ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਹੋਈ ਅਹਿਮ ਮੀਟਿੰਗ
ਸੂਬਾ ਪ੍ਰਧਾਨ ਨੇ ਕਿਹਾ ਮੰਗਾਂ ਲਾਗੂ ਹੋਣ ਤੱਕ ਜਾਰੀ ਰੱਖਾਂਗੇ ਸੰਘਰਸ਼
ਸੱਚ ਕਹੂੰ ਨਿਊਜ਼, ਗੁਰਦਾਸਪੁਰ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਜੰਗਲਾਤ ਵਿਭਾਗ ਦੇ ਕਾਮਿਆਂ ਨੂੰ ਵਿਭਾਗ ਵੱਲੋਂ ਰੈਗੂਲਰ ਕਰਕੇ ਉਨ੍ਹਾਂ ਦੀਆਂ ਤਮਾਮ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਹੋਈ। ਜਿਸ ਵਿੱਚ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਆਰਕੇ ਮਿਸ਼ਰਾ, ਸੌਰਭ ਗੁਪਤਾ, ਪ੍ਰਵੀਨ ਕੁਮਾਰ, ਵਿਸ਼ਾਲ ਚੌਹਾਨ, ਮਨੀਸ਼ ਕੁਮਾਰ ਅਤੇ ਮੰਤਰੀ ਦੇ ਓਐੈੱਸਡੀ ਚਮਕੌਰ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਮੰਤਰੀ ਵੱਲੋਂ ਜੰਗਲਾਤ ਕਾਮਿਆਂ ਨੂੰ ਉਹਨਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਵਿਭਾਗ ਵਿੱਚ ਤਿੰਨ ਸਾਲ ਦੀ ਸੇਵਾ ਵਾਲੇ ਸਮੁੱਚੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਸੀਨੀਆਰਤਾ ਸੂਚੀ ਇੱਕ ਹਫ਼ਤੇ ਵਿੱਚ ਮੁਕੰਮਲ ਕਰਨ, ਜੰਗਲਾਤ ਦੇ ਸਾਰੇ ਕੰਮ ਵਿਭਾਗ ਰਾਹੀਂ ਹੀ ਕਰਾਏ ਜਾਣ, ਦਰਜਾ ਚਾਰ ਕਾਮਿਆਂ ਨੂੰ ਪ੍ਰਮੋਟ ਕਰਕੇ ਵਣ ਗਾਰਡ ਬਣਾਏ ਜਾਣ ਅਤੇ ਤਨਖ਼ਾਹਾਂ ਹਰ ਮਹੀਨੇ ਦੀ 7 ਤਾਰੀਖ਼ ਤੱਕ ਜਾਰੀ ਕਰਨ ਦਾ ਯਕੀਨ ਵੀ ਦਿਵਾਇਆ ਗਿਆ। ਇਸ ਦੌਰਾਨ ਈਪੀਐਫ਼ ਦੀ ਕਟੌਤੀ ਅਤੇ ਮੈਡੀਕਲ ਸਹੂਲਤਾਂ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ। ਮੀਟਿੰਗ ਉਪਰੰਤ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਅਤੇ ਸੂਬਾ ਜਨਰਲ ਸਕੱਤਰ ਜਸਵੀਰ ਸੀਰਾ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਜਿਸ ਵਿੱਚ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਉਨ੍ਹਾਂ ਦੀਆਂ ਤਮਾਮ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਮੰਗਾਂ ਲਾਗੂ ਹੋਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਪੱਕਾ ਮੋਰਚਾ ਲਗਾਤਾਰ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।
ਇਸ ਮੌਕੇ ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਗੁਰਦਾਸਪੁਰ ਰਣਜੀਤ ਸਿੰਘ ਭਾਗੋਵਾਲ, ਕੁਲਦੀਪ ਸਿੰਘ ਅਲੀਵਾਲ, ਜਸਵੰਤ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਕਵੀ ਕੁਮਾਰ, ਹਰਬੰਸ ਸਿੰਘ ਕਾਦੀਆਂ, ਸੰਤੋਖ ਸਿੰਘ ਕਾਦੀਆਂ, ਸੁਰਿੰਦਰ ਕੁਮਾਰ, ਬਲਵਿੰਦਰ ਸਿੰਘ ਤੁੰਗ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜ਼ਿਲਾ ਗੁਰਦਾਸਪੁਰ ਦੇ ਆਗੂ ਅਨਿਲ ਕੁਮਾਰ ਲਾਹੌਰੀਆ, ਕੁਲਦੀਪ ਸਿੰਘ ਪੂਰੋਵਾਲ ਅਤੇ ਚੇਅਰਮੈਨ ਨੇਕ ਰਾਜ ਵੀ ਹਾਜ਼ਰ ਸਨ।