ਸਾਲ 2020-21 ਲਈ ਸ਼ਰਾਬ ਤੋਂ 6250 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦੀ ਤਜਵੀਜ਼
ਪਿਛਲੇ ਸਾਲ ਵਾਗ 5835 ਸ਼ਰਾਬ ਦੇ ਠੇਕੇ ਇਸ ਵਾਰ ਵੀ ਪੰਜਾਬੀਆਂ ਨੂੰ ਕਰਨਗੇ ਸ਼ਰਾਬੀ
ਨਵੀਂ ਅਬਾਕਾਰੀ ਨੀਤੀ ‘ਚ ਮੁਹਾਲੀ ਵਿਖੇ ਈ-ਕਾਮੱਰਸ ਜਰੀਏ ਵੀ ਸ਼ਰਾਬ ਦੇਣ ਦੀ ਤਜ਼ਵੀਜ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਨੂੰ ਸ਼ਰਾਬ ਦੇ ਕਹਿਰ ਤੋਂ ਮੁਕਤੀ ਮਿਲਦੀ ਨਜ਼ਰ ਨਹੀਂ ਆ ਰਹੀ ਖਾਲੀ ਹੋਏ ਪੰਜਾਬ ਦੇ ਖਜ਼ਾਨੇ (Punjab Government) ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਇਸ ਵਾਰ ਸ਼ਰਾਬ ਤੋਂ ਵੱਧ ਮਾਲੀਆ ਕਮਾਉਣ ਦੇ ਰੋਅ ‘ਚ ਹੈ। ਸਰਕਾਰ ਦਾ ਆਬਕਾਰੀ ਤੇ ਕਰ ਵਿਭਾਗ ਇਸ ਸਾਲ ਸ਼ਰਾਬ ਤਸਕਰੀ ਨਾਲ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਲਈ ਪੂਰੀ ਵਾਅ ਲਾਉਣ ਦੀ ਵਿਉਂਤਵੰਤੀ ਕੀਤੀ ਬੈਠਾ ਹੈ।
ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2020-21 ਲਈ ਤਿਆਰ ਕੀਤੀ ਆਬਕਾਰੀ ਨੀਤੀ ਵਿੱਚ ਸ਼ਰਾਬ ਦੀ ਹੋਮ ਡਲਿਵਰੀ ਦੀ ਵੀ ਮੱਦ ਰੱਖੀ ਗਈ ਹੈ ਅਤੇ ਇਹ ਪਾਇਲਟ ਪ੍ਰੋਜੈਕਟ ਵਜੋਂ ਮੁਹਾਲੀ ‘ਚ ਸ਼ੁਰੂ ਕਰਨ ਦੀ ਤਜਵੀਜ਼ ਹੈ। ਇਸ ਸਾਲ ਵੀ ਪੰਜਾਬ ਅੰਦਰ ਪਹਿਲਾ ਵਾਗ 5835 ਸ਼ਰਾਬ ਦੇ ਠੇਕੇ ਖੋਲਣ ਦੀ ਹੀ ਤਜਵੀਜ਼ ਹੈ।
ਆਬਕਾਰੀ ਅਤੇ ਕਰ ਵਿਭਾਗ ਵੱਲੋਂ ਸਾਲ 2020-21 ਲਈ ਤਿਆਰ ਕੀਤੀ ਆਬਕਾਰੀ ਨੀਤੀ ਤੋਂ ਸਾਹਮਣੇ ਆਇਆ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਸਭ ਤੋਂ ਵੱਧ ਕਮਾਊ ਵਿਭਾਗ ਸ਼ਰਾਬ ਦੀ ਖਪਤ ਤੋਂ ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨ ਲਈ ਮੁੱਠੀਆਂ ਥੁੱਕੀ ਬੈਠਾ ਹੈ। ਵਿਭਾਗ ਵੱਲੋਂ ਸ਼ਰਾਬ ਤੋਂ ਸਾਲ 2020-21 ਲਈ 6250 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਜਦਕਿ ਮੌਜ਼ੂਦਾ ਸਾਲ ‘ਚ ਸ਼ਰਾਬ ਤੋਂ 5676 ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦੀ ਤਜਵੀਜ਼ ਸੀ।
ਇਸ ਸਾਲ ਸ਼ਰਾਬ ਤੋਂ ਮਾਲੀਆ ਪੰਜਾਬ ਦੇ ਖਜਾਨੇ ਵਿੱਚ ਪਿਛਲੇ ਸਾਲ ਨਾਲੋਂ 574 ਕਰੋੜ ਰੁਪਏ ਵੱਧ ਇਕੱਠਾ ਹੋਵੇਗਾ। ਉਂਜ ਮੁੱਖ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾ ਵਾਅਦਾ ਕੀਤਾ ਗਿਆ ਸੀ ਕਿ ਉਹ ਆਏ ਸਾਲ ਹੀ ਸ਼ਰਾਬ ਦੀ ਖਪਤ ‘ਚ ਕਮੀ ਲਿਆਉਣਗੇ, ਪਰ ਹੋ ਇਸ ਤੋਂ ਉੱਲਟਾ ਰਿਹਾ ਹੈ।
ਸ਼ਰਾਬ ਦੇ ਪੈਸੇ ਤੋਂ ਸਰਕਾਰ ਪੰਜਾਬ ਦੇ ਖਾਲੀ ਖਜ਼ਾਨੇ ਨੂੰ ਵੱਧ ਤੋਂ ਵੱਧ ਭਰਨਾ ਚਾਹੁੰਦੀ ਹੈ। ਪਤਾ ਲੱਗਾ ਹੈ ਕਿ ਆਬਕਾਰੀ ਵਿਭਾਗ ਵੱਲੋਂ ਪਹਿਲਾਂ ਵਾਲੇ ਗਰੁੱਪਾਂ ਨੂੰ ਹੀ ਜਿਆਦਾਤਰ ਨਵਿਆਉਣ ਦਾ ਮਨ ਬਣਾਇਆ ਹੋਇਆ ਹੈ। ਕਈ ਵੱਡੇ ਗਰੁੱਪ ਅਜਿਹੇ ਹਨ, ਜਿਨ੍ਹਾਂ ਕੋਲ ਪੰਜਾਬ ‘ਚ ਵੱਡੀ ਗਿਣਤੀ ਠੇਕੇ ਹਨ। ਇਸ ਨਵੀਂ ਨੀਤੀ ਮੁਤਾਬਿਕ ਸੂਬੇ ਅੰਦਰ ਪਿਛਲੇ ਵਰ੍ਹੇ ਵਾਂਗ ਹੀ 5835 ਠੇਕੇ ਯਾਨੀ ਲਾਇਸੈਂਸ ਯੂਨਿਟ ਰੱਖੇ ਜਾਣ ਦੀ ਤਜ਼ਵੀਜ ਉਲੀਕੀ ਗਈ ਹੈ।
ਆਬਕਾਰੀ ਵਿਭਾਗ ਵੱਲੋਂ ਆਪਣੀ 2020-21 ਲਈ ਬਣਾਈ ਨੀਤੀ ਵਿੱਚ ਕਿਹਾ ਗਿਆ ਹੈ ਕਿ ਦਸੰਬਰ 2019 ਤੱਕ ਵਿਭਾਗ ਨੂੰ 3594.69 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਹੈ ਜਦਕਿ ਦਸੰਬਰ 2018 ਤੱਕ 3415.65 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਸੀ ਅਤੇ ਇਹ 179.04 ਕਰੋੜ ਰੁਪਏ ਵੱਧ ਹੈ।
ਸ਼ਰਾਬ ਤੋਂ ਸਰਕਾਰ ਨੂੰ ਸਾਲ 2012-13 ਦੌਰਾਨ 3345 ਕਰੋੜ ਮਾਲੀਆ ਇਕੱਠਾ ਹੋਇਆ ਸੀ ਜਦਕਿ ਸਾਲ 2017-18 ਦੌਰਾਨ 5135.69 ਕਰੋੜ ਮਾਲੀਆ ਹਾਸਲ ਹੋਇਆ ਸੀ ਅਤੇ ਸਾਲ 2018-19 ‘ਚ ਇਹ ਮਾਲੀਆ ਵੱਧ ਕੇ 5155.79 ਕਰੋੜ ਸਰਕਾਰ ਦੇ ਖਜਾਨੇ ਵਿੱਚ ਜਮਾਂ ਹੋਇਆ ਸੀ।
ਆਬਕਾਰੀ ਵਿਭਾਗ ਦੀ ਨਵੀਂ ਨੀਤੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਗੁਆਂਢੀ ਰਾਜਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂ.ਟੀ ਚੰਗੀਗੜ੍ਹ ‘ਚ ਸ਼ਰਾਬ ਦੇ ਰੇਟ ਘੱਟ ਹਨ, ਜਿਸ ਕਾਰਨ ਸਮੱਲਿੰਗ ਦੀ ਵੱਡੀ ਪੱਧਰ ਸੰਕਾ ਬਣੀ ਰਹਿੰਦੀ ਹੈ। ਵਿਭਾਗ ਵੱਲੋਂ ਕਿਹਾ ਕਿ ਗਿਆ ਹੈ ਕਿ ਆਮ ਪੁਲਿਸ ਤੋਂ ਇਲਾਵਾ ਇੱਕ ਬਟਾਲੀਅਨ ਸ਼ਰਾਬ ‘ਚ ਕੰਮ ਕਰ ਰਹੀ ਹੈ ਅਤੇ ਜੇਕਰ ਇੱਕ ਹੋਰ ਬਟਾਲੀਅਨ ਮਿਲ ਜਾਵੇ ਤਾ ਸ਼ਰਾਬ ਤਸਕਰੀ ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕਦੀ ਹੈ।
ਨਵੀਂ ਨੀਤੀ ‘ਚ ਕਿਹਾ ਗਿਆ ਹੈ ਕਿ ਈ-ਕਾਮੱਰਸ ਪਲੇਟਫਾਰਮ ਸ਼ਰਾਬ ਦੀ ਵਿਕਰੀ ਲਈ ਇਸਤੇਮਾਲ ਨਹੀਂ ਕੀਤਾ ਗਿਆ, ਸਰਕਾਰ ਵਿਚਾਰ ਕਰ ਰਹੀ ਹੈ ਕਿ 2020-21 ਲਈ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਮੁਹਾਲੀ ਸ਼ਹਿਰ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਂਜ ਵਿਰੋਧੀ ਧਿਰਾਂ ਵੱਲੋਂ ਇਸ ਤੇ ਵਿਰੋਧ ਜਤਾਇਆ ਹੈ ਅਤੇ ਦੇਖਣਾ ਹੋਵੇਗਾ ਕਿ ਸਰਕਾਰ ਹੋਮ ਡਲਿਵਰੀ ਦੀ ਸ਼ਰਾਬ ਸਪਲਾਈ ਸ਼ੁਰੂ ਕਰੇਗੀ ਜਾ ਨਹੀਂ।
ਹੁਸ਼ਿਆਰਪੁਰ ਵਿਖੇ ਲਾਟਰੀ ਸਿਸਟਮ ‘ਤੇ ਚੜ੍ਹੇਗਾ ਭੰਗ ਦਾ ਠੇਕਾ
ਪੰਜਾਬ ‘ਚ ਭੰਗ ਦੇ ਥੋਕ ਦਾ ਵੀ ਇੱਕ ਠੇਕਾ ਹੈ ਜੋ ਕਿ ਹੁਸ਼ਿਆਰਪੁਰ ਵਿਖੇ ਹੈ। ਇਹ ਸਾਲ 2019-20 ਲਈ 3.37 ਲੱਖ ਤੇ ਅਲਾਟ ਕੀਤਾ ਗਿਆ ਸੀ। ਵਿਭਾਗ ਵੱਲੋਂ ਸਾਲ 2020-21 ਲਈ ਹੁਸ਼ਿਆਰਪੁਰ ਵਿਖੇ ਹੀ ਲਾਟਰੀ ਸਿਸਟਮ ਰਾਹੀਂ 4 ਲੱਖ ਰੁਪਏ ਸਲਾਨਾ ਫੀਸ ਤੇ ਅਲਾਟ ਕਰਨ ਦੀ ਤਜਵੀਜ਼ ਰੱਖੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।