ਚੜ੍ਹਦੇ ਲਹਿੰਦੇ ਪੰਜਾਬ ਦਾ ਮਾਣ, ਬਾਬੂ ਰਜ਼ਬ ਅਲੀ

ਚੜ੍ਹਦੇ ਲਹਿੰਦੇ ਪੰਜਾਬ ਦਾ ਮਾਣ, ਬਾਬੂ ਰਜ਼ਬ ਅਲੀ

ਬਾਬੂ ਰਜਬ ਅਲੀ ਪੰਜਾਬੀ ਕਿੱਸਾ-ਕਾਵਿ ਦਾ ਉਹ ਮਾਣਮੱਤਾ ਹਸਤਾਖਰ ਹੈ, ਜਿਸ ਨੇ ਪੰਜਾਬੀ ਜਨ-ਜੀਵਨ ਨੂੰ ਬੜੀ ਡੂੰਘਾਈ ਤੇ ਆਪਣੀ ਮਹੀਨ ਸੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਸ ਨੂੰ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਪੇਸ਼ ਕਰਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਵਿਰਾਸਤ ਬਣਾ ਦਿੱਤਾ। ਬਾਬੂ ਰਜਬ ਅਲੀ ਦੇ ਵੱਡੇ-ਵਡੇਰੇ ਪੰਜਾਬ ‘ਚ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਮੂਲ ਨਿਵਾਸੀ ਸਨ। ਬਾਅਦ ਵਿੱਚ ਕੁਝ ਕਾਰਨਾਂ ਕਰਕੇ ਜ਼ਿਲ੍ਹਾ ਮੋਗਾ ਦੇ ਪਿੰਡ ਸ਼ਾਹੋਕੇ ਵਿੱਚ ਇਨ੍ਹਾਂ ਨੇ ਆਪਣੀ ਪੱਕੀ ਰਿਹਾਇਸ਼ ਬਣਾ ਲਈ ਸੀ। ਇੱਥੇ ਹੀ ਬਾਬੂ ਰਜਬ ਅਲੀ ਖਾਨ ਦਾ ਜਨਮ 10 ਅਗਸਤ 1894 ਨੂੰ ਮਾਤਾ ਜਿਊਣੀ ਦੀ ਕੁੱਖੋਂ ਮੀਆਂ ਧਮਾਲੀ ਖਾਨ ਦੇ ਘਰ ਹੋਇਆ। ਬਾਬੂ ਰਜਬ ਅਲੀ ਖਾਨ ਚਾਰ ਭੈਣਾਂ ਦਾ ਛੋਟਾ ਲਾਡਲਾ ਭਰਾ ਸੀ।

ਬਾਬੂ ਰਜਬ ਅਲੀ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨੇੜਲੇ ਪਿੰਡ ਬੰਬੀਹਾ ਭਾਈ ਦੇ ਡੀਬੀ ਪ੍ਰਾਇਮਰੀ ਸਕੂਲ ਤੋਂ ਅਤੇ ਦਸਵੀਂ ਦਾ ਇਮਤਿਹਾਨ ਬਰਜਿੰਦਰਾ ਹਾਈ ਸਕੂਲ ਫਰੀਦਕੋਟ ਤੋਂ ਪਾਸ ਕੀਤਾ, ਜੋ ਅੱਜ-ਕੱਲ੍ਹ ਬਰਜਿੰਦਰਾ ਕਾਲਜ ਵਜੋਂ ਜਾਣਿਆ ਜਾਂਦਾ ਹੈ। ਬਾਬੂ ਜੀ ਨੇ ਪਹਿਲੀ ਸ਼੍ਰੇਣੀ ‘ਚ ਦਸਵੀਂ ਪਾਸ ਕਰਨ ਤੋਂ ਬਾਅਦ ਗੁਜਰਾਤ ਦੇ ਇੱਕ ਅਦਾਰੇ ਤੋਂ ਓਵਰਸੀਅਰ ਦਾ ਡਿਪਲੋਮਾ ਪਾਸ ਕੀਤਾ। ਬਾਬੂ ਜੀ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ ਤੇ ਆਪਣੇ ਸਕੂਲ ਦੀ ਕ੍ਰਿਕਟ ਅਤੇ ਫੁੱਟਬਾਲ ਦੀ ਟੀਮ ਦੇ ਖਿਡਾਰੀ ਵੀ ਸਨ। ਓਵਰਸੀਅਰ ਦਾ ਡਿਪਲੋਮਾ ਕਰਨ ਤੋਂ ਬਾਅਦ ਉਨ੍ਹਾਂ ਨੂੰ  ਨਹਿਰੀ ਮਹਿਕਮੇ ‘ਚ ਨੌਕਰੀ ਮਿਲ ਗਈ।

ਆਪ ਲੋਕਾਂ ਵਿੱਚ ਆਪਣੀ ਵਿਲੱਖਣ ਸ਼ਖਸੀਅਤ ਕਰਕੇ ਬੇਹੱਦ ਹਰਮਨਪਿਆਰੇ ਸਨ। ਬਾਬੂ ਜੀ ਨਹਿਰੀ ਮਹਿਕਮੇ ਦੇ ਓਵਰਸੀਅਰ ਹੁੰਦਿਆਂ ਕਿਸਾਨਾਂ ਦੇ ਕੰਮ-ਧੰਦੇ ਪਹਿਲ ਦੇ ਅਧਾਰ ‘ਤੇ ਕਰਦੇ ਕਿਉਂਕਿ ਉਹ ਪਹਿਲਾਂ ਹੀ ਕਿਸਾਨੀ ਨਾਲ ਸਬੰਧਤ ਹੋਣ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਸਨ। ਬਾਬੂ ਜੀ ਪੜ੍ਹੇ-ਲਿਖੇ ਹੋਣ ਕਰਕੇ ਅੰਗਰੇਜ਼ਾਂ ਦੀ ਭਾਸ਼ਾ ਸਮਝਦੇ ਸਨ ਇਸ ਕਰਕੇ ਉਹ ਅੰਗਰੇਜ਼ ਅਫਸਰਾਂ ਤੇ ਕਿਸਾਨਾਂ ਵਿਚਕਾਰ ਕੜੀ ਦਾ ਕੰਮ ਵੀ ਕਰਦੇ ਸਨ। ਬਾਬੂ ਰਜਬ ਅਲੀ ਨੂੰ ਸ਼ਾਇਰੀ ਦਾ ਸ਼ੌਕ ਆਪਣੇ ਖਾਨਦਾਨ ‘ਚੋਂ ਆਪਣੇ ਚਾਚਾ ਹਾਜ਼ੀ ਰਤਨ ਖਾਨ ਤੋਂ ਜਾਗਿਆ। ਬਾਬੂ ਜੀ ਨੇ ਆਪਣੀ ਪਹਿਲੀ ਰਚਨਾ ਆਪਣੇ ਚਾਚਾ ਦੀ ਦੇਖ-ਰੇਖ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਬਾਬੂ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਗਿੱਦੜਬਾਹਾ ਅਤੇ ਰਾਏਕੇ ਕਲਾਂ ਪਿੰਡਾਂ ਦੇ ਨੇੜੇ-ਤੇੜੇ ਬਿਤਾਇਆ। ਇਸ ਕਰਕੇ ਬਾਬੂ ਜੀ ਨੇ ਮਾਲਵੇ ਇਲਾਕੇ ਦੇ ਸੁਭਾਅ ਨੂੰ ਪ੍ਰਗਟਾਉਂਦੀ ਆਪਣੀ ਪ੍ਰਸਿੱਧ ਰਚਨਾ ਪੇਸ਼ ਕੀਤੀ:-

‘ਮਾਂ ਦੇ ਮਖਣੀ ਖਾਣਿਉਂ ਵੇ ਸੂਰਮਿਓ ਪੁੱਤਰੋ,
ਚੁਬਾਰਿਉਂ ਉੱਤਰੋ ਫਰਕਦੇ ਬਾਜੂ ਜਵਾਨੀ ਚੜ੍ਹਗੀ’

ਇਸ ਤਰ੍ਹਾਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਅਖਾਣ ਬਣ ਗਏ। ਰਜਬ ਅਲੀ ਨੇ ਆਪਣੀ ਉਮਰ ‘ਚ ਚਾਰ ਨਿਕਾਹ ਭਾਗੋ ਬੇਗਮ, ਫਾਤਿਮਾ ਬੇਗਮ, ਬੀਬੀ ਰਹਿਮਤਾ ਤੇ ਨੂਰਾਂ ਨਾਲ ਕਰਵਾਏ। ਬਾਬੂ ਜੀ ਦੇ ਘਰ ਚਾਰ ਪੁੱਤਰਾਂ ਅਦਾਲਤ ਖਾਨ, ਅਕਾਲਤ ਖਾਨ, ਸਰਦਾਰ ਅਲੀ ਤੇ ਸ਼ਮਸ਼ੇਰ ਖਾਨ ਅਤੇ ਦੋ ਪੁੱਤਰੀਆਂ ਸਮਸ਼ਾਦ ਬੇਗਮ ਤੇ ਗੁਜ਼ਾਰ ਬੇਗਮ ਨੇ ਜਨਮ ਲਿਆ। ਬਾਬੂ ਜੀ ਦੀ ਮਾਲਵੇ ਤੋਂ ਦੂਰ ਬਦਲੀ ਹੋਣ ਕਰਕੇ ਉਨ੍ਹਾਂ ਨੇ 1940 ਵਿੱਚ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਅਤੇ ਆਪਣੀ ਰਿਹਾਇਸ਼ ਪਿੰਡ ਕਾਲਾ ਟਿੱਬਾ ‘ਚ ਕਰ ਲਈ। ਕਾਲਾ ਟਿੱਬਾ ‘ਚ ਉਹ 1947 ਤੱਕ ਰਹੇ। ਸੰਨ 1947 ਦੀ ਦੇਸ਼ ਵੰਡ ਦੇ ਅਣਸੁਖਾਵੇਂ ਹਾਲਾਤਾਂ ਨੇ ਬਾਬੂ ਜੀ ਦੀ ਆਤਮਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਬਾਬੂ ਜੀ ਨੂੰ ਉਸ ਸਮੇਂ ਲੁਕਾ-ਛੁਪਾ ਕੇ ਰੱਖਣ ਵਾਲੇ ਅਨੇਕਾਂ ਹੀ ਪਾਠਕ ਸਨ ਅਤੇ ਬਾਬੂ ਜੀ ਵੀ ਮਾਲਵੇ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਨ ਪਰ ਉਨ੍ਹਾਂ ਦਾ ਪਰਿਵਾਰ ਮਾੜੇ ਹਾਲਾਤ ਨੂੰ ਵੇਖ ਕੇ ਪਾਕਿਸਤਾਨ ਜਾਣਾ ਚਾਹੁੰਦਾ ਸੀ।

 ਬਾਬੂ ਜੀ ਨੂੰ ਮਜ਼ਬੂਰੀ ਬੱਸ ਪਰਿਵਾਰ ਨਾਲ ਪਾਕਿਸਤਾਨ ਜਾਣਾ ਪਿਆ ਪਰ ਉਨ੍ਹਾਂ ਦੀ ਸੁਰਤੀ ਤੇ ਆਤਮਾ ਅੰਤਿਮ ਸਮੇਂ ਤੱਕ ਆਪਣੀ ਜਨਮ ਤੇ ਕਰਮ ਭੂਮੀ ਲਈ ਤੜਪਦੀ ਰਹੀ। ਦੇਸ਼ ਵੰਡ ਤੋਂ ਬਾਅਦ ਦੀਆਂ ਰਚਨਾਵਾਂ ਵਿੱਚ ਆਪਣਾ ਵਤਨ ਛੱਡਣ ਦਾ ਅਹਿਸਾਸ ਝਲਕਦਾ ਹੈ। ਇਸ ਹੇਰਵੇ ਨੂੰ ਦਰਸਾਉਂਦੀ ਇੱਕ ਕਵਿਤਾ:-

‘ਆਵੇ ਵਤਨ ਪਿਆਰਾ ਚੇਤੇ ਜਦ
ਖਿੱਚ ਪਾਉਣ ਮੁਹੱਬਤਾਂ ਜੀ’।

ਦੇਸ਼ ਦੀ ਵੰਡ ਹੋਣ ਨਾਲ ਮੱਚੀ ਹਫੜਾ-ਦਫੜੀ ਦੌਰਾਨ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਇੱਧਰ ਹੀ ਰਹਿ ਗਈਆਂ। ਉਨ੍ਹਾਂ ਦੇ ਵਤਨ ਛੱਡ ਜਾਣ ਮਗਰੋਂ ਬਾਬੂ ਜੀ ਦੇ ਸ਼ਗਿਰਦਾਂ ਤੇ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬੀ ਰੂਪ ਹੀ ਨਹੀਂ ਦਿੱਤਾ ਸਗੋਂ ਉਹ ਇਨ੍ਹਾਂ ਪੁਸਤਕਾਂ ਨੂੰ ਕਈ ਸਾਲਾਂ ਬਾਅਦ ਪਾਕਿਸਤਾਨ ਜਾ ਕੇ ਬਾਬੂ ਰਜਬ ਅਲੀ ਨੂੰ ਭੇਂਟ ਕਰਕੇ ਆਏ। ਪਿੰਡ ਸ਼ਾਹੋਕੇ ਦੇ ਵਾਸੀ ਅਜੇ ਤੱਕ ਵੀ ਬਾਬੂ ਜੀ ਦੇ ਜਨਮ ਦਿਨ ਵਾਲੇ ਦਿਨ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਵੀਸ਼ਰੀ ਦਾ ਕੁੰਭ ਰਚਾਉਂਦੇ ਆ ਰਹੇ ਹਨ।
ਪਾਕਿਸਤਾਨ ਚਲੇ ਜਾਣ ਤੋਂ ਬਾਅਦ ਬਾਬੂ ਜੀ ਆਪਣੀ ਜਨਮ ਭੂਮੀ ‘ਤੇ ਜਨਮ ਦਿਨ ਮਨਾਉਣ ਲਈ ਆਏੇ ਸਨ ਤੇ ਆਪਣੇ ਨਜ਼ਦੀਕੀਆਂ ਨਾਲ ਦੁੱਖ-ਸੁਖ ਸਾਂਝਾ ਕੀਤਾ।

ਬਾਬੂ ਜੀ ਨੇ ਮਲਵਈ ਜਨਜੀਵਨ, ਮੇਲੇ, ਸਾਹਿਤਕਾਰਾਂ, ਇਤਿਹਾਸਕ ਘਟਨਾਵਾਂ, ਸੂਰਬੀਰਾਂ ਅਤੇ ਦੇਸ਼ ਭਗਤਾਂ ਤੋਂ ਇਲਾਵਾ ਸਿੱਖ ਧਰਮ ਤੇ ਹਿੰਦੂ ਧਰਮ ਨੂੰ ਵੀ ਕਲਮਬੰਦ ਕੀਤਾ। ਪੰਜਾਬੀ ਕਿੱਸਾ-ਕਾਵਿ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਬਾਬੂ ਜੀ ਦੀ ਰਚਨਾ ਉੱਪਰ ਬਹੁਤ ਬੁੱਧੀਜੀਵੀਆਂ ਨੇ ਖੋਜ ਕਰਦਿਆਂ ਐਮਫਿਲ, ਪੀ.ਐਚ.ਡੀ. ਦੀਆਂ ਡਿਗਰੀਆਂ ਵੀ ਹਾਸਲ ਕੀਤੀਆਂ ਹਨ। ਬਾਬੂ ਜੀ ਦੀਆਂ ਰਚਨਾਵਾਂ ਵਿੱਚੋਂ ਪੰਜਾਬੀਅਤ ਅਤੇ ਖਾਸ ਕਰਕੇ ਮਾਲਵੇ ਦੀ ਰੂਹ ਝਲਕਦੀ ਹੈ। ਕਵੀਸ਼ਰੀ ਦਾ ਇਹ ਬਾਬਾ ਬੋਹੜ ਪਾਕਿਸਤਾਨ ਦੀ ਧਰਤੀ ‘ਤੇ ਜ਼ਿਲਾ ਮਿੰਟਗੁਮਰੀ, ਤਹਿ: ਓਕਾੜਾ, ਪਿੰਡ ਬੱਤੀ ਚੱਕ ਵਿੱਚ 6 ਮਈ 1979 ਨੂੰ ਆਪਣੇ ਖੁਦਾ ਦੀ ਕਚਹਿਰੀ ਵਿੱਚ ਜਾ ਹਾਜ਼ਰ ਹੋਇਆ।
ਨਥਾਣਾ, ਬਠਿੰਡਾ
ਮੋ. 94170-79435            
ਗੁਰਜੀਵਨ ਸਿੰਘ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ