੇਣ ਵਿੱਚ ਜੀਐੱਸਟੀ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।